Skip to content
Independent perspectives. Global stories.
BREAKING

ਭਾਰਤ ਦੇ ਮੱਥੇ ’ਤੇ ਇਕ ਹੋਰ ਕਲੰਕ

Share this story

ਭਾਰਤ ਦੇ ਮੱਥੇ ’ਤੇ ਇਕ ਹੋਰ ਕਲੰਕ ਲੱਗ ਗਿਆ ਹੈ। ਦੁਨੀਆਂ ਦੀ ਇਕ ਨਾਮੀ ਸੰਸਥਾ ਨੇ ਅੰਕੜਿਆਂ ਦੇ ਆਧਾਰ ਉਪਰ ਭਾਰਤ ਨੂੰ ਔਰਤਾਂ ਲਈ ਸੰਸਾਰ ਦਾ ਸਭ ਤੋਂ ਖਤਰਨਾਕ ਦੇਸ਼ ਕਰਾਰ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸਰਵੇਖਣ ਦੌਰਾਨ ਅਫਗਾਨਿਸਤਾਨ ਅਤੇ ਸੀਰੀਆ ਵੀ ਇਸ ਮਾਮਲੇ ਵਿੱਚ ਭਾਰਤ ਤੋਂ ਬੇਹਤਰ ਹਨ। ਥਾਮਸਨ ਰਾਈਟਰਜ਼ ਫਾਊਂਡੇਸ਼ਨ ਵਲੋਂ ਔਰਤਾਂ ਦੇ ਮੁਦਿਆਂ ’ਤੇ ਜਾਰੀ ਇਕ ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਔਰਤਾਂ ਦੀ ਸਥਿਤੀ ਸਾਰੇ ਦੇਸ਼ਾਂ ਤੋਂ ਮਾੜੀ ਹੈ। ਇਸ ਸਰਵੇਖਣ ’ਚ ਤਕਰੀਬਨ 550 ਮਾਹਿਰਾਂ ਦੀ ਰਾਇ ਸ਼ਾਮਿਲ ਹੈ। ਇਹ ਨਿਰਣਾ ਭਾਰਤ ਵਿੱਚ ਔਰਤਾਂ ਦੇ ਜਿਣਸੀ ਸ਼ੋਸ਼ਣ ਅਤੇ ਬੰਧੂਆ ਮਜ਼ਦੂਰੀ ਬਾਰੇ ਅੰਕੜਿਆਂ ’ਤੇ ਆਧਾਰਿਤ ਹੈ। ਘਰੇਲੂ ਕੰਮ ਲਈ ਮਨੁਖੀ ਤਸਕਰੀ, ਜ਼ਬਰਦਸਤੀ ਵਿਆਹ, ਬੰਧਕ ਬਣਾ ਕੇ ਜਿਸਮਾਨੀ ਸ਼ੋਸ਼ਣ ਦੇ ਲਿਹਾਜ਼ ਨਾਲ ਵੀ ਭਾਰਤ ਦੂਸਰੇ ਸਭ ਦੇਸ਼ਾਂ ਤੋਂ ਪਹਿਲੇ ਨੰਬਰ ’ਤੇ ਹੈ। ਅਤਵਾਦ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਫ਼ਗਾਨਿਸਤਾਨ ਅਤੇ ਸੀਰੀਆ ਦੂਜੇ ਅਤੇ ਤੀਜੇ ਸਥਾਨ ’ਤੇ ਆਏ ਹਨ। ਉਸ ਤੋਂ ਬਾਅਦ ਸੋਮਾਲੀਆ ਅਤੇ ਸਾਊਦੀ ਅਰਬ ਚੌਥੇ ਅਤੇ ਪੰਜਵੇਂ ਸਥਾਨ ’ਤੇ ਹਨ। ਔਰਤਾਂ ਦੇ ਮਾਮਲੇ ਵਿੱਚ ਗੁਆਂਢੀ ਦੇਸ਼ ਪਾਕਿਸਤਾਨ ਦੁਨੀਆਂ ਦਾ ਛੇਵਾਂ ਸਭ ਤੋਂ ਖ਼ਤਰਨਾਕ ਦੇਸ਼ ਹੈ। ਇਸ ਤੋਂ ਪਹਿਲਾਂ 2011 ’ਚ ਹੋਏ ਔਰਤਾਂ ਲਈ ਖ਼ਤਰਨਾਕ ਦੇਸ਼ਾਂ ਦੇ ਸਰਵੇਖਣ ’ਚ ਭਾਰਤ ਦਾ ਚੌਥੇ ਨੰਬਰ ਸੀ। ਨਵਿਆਂ ਹਾਲਾਤਾਂ ਵਿੱਚ ਭਾਰਤ ਹੁਣ ਪਹਿਲੇ ਸਥਾਨ ’ਤੇ ਆ ਗਿਆ ਹੈ। ਇਹ ਬਹੁਤ ਅਫਸੋਸਨਾਕ ਸਥਿਤੀ ਹੈ। 2011 ਵਿੱਚ ਪੰਜ ਦੇਸ਼ ਅਫ਼ਗਾਨਿਸਤਾਨ, ਕਾਂਗੋ, ਪਾਕਿਸਤਾਨ, ਭਾਰਤ ਅਤੇ ਸੋਮਾਲੀਆ ਔਰਤਾਂ ਲਈ ਸਭ ਤੋਂ ਖ਼ਤਰਨਾਕ ਮੰਨੇ ਗਏ ਸਨ। ਗੁਆਂਢੀ ਮੁਲਕ ਪਾਕਿਸਤਾਨ ਇਸ ਦੌਰਾਨ ਤੀਜੇ ਨੰਬਰ ਤੋਂ ਛੇਵੇਂ ਨੰਬਰ ’ਤੇ ਆ ਗਿਆ ਹੈ, ਭਾਰਤ ਚੌਥੇ ਤੋਂ ਅਗੇ ਵਧਦਾ ਹੋਇਆ ਪਹਿਲੇ ਨੰਬਰ ’ਤੇ ਪਹੁੰਚ ਗਿਆ। ਇਹ ਸਥਿਤੀ ਭਾਰਤੀ ਲੋਕਤੰਤਰ ਅਤੇ ਇਸ ਦੇ ਬਾਸ਼ਿੰਦਿਆਂ ਲਈ ਬਹੁਤ ਹੀ ਨਮੋਸ਼ੀ ਵਾਲੀ ਹੈ। ਸਰਕਾਰੀ ਅੰਕੜਿਆਂ ਮੁਤਾਬਿਕ 2007 ਤੋਂ 2016 ਦਰਮਿਆਨ ਔਰਤਾਂ ਖ਼ਿਲਾਫ਼ ਜੁਰਮਾਂ ‘ਚ 83 ਫ਼ੀਸਦੀ ਵਾਧਾ ਹੋਇਆ ਹੈ। ਭਾਰਤ ਦੇ ਹਰ ਘੰਟੇ ਜਬਰ ਜਨਾਹ ਦੇ 4 ਮਾਮਲੇ ਦਰਜ ਹੋ ਰਹੇ ਹਨ। ਬੇਸ਼ਕ ਸਰਕਾਰ ਵੱਲੋਂ ਔਰਤਾਂ ਅਤੇ ਬਚਿਆਂ ਦੇ ਵਿਕਾਸ ਲਈ ਇਕ ਵੱਖਰਾ ਮੰਤਰਾਲਾ ਬਣਾਇਆ ਹੋਇਆ ਹੈ ਪ੍ਰੰਤੂ ਉਸ ਦੀ ਕਾਰਗੁਜਾਰੀ ਤਸੱਲੀਬਖਸ਼ ਨਹੀਂ ਹੈ। ਔਰਤਾਂ ਅਤੇ ਬੱਚਿਆਂ ਖਿਲਾਫ ਅਪਰਾਧਾਂ ਦਾ ਵੱਧਣਾ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਦਾ ਸਮੁੱਚਾ ਢਾਂਚਾ ਚਰਮਰਾ ਗਿਆ ਹੈ। ਸਰਵੇਖਣ ’ਚ ਹਿਸਾ ਲੈਣ ਵਾਲਿਆਂ ਨੂੰ ਸੰਯੁਕਤ ਰਾਸ਼ਟਰ ਦੇ ਮੈਂਬਰ 193 ਦੇਸ਼ਾਂ ’ਚੋਂ ਉਨ੍ਹਾਂ 5 ਦੇਸ਼ਾਂ ਬਾਰੇ ਵੋਟ ਕਰਨ ਨੂੰ ਕਿਹਾ ਜੋ ਔਰਤਾਂ ਲਈ ਸਭ ਤੋਂ ਖ਼ਤਰਨਾਕ ਦੇਸ਼ ਹਨ ਅਤੇ ਸਿਹਤ ਸੰਭਾਲ, ਆਰਥਿਕ ਵਸੀਲਿਆਂ, ਸਭਿਆਚਾਰਕ ਮਾਨਤਾਵਾਂ, ਜਿਣਸੀ ਸ਼ੋਸ਼ਣ ਅਤੇ ਮਨੁਖੀ ਤਸਕਰੀ ਦੇ ਲਿਹਾਜ਼ ਨਾਲ ਸਭ ਤੋਂ ਖ਼ਰਾਬ ਹਨ। ਸਰਵੇਖਣ ’ਚ ਹਿਸਾ ਲੈਣ ਵਾਲਿਆਂ ਨੇ ਭਾਰਤ ਨੂੰ ਨਾ ਸਿਰਫ਼ ਮਨੁਖੀ ਤਸਕਰੀ ਅਤੇ ਜਿਣਸੀ ਸ਼ੋਸ਼ਣ ਲਈ ਖ਼ਤਰਨਾਕ ਦਸਿਆ, ਸਗੋਂ ਜ਼ਬਰਦਸਤੀ ਵਿਆਹ ਅਤੇ ਗਰਭ ’ਚ ਬਚੀਆਂ ਮਾਰਨ ਦੇ ਲਿਹਾਜ਼ ਨਾਲ ਵੀ ਖ਼ਤਰਨਾਕ ਕਰਾਰ ਦਿੱਤਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ’ਚ ਔਰਤਾਂ ਦੇ ਬਹੁਤ ਮਾੜੇ ਹਾਲਾਤ ਹਨ। ਔਰਤਾਂ ’ਤੇ ਤੇਜ਼ਾਬੀ ਹਮਲੇ ਹੋ ਰਹੇ ਹਨ। ਗਰਭ ’ਚ ਬਚੀ ਦੀ ਹਤਿਆ, ਬਾਲ ਵਿਆਹ ਅਤੇ ਜਿਣਸੀ ਸ਼ੋਸ਼ਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। 21ਵੀਂ ਸਦੀ ਵਿੱਚ ਵੀ ਭਾਰਤ ’ਚ ਔਰਤਾਂ ਨੂੰ ਜਿਣਸੀ ਸ਼ੋਸ਼ਣ ਦੀ ਵਸਤੂ ਸਮਝਿਆ ਜਾ ਰਿਹਾ ਹੈ। 2016 ’ਚ ਭਾਰਤ ’ਚ ਮਨੁਖੀ ਤਸਕਰੀ ਦੇ ਦਰਜ 15 ਹਜ਼ਾਰ ਮਾਮਲਿਆਂ ’ਚੋਂ ਦੋ ਤਿਹਾਈ ਔਰਤਾਂ ਨਾਲ ਸਬੰਧਤ ਸਨ। ਅਗਵਾਹ ਕੀਤੀਆਂ ਅਧੀਆਂ ਤੋਂ ਵਧ ਔਰਤਾਂ ਨੂੰ ਜਿਸਮ ਫਰੋਸ਼ੀ ਜਾਂ ਘਰ ਦੇ ਕੰਮਾਂ ਲਈ ਵੇਚ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੇ ਸਭ ਤੋਂ ਵੱਧ ਮਾਮਲੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਾਪਰਦੇ ਹਨ। ਜੁਰਮਾਂ ਅਤੇ ਰਾਸ਼ਟਰੀ ਰਿਕਾਰਡਜ਼ ਬਿਊਰੋ ਮੁਤਾਬਿਕ ਭਾਰਤ ’ਚ ਹਰ ਰੋਜ਼ ਜਿਣਸੀ ਸ਼ੋਸ਼ਣ ਦੇ 100 ਮਾਮਲੇ ਦਰਜ ਹੋ ਰਹੇ ਹਨ। 2016 ’ਚ ਔਰਤਾਂ ’ਤੇ 39 ਹਜ਼ਾਰ ਮਾਮਲੇ ਦਰਜ ਹੋਏ ਹਨ, ਜੋ ਕਿ 2015 ਦੇ ਮੁਕਾਬਲੇ 12 ਫੀਸਦੀ ਜ਼ਿਆਦਾ ਹਨ। ਇਸ ਸਥਿਤੀ ਨੂੰ ਬਦਲੇ ਜਾਣ ਦੀ ਜ਼ਰੂਰਤ ਹੈ। ਦੇਸ਼ ਦੇ ਪ੍ਰਬੰਧ ਵਿੱਚ ਔਰਤਾਂ ਦੀ ਹਿੱਸੇਦਾਰੀ ਨੂੰ ਵਧਾ ਕੇ ਇਸ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ। ਪੁਲਿਸ ਅਤੇ ਪ੍ਰਸ਼ਾਸਨ ਦੇ ਪ੍ਰਬੰਧ ਵਿੱਚ ਵੀ ਵੱਡੀ ਤਬਦੀਲੀ ਦੀ ਜ਼ਰੂਰਤ ਹੈ ਤਾਂ ਜੋ ਭਾਰਤ ਔਰਤਾਂ ਅਤੇ ਬੱਚਿਆਂ ਸਮੇਤ ਸਭ ਦੇ ਰਹਿਣਯੋਗ ਬਣ ਸਕੇ।
28 ਜੂਨ 2018 – ਬਲਜੀਤ ਸਿੰਘ ਬਰਾੜ

WRITTEN BY