ਚੋਣਾਂ ’ਚ ਨੌਜਵਾਨ ਪੀੜ੍ਹੀ ਦਾ ਮਹੱਤਵ

ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਦੇਸ਼ ਦੇ ਨੌਜਵਾਨ ਵੋਟਰਾਂ ਦਾ ਵੱਡਾ ਮਹੱਤਵ ਅਤੇ ਯੋਗਦਾਨ ਹੋਵੇਗਾ। ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ ਨੌਜਵਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਸ ਅਨੁਮਾਨ ਮੁਤਾਬਿਕ ਲੱਗਭੱਗ 350 ਹਲਕਿਆਂ ਵਿੱਚ ਨੌਜਵਾਨਾਂ ਦੀਆਂ ਵੋਟਾਂ ਫੈਸਲਾਕੁੰਨ ਹੋਣਗੀਆਂ। ਇਸ ਵਾਰ ਕਿਸੇ ਦੀ ਵੀ ਜਿੱਤ ਹਾਰ ਲਈ ਨੌਜਵਾਨ ਵਰਗ ਵਿਸ਼ੇਸ਼ ਭੂਮਿਕਾ ਨਿਭਾਅ ਸਕਦਾ ਹੈ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਹਰ ਸੰਸਦੀ ਹਲਕੇ ‘ਚ ਸਵਾ ਦੋ ਲੱਖ ਤੋਂ ਵੱਧ ਨਵੇਂ ਨੌਜਵਾਨ ਵੋਟਰ ਵੋਟ ਪਾਉਣਗੇ। ਇਹ ਅਜਿਹੇ ਵੋਟਰ ਹਨ, ਜਿਹੜੇ ਪਹਿਲੀ ਵਾਰ ਵੋਟ ਪਾਉਣਗੇ ਅਤੇ 25 ਸਾਲ ਦੀ ਉਮਰ ਤੋਂ ਘੱਟ ਹੋਣਗੇ। ਜੇਕਰ ਨੌਜਵਾਨਾਂ ਲਈ 35 ਸਾਲ ਦੀ ਉਮਰ ਹੱਦ ਨੂੰ ਮਾਪਦੰਡ ਬਣਾਇਆ ਗਿਆ ਤਾਂ ਨੌਜਵਾਨ ਵੋਟਰਾਂ ਦਾ ਪ੍ਰਭਾਵ ਹੋਰ ਵੀ ਵੱਧ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨ ਵੋਟਰ ਆਪਣਾ ਜਲਵਾ ਪਹਿਲਾਂ ਹੀ ਦਿਖਾ ਚੁੱਕੇ ਹਨ। ਚੋਣ ਕਮਿਸ਼ਨ ਦੇ ਨਵੇਂ ਅੰਕੜੇ ਇਹ ਦੱਸਦੇ ਹਨ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਨੌਜਵਾਨ ਹੀ ਇਹ ਫੈਸਲਾ ਕਰਨਗੇ ਕਿ ਦੇਸ਼ ਵਿੱਚ ਕਿਸ ਦੀ ਸਰਕਾਰ ਬਣੇਗੀ। ਯੂਪੀਏ ਦੀ ਪਿਛਲੀ ਸਰਕਾਰ ਨੂੰ ਲਗਪਗ 12 ਕਰੋੜ ਵੋਟਾਂ ਮਿਲੀਆਂ ਸਨ। ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਸਵਾ ਦਸ ਕਰੋੜ ਨਵੇਂ ਵੋਟਰ ਵੋਟ ਸੂਚੀ ‘ਚ ਜੁੜ ਗਏ ਹਨ। 2.31 ਕਰੋੜ ਵੋਟਰਾਂ ਨੇ ਤਾਂ 18 ਸਾਲ ਦੀ ਦਹਿਲੀਜ਼ ਹੀ ਪਾਰ ਕੀਤੀ ਹੈ। ਬਾਕੀ ਲਗਪਗ 8 ਕਰੋੜ ਨਵੇਂ ਵੋਟਰਾਂ ‘ਚ ਜ਼ਿਆਦਾਤਰ ਉਹ ਹਨ ਜੋ ਪਿਛਲੀਆਂ ਚੋਣਾਂ ਤਕ 15-19 ਦੀ ਉਮਰ ਦੇ ਸਨ ।ਕਹਿਣ ਦਾ ਭਾਵ ਇਹ 8 ਕਰੋੜ ਨੌਜਵਾਨ ਵੀ ਪਹਿਲੀ ਵਾਰ ਲੋਕ ਸਭਾ ਲਈ ਵੋਟ ਪਾਉਣਗੇ। ਯੂਪੀ ’ਚ ਯੂਪੀਏ ਮੁਖੀ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਵਰਗੇ ਵੱਡੇ ਆਗੂਆਂ ਨੇ ਕਰੀਬ ਤਿੰਨ ਲੱਖ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੋਵੇ ਪਰ ਨਵੇਂ ਹਾਲਾਤ ‘ਚ ਉੱਤਰ ਪ੍ਰਦੇਸ਼ ਦੇ ਹਰ ਉਮੀਦਵਾਰ ਨੂੰ ਔਸਤਨ 2,29,311 ਨਵੇਂ ਵੋਟਰਾਂ ਦਾ ਸਾਹਮਣਾ ਕਰਨਾ ਪਵੇਗਾ।ਇਸ ਤੋਂ ਪਤਾ ਲੱਗਦਾ ਹੈ ਕਿ ਨਵੇਂ ਨੌਜਵਾਨ ਵੋਟਰ ਲੋਕ ਸਭਾ ਚੋਣਾਂ ਵਿੱਚ ਕਿੱਡਾ ਵੱਡਾ ਮਹੱਤਵ ਰੱਖਦੇ ਹਨ।  ਇਸ ਪ੍ਰਦੇਸ਼ ਦੀਆਂ 80 ਸੀਟਾਂ ‘ਚੋਂ ਲਗਪਗ ਅੱਧਾ ਦਰਜਨ ਸੰਸਦ ਮੈਂਬਰਾਂ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀਆਂ ਦੀ ਜਿੱਤ ਦਾ ਫ਼ਰਕ ਦੋ ਲੱਖ ਤੋਂ ਹੇਠਾਂ ਹੀ ਰਿਹਾ ਸੀ। ਦੂਸਰੇ ਸਭ ਤੋਂ ਵੱਡੇ ਸੂਬੇ ਮਹਾਰਾਸ਼ਟਰ, 40 ਸੀਟਾਂ ਵਾਲੇ ਬਿਹਾਰ ਅਤੇ ਰਾਜਸਥਾਨ ‘ਚ ਵੀ ਹਰ ਹਲਕੇ ਵਿੱਚ ਔਸਤਨ 2 ਲੱਖ ਨਵੇਂ ਵੋਟਰ ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਕਰਨਗੇ। ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੇ ਹਰ ਹਲਕੇ ਵਿੱਚ ਨਵੇਂ ਵੋਟਰਾਂ ਦੀ ਔਸਤਨ ਗਿਣਤੀ ਢਾਈ ਤੋਂ ਤਿੰਨ ਲੱਖ ਵਿਚਕਾਰ ਹੈ। ਦੇਸ਼ ਦੇ ਵੱਡੇ ਅਤੇ ਅਹਿਮ ਸੂਬਿਆਂ ‘ਚ ਭਾਜਪਾ ਅਤੇ ਕਾਂਗਰਸ ਦੇ ਨਾਲ-ਨਾਲ ਖੇਤਰੀ ਪਾਰਟੀਆਂ ਦਾ ਕਾਫੀ ਦਬਦਬਾਅ ਹੈ। ਨੌਜਵਾਨ ਵੋਟਰਾਂ ਸਿਰ ਇਸ ਵਾਰ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੂੰ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਪਰਿਵਾਰ ਨੂੰ ਵੀ ਵੋਟ ਦੇ ਮਹੱਤਵ ਬਾਰੇ ਜਾਣਕਾਰੀ ਦੇਣ। ਕਹਿਣ ਦਾ ਭਾਵ ਇਹ  ਹੈ ਕਿ ਦੇਸ਼ ਦਾ ਭਵਿੱਖ ਹੁਣ ਨੌਜਵਾਨ ਵੋਟਰਾਂ ਦੇ ਹੱਥ ਹੈ। ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਅਤੇ ਫਰਜ਼ ਸਮਝ ਕੇ 100 ਫੀਸਦੀ ਵੋਟਿੰਗ ਯਕੀਨੀ ਬਣਾਉਣੀ ਚਾਹੀਦੀ ਹੈ। ਵੋਟ ਵੀ ਉਨ੍ਹਾਂ ਉਮੀਦਵਾਰਾਂ ਨੂੰ ਪਾਉਣੀ ਚਾਹੀਦੀ ਹੈ ਜਿਹੜੇ ਜਨਤਾ ਅਤੇ ਦੇਸ਼ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਈਮਾਨਦਾਰੀ ਨਾਲ ਉਨ੍ਹਾਂ ਦਾ ਹੱਲ ਕਰ ਸਕਦੇ ਹਨ।
ਬਲਜੀਤ ਸਿੰਘ ਬਰਾੜ

Send this to a friend