May 26, 2026 2:29 pm

ਸ. ਸਿਧੂ ਨੂੰ ਹਮਾਇਤ ਤੇ ਹੱਲਾਸ਼ੇਰੀ ਦੀ ਜ਼ਰੂਰਤ

ਪੰਜਾਬ ਦੇ ਲੋਕਲ ਬਾਡੀ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨਵੀਆਂ ਪਿਰਤਾਂ ਪਾ ਰਹੇ ਹਨ। ਉਨ੍ਹਾਂ ਨੇ ਸ਼ਹਿਰਾਂ ਦੀਆਂ ਲੋਕਲ ਬਾਡੀ ਸੰਸਥਾਵਾਂ ’ਚ ਫੈਲੇ ਵਿਆਪਕ ਭ੍ਰਿਸ਼ਟਾਚਾਰ ਵਿਰੁੱਧ ਫੈਸਲਾਕੁੰਨ ਅਤੇ ਬੇਕਿਰਕ ਲੜਾਈ ਸ਼ੁਰੂ ਕੀਤੀ ਹੋਈ ਹੈ। ਇਸ ਤਹਿਤ 100 ਦੇ ਕਰੀਬ ਭ੍ਰਿਸ਼ਟ ਅਧਿਕਾਰੀ ਅਤੇ ਮੁਲਾਜ਼ਮ ਮੁਅੱਤਲ ਕੀਤੇ ਜਾ ਚੁੱਕੇ ਹਨ। ਉਹ ਸ਼ਹਿਰਾਂ ਵਿੱਚ ਨਜਾਇਜ਼ ਇਮਾਰਤਾਂ ਦੀ ਉਸਾਰੀ ਅਤੇ ਨਜਾਇਜ਼ ਕਾਲੋਨੀਆਂ ਖਿਲਾਫ਼ ਵੱਡੀ ਮੁਹਿੰਮ ਦੀ ਖੁਦ ਅਗਵਾਈ ਕਰ ਰਹੇ ਹਨ। ਜੀਰਕਪੁਰ, ਲੁਧਿਆਣਾ, ਜਲੰਧਰ ਅਤੇ ਕੁਝ ਹੋਰ ਸ਼ਹਿਰਾਂ ਵਿੱਚ ਉਨ੍ਹਾਂ ਦੀ ਇਸ ਮੁਹਿੰਮ ਦਾ ਅਸਰ ਸਾਫ ਦਿਖ ਰਿਹਾ ਹੈ। ਭ੍ਰਿਸ਼ਟਾਚਾਰੀਆਂ ਨੂੰ ਭਾਜੜ ਪਈ ਹੋਈ ਹੈ। ਨਵੰਬਰ 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਉਹ ਪਹਿਲੇ ਅਜਿਹੇ ਮੰਤਰੀ ਹਨ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਵਿਲੱਖਣ ਮੁਹਿੰਮ ਸ਼ੁਰੂ ਕੀਤੀ ਹੈ। ਇਹ ਲੜਾਈ ਬਹੁਤ ਹੀ ਚੁਣੌਤੀ ਪੂਰਨ ਅਤੇ ਔਖੀ ਹੈ। ਸ. ਸਿੱਧੂ ਖਾਓ ਅਤੇ ਖਾਣ ਦੇਓ ਦੀ ਪ੍ਰੰਪਰਾ ’ਚ ਵਿਸ਼ਵਾਸ ਨਹੀਂ ਰੱਖਦੇ। ਉਹ ਨਾ ਖੁਦ ਖਾਂਦੇ ਹਨ ਅਤੇ ਨਾ ਹੀ ਚਾਹੁੰਦੇ ਹਨ ਕਿ ਕੋਈ ਪੰਜਾਬ ਨੂੰ ਲੁੱਟ ਕੇ ਖਾ ਜਾਵੇ। ਉਨ੍ਹਾਂ ਦੇ ਇਸ ਜਜ਼ੂਬੇ ਨੂੰ ਸਲਾਮ ਕੀਤੀ ਜਾਣੀ ਚਾਹੀਦੀ ਹੈ। ਲੜਾਈ ਦਾ ਫਰੰਟ ਬਹੁਤ ਵੱਡਾ ਅਤੇ ਭਿਆਨਕ ਹੈ। ਸ਼ਹਿਰਾਂ ਵਿੱਚ ਤਾਇਨਾਤ ਭ੍ਰਿਸ਼ਟ ਅਧਿਕਾਰੀਆਂ, ਮੁਲਾਜ਼ਮਾਂ, ਪ੍ਰੋਪਰਟੀ ਮਾਫੀਆ ਅਤੇ ਉਨ੍ਹਾਂ ਦੇ ਸਰਪ੍ਰਸਤ ਸਿਆਸੀ ਨੇਤਾਵਾਂ ਦੀਆਂ ਜੜ੍ਹਾਂ ਦਿੱਲੀ ਤੱਕ ਫੈਲੀਆਂ ਹੋਈਆਂ ਹਨ। ਅਰਬਾਂ ਰੁਪਏ ਦਾ ਇਹ ਕਾਲਾ ਕਾਰੋਬਾਰ ਭ੍ਰਿਸ਼ਟਾਚਾਰੀਆਂ ਦੀਆਂ ਤਿਜੋਰੀਆਂ ਭਰਨ ਦੇ ਨਾਲ-ਨਾਲ ਸਿਆਸਤ ਵੀ ਚਲਾ ਰਿਹਾ ਹੈ। ਪੰਜਾਬ ਦੇ ਬਹੁਤ ਸਾਰੇ ਵਿਧਾਇਕ ਨਜਾਇਜ਼ ਕਾਲੋਨੀਆਂ ਅਤੇ ਨਜਾਇਜ਼ ਉਸਾਰੀਆਂ ਦੇ ਕਾਲੇ ਕਾਰੋਬਾਰ ਵਿੱਚੋਂ ਲਏ ਹਿੱਸੇ ਨਾਲ ਹੀ ਚੋਣ ਲੜਦੇ ਅਤੇ ਸਿਆਸਤ ਕਰਦੇ ਹਨ। ਸਿਆਸਤ ਵਿੱਚ ਇਸ ਪੈਸੇ ਦਾ ਦਖਲ ਬਹੁਤ ਦੂਰ ਤੱਕ ਹੈ। ਸ਼ਹਿਰਾਂ ਦੇ ਇਸ ਕਾਲੇ ਕਾਰੋਬਾਰ ’ਤੇ ਪਲ ਰਹੇ ਭ੍ਰਿਸ਼ਟ ਨੇਤਾਵਾਂ, ਅਧਿਕਾਰੀਆਂ ਅਤੇ ਮਾਫੀਆ ਦਾ ਨਾਪਾਕ ਗਠਜੋੜ ਕਿਸੇ ਵੀ ਇਮਾਨਦਾਰ ਅਧਿਕਾਰੀ ਜਾਂ ਮੰਤਰੀ ਤੱਕ ਨੂੰ ਟਿਕਣ ਨਹੀਂ ਦਿੰਦਾ। ਜਦੋਂ ਵੀ ਕਿਧਰੇ ਨਜਾਇਜ਼ ਕਲੋਨੀਆਂ ਅਤੇ ਨਜਾਇਜ਼ ਉਸਾਰੀਆਂ ਖਿਲਾਫ਼ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਹੋ-ਹੱਲਾ ਸ਼ੁਰੂ ਹੋ ਜਾਂਦਾ ਹੈ। ਮੀਡੀਆ ਦੀ ਵੀ ਦੁਰਵਰਤੋਂ ਕੀਤੀ ਜਾਂਦੀ ਹੈ। ਇਮਾਨਦਾਰ ਅਧਿਕਾਰੀ ਜਾਂ ਨੇਤਾ ਲਈ ਔਖੇ ਹਾਲਾਤ ਬਣਾ ਦਿੱਤੇ ਜਾਂਦੇ ਹਨ। ਇਹੋ ਕੁਝ ਹੁਣ ਸ਼ੁਰੂ ਹੋ ਚੁੱਕਾ ਹੈ। ਸ. ਸਿੱਧੂ ਅਤੇ ਉਨ੍ਹਾਂ ਦੇ ਨੇੜਲੇ ਸਹਿਯੋਗੀ ਜਲੰਧਰ ਛਾਉਣੀ ਤੋਂ ਵਿਧਾਇਕ ਸ. ਪਰਗਟ ਸਿੰਘ ਖਿਲਾਫ ਵੀ ਜਲੰਧਰ ਵਿੱਚ ‘ਚੋਰਾਂ’ ਵੱਲੋਂ ਅਜਿਹਾ ਹੰਗਾਮਾ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਤਮ ਦੀ ਗੱਲ ਇਹ ਹੈ ਕਿ ਕਾਂਗਰਸ ਦੇ ਕੁਝ ਵਿਧਾਇਕ ਖੁੱਲ੍ਹੇਆਮ ਇਸ ਗੈਰ ਕਾਨੂੰਨੀ ਸਰਗਰਮੀ ਨੂੰ ਸਰਪ੍ਰਸਤੀ ਦੇ ਰਹੇ ਹਨ। ਸ. ਸਿੱਧੂ ਦੀ ਨਜਾਇਜ਼ ਕਾਲੋਨੀਆਂ, ਨਜਾਇਜ਼ ਉਸਾਰੀਆਂ ਅਤੇ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਪੂਰੀ ਤਰ੍ਹਾਂ ਕਾਨੂੰਨੀ ਅਤੇ ਨੈਤਿਕ ਹੈ। ਉਹ ਆਪਣੇ ਫਰਜ਼ ਨਿਭਾਅ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਇਸ ਸਭ ਤੋਂ ਵੱਧ ਭ੍ਰਿਸ਼ਟ ਵਿਭਾਗ ਦੀ ਕਮਾਨ ਇਸ ਵਾਰ ਇਕ ਬੇਹਦ ਇਮਾਨਦਾਰ ਮੰਤਰੀ ਦੇ ਹੱਥ ਹੈ। ਉਨ੍ਹਾਂ ਵੱਲੋਂ ਲੜੀ ਜਾ ਰਹੀ ਇਹ ਲੜਾਈ ਪੰਜਾਬ ਦੇ ਭਵਿੱਖ ਦੀ ਰਖਵਾਲੀ ਲਈ ਹੈ। ਨਜਾਇਜ਼ ਕਾਲੋਨੀਆਂ ਅਤੇ ਨਜਾਇਜ਼ ਉਸਾਰੀਆਂ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਉਪਰ ਇਕ ਕਾਲਾ ਧੱਬਾ ਹਨ। ਆਉਣ ਵਾਲੇ ਸਮੇਂ ਵਿੱਚ ਇਹ ਜਨ-ਜੀਵਨ ਲਈ ਇਕ ਵੱਡਾ ਝੰਜਟ ਬਣ ਜਾਣੀਆਂ ਹਨ। ਅਸਲ ਵਿੱਚ ਨਜਾਇਜ਼ ਕਾਲੋਨੀਆਂ ਕੱਟਣ ਅਤੇ ਨਜਾਇਜ਼ ਉਸਾਰੀਆਂ ਕਰਨ ਵਾਲੇ ਇਹ ਲੋਕ ਪੰਜਾਬ ਦੇ ਦੁਸ਼ਮਣ ਹਨ। ਉਹ ਇਕ ਪਾਸੇ ਜਨਤਕ ਖਜ਼ਾਨੇ ਨੂੰ ਅਰਬਾਂ ਰੁਪਏ ਦਾ ਚੂਨਾ ਲਗਾ ਰਹੇ ਹਨ, ਦੂਜੇ ਪਾਸੇ ਪੰਜਾਬ ਦੇ ਸ਼ਹਿਰੀ ਵਿਕਾਸ ਨੂੰ ਕਲੰਕਿਤ ਕਰ ਰਹੇ ਹਨ। ਅਜਿਹੇ ‘ਚੋਰਾਂ’ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸ. ਨਵਜੋਤ ਸਿੰਘ ਸਿੱਧੂ ਦੀ ਭ੍ਰਿਸ਼ਟਾਚਾਰ, ਨਜਾਇਜ਼ ਕਲੋਨੀਆਂ ਅਤੇ ਨਜਾਇਜ਼ ਉਸਾਰੀਆਂ ਖਿਲਾਫ਼ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਆਮ ਲੋਕਾਂ ਦਾ ਪੂਰਾ ਸਮਰਥਨ ਪ੍ਰਾਪਤ ਹੈ। ਹਰ ਪੰਜਾਬੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਸ ਮੁਹਿੰਮ ਲਈ ਸ. ਸਿੱਧੂ ਦਾ ਹਰ ਪੱਧਰ ’ਤੇ ਸਾਥ ਦੇਵੇ। ਸ. ਸਿੱਧੂ ਲਈ ਇਹ ਮੁਹਿੰਮ ਨੂੰ ਇਕੱਲੇ ਤੌਰ ਲਗਾਤਾਰ ਜਾਰੀ ਰੱਖਣਾ ਬਹੁਤ ਮੁਸ਼ਕਿਲ ਭਰਿਆ ਕਾਰਜ ਹੈ। ਜੇਕਰ ਆਮ ਲੋਕ ਸਾਥ ਦੇਣ ਤਾਂ ਇਹ ਲੜਾਈ ਸੌਖਿਆਂ ਹੀ ਜਿੱਤੀ ਜਾ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਸ. ਨਵਜੋਤ ਸਿੰਘ ਸਿੱਧੂ ਨੂੰ ਹੱਲਾਸ਼ੇਰੀ ਅਤੇ ਸਮਰਥਨ ਦੇਣ। ਇਸ ਮੁਹਿੰਮ ਵਿੱਚ ਅੜਿਕੇ ਪਾਉਣ ਵਾਲੇ ਨੇਤਾਵਾਂ, ਵਿਧਾਇਕਾਂ ਅਤੇ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸ. ਸਿੱਧੂ ਇਸ ਲੜਾਈ ਵਿੱਚੋਂ ਵੀ ਜੇਤੂ ਜਰਨੈਲ ਬਣਕੇ ਨਿੱਤਰਨਗੇ। ਉਨ੍ਹਾਂ ਦੇ ਕੰਮਕਾਜੀ ਰਵੱਈਏ ਅਤੇ ਜ਼ਜ਼ਬਿਆਂ ਨੂੰ ਸਲਾਮ ਕਰਦੇ ਹਾਂ।
17 ਜੂਨ 2018 – ਬਲਜੀਤ ਸਿੰਘ ਬਰਾੜ

Send this to a friend