ਜਿਉਂ ਜਿਉਂ ਕੋਈ ਦੇਸ਼ ਵਿਕਾਸ ਦੀਆਂ ਮੰਜ਼ਿਲਾਂ ਤੈਅ ਕਰਦਾ ਜਾਂਦਾ ਹੈ ਤਿਉਂ ਤਿਉਂ ਮਨੁੱਖੀ ਰਹਿਣੀ-ਬਹਿਣੀ ਵਿਚ ਵੀ ਤਬਦੀਲੀ ਆਉਣੀ ਸੁਭਾਵਿਕ ਗੱਲ ਹੈ।ਬਿਨਾਂ ਸ਼ੱਕ ਆਜ਼ਾਦੀ ਤੋਂ ਬਾਅਦ ਭਾਰਤ ਵਿਚ ਵੀ ਜੀਵਨ ਦੇ ਹਰ ਖੇਤਰ ਵਿਚ ਵਿਕਾਸ ਹੋਇਆ ਹੈ। ਸਿਖਿਆ, ਵਿਗਿਆਨ ਤੇ ਤਕਨਾਲੌਜੀ, ਆਵਾਜ਼ਾਈ ਅਤੇ ਸੰਚਾਰ ਦੇ ਖੇਤਰ ਵਿਚ ਹੋਏ ਅਚੰਭੇ ਭਰੇ ਵਿਕਾਸ ਨੇ ਮਨੁੱਖੀ ਜੀਵਨ ਦੀ ਤੋਰ ਨੂੰ ਮੁੱਢੋਂ ਬਦਲ ਕੇ ਰੱਖ ਦਿੱਤਾ ਹੈ। ਪੁਰਾਣੇ ਵੇਲ਼ਿਆਂ ਵਿਚ ਆਵਾਜਾਈ ਦੇ ਬਹੁਤੇ ਸਾਧਨ ਨਹੀਂ ਸਨ। ਸਮਾਜਿਕ ਆਰਥਿਕ ਵਿਕਾਸ ਨੇ ਮਨੁੱਖੀ ਜੀਵਨ ਦੀ ਰਫਤਾਰ ਨੂੰ ਬਹੁਤ ਤੇਜ਼ ਕਰ ਦਿੱਤਾ ਹੈ।ਤੇਜ਼ ਰਫਤਾਰ ਸਾਧਨਾਂ ਦੀ ਬਦੌਲਤ ਇਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਣ ਲਈ ਸਮਾਂ ਬਹੁਤ ਥੋੜ੍ਹਾ ਲੱਗਣ ਲੱਗਾ ਹੈ।ਜ਼ਿੰਦਗੀ ਦੀ ਦੌੜ ਵਿਚ ਉਲਝੇ ਅਜੋਕੇ ਮਨੁੱਖ ਕੋਲ ਸਭ ਸੁੱਖ ਆਰਾਮ ਹੋਣ ਦੇ ਬਾਵਜੂਦ ਸਹਿਜਤਾ ਉਸ ਦੀ ਜੀਵਨ-ਜਾਚ ਦਾ ਹਿੱਸਾ ਨਹੀਂ ਹੈ।ਇਸ ਕਾਰਨ ਹੀ ਨਿੱਤ ਦਿਨ ਭਿਆਨਕ ਸੜਕ ਹਾਦਸੇ ਮਨੁੱਖੀ ਜਾਨਾਂ ਦਾ ਖੌ ਬਣੇ ਹੋਏ ਹਨ।ਜਿਹੜੀ ਗੱਲ ਸਭ ਤੋਂ ਵੱਧ ਅੱਖਰਦੀ ਹੈ ਉਹ ਹੈ ਜ਼ਿੰਦਗੀ ਦੇ ਹਰ ਖੇਤਰ ਵਿਚ ਲਗਾਤਾਰ ਪਸਰ ਰਹੀ ਅਨੁਸ਼ਾਸਨਹੀਣਤਾ।ਕਿਸੇ ਨਿਯਮ ਕਾਨੂੰਨ ਦੀ ਪਾਲਣਾ ਕਰਨੀ ਸਾਡੇ ਜੀਵਨ ਦਾ ਹਿੱਸਾ ਨਹੀ ਹੈ।ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਬਹੁਤ ਵੱਡੀ ਪੱਧਰ ‘ਤੇ ਨਿੱਤ ਵਾਪਰ ਰਹੇ ਸੜਕ ਹਾਦਸੇ ਵੀ ਇਸੇ ਅਨੁਸ਼ਾਸਨਹੀਣਤਾ ਦੀ ਸਿਖਰ ਹਨ।
ਨੈਸ਼ਨਲ ਕਰਾਇਮ ਰਿਕਾਰਡ ਬਿਊਰੋ ਦੇ ਅੰਕੜਿਆਂ ਵਲ ਇਕ ਝਾਤ ਮਾਰੀਏ ਤਾਂ ਭਾਰਤ ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।ਪਿਛੇ ਜਿਹੇ ਭਾਰਤ ਸਰਕਾਰ ਦੇ ਸੜਕ ਪਰਿਵਹਨ ਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਵਲੋਂ ਸੜਕ ਦੁਰਘਟਨਾਵਾਂ ਸਬੰਧੀ 2015 ਦੀ ਰਿਪੋਰਟ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਭਾਰਤ ਵਿਚ ਹਰ ਰੋਜ਼ 1374 ਸੜਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿਚ 400 ਲੋਕਾਂ ਦੀ ਮੌਤ ਹੋ ਜਾਂਦੀ ਹੈ।ਇਸ ਇਕ ਸਾਲ ਵਿਚ ਹੀ ਭਾਰਤ ਵਿਚ 5 ਲੱਖ ਤੋਂ ਵੱਧ ਸੜਕ ਹਾਦਸੇ ਹੋਏ ਤੇ ਲੱਗ ਪੱਗ 1.50 ਲੱਖ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ।ਹਾਦਸਿਆਂ ਵਿਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ 5 ਲੱਖ ਤੋਂ ਵੀ ਵੱਧ ਦੱਸੀ ਗਈ ਹੈ।ਇਸ ਤੋਂ ਬਿਨਾਂ ਬਹੁਤ ਸਾਰੇ ਹਾਦਸੇ ਰਿਕਾਰਡ ਨਹੀਂ ਕੀਤੇ ਜਾਂਦੇ।ਪਿਛਲੇ ਕੁਝ ਸਮੇਂ ਤੋਂ ਸੜਕ ਹਾਦਸਿਆਂ ਦੇ ਪੱਖ ਤੋਂ ਪੰਜਾਬ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।ਕੌਮੀ ਅਪਰਾਧ ਬਿਊਰੋ ਦੀ ਰਿਪੋਰਟ ਅਨੁਸਾਰ ਸੜਕ ਹਾਦਸਿਆਂ ਵਿਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਪੱਖੋਂ ਪੰਜਾਬ ਦੇਸ਼ ਦੇ ਪਹਿਲੇ ਪੰਜ ਰਾਜਾਂ ਵਿਚ ਆਉਂਦਾ ਹੈ।ਇਕ ਅਨੁਮਾਨ ਅਨੁਸਾਰ ਪੰਜਾਬ ਵਿਚ ਸਾਲ 2009 ਵਿਚ 6425 ਸੜਕ ਹਾਦਸੇ ਵਾਪਰੇ,ਜਿਨ੍ਹਾਂ ਵਿਚ 3622 ਲੋਕਾਂ ਦੀਆਂ ਜਾਨਾਂ ਗਈਆਂ।ਸਾਲ 2010 ਵਿਚ ਸੜਕ ਹਾਦਸਿਆਂ ਦੀ ਗਿਣਤੀ ਵੱਧ ਕੇ 6641 ਹੋ ਗਈ ਤੇ 3424 ਲੋਕਾਂ ਨੂੰ ਭੰਗ ਦੇ ਭਾੜੇ ਜਾਨ ਗੁਆਉਣੀ ਪਈ।ਪੰਜਾਬ ਵਿਚ ਹੁੰਦੇ ਹਾਦਸਿਆਂ ਵਿਚ ਮੌਤ ਦਰ 76% ਹੈ।ਹਰ ਰੋਜ਼ 10 ਕੀਮਤੀ ਜਾਨਾਂ ਹਾਦਸਿਆਂ ਦੀ ਭੇਂਟ ਚੜ੍ਹ ਜਾਂਦੀਆਂ ਹਨ।ਦੁਖਦਾਈ ਸਥਿਤੀ ਇਹ ਹੈ ਕਿ ਹਰ ਸਾਲ ਹਾਦਸਿਆਂ ਦੀ ਦਰ ਵੀ ਵਧੀ ਜਾਂਦੀ ਹੈ ਤੇ ਮੋਤਾਂ ਦੀ ਗਿਣਤੀ ਵੀ।ਸਾਲ 2015 ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਪਿਛਲੇ ਸਾਲ ਨਾਲੋਂ 20% ਦਾ ਵਾਧਾ ਹੋਇਆ ਹੈ।ਇਕ ਪ੍ਰਸ਼ਨ ਦੇ ਜਵਾਬ ਵਿਚ ਸਾਲ 2015 ਵਿਚ ਪੰਜਾਬ ਵਿਧਾਨ ਸਭਾ ਵਿਚ ਇਹ ਦੱਸਿਆ ਗਿਆ ਕਿ ਸੜਕ ਹਾਦਸਿਆਂ ਵਿਚ ਪਿਛਲੇ ਤਿੰਨ ਸਾਲਾਂ ਵਿਚ 8103 ਵਿਅਕਤੀਆਂ ਦੀ ਮੌਤ ਹੋਈ ਤੇ 10651 ਜ਼ਖਮੀ ਹੋਏ।ਹਾਦਸਿਆਂ ਦੇ ਬਹੁਤੇ ਸ਼ਿਕਾਰ 15 ਤੋਂ 34 ਸਾਲ ਉਮਰ ਵਰਗ ਦੇ ਨੌਜਵਾਨ ਵਧੇਰੇ ਹੁੰਦੇ ਹਨ।ਸਾਲ 2014 ਵਿਚ ਕੁਲ ਮਰਨ ਵਾਲੇ 4621 ਵਿਅਕਤੀਆਂ ਵਿਚੋਂ 2379 ਨੌਜਵਾਨ ਸਨ 2015 ਵਿਚ ਕੁਲ 4893 ਵਿਚੋਂ 2487 ਨੌਜਵਾਨ ਜੋਬਨ-ਰੁੱਤੇ ਹੀ ਇਸ ਜਹਾਨ ਤੋਂ ਚਲੇ ਗਏ।ਸਥਿਤੀ ਏਨੀ ਬਦਤਰ ਹੋ ਚੁੱਕੀ ਹੈ ਕਿ ਨਿੱਤ ਦਿਨ ਸੜਕਾਂ ਖੁੂਨ ਨਾਲ ਲੱਥ-ਪੱਥ ਹੋ ਰਹੀਆਂ ਹਨ ਤੇ ਘਰਾਂ ਵਿਚ ਸੱਥਰ ਵਿਛ ਰਹੇ ਹਨ।ਕਈ ਵਾਰ ਤਾਂ ਸਾਰੇ ਦਾ ਸਾਰਾ ਪਰਿਵਾਰ ਹੀ ਹਾਦਸੇ ਦੀ ਭੇਂਟ ਚੜ੍ਹ ਜਾਂਦਾ ਹੈ ਤੇ ਮਰ ਚੁੱਕਿਆਂ ਦੀਆਂ ਆਖਰੀ ਰਸਮਾਂ ਨਿਭਾਉਣ ਵਾਲਾ ਵੀ ਕੋਈ ਨਹੀਂ ਬਚਦਾ।
ਭਾਵੇਂ ਹਾਦਸਿਆਂ ਦੇ ਕਈ ਕਾਰਨ ਹਨ ਪਰ ਮਾਹਰਾਂ ਦੀ ਰਾਏ ਹੈ ਕਿ ਬਹੁਤੇ ਸੜਕ ਹਾਦਸਿਆਂ ਦਾ ਕਾਰਨ ਮਨੁੱਖੀ ਗਲਤੀ ਹੈ। ਸੜਕੀ ਆਵਾਜਾਈ ਮੰਤਰਾਲੇ ਵਲੋਂ ਜਾਰੀ ਰਿਪੋਰਟ ਅਨੁਸਾਰ 77.1% ਹਾਦਸੇ ਡਰਾਇਵਰ ਦੀ ਗਲਤੀ ਕਾਰਨ ਵਾਪਰਦੇ ਹਨ। ਵਾਹਨ ਦੀ ਮਿੱਥੀ ਗਤੀ-ਸੀਮਾ ਤੋਂ ਵੱਧ ਸਪੀਡ ਹਾਦਸੇ ਨੂੰ ਸੱਦਾ ਦੇਣ ਦੇ ਬਰਾਬਰ ਹੈ।ਵਾਹਨ-ਚਾਲਕ ਦਾ ਵਾਹਨ ‘ਤੇ ਕੰਟਰੋਲ ਨਾਂ ਰਹਿਣ ਕਾਰਨ ਹਾਦਸਾ ਵਾਪਰ ਜਾਂਦਾ ਹੈ।ਕਿਸੇ ਵਾਹਨ ਦੇ ਡਰਾਇਵਰ ਦੀ ਨਿੱਕੀ ਜਿਹੀ ਅਣਗਹਿਲੀ ਦੂਜਿਆਂ ਦੀ ਜਾਨ ਦਾ ਖੌ ਬਣ ਜਾਂਦੀ ਹੈ।ਕੋਈ ਵੀ ਕੰਮ ਕਰਨਾ ਹੋਵੇ ਉਸ ਨੂੰ ਸਿਖਣਾ ਜ਼ਰੂਰੀ ਹੁੰਦਾ ਹੈ ਪਰ ਸਾਡੇ ਦੇਸ਼ ਵਿਚ ਵਾਹਨ ਚਲਾਉਣਾ ਸਿੱਖਣ ਦਾ ਰਿਵਾਜ ਬਿਲਕੁਲ ਹੀ ਨਹੀਂ ਹੈ। ਸਿੱਟੇ ਵਜੋਂ ਸੜਕੀ ਨੇਮਾਂ ਤੋਂ ਅਣਭਿੱਜ ਡਰਾਇਵਰ ਨਿਯਮਾਂ ਦੀ ਪਾਲਣਾ ਕਰਨ ਦੀ ਥਾਂ,ਧੱਕੇ ਨਾਲ ਹੀ ਸੜਕ ਤੇ ਵਾਹਨ ਭਜਾਈ ਫਿਰਦੇ ਹਨ ਤੇ ਆਪਣੇ ਸਮੇਤ ਦੂਜਿਆਂ ਲਈ ਹਰ ਸਮੇਂ ਖਤਰਾ ਬਣੇ ਰਹਿੰਦੇ ਹਨ।ਜਿਵੇਂ ਹੋਰ ਖੇਤਰਾਂ ਵਿਚ ਭ੍ਰਿਸ਼ਟਾਚਾਰ ਭਾਰੂ ਹੈ ਉਸੇ ਤਰਾਂ ਹੀ ਲਾਇਸੈਂਸ ਪ੍ਰਣਾਲੀ ਵੀ ਬੁਰੀ ਤਰ੍ਹਾਂ ਇਸ ਦੀ ਲਪੇਟ ਵਿਚ ਆਈ ਹੋਈ ਹੈ।ਏਜੰਟਾਂ ਦੀ ਬਦੌਲਤ ਪੈਸੇ ਨਾਲ ਘਰ ਬੈਠਿਆਂ ਹੀ ਡਰਾਇਵਿੰਗ ਲਾਇਸੈਂਸ ਪ੍ਰਾਪਤ ਹੋ ਜਾਂਦਾ ਹੈ।ਨਿਯਮਾਂ ਨੂੰ ਲਾਗੂ ਕਰਾਉਣ ਵਾਲੀ ਟਰੈਫਿਕ ਪੁਲਿਸ ਵੀ ਕਈ ਤਰ੍ਹਾਂ ਦੇ ਦਬਾਵਾਂ ਵਿਚ ਕੰਮ ਕਰਦੀ ਹੈ।ਇਸ ਤਰ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਨਾਂ ਕਿਸੇ ਤਰ੍ਹਾਂ ਬਚ ਜਾਂਦੇ ਹਨ।ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਕਾਰਨ ਸਭ ਕੁਝ ਚੱਲੀ ਜਾਂਦਾ ਹੈ।ਸਰਕਾਰ ਵੀ ਇਸ ਪ੍ਰਤੀ ਗੰਭੀਰ ਨਹੀਂ ਹੈ।ਸੁਪਰੀਮ ਕੋਰਟ ਨੇ ਕਮਰਸ਼ੀਅਲ ਵਾਹਨਾਂ ਵਿਚ ਸਪੀਡ ਨੂੰ ਕੰਟਰੋਲ ਕਰਨ ਲਈ ਸਪੀਡ ਗਵਰਨਰ ਲਾਉਣ ਦਾ ਆਦੇਸ਼ ਦਿੱਤਾ ਸੀ।ਮਕਸਦ ਸੀ ਕਿ 80 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਬ੍ਹੰਨ ਦਿੱਤੀ ਜਾਵੇ।ਪੰਜਾਬ ਸਰਕਾਰ ਨੇ ਵੀ ਇਸ ਫੈਸਲੇ ਦੀ ਰੌਸ਼ਨੀ ਵਿਚ ਸਾਲ 2012 ਵਿਚ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸਪੀਡ ਗਵਰਨਰ ਲਗਾਉਣ ਦਾ ਫੈਸਲਾ ਕੀਤਾ ਸੀ,ਪਰ ਅੱਜ ਤੱਕ ਵੀ ਇਹ ਸਕੀਮ ਲਾਗੂ ਨਹੀਂ ਹੋ ਸਕੀ।ਸਿੱਟੇ ਵਜੋਂ ਤੇਜ਼ ਰਫਤਾਰੀ ‘ਤੇ ਕੋਈ ਕੰਟਰੋਲ ਨਾਂ ਹੋਣ ਕਾਰਨ ਸੜਕ ਤੇ ਚਲਦੇ ਵਾਹਨ ਸਭ ਹੱਦਾਂ ਬੰਨੇ ਤੋੜਦੇ ਹੋਏ ਖ਼ੌਫ ਤੇ ਆਤੰਕ ਦਾ ਮਹੌਲ ਸਿਰਜ ਰਹੇ ਹਨ।
ਨਸ਼ੇ ਦਾ ਸੇਵਨ ਕਰਕੇ ਡਰਾਇਵਿੰਗ ਕਰਨਾ ਵੀ ਬਹਤ ਗੰਭੀਰ ਮੁੱਦਾ ਹੈ।ਡਰਾਇਵਰ ਵਲੋਂ ਕੀਤੇ ਨਸ਼ੇ ਕਾਰਨ ਉਸ ਦੀਆਂ ਗਿਆਨ-ਇੰਦਰੀਆਂ ਪ੍ਰਭਾਵਿਤ ਹੋ ਜਾਂਦੀਆਂ ਹਨ।ਉਸ ਦਾ ਧਿਆਨ ਭਟਕ ਜਾਂਦਾ ਹੈ ਤੇ ਵਾਹਨ ਦੀ ਗਤੀ ‘ਤੇ ਉਸ ਦਾ ਕਾਬੂ ਨਹੀਂ ਰਹਿੰਦਾ।ਸਾਲ 2014 ਵਿਚ 70% ਹਾਦਸਿਆਂ ਦਾ ਕਾਰਨ ਵਾਹਨ-ਚਾਲਕਾਂ ਵਲੋਂ ਕੋਈ ਨਸ਼ਾ ਕੀਤਾ ਹੋਣਾ ਦੱਸਿਆ ਗਿਆ ਹੈ।ਸੜਕ ‘ਤੇ ਪੈਦਲ ਜਾਣ ਵਾਲਿਆਂ ਨੂੰ ਵੀ ਅੰਨ੍ਹੇਵਾਹ ਦਰੜੇ ਜਾਣ ਦੀਆਂ ਘਟਨਾਵਾਂ ਵਿਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਹਾਦਸਿਆਂ ਦੀ ਗਿਣਤੀ ਵਧਣ ਦੇ ਬਾਵਜੂਦ ਪੰਜਾਬ ਵਿਚ ਟ੍ਰੈਫਿਕ ਨੂੰ ਨਿਯਮਤ ਕਰਨ ਦੇ ਸਾਧਨਾਂ ਦੀ ਕਮੀ ਹੈ।ਪੰਜਾਬ ਵਿਚ 74 ਲੱਖ ਦੇ ਲੱਗਭੱਗ ਵਾਹਨ ਹਨ।ਇਨ੍ਹਾਂ ਵਿਚੋਂ 4 ਲੱਖ ਦੇ ਨੇੜੇ ਕਮਰਸ਼ੀਅਲ ਵਾਹਨ ਹਨ।ਸੜਕਾਂ ਦਾ ਰੱਖ-ਰਖਾ ਪਹਿਲਾਂ ਨਾਲੋਂ ਭਾਵੇਂ ਸੁਧਾਰਿਆ ਗਿਆ ਹੈ ਪਰ ਸੜਕਾਂ ਤੇ ਵਧ ਰਹੇ ਟ੍ਰੈਫਿਕ ਅਨੁਸਾਰ ਇਸ ਵਿਚ ਤਿੱਖੇ ਸੁਧਾਰਾਂ ਦੀ ਲੋੜ ਹੈ।ਹੁਣ ਹਾਲਤ ਇਹ ਹੈ ਕਿ ਪੁਲੀਸ ਕੋਲ, ਗੱਡੀਆਂ ਦੀ ਰਫਤਾਰ ਚੈਕ ਕਰਨ ਤੇ ਨਸ਼ਿਆਂ ਦਾ ਪਤਾ ਲਾਉਣ ਵਾਲੇ ਜੰਤਰ ਵੀ ਬਹੁਤੀ ਥੋੜ੍ਹੀ ਮਾਤਰਾ ਵਿਚ ਉਪਲਭਦ ਹਨ।ਇਸ ਸੂਰਤ ਵਿਚ ਲਗਾਤਾਰ ਵਧ ਰਹੇ ਟਰੈਫਿਕ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਕਾਰਜ ਹੈ।ਵਾਹਨ-ਚਾਲਕ ਵਲੋਂ ਮੁਬਾਇਲ ਦੀ ਵਰਤੋਂ ਕਰਨ ਨਾਲ ਵੀ ਹਾਦਸੇ ਵਾਪਰ ਰਹੇ ਹਨ।ਹਿਮਾਚਲ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਇਹ ਮੰਨਿਆਂ ਹੈ ਕਿ ਰਾਜ ਵਿਚ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ ਵਾਪਰੇ 11 ਹਾਦਸਿਆਂ ਵਿਚੋਂ 10 ਹਾਦਸੇ ਡਰਾਇਵਰਾਂ ਦੇ ਮੁਬਾਇਲ ਤੇ ਰੁਝੇ ਹੋਣ ਕਾਰਨ ਵਾਪਰੇ।ਹੈਲਮਟ ਤੇ ਸੀਟ ਬੈਲਟ ਦੀ ਵਰਤੋਂ ਨਾਂ ਕਰਨੀ ਵੀ ਅਸੀਂ ਸ਼ਾਨ ਸਮਝਦੇ ਹਾਂ,ਜਦੋਂ ਕਿ ਇਨ੍ਹਾਂ ਦੀ ਵਰਤੋਂ ਨਾਲ ਬਚਾਅ ਹੋ ਸਕਦਾ ਹੈ।
ਮਨੁੱਖੀ ਜ਼ਿੰਦਗੀ ਬਹੁਤ ਕੀਮਤੀ ਹੈ।ਕਿਸੇ ਛੋਟੀ ਜਿਹੀ ਗਲਤੀ ਨਾਲ ਇਸ ਨੂੰ ਭੰਗ ਦੇ ਭਾੜੇ ਗੁਆ ਦੇਣਾ ਸਿਰੇ ਦੀ ਨਲਾਇਕੀ ਹੀ ਕਹੀ ਜਾ ਸਕਦੀ ਹੈ।ਸੜਕਾਂ ‘ਤੇ ਨਿੱਤ ਡੁਲ੍ਹ ਰਿਹਾ ਖੂੁਨ ਸਾਡੇ ਮਨਾਂ ਵਿਚ ਘਰ ਕਰ ਚੁੱਕੀ ਅਨੁਸ਼ਾਸਨਹੀਣਤਾ ਦਾ ਸਿੱਟਾ ਹੈ।ਕਿਸੇ ਦੂਜੇ ਨੂੰ ਦੋਸ਼ ਦੇਣ ਦੀ ਥਾਂ ਆਪਣੇ ਆਪਣੇ ਗਿਰਵਾਨ ‘ਚ ਝਾਤੀ ਮਾਰੀਏ ਕਿ ਸੜਕ ਤੇ ਜਾਂਦੇ ਸਮੇਂ ਅਸੀਂ ਤਾਂ ਨਹੀਂ ਕਿਸੇ ਨਿਯਮ ਦੀ ਉਲੰਘਣਾ ਕਰ ਰਹੇ।ਸੜਕ ਹਾਦਸਆਂਿ ਨੂੰ ਠ੍ਹੱਲ ਪਾਉਣ ਲਈ ਹਰ ਨਾਗਰਿਕ ਨੂੰ ਜ਼ਿੰਮੇਵਾਰੀ ਨਾਲ ਆਪਣਾ ਫਰਜ਼ ਪਛਾਨਣ ਦੀ ਲੋੜ ਹੈ।
ਦਰਦਨਾਕ ਸੜਕ ਹਾਦਸਿਆਂ ਵਿਰੁੱਧ ਗੰਭੀਰ ਹੋਣ ਦੀ ਜ਼ਰੂਰਤ



