ਨਸ਼ਾ ਸਾਡੇ ਸਮਾਜ ਦਾ ਸਭ ਤੋਂ ਵੱਡਾ ਕੋਹੜ ਹੈ। ਆਖਦੇ ਹਨ ਜਿਸ ਸਮਾਜ ਨੂੰ ਤੋਪਾਂ ਨਾਲ ਨਹੀਂ ਖਤਮ ਕੀਤਾ ਜਾ ਸਕਦਾ, ਉਸ ਨੂੰ ਖਤਮ ਕਰਨ ਲਈ ਨਸ਼ੇ ਦੀ ਥੋੜ੍ਹੀ ਜਿਹੀ ਮਾਤਰਾ ਵੀ ਬਹੁਤ ਹੁੰਦੀ ਹੈ। ਆਪਣੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਪੰਜਾਬ ਦੇ ਗੱਭਰੂ ਨਿੱਤ ਨਸ਼ਿਆਂ ਦੀ ਮਾਰ ਦਾ ਸ਼ਿਕਾਰ ਹੋ ਰਹੇ ਹਨ। ਉਹ ਮਾਵਾਂ ਜੋ ਆਪਣੇ ਕਲੇਜੇ ਦੇ ਟੁਕੜਿਆਂ ਨੂੰ ਜੰਗ ਵਿਚ ਖ਼ੁਸ਼ੀ-ਖੁਸ਼ੀ ਦੇਸ਼ ਲਈ ਮਰ ਮਿਟਣ ਲਈ ਭੇਜਦੀਆਂ ਸਨ। ਅੱਜ ਉਹ ਆਪਣੇ ਜਵਾਨ ਪੁੱਤਾਂ ਦੀ ਨਸ਼ਿਆਂ ਦੇ ਦਲਦਲ ਵਿਚ ਧਸ ਕੇ ਹੋਈ ਮੌਤ ’ਤੇ ਧਾਹਾਂ ਮਾਰ ਕੇ ਰੋਂਦੀਆਂ ਹਨ। ਮਾਵਾਂ ਤੇ ਭੈਣਾਂ ਦੇ ਰੌਣ ਦੀਆਂ ਆਵਾਜ਼ਾਂ ਆਸਮਾਨ ਦਾ ਕਾਲਜਾ ਫਾੜ ਦਿੰਦੀਆਂ ਹਨ। ਇਕ ਪਾਸੇ ਤਾਂ ਸਾਡੀਆਂ ਰਾਜਸੀ ਸ਼ਖ਼ਸੀਅਤਾਂ ਪੰਜਾਬ ਦੇ ਵਿਕਾਸ ਦੀ ਗੱਲ ਬੜੇ ਜੋਰ-ਸ਼ੋਰ ਨਾਲ ਕਰਦੀਆਂ ਹਨ ਪਰ ਜਿਸ ਸੂਬੇ ਦੇ ਨੌਜਵਾਨ ਹੀ ਨਸ਼ੇ ਦੇ ਕੋਹੜ ਵਿਚ ਗ੍ਰਸਤ ਹੋ ਕੇ ਆਪਣੀਆਂ ਜਾਨਾਂ ਗੁਆ ਰਹੇ ਹਨ, ਉਹ ਸਮਾਜ ਭਲਾ ਕਿਸ ਤਰੱਕੀ ਦੀ ਰਾਹ ਤੁਰ ਰਿਹਾ ਹੈ? ਅੱਜ ਪੰਜਾਬ ਵਿਚ ਅਜਿਹੇ ਹਾਲਾਤ ਬਣ ਚੁੱਕੇ ਹਨ ਕਿ ਨੌਜਵਾਨ ਹਰ ਪਲ ਇਮਤਿਹਾਨ ਦੀ ਘੜੀ ਵਿਚੋਂ ¦ਘਣ ਲਈ ਮਜਬੂਰ ਹੋ ਰਹੇ ਹਨ। ਪਹਿਲਾਂ ਤਾਂ ਪੜ੍ਹਾਈਆਂ ਤੇ ਉ¤ਚ-ਕੋਰਸਾਂ ਦਾ ਖਰਚਾ ਹੀ ਇੰਨਾ ਹੈ ਕਿ ਹਰ ਕਿਸੇ ਦੀ ਪਹੁੰਚ ਉਸ ਤੋਂ ਬਹੁਤ ਦੂਰ ਹੈ। ਜੇ ਕਿਤੇ ਮਾਂ-ਬਾਪ ਆਪਣਾ ਢਿੱਡ ਬੰਨ੍ਹ ਕੇ ਬੱਚੇ ਨੂੰ ਪੜ੍ਹਾ ਵੀ ਦਿੰਦੇ ਹਨ ਤਾਂ ਅੱਗੋਂ ਰੁਜ਼ਗਾਰ ਦਾ ਮਿਲਣਾ ਅਸੰਭਵ ਜਾਪਦਾ ਹੈ। ਅੱਜ ਇਸ ਨਸ਼ਿਆਂ ਦੇ ਹੜ੍ਹ ਦਾ ਵਹਾਅ ਇੰਨਾ ਤੇਜ਼ ਹੋ ਚੁੱਕਾ ਹੈ ਕਿ ਇਸ ਦੇ ਵਿਰੁੱਧ ਪੰਜਾਬ ਦੇ ਨੌਜਵਾਨਾਂ ਨੇ ਹੀ ਇਕ ਸ਼ਲਾਘਾਯੋਗ ਕਦਮ ਚੁੱਕਿਆ ਹੈ ਤੇ ਇਸ ਵਿਰੋਧ ਦਾ ਨਾਮ ਹੈ ‘ਚਿੱਟੇ ਦੇ ਵਿਰੁੱਧ ਕਾਲਾ ਹਫ਼ਤਾ’ ਭਾਵ ਜੁਲਾਈ ਦੇ ਪਹਿਲੇ ਹਫ਼ਤੇ ਨੂੰ ਕਾਲੇ ਹਫ਼ਤੇ ਵਜੋਂ ਮਨਾਇਆ ਜਾ ਰਿਹਾ ਹੈ। ਅੱਜਕਲ੍ਹ ਸੋਸ਼ਲ ਮੀਡੀਆ ’ਤੇ ਇਹ ਲਹਿਰ ਪੂਰੇ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ ਜਿਸ ਵਿਚ ਨੌਜਵਾਨ, ਬਜ਼ੁਰਗ, ਮੁੰਡੇ ਜਾਂ ਕੁੜੀਆਂ ਸਭ ‘ਚਿੱਟੇ’ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਮੀਡੀਆ ਵਿਚ ਇਸ ਦਾ ਪ੍ਰਚਾਰ ਸ਼ਲਾਹੁਣਯੋਗ ਹੈ। ਪਰ ਲੋੜ ਹੈ ਇਸ ਸਬੰਧੀ ਠੋਸ ਕਦਮ ਚੁੱਕਣ ਦੀ। ਪਿਛਲੇ ਇਕ ਮਹੀਨੇ ਅੰਦਰ-ਅੰਦਰ ਨਸ਼ਿਆਂ ਦੀ ਓਵਰਡੋਜ਼ ਕਾਰਣ 25 ਤੋਂ ਵਧ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਮਰਨ ਵਾਲੇ ਨੌਜਵਾਨਾਂ ਦੀਆਂ ਵੀਡੀਓਜ਼ ਜਦੋਂ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ ਤਾਂ ਦੇਖਣ ਵਾਲੇ ਹਰ ਜੀਅ ਦਾ ਦਿਲ ਦਹਿਲ ਗਿਆ। 15 ਦਸੰਬਰ, 2015 ਨੂੰ ‘ਸਦਭਾਵਨਾ ਰੈਲੀ’ ਵਿਚ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਸਹੁੰ ਚੁੱਕੀ ਸੀ ਕਿ ਮੈਂ ਮੁੱਖ ਮੰਤਰੀ ਬਣਨ ਦੇ ਚਾਰ ਹਫ਼ਤਿਆਂ ਦੇ ਅੰਦਰ ਪੰਜਾਬ ਵਿਚੋਂ ਨਸ਼ੇ ਨੂੰ ਖਤਮ ਕਰ ਦਿਆਂਗਾ। ਪੰਜਾਬ ਦੇ ਲੋਕਾਂ ਨੇ ਵੀ ਉਨ੍ਹਾਂ ਦੇ ਬੋਲਾਂ ਨੂੰ ਪੁਗਾਉਂਦਿਆਂ ਸਾਰੀਆਂ ਪਾਰਟੀਆਂ ਨੂੰ ਪਛਾੜ ਕੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪ ਜੀ ਨੂੰ ਚੁਣਿਆ। ਕੈਪਟਨ ਅਮਰਿੰਦਰ ਸਿੰਘ ਨੇ 16 ਮਾਰਚ, 2017 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪਰ ਅੱਜ ਉਨ੍ਹਾਂ ਨੂੰ ਮੁੱਖ ਮੰਤਰੀ ਬਣਿਆਂ ਨੂੰ ਵੀ ਸਵਾ ਸਾਲ ਤੋਂ ਉਪਰ ਹੋ ਚੁੱਕਾ ਹੈ ਜਿਸ ਵਿਚ 60 ਤੋਂ ਵਧ ਹਫਤੇ ਬੀਤ ਚੁੱਕੇ ਹਨ ਪਰ ਕੈਪਟਨ ਸਾਹਿਬ ਸ਼ਾਇਦ ਆਪਣੀ ਸਹੁੰ ਭੁੱਲ ਚੁੱਕੇ ਹਨ। ਜੇ ਪੰਜਾਬ ਦਾ ਮੁੱਖ ਮੰਤਰੀ ਹੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਭੁੱਲ ਸਕਦਾ ਹੈ ਤਾਂ ਅਸੀਂ ਆਪ ਹੀ ਸੋਚ ਸਕਦੇ ਹਾਂ ਕਿ ਪੰਜਾਬ ਦਾ ਕੀ ਹਾਲ ਹੋਵੇਗਾ? ਆਖਿਰ ਕੌਣ ਪੰਜਾਬ ਦੀ ਬਾਂਹ ਫੜੇਗਾ। ਅੱਜ ਤੋਂ ਕੁਝ ਸਮਾਂ ਪਹਿਲਾਂ ਅਖ਼ਬਾਰਾਂ ਦੀਆਂ ਸੁਰਖੀਆਂ ਕਿਸਾਨਾਂ ਦੇ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆਵਾਂ ਦੀਆਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਸਨ। ਇਹ ਸ਼ਾਇਦ ਉਨ੍ਹਾਂ ਦੀ ਮਜਬੂਰੀ ਸੀ ਜਾਂ ਬੇਬਸੀ। ਪਰ ਆਹ ਨੌਜਵਾਨਾਂ ਨੂੰ ਕਾਹਦੀ ਮਜਬੂਰੀ ਜਾਂ ਬੇਬਸੀ ਤੰਗ ਕਰ ਰਹੀ ਹੈ ਜੋ ਆਪਣੇ ਹੱਥੀਂ ਸਰਿੰਜਾਂ ਲਗਾ ਕੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਰਹੇ ਹਨ। ਕਿਉਂ ਉਹ ਆਪਣੇ ਪਰਿਵਾਰ ਜਾਂ ਆਉਣ ਵਾਲੀ ਜ਼ਿੰਦਗੀ ਬਾਰੇ ਨਹੀਂ ਸੋਚ ਰਹੇ? ਇਸ ਦਾ ਸਭ ਤੋਂ ਵੱਡਾ ਕਾਰਣ ਹੈ ਨਸ਼ੇ ਦਾ ਬਹੁਤ ਸੌਖਿਆਂ ਹੀ ਉਪਲੱਬਧ ਹੋ ਜਾਣਾ। ਅਸਲੀ ‘ਹੈਰੋਇਨ’ ਦਾ ਨਸ਼ਾ ਸੌਖਿਆਂ ਉਪਲੱਬਧ ਨਹੀਂ ਹੁੰਦਾ ਇਸ ਲਈ ਮਿਲਾਵਟ ਵਾਲੀ ਹੈਰੋਇਨ ਜਿਸ ਨੂੰ ‘ਕੱਟ’ ਦੇ ਨਾਮ ਵਜੋਂ ਵੇਚਿਆ ਜਾ ਰਿਹਾ ਹੈੇ, ਨਸ਼ੇੜੀਆਂ ਤਕ ਉਪਲੱਬਧ ਕਰਵਾਈ ਜਾ ਰਹੀ ਹੈ। ਇਹ ਇੰਨੀ ਕੁ ਖਤਰਨਾਕ ਹੈ ਕਿ ਸਰਿੰਜ ਰਾਹੀਂ ਲਗਾਉਂਦਿਆਂ ਇਹ ਸਰੀਰ ਵਿਚ ਸਮਿੰਟ ਵਾਂਗ ਜੰਮ ਜਾਂਦੀ ?ਹੈ ਅਤੇ ਕਈ ਵਾਰ ਵਿਚਕਾਰ ਹੀ ਰਹਿ ਜਾਂਦੀ ਹੈ ਤੇ ਵਿਅਕਤੀ ਦੀ ਉਸੇ ਥਾਈਂ ਹੀ ਮੌਤ ਹੋ ਜਾਂਦੀ ਹੈ। ‘ਕੱਟ’ ਸਭ ਤੋਂ ਮਾੜਾ ਨਸ਼ਾ ਹੈ ਅਤੇ ਚਿੱਟੇ ਪਾਊਡਰ ਨਾਲ ਫੌਰੀ ਥੱਕੇ ਜੰਮ ਜਾਂਦੇ ਹਨ ਅਤੇ ਵਿਅਕਤੀ ਦੀ ਅਚਾਨਕ ਹੀ ਮੌਤ ਹੋ ਜਾਂਦੀ ਹੈ। ਪੰਜਾਬ ਦੀ ਜਵਾਨੀ ਜਿਸ ਨੇ ਵੱਡੇ-ਵੱਡੇ ਹਥਿਆਰਾਂ ਅੱਗੇ ਗੋਡੇ ਨਾ ਟੇਕੇ, ਅੱਜ ਨਸ਼ਿਆਂ ਅੱਗੇ ¦ਮੀ ਪੈ ਗਈ ਹੈ। ਜੇ ਅੱਜ ਵੀ ਸਾਡੇ ਸਿਆਸਤਦਾਨਾਂ, ਸਾਡੇ ਪੁਲਿਸ ਪ੍ਰਸ਼ਾਸਨ ਅਤੇ ਸਾਡੇ ਕਾਨੂੰਨ ਦੀਆਂ ਅੱਖਾਂ ਨਾ ਖੁੱਲ੍ਹੀਆਂ ਤਾਂ ਬਹੁਤ ਦੇਰ ਹੋ ਜਾਵੇਗੀ। ਲੋੜ ਹੈ ਇਸ ਸਬੰਧੀ ਠੋਸ ਕਦਮ ਦੇਣ ਦੀ। ਨਾ ਕਿ ਇਸ ਮੁੱਦੇ ਨੂੰ ਸਿਆਸਤੀ ਮੁੱਦਾ ਬਣਾ ਕੇ ਵੋਟਾਂ ’ਕੱਠਾ ਕਰਨ ਵਾਲਾ ਵੋਟ ਬੈਂਕ ਬਣਾਉਣ ਦੀ। ਇਹ ਉਹੀ ਪੰਜਾਬੀ ਨੌਜਵਾਨ ਹਨ, ਜੋ ਸਰਹੱਦਾਂ ’ਤੇ ਖੜ੍ਹ ਕੇ ਦੇਸ਼ ਦੀ ਰਾਖੀ ਕਰ ਰਹੇ ਹਨ। ਜੇ ਇਹੀ ਨਸ਼ਿਆਂ ਦੇ ਹੜ੍ਹ ਵਿਚ ਰੁੜ ਗਏ ਤਾਂ ਪੰਜਾਬ ਨੂੰ ਕੌਣ ਸੰਭਾਲੇਗਾ। ਜੇ ਨੌਜਵਾਨ ਹੀ ਨਾ ਰਹੇ ਤਾਂ ‘ਪੰਜਾਬ’ ਦੀ ਹੋਂਦ ਨੂੰ ਸੰਭਾਲ ਪਾਉਣਾ ਬਹੁਤ ਔਖਾ ਹੋ ਜਾਵੇਗਾ ਫਿਰ ਨਾ ਕੋਈ ਸਿਆਸਤਦਾਨ ਰਹੇਗਾ ਤੇ ਨਾ ਹੀ ਸਿਆਸਤ। ਤਰਲਾ ਹੈ ਇਕ ਮਾਂ ਦਾ, ਇਕ ਭੈਣ ਦਾ, ਇਕ ਪਤਨੀ ਦਾ, ਇਕ ਧੀ ਦਾ ਅੱਜ ਇਹ ਅੱਗ ਕਿਸੇ ਦੇ ਡਰ ਲੱਗੀ ਹੈ ਤੇ ਤੁਹਾਡੇ ਘਰ ਤਕ ਸਿਰਫ਼ ਧੂੰਆਂ ਹੀ ਪਹੁੰਚਿਆ ਹੈ। ਕਦੋਂ ਇਹ ਅੱਗ ਦੀਆਂ ਲਪਟਾਂ ਤੁਹਾਡੇ ਘਰ ਨੂੰ ਘੇਰ ਲੈਣਗੀਆਂ, ਸ਼ਾਇਦ ਇਸ ਦਾ ਪਤਾ ਹੀ ਨਾ ਲੱਗੇ। ਜਾਗ ਜਾਓ ਪੰਜਾਬੀਓਂ, ਹੁਣ ਵੇਲਾ ਹੈ ਆਪਣੇ ਲਈ ਆਵਾਜ਼ ਉਠਾਉਣ ਦਾ। ਜੇ ਅੱਜ ਨਹੀਂ ਤਾਂ ਫੇਰ ਕਦੇ ਵੀ ਨਹੀਂ। ਮੈਂ ਜੁਲਾਈ ਦਾ ਪਹਿਲਾ ਹਫ਼ਤਾ 1 ਜੁਲਾਈ ਤੋਂ 7 ਜੁਲਾਈ ਤਕ ‘ਚਿੱਟੇ ਦੇ ਵਿਰੁੱਧ ਕਾਲੇ ਹਫ਼ਤੇ’ ਦੇ ਨਾਮ ਕਰ ਦਿਤਾ ਹੈ। ਆਓ ਤੁਸੀਂ ਵੀ ਅੱਗੇ ਆਓ ਤੇ ਇਸ ਮੁਹਿੰਮ ਦਾ ਇੰਨਾ ਕੁ ਸਾਥ ਦਿਓ ਕਿ ਇਸ ਦੀ ਆਵਾਜ਼ ਸਰਕਾਰੀ-ਦਰਬਾਰੀ ਪਹੁੰਚ ਸਕੇ।
-ਸਿਮਰਨਜੀਤ ਕੌਰ ਨਾਭਾ।
ਸੰਪਰਕ : 99142-51779



