ਗਣਿਤ ਵਿਸ਼ੇ ਦੀ ਚੋਣ ਤੋਂ ਦੂਰ ਹੁੰਦੇ ਜਾ ਰਹੇ ਵਿਦਿਆਰਥੀਆਂ ਲਈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਇਸ ਵਿਸ਼ੇ ਨਾਲ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਦਗੀ ’ਚ ਐਸਾ ਨਾਯਾਬ ਤੋਹਫ਼ਾ ਮਿਲਦਾ ਹੈ, ਜਿਸਦੀ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਉਂਝ ਬੇਸ਼ੱਕ ਇਹ ਧਾਰਨਾ ਕਾਫੀ ਪ੍ਰਚੱਲਿਤ ਹੈ ਕਿ ਵਿਦਿਆਰਥੀ ਦੀ ਰੁਚੀ ਦੇ ਮੁਤਾਬਕ ਹੀ ਵਿਸ਼ਿਆਂ ਦੀ ਚੋਣ ਹੋਣੀ ਚਾਹੀਦੀ ਹੈ, ਪ੍ਰੰਤੂ ਸੱਚਾਈ ਇਹ ਵੀ ਹੈ ਕਿ ਜੇਕਰ ਵਿਦਿਆਰਥੀ ਦੀ ਰੁਚੀ ਵੱਲ ਝਾਤ ਮਾਰੀਏ ਤਾਂ ਉਨ੍ਹਾਂ ਦੀ ਰੁਚੀ ਤਾਂ ਸੌਖੇ ਵਿਸ਼ਿਆਂ ਵਾਲੇ ਪਾਸੇ ਨੂੰ ਕੇਂਦਰਿਤ ਹੁੰਦੀ ਹੈ। ਵਿਦਿਆਰਥੀ ਦੀ ਰੁਚੀ ਦੇ ਨਾਲ-ਨਾਲ ਇਸ ਗੱਲ ਦਾ ਮੁਲਾਂਕਣ ਹੋਣਾ ਵੀ ਜ਼ਰੂਰੀ ਹੈ ਕਿ ਵਿਦਿਆਰਥੀ ਦੇ ‘ਕਰੀਅਰ’ ਲਈ ਕਿਹੜੇ ਉਹ ਖੇਤਰ ਹਨ, ਜਿਨ੍ਹਾਂ ਨਾਲ ਉਹ ਆਪਣੀ ਜ਼ਿੰਦਗੀ ਬਿਹਤਰ ਢੰਗ ਨਾਲ ਜੀਅ ਸਕਦਾ ਹੈ। ਜੇਕਰ ਗਣਿਤ ਵਿਸ਼ੇ ਦੀ ਗੱਲ ਕਰੀਏ ਤਾਂ ਇਸਦੇ ਨਾਲ ਅਨੇਕਾਂ ਐਸੇ ਖੇਤਰ ਉਭਰ ਕੇ ਸਾਹਮਣੇ ਆਉਂਦੇ ਹਨ, ਜੋ ਵਿਦਿਆਰਥੀ ਲਈ ਨਾ ਕੇਵਲ ਕਰੀਅਰ ਦੀ ਬੁਨਿਆਦ ਖੜੀ ਕਰਦੇ ਹਨ, ਬਲਕਿ ਉਸਨੂੰ ਭਵਿੱਖ ਦੀ ਔਕੜਾਂ ਤੇ ਚੁਣੌਤੀਆਂ ਨੂੰ ਹੱਲ ਕਰਨ ਦੇ ਯੋਗ ਵੀ ਬਣਾ ਦਿੰਦੇ ਹਨ। ਇਨਫਾਰਮੇਸ਼ਨ ਟੈਕਨਾਲੋਜੀ ਤੇ ਵਿਗਿਆਨਕ ਯੁੱਗ ’ਚ ਗਣਿਤ ਵਿਸ਼ੇ ਦੀ ਵੱਧਦੀ ਜਾ ਰਹੀ ਮੰਗ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਵਿਦਿਆਰਥੀ ਨੂੰ ਇਸ ਵਿਸ਼ੇ ਦੀ ਮੁਹਾਰਤ ਹਾਸਿਲ ਹੈ ਤਾਂ ਉਹ ਨਾ ਕੇਵਲ ਇਸਦੇ ਜ਼ਰੀਏ ਦੂਜਿਆਂ ਨੂੰ ਕਾਬਿਲ ਬਣਾ ਸਕਦਾ ਹੈ, ਬਲਕਿ ਰਿਸਰਚ ਐਨਾਲਿਸਟ, ਇੰਟੈਲੀਜੈਂਸ ਐਨਾਲਿਸਟ, ਬਾਇਓਸਟੈਟਿਕਸ, ਬਾਇਓ ਮੈਥੇਮੈਟਿਕਸ, ਪਬਲਿਕ ਪਾਲਿਸੀ, ਬੈਂਕਾਂ, ਇੰਸ਼ੋਰੈਂਸ, ਮੈਨੇਜਮੈਂਟ ਆਦਿ ਖੇਤਰਾਂ ’ਚ ਆਪਣੀ ਧਾਂਕ ਜਮਾ ਦਿੰਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਗਣਿਤ ਵਿਸ਼ੇ ਦੀ ਪੜ੍ਹਾਈ ਕਰਕੇ ਦੂਜਿਆਂ ਨੂੰ ਇਸ ਵਿਸ਼ੇ ਦੀ ਟਿਊਸ਼ਨ ਦੇ ਕੇ ਵੀ ਚੰਗੀ ਆਮਦਨ ਕਮਾ ਸਕਦੇ ਹਨ। ਬੱਸ ਲੋੜ ਹੈ ਅਧਿਆਪਕ ਦੁਆਰਾ ਵਿਦਿਆਰਥੀ ਦੀ ਮਾਨਸਿਕਤਾ ਨੂੰ ਸਮਝਣ ਦੀ ਅਤੇ ਉਸਨੂੰ ਪਿਆਰ ਨਾਲ ਸਮਝਾਉਣ ਦੀ।
‘ਗਣਿਤ’ ਵਿਸ਼ੇ ਦੀ ਚੋਣ ਤੋਂ ਕਿਉਂ ਭੱਜਦੇ ਹਨ ਵਿਦਿਆਰਥੀ?- ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਗਿਆਰ੍ਹਵੀਂ ’ਚ ਦਾਖਲਾ ਲੈਣ ਸਮੇਂ ਵਿਦਿਆਰਥੀ ਗਣਿਤ ਵਿਸ਼ੇ ਨੂੰ ਲੈਣ ਤੋਂ ਕਤਰਾਉਂਦੇ ਆਮ ਦੇਖੇ ਜਾ ਸਕਦੇ ਹਨ। ਜ਼ਿਆਦਾਤਰ ਵਿਦਿਆਰਥੀ ਸੌਖੇ ਵਿਸ਼ੇ ਲੈ ਕੇ ਆਪਣੀ ਪੜ੍ਹਾਈ ਕਰਨ ’ਚ ਦਿਲਚਸਪੀ ਲੈਂਦੇ ਦਿਖਾਈ ਪੈਂਦੇ ਹਨ, ਕਿਉਂਕਿ ਦੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਸਕੂਲਾਂ ਦੇ ਦਸਵੀਂ ਤੱਕ ਦੇ ਅਧਿਆਪਕਾਂ ਵੱਲੋਂ ਵਿਦਿਆਰਥੀ ਅੰਦਰ ਗਣਿਤ ਵਿਸ਼ੇ ’ਚ ਰੁਚੀ ਪੈਦਾ ਕਰਨ ਲਈ ਕੋਈ ਖਾਸ ਉਪਰਾਲੇ ਨਹੀਂ ਕੀਤੇ ਜਾਂਦੇ। ਇਹੀ ਕਾਰਨ ਹੈ ਕਿ ਜਿਹੜੇ ਵਿਦਿਆਰਥੀ ਦਸਵੀਂ ਤੱਕ ਗਣਿਤ ਵਿਸ਼ੇ ’ਚੋਂ ਮਸਾਂ ਪਾਸ ਹੁੰਦੇ ਹੋਣ, ਉਨ੍ਹਾਂ ਤੋਂ ਅਗਲੀਆਂ ਜਮਾਤਾਂ ’ਚ ਆਸ ਵੀ ਕੀ ਰੱਖੀ ਜਾ ਸਕਦੀ ਹੈ।
ਸਕੂਲਾਂ ’ਚ ਅਧਿਆਪਕ ਸੌਖੇ ਢੰਗ ਨਾਲ ‘ਗਣਿਤ’ ਸਿਖਾਉਣ- ਵਿਦਿਆਰਥੀਆਂ ’ਚ ਗਣਿਤ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨ ਲਈ ਅਧਿਆਪਕ ਉਨ੍ਹਾਂ ਨੂੰ ਪਿਆਰ ਅਤੇ ਸਜ਼ਾ ਰਹਿਤ ਵਿਧੀ ਰਾਹੀਂ ਟੌਪਿਕ ਨੂੰ ਵੱਖ-ਵੱਖ ਸੌਖੇ ਢੰਗਾਂ ਨਾਲ ਸਮਝਾਉਣ। ਕਿਉਂਕਿ ਹਰੇਕ ਬੱਚਾ ਇੱਕੋ ਜਿਹੇ ਦਿਮਾਗ ਦਾ ਮਾਲਕ ਨਹੀਂ ਹੁੰਦਾ, ਕਿਸੇ ਦੇ ਕੋਈ ਟੌਪਿਕ ਜਲਦੀ ਸਮਝ ਪੈ ਜਾਂਦਾ ਹੈ ਤੇ ਕਈਆਂ ਦੇ ਥੋੜੀ ਦੇਰ ਬਾਅਦ। ਦੇਖਣ ਵਿਚ ਇਹ ਵੀ ਆਇਆ ਹੈ ਕਿ ਜਿਹੜੇ ਵਿਦਿਆਰਥੀਆਂ ਨੂੰ ਗਣਿਤ ਵਿਸ਼ਾ ਸਮਝ ਨਹੀਂ ਪੈਂਦਾ, ਉਨ੍ਹਾਂ ਨੂੰ ਜ਼ਿਆਦਾਤਰ ਅਧਿਆਪਕ ਸਮਝਾਉਣ ਦੀ ਬਜਾਏ ਦੂਜੇ ਵਿਦਿਆਰਥੀਆਂ ਦੇ ਸਾਹਮਣੇ ਇਹ ਕਹਿ ਕੇ ਜ਼ਲੀਲ ਕਰਦੇ ਹਨ ਕਿ ਗਣਿਤ ਤੇਰੇ ਬਸ ਦੀ ਗੱਲ ਨਹੀਂ, ਤੂੰ ਕੁੱਝ ਨਹੀਂ ਕਰ ਸਕਦਾ ਆਪਣੀ ਜ਼ਿੰਦਗੀ ’ਚ।
ਵਧੀਆ ਨਤੀਜੇ ਨਾ ਦੇਣ ਵਾਲੇ ਅਧਿਆਪਕਾਂ ’ਤੇ ਹੋਵੇ ਕਾਰਵਾਈ -ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਭਰਤੀ ਸਮੇਂ ਮੈਰਿਟ ਸੂਚੀ ਦੇ ਅਧਾਰ ’ਤੇ ਹੀ ਸਬੰਧਤ ਵਿਸ਼ੇ ਦੀ ਮੁਹਾਰਤ ਰੱਖਣ ਵਾਲੇ ਅਧਿਆਪਕਾਂ ਦੀ ਚੋਣ ਕੀਤੀ ਜਾਂਦੀ ਹੈ। ਪ੍ਰੰਤੂ ਫਿਰ ਵੀ ਦੇਖਣ ਵਿਚ ਆਉਂਦਾ ਹੈ ਕਿ ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਦੇ ਨਤੀਜੇ ਜ਼ਿਆਦਾ ਵਧੀਆ ਆਉਂਦੇ ਹਨ। ਇਸ ਲਈ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਸਬੰਧਤ ਵਿਸ਼ੇ ਦੇ ਅਧਿਆਪਕ ’ਤੇ ਕੜੀ ਕਾਰਵਾਈ ਕਰਨੀ ਬਣਦੀ ਹੈ, ਜਿਨ੍ਹਾਂ ਦਾ ਨਤੀਜਾ ਅਤਿਅੰਤ ਨਿਰਾਸ਼ਾਜਨਕ ਰਿਹਾ ਹੋਵੇ। ਜੇਕਰ ਵਿਭਾਗ ਦਾ ਇਹ ਸ਼ਿਕੰਜਾ ਮਾੜੇ ਨਤੀਜੇ ਦੇਣ ਵਾਲੇ ਅਧਿਆਪਕਾ ’ਤੇ ਕਸਿਆ ਜਾਵੇਗਾ ਤਾਂ ਫਿਰ ਕੋਈ ਵੀ ਅਧਿਆਪਕ ਬੱਚੇ ਨੂੰ ਪੜ੍ਹਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਸੋ ਇਸ ਲੇਖ ਦੇ ਜ਼ਰੀਏ ਮੈਂ ਉਨ੍ਹਾਂ ਵਿਦਿਆਰਥੀਆਂ ਦੇ ਨਜ਼ਰੀਏ ਤੋਂ ਗੱਲ ਕੀਤੀ ਹੈ ਜੋ ਗਣਿਤ ਵਿਸ਼ੇ ਨਾਲ ਪੜ੍ਹਨਾ ਤਾਂ ਚਾਹੁੰਦੇ ਹਨ, ਪ੍ਰੰਤੂ ਉਹ ਜਾਂ ਤਾਂ ਇਸ ਡਰੋਂ ਨਹੀਂ ਪੜ੍ਹਦੇ ਕਿ ਉਨ੍ਹਾਂ ਨੂੰ ਕਲਾਸ ’ਚ ਪੜ੍ਹਨ ਸਮੇਂ ਆਪਣੀ ਜ਼ਲੀਲਤਾ ਦਾ ਅਹਿਸਾਸ ਹੁੰਦਾ ਹੈ ਅਤੇ ਜਾਂ ਫਿਰ ਗਣਿਤ ਵਿਸ਼ਾ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਹੀ ਨਹੀਂ ਜਾਂਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇਕਰ ਸ਼ੁਰੂ ਦੀਆਂ ਜਮਾਤਾਂ ਵਿਚ ਗਣਿਤ ਵਿਸ਼ੇ ਨਾਲ ਵਿਦਿਆਰਥੀ ਵਰਗ ਦਾ ਰਿਸ਼ਤਾ ਕਾਇਮ ਕਰ ਦਿੱਤਾ ਜਾਵੇ, ਤਾਂ ਉਹ ਉਚ ਕਲਾਸਾਂ ’ਚ ਦਾਖਲਾ ਲੈਣ ਸਮੇਂ ਗਣਿਤ ਵਿਸ਼ੇ ਤੋਂ ਕਤਰਾਉਂਦਾ ਦਿਖਾਈ ਨਹੀਂ ਦੇਵੇਗਾ। ਮੇਰਾ ਤਾਂ ਇਹੀ ਮੰਨਣਾ ਹੈ ਕਿ ਜਿਸ ਵਿਸ਼ੇ ਦੀ ਮੈਂ ਅਧਿਆਪਕਾ ਹੋਵਾਂ, ਉਹ ਵਿਸ਼ਾ ਵਿਦਿਆਰਥੀਆਂ ਦੇ ਜ਼ਿਹਨ ’ਚ ਵਸਾਉਣਾ ਮੇਰਾ ਫਰਜ਼ ਹੈ ਅਤੇ ਮੇਰਾ ਕਰਮ ਹੈ।
ਵਿਦਿਆਰਥੀਆਂ ਲਈ ਹਰ ਖੇਤਰ ’ਚ ਨਾਯਾਬ ਤੋਹਫ਼ਾ ‘ਗਣਿਤ’ ਵਿਸ਼ਾ



