Skip to content
Independent perspectives. Global stories.
BREAKING

ਬੱਚਿਆਂ ’ਚ ਕਦਰਾਂ ਕੀਮਤਾਂ ਤੇ ਸ਼ਹਿਣਸ਼ੀਲਤਾ ਦੀ ਕਮੀ

Share this story

 ਜਦ ਮੈਂ ਅੱਜ ਦੇ ਬੱਚਿਆਂ ਦਾ ਬਚਪਨ ਦੇਖਦੀ ਹਾਂ ਤਾਂ ਆਪਣਾ ਬਚਪਨ ਯਾਦ ਆ ਜਾਂਦਾ ਹੈ। ਮੈਂ ਆਪਣੇ ਪੰਜ ਭੈਣ ਭਰਾਵਾਂ ‘ਚ ਸਭ ਤੋਂ ਛੋਟੀ ਹੋਣ ਕਰਕੇ ਸਭ ਦੀ ਲਾਡਲੀ ਸੀ। ਇਸ ਲਈ ਮੇਰਾ ਬਚਪਨ ਬਹੁਤ ਵਧੀਆ ਸੀ।ਮੈਨੂੰ ਅੰਗਰੇਜੀ ਸਕੂਲ ਵਿੱਚ ਪਾਇਆ ਗਿਆ। ਮੈਂ ਸਕੂਲ ਨਾ ਜਾਣ ਦੀ ਜਿੱਦ ਕਰਦੀ ਤੇ ਭੈਣਾਂ ਵਧੀਆ ਤਿਆਰ ਕਰਕੇ ਬੜੇ ਪਿਆਰ ਨਾਲ ਸਕੂਲ ਛੱਡ ਕੇ ਆਉਂਦੀਆ ।ਸਮਾਂ ਲੰਘਦਾ ਗਿਆਂ ਪੜਾਈ ਵਿੱਚ ਹੁਸ਼ਿਆਰ ਹੋਣ ਕਾਰਨ ਮੈਂ ਅਧਿਆਪਕਾਂ ਦੀਆਂ ਅੱਖਾਂ ਦਾ ਤਾਰਾਂ ਸੀ ਤੇ ਇਸ ਲਈ ਘਰ ਦੇ ਸਬ ਵੀ ਬਹੁਤ ਪਿਆਰ ਕਰਦੇ ਸੀ।ਪਾਪਾ ਜੀ ਦੀ ਤਾਂ ਮੈਂ ਲਾਡਲੀ ਸੀ,ਉਹ ਮੈਨੂੰ ਹਮੇਸ਼ਾ ਮੁੰਡਿਆ ਵਾਂਗ ਸੰਬੋਧਨ ਕਰਕੇ ਬੁਲਾਉਂਦੇ ਤੇ ਮੇਰੀ ਹਰ ਇੱਛਾ ਪੂਰੀ ਕਰਦੇ।ਇਸ ਤਰਾਂ ਦੇ ਮਾਹੌਲ ਕਰਕੇ ਮੇਰੇ ਅੰਦਰ ਬਹੁਤ ਆਤਮਵਿਸ਼ਵਾਸ ਆ ਗਿਆ।
ਮੇਰੇ ਵੀਰਜੀ ਸਬ ਤੋਂ ਵੱਡੇ ਹੋਣ ਕਰਕੇ ਅਸੀ ਸਾਰੇ ਉਹਨਾ ਤੋਂ ਬਹੁਤ ਡਰਦੇ ਸੀ। ਉਹ ਬਹੁਤ ਸਖਤ ਸੁਭਾਅ ਦੇ ਸਨ ਖਾਸ ਕਰਕੇ ਸਾਡੇ ਭੈਣਾਂ ਲਈ,ਅਸੀ ਦੋ ਗੁੱਤਾ ਨੀ ਸੀ ਕਰ ਸਕਦੇ,ਦਰਵਾਜੇ ਚ ਖੜਨਾ,ਰੇਹੜੀ ਤੇ ਖੜਕੇ ਖਾਣਾ , ਉ¤ੱਚੀ ਹੱਸਣਾ ,ਬਾਜ਼ਾਰ ਜਾਣਾ, ਮੇਲੇ ਜਾਣਾ ਮਨ੍ਹਾਂ ਸੀ।ਉਹਨਾ ਨੇ ਕਹਿਣਾ ਮੈਂ ਤੁਹਾਨੂੰ ਹਰ ਚੀਜ਼ ਘਰ ਲਿਆ ਦੇਵਾਂਗਾਂ।ਉਹ ਘਰ ਆ ਜਾਂਦੇ ਤਾਂ ਘਰ ਵਿੱਚ ਸਨ੍ਹਾਟਾ ਛਾ ਜਾਂਦਾ ਸੀ।ਅਸੀ ਕੋਈ ਹੋਰ ਡਰੈਸ ਪਾਉਣੀ ਹੁੰਦੀ ਤਾਂ ਉਨ੍ਹਾਂ ਦੇ ਡਿਊਟੀ ਗਿਆ ਪਾ ਲੈਣੀ,ਉਹਨਾ ਦੇ ਘਰ ਆਉਣ ਸਮੇਂ ਬਦਲ ਲੈਣੀ।ਸਾਡੇ ਘਰ ਵਿੱਚ ਚਾਹੇ ਸਭ ਸਹੂਲਤਾ ਸਨ ਪਰ ਟੀ.ਵੀ. ਵੀਰਜੀ ਨਹੀਂ ਲੇਣ ਦਿੰਦੇ ਸੀ।ਜਦ ਅਸੀ ਗੁਆਂਢੀਆਂ ਦੇ ਘਰ ਟੀ.ਵੀ.ਦੇਖਣ ਜਾਂਦੇ ਤਾਂ ਸਾਨੂੰ ਬਹੁਤ ਝਿੜਕਾ ਪੈਂਦੀਆ।ਸਾਨੂੰ ਬਹੁਤ ਗੁੱਸਾ ਆਉਂਦਾ ਪਰ ਸਾਡੇ ਮਾਤਾ ਜੀ ਵੀ ਸਾਨੂੰ ਹੀ ਟੋਕਦੇ।ਘਰ ਟੀ.ਵੀ.ਆਉਣ ਤੋਂ ਬਾਅਦ ਵੀ ਵੀਰਜੀ ਸਾਨੂੰ ਕਦੇ ਚਿਤਰਹਾਰ ਨਾ ਦੇਖਣ ਦਿੰਦੇ ਤੇ ਸਵਿੱਚ ਬੰਦ ਕਰ ਦਿੰਦੇ ਤਾਂ ਅਸੀ ਮਾਤਾ ਜੀ ਕੋਲ ਰੋਂਦੇ ਜਾਣਾ,ਅੱਗੋ ਉਹਨਾ ਨੇ ਸਾਨੂੰ ਹੀ ਕਹਿਣਾ ‘ਜਾਨ ਤਾਂ ਨੀ ਨਿਕਲਦੀ ਜੇ ਨਾ ਦੇਖੋਗੀਆਂ ਤਾਂ’। ਇਹ ਸਭ ਗੱਲਾਂ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਸਾਨੂੰ ਪਿਆਰ ਨੀ ਸੀ ਕਰਦੇ ,ਚਾਹੇ ਸਾਨੂੰ ਵੀ ਉਸ ਸਮੇਂ ਬਹੁਤ ਗੁੱਸਾ ਆਉਂਦਾ ਸੀ,ਪਰ ਉਹਨਾ ਦੀਆਂ ਇਨ੍ਹਾ ਸਖਤੀਆਂ ਨੇ ਸਾਡੇ ਅੰਦਰ ਉਹ ਗੁਣ ਪੇਦਾ ਕੀਤੇ ਜੋ ਅੱਜ ਦੀ ਪੀੜੀ ਵਿਚ ਨਜ਼ਰ ਨਹੀਂ ਆਉਂਦੇ।ਮੈਂ ਆਪਣੇ ਵਿੱਚ ਆਤਮਵਿਸ਼ਵਾਸ ਦਾ ਗੁਣ ਆਪਣੇ ਪਿਤਾ ਦੇ ਪਿਆਰ ਤੋਂ,ਸਹਿਣਸ਼ੀਲਤਾ ਤੇ ਨੈਤਿਕ ਕਦਰਾਂ ਕੀਮਤਾਂ ਆਪਣੇ ਭਰਾਂ ਦੀਆ ਸਖਤੀਆਂ ਤੋਂ ਸਿੱਖੀਆਂ।ਚਾਹੇ ਮੈਨੂੰ ਉਸ ਵਕਤ ਬਹੁਤ ਗੁੱਸਾ ਆੳਂਦਾ ਸੀ ਪਰ ਅੱਜ ਮੈਂ ਮਹਿਸੂਸ ਕਰਦੀ ਹਾਂ ਕਿ ਇਹ ਛੋਟੀਆਂ ਛੋਟੀਆਂ ਗੱਲਾ ਹੀ ਮਜਬੂਤ ਚੱਰਿਤਰ ਨਿਰਮਾਣ ਦਾ ਆਧਾਰ ਹਨ॥ ਮੈਂ ਇੱਕ ਅਧਿਆਪਕ ਹੋਣ ਕਰਕੇ ਮੇਰਾ ਸਿੱਧਾ ਵਾਹ ਅੱਜ ਦੀ ਪੀੜੀ ਨਾਲ ਪੈਂਦਾ ਹੈ ਤੇ ਮੈਂ ਦੇਖਦੀ ਹਾਂ ਕਿ ਅੱਜ ਦੇ ਬੱਚਿਆ ਵਿੱਚ ਸਹਿਣਸ਼ੀਲਤਾ ਦੀ ਬਹੁਤ ਕਮੀ ਹੈ ਉਹ ਕਿਸੇ ਤੋਂ ਕੋਈ ਗੱਲ ਨਹੀਂ ਅੱਖਵਾ ਸਕਦੇ। ਚਾਹੇ ਘਰ ਹੋਵੇ ਜਾਂ ਸਕੂਲ ਅਸੀ ਬੱਚਿਆ ਨੂੰ ਕਿਸੇ ਗੱਲ ਤੇ ਟੋਕ ਨਹੀਂ ਸਕਦੇ।ਘਰ ਵਿੱਚ ਕੋਈ ਕਿਸੇ ਦੀ ਟੋਕਾ ਟੋਕੀ ਪਸੰਦ ਨਹੀਂ ਕਰਦਾ। ਜਮਾਤ ਵਿਚ ਫੇਲ੍ਹ ਹੋਣਤੇ ਬੱਚੇ ਆਤਮਹੱਤਿਆ ਕਰ ਰਹੇ ਹਨ।ਸਕੂਲ ਵਿੱਚ ਬੱਚੇ ਨਾਲ ਦੇ ਸਾਥੀਆਂ ਨਾਲ ਲੜਾਈ ਹੋਣਤੇ ਮਾਰਨ ਤੱਕ ਜਾਂਦੇ ਹਨ,ਇਥੋ ਤੱਕ ਕਿ ਉਹ ਅਧਿਆਪਕ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।ਜਿਵੇ ਕਿ ਪਿੱਛੇ ਜਿਹੇ ਅਖਬਾਰਾਂ ਵਿੱਚ ਕਾਫੀ ਚਰਚਾ ਸੀ ਕਿ ਇਕ ਵਿਦਿਆਰਥੀ ਨੇ ਸਕੂਲ ਪ੍ਰਿੰਸੀਪਲ ਨੂੰ ਗੋਲੀ ਮਾਰ ਦਿੱਤੀ। ਤੇ ਰੋਜ਼ ਕੋਈ ਨਾ ਕੋਈ ਖਬਰ ਹੁੰਦੀ ਹੈ ਕਿ ਪੁੱਤਰ ਨੇ ਕਿਸੇ ਛੋਟੀ ਜਿਹੀ ਗੱਲ ਪਿੱਛੇ ਆਪਣੇ ਮਾਂ ਬਾਂਪ ਨੂੰ ਹੀ ਮਾਰ ਦਿੱਤਾ।ਇਹ ਕਿਹੋ ਜਿਹੀ ਤਰਾਸਦੀ ਹੈ , ‘ਇਹ ਕਿਥੋ ਸ਼ੁਰੂ ਹੋਈ ਤੇ ਇਸਦਾ ਅੰਤ ਕੀ ਹੈੂ। ਮੁੱਕਦੀ ਗੱਲ ਇਹ ਹੈ ਕਿ ਉਹ ਨੈਤਿਕ ਕਦਰਾਂ ਕੀਮਤਾਂ ਤੇ ਸ਼ਹਿਣਸ਼ੀਲਤਾ ਜੋ ਬੱਚਾ ਆਪਣੇ ਘਰ ਤੋਂ ਸਿੱਖਦਾ ਸੀ ਉਹ ਅੱਜ ਦੀ ਪੀੜੀ ਵਿੱਚੋ ਖਤਮ ਹੋ ਰਹੀਆ ਹਨ। ਘਰ ਵਿੱਚ ਬੱਚੇ ਕਿਸੇ ਦਾ ਰੋਹਬ ਨਹੀਂ ਸਹਿੰਦੇ,ਨਾ ਲੜਕੀ ਤੇ ਨਾ ਲੜਕਾ, ਜਿਸਦੇ ਨਤੀਜੇ ਵੱਜੋ ਲੜਕਾ ਤੇ ਲੜਕੀ ਨੂੰ ਅੱਗੇ ਜਾ ਕੇ ਆਪਣੀ ਜਿੰਦਗੀ ਵਿੱਚ ਐਡਜਸਟਮੈਂਟ ਕਰਨ ਵੇਲੇ ਮੁਸ਼ਕਲ ਆਉਂਦੀ ਹੈ ।ਅੱਜ ਲੋੜ ਹੈ ਹਰ ਮਾਂ ਬਾਪ ਆਪਣੇ ਬੱਚਿਆ ਵਿੱਚ ਚੰਗੀਆਂ ਕਦਰਾਂ ਕੀਮਤਾਂ ਤੇ ਸ਼ਹਿਣਸ਼ੀਲਤਾ ਦੇ ਗੁਣ ਜਰੂਰ ਪੈਦਾ ਕਰਨ ਜੀ।ਤਾਂ ਜੋ ਬੱਚੇ ਅੰਦਰ ਆਤਮਵਿਸ਼ਵਾਸ ਪੈਦਾ ਹੋ ਸਕੇ ਤੇ ਉਹ ਇੱਕ ਵਧੀਆ ਸਮਾਜ ਸਿਰਜਣ ਦੇ ਕਾਬਲ ਬਣ ਸਕੇ।

WRITTEN BY