ਮੋਰਚੇ ਨੂੰ ਚੰਡੀਗੜ੍ਹ ਵੱਲ ਕੂਚ ਕਰਨ ਅਤੇ ਰਿਹਾਈ ਲਈ ਸਭ ਧਰਮਾਂ ਦੇ ਕੈਦੀਆਂ ਨੂੰ ਸ਼ਾਮਿਲ ਕਰਨ ਦਾ ਦਿੱਤਾ ਮਸ਼ਵਰਾ
ਜੈਤੋ, 16 ਜੂਨ (ਇਕਬਾਲ ਸਿੰਘ ‘ਕਾਲੀ’)- ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸੱਤ ਸਾਥੀ ਵਿਧਾਇਕਾਂ ਸਮੇਤ ਅੱਜ ਬਰਗਾੜੀ ’ਚ ਚੱਲ ਰਹੇ ਇਨਸਾਫ਼ ਮੋਰਚੇ ਵਿੱਚ ਸ਼ਾਮਿਲ ਹੋਏ। ਮਸਲੇ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਉਨ੍ਹਾਂ ਤਤਕਾਲੀ ਅਤੇ ਮੌਜੂਦਾ ਹਕੂਮਤਾਂ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਮੋਰਚੇ ਨੂੰ ਚਲਾਉਣ ਵਾਲੀਆਂ ਪੰਥਕ ਹਸਤੀਆਂ ਨੂੰ ਰਾਇ ਦਿੱਤੀ ਕਿ ਹਕੂਮਤ ਨੂੰ ਝੰਜੋੜਨ ਲਈ ਬਰਗਾੜੀ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਵਿੱਚ ਸਾਰੇ ਧਰਮਾਂ ਦੇ ਕੈਦੀਆਂ ਨੂੰ ਸ਼ਾਮਿਲ ਕੀਤੇ ਜਾਣ ਦੀ ਗੱਲ ਕਹੀ। ਮੋਰਚਾ ਸਥਾਨ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਅਤੇ ਹਜ਼ਾਰਾਂ ਲੋਕ ਹਾਜ਼ਰ ਸਨ। ਸੁਖਪਾਲ ਸਿੰਘ ਖਹਿਰਾ ਦੇ ਨਾਲ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮਾਸਟਰ ਬਲਦੇਵ ਸਿੰਘ, ਕੁਲਤਾਰ ਸਿੰਘ ਸੰਧਵਾਂ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖਾਲਸਾ ਅਤੇ ਮਨਜੀਤ ਸਿੰਘ ਬਿਲਾਸਪੁਰ ਵੀ ਆਏ। ਸ੍ਰੀ ਖਹਿਰਾ ਨੇ ਕਿਹਾ ਕਿ ਬੇਅਦਬੀ ਘਟਨਾਵਾਂ ਅਤੇ ਮੌੜ ਬੰਬ ਕਾਂਡ ਦੀਆਂ ਤਾਰਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਉਨ੍ਹਾਂ ਮਾਮਲੇ ਸਬੰਧੀ ਤਾਜ਼ਾ ਕਾਰਵਾਈ ’ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਇਕੱਲੀਆਂ ਗ੍ਰਿਫ਼ਤਾਰੀਆਂ ਨਾਲ ਨਹੀਂ ਸਰਨਾ। ਉਨ੍ਹਾਂ ਕਿਹਾ ਕਿ ਵੋਟਾਂ ਦੀਆਂ ਗਿਣਤੀਆਂ-ਮਿਣਤੀਆਂ ’ਚ ਉਲਝੀ ਕੈਪਟਨ ਸਰਕਾਰ ਬੇਅਦਬੀ ਮੁੱਦਿਆਂ ’ਤੇ ‘ਦੱਬੀ’ ਜ਼ੁਬਾਨ ਵਿੱਚ ਬੋਲਦੀ ਹੈ। ਇਕੱਠ ਵਿੱਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬੂਟਾ ਸਿੰਘ ਰਣਸੀਂਹ ਕੇ, ਪਰਮਜੀਤ ਸਿੰਘ ਸਹੌਲੀ, ਗੁਰਦੀਪ ਸਿੰਘ ਬਠਿੰਡਾ, ਸੁਰਜੀਤ ਸਿੰਘ ਅਰਾਈਆਂ ਵਾਲਾ, ਇਕਬਾਲ ਸਿੰਘ ਬਰੀ ਵਾਲਾ, ਪ੍ਰਦੀਪ ਸਿੰਘ ਚਾਂਦਪੁਰਾ, ਗੁਰਚਰਨ ਸਿੰਘ ਭੁੱਲਰ, ਤੇਜਿੰਦਰ ਸਿੰਘ ਦਿਓਲ, ਪ੍ਰਗਟ ਸਿੰਘ ਮਖ਼ੂ, ਸੁਖਜੀਤ ਸਿੰਘ ਖੋਸਾ, ਤ੍ਰਿਲੋਕ ਸਿੰਘ ਡੱਲਾ, ਕੁਲਦੀਪ ਸਿੰਘ, ਜਸਵੰਤ ਸਿੰਘ ਚੀਮਾ, ਰਣਜੀਤ ਸਿੰਘ ਸੰਘੇੜਾ, ਗੁਰਨੈਬ ਸਿੰਘ ਸੰਗਰੂਰ ਆਦਿ ਕਈ ਪੰਥਕ ਸ਼ਖ਼ਸੀਅਤਾਂ ਹਾਜ਼ਰ ਸਨ।