ਮਿੰਟੂ ਗੁਰੂਸਰੀਆ
ਕਬੱਡੀ ਦਾ ਨਾਂਅ ਸੁਣਦਿਆਂ ਹੀ ਪੰਜਾਬੀਆਂ ਦੀਆਂ ਨਾੜਾਂ ’ਚ ਲਹੂ ਬੋਲੀਆਂ ਪਾਉਂਣ ਲੱਗ ਪੈਂਦਾ ਹੈ। ਹੱਟ-ਭੱਠ ’ਤੇ ਕਬੱਡੀ ਦੀਆਂ ਗੱਲਾਂ ਬਜ਼ੁਰਗਾਂ ਦੇ ਝੁਰੜੀਆਂ ਵਾਲੇ ਮੱਥਿਆਂ ’ਤੇ ਵੀ ਨੂਰਾਨੀ ਜਲੋਅ ਪੈਦਾ ਕਰ ਦਿੰਦੀਆਂ ਹਨ। ਪੰਜ-ਪੰਜ ਸਾਲ ਦੇ ਬੱਚੇ ਵੀ ਕਬੱਡੀ ਖੇਡਦੇ ਹੋਂਣ ਤਾਂ, ਉਨ੍ਹਾਂ ਨੂੰ ਦੇਖ ਕੇ ਬਲਦ ਗੱਡੀਆਂ ਦੀਆਂ ਬਰੇਕਾਂ ਲੱਗ ਜਾਂਦੀਆਂ ਨੇ। ਪੰਜਾਬੀਆਂ ਲਈ ਕਬੱਡੀ ਖੇਡ, ਖੇਡ ਨਹੀਂ ਜਨੂੰਨ ਹੈ। ਉਹ ਜਨੂੰਨ, ਜਿਸ ਨੂੰ ਪੰਜ ਸਾਲ ਦੇ ਬਾਲ ਤੋਂ ਲੈ ਕੇ ਨੱਬੇ ਸਾਲ ਤੱਕ ਦੇ ਬਜ਼ੁਰਗ ਮਾਣਦੇ ਹਨ। ਪੰਜਾਬ ’ਚ ਕਬੱਡੀ ਖੇਡੀ ਨਹੀਂ ਜੀਵੀ ਜਾਂਦੀ ਹੈ। ਕਬੱਡੀ ਪ੍ਰਤੀ ਪੰਜਾਬੀਆਂ ਦਾ ਜਨੂੰਨੀ ਲਗਾਅ ਹੀ ਉਸ ਨੂੰ ਤਰੱਕੀ ਦੇ ਰਾਹ ’ਤੇ ਤੋਰ ਗਿਆ। ਇਹੀ ਕਾਰਨ ਹੈ ਕਿ ਪਿਛਲੇ 15-20 ਸਾਲਾਂ ’ਚ ਮਾਣਮੱਤੀ ਕਬੱਡੀ ਸ਼ੌਹਰਤ ਦੇ ਸ਼ਿਖਰ ’ਤੇ ਜਾ ਬਿਰਾਜੀ। ਅੱਜ ਆਲਮ ਇਹ ਹੈ ਕਿ ਵਾਹਣਾਂ ’ਚ ਖੇਡੀ ਜਾਣ ਵਾਲੀ ਕਬੱਡੀ, ਦੂਧੀਆ ਰੌਸ਼ਨੀ ’ਚ ਮਖਮਲੀ ਘਾਹ ’ਤੇ ਖੇਡੀ ਜਾਂਦੀ ਹੈ। ਮੈਚਾਂ ਦੌਰਾਨ ਕਬੱਡੀ ਖਿਡਾਰੀ ਟੈਲੀਵਿਜ਼ਨ ਚੈਨਲਾਂ ਦੇ ਮਾਈਕਾਂ ’ਤੇ ਏਧਾਂ ਬੋਲੇ ਬੋਲਦੇ ਹਨ, ਜਿਵੇਂ ਕ੍ਰਿਕਟ ਦਾ ਧੋਨੀ ਤੇ ਟੈਨਿਸ ਦਾ ਫੈਡਰਰ ਬੋਲਦਾ ਹੈ। ਕਬੱਡੀ ਦੇ ਬਦਲੇ ਰੰਗਾਂ ਦਾ ਹੀ ਨਤੀਜਾ ਹੈ ਕਿ ਕਦੇ ਚਾਰ-ਚਾਰ ਦਿਨ ਗਿੱਟੇ-ਗੋਢੇ ਛਿਲਾ ਕੇ ਮਿਲਣ ਵਾਲੀਆਂ ਲੱਕੜ ਦੀਆਂ ਸ਼ੀਲਡਾਂ ਹੁਣ ਸੋਨੇ ਦੇ ਕੱਪਾਂ ’ਚ ਤਬਦੀਲ ਹੋ ਗਈਆਂ ਹਨ। ਖਿਡਾਰੀ ਪੰਡਾਂ ਨਾਲ ਕਬੱਡੀ ਦੇ ਮੈਦਾਨ ’ਚੋਂ ਮਾਇਆ ਹੂੰਂਝ ਰਹੇ ਹਨ। ਕੁਲ ਮਿਲਾ ਕੇ ਅੱਜ ਦੌਲਤ-ਸ਼ੌਹਰਤ ਪੱਖੋਂ ਕਬੱਡੀ ਮਾਲਾਮਾਲ ਹੈ। ਪਰ ਅਫ਼ਸੋਸ ਇਸ ਚਮਕ-ਦਮਕ ਵਿਚ ਕਬੱਡੀ ਦੀ ਪਾਕੀਜ਼ਗੀ ਦਾ ਉਹੀ ਹਾਲ ਹੋ ਗਿਐ, ਜੋ ਪੁੱਠੀ ਕੈਂਚੀ ਵੱਜੀ ਤੋਂ ਧਾਵੀ ਦਾ ਹੋ ਜਾਂਦਾ ਹੈ। ਅਜੋਕੇ ਦੌਰ ’ਚ ਬਹੁਤ ਸਾਰੀਆਂ ਅਲਾਮਤਾਂ ਨੇ ਕਬੱਡੀ ਨੂੰ ਜਾਫੀਆਂ ਦੀ ਚੇਨ ਵਾਗੂੰਂ ਘੇਰਿਆ ਹੋਇਆ ਹੈ। ਪਰ ਸਭ ਤੋਂ ਵੱਡਾ ਚਿੰਤਾ ਤਾ ਵਿਸ਼ਾ ਹੈ, ਕਬੱਡੀ ’ਚ ਹੋ ਰਿਹਾ ਨਸ਼ੇ ਦਾ ਪਸਾਰ। ਵੈਸੇ ਤਾਂ, ਹਰ ਖੇਡ ’ਚ ਡਰੱਗਜ਼ ਦਾ ਰੰਗ ਦੇਖਣ ਨੂੰ ਮਿਲ ਰਿਹਾ ਹੈ, ਪਰ ਕਬੱਡੀ ਬਾਰੇ ਤੁੰਮੇ ਵਰਗਾ ਕੌੜਾ ਸੱਚ ਇਹ ਹੈ ਕਿ ਇਸ ਖੇਡ
’ਚ ਕੁਝ ਖਿਡਾਰੀ ਨਸ਼ਾ/ਤਾਕਤ ਵਧਾਊ ਦਵਾਈਆਂ ਦਾ ਇਸਤੇਮਾਲ ਨਹੀਂ ਕਰਕੇ ਖੇਡਦੇ ਬਲਕਿ ਐਸੇ ਕੁਝ ਕੁ ਹੀ ਖਿਡਾਰੀ ਹੋਂਣਗੇ, ਜੋ ਇਨ੍ਹਾਂ ਚੀਜ਼ਾਂ ਤੋਂ ਬਚੇ ਹੋਏ ਹਨ। ਕਬੱਡੀ ਨੂੰ ਨਸ਼ੇ ਦੀ ਲੱਤ ਨਿਘਾਰ ਵੱਲ ਲਿਜਾ ਰਹੀ ਹੈ। ਅਸਲ ’ਚ ਪੰਜਾਬ ਅੰਦਰ ਨਸ਼ਾ ਸਮਾਜ ਦੀਆਂ ਰਗਾਂ ’ਚ ਜ਼ਹਿਰ ਬਣਕੇ ਰਚ ਚੁੱਕਾ ਹੈ, ਅੱਠ-ਦਸ ਸਾਲਾਂ ਦੇ ਬੱਚੇ ਨਸ਼ੇੜੀ ਬਣ ਰਹੇ ਹਨ, ਪੰਜਾਬ ਨਸ਼ੇ ਮੂਹਰੇ ਹਥਿਆਰ ਸੁੱਟਦਾ ਜਾ ਰਿਹਾ ਹੈ। ਕਬੱਡੀ ਵੀ ਨਸ਼ੇ ਦੀ ਮਾਰ ਤੋਂ ਅਛੂਤੀ ਨਹੀਂ ਰਹੀ। ਅੱਜ ਖਿਡਾਰੀ ‘ਲਹਿਰ’ ’ਚ ਆ ਕੇ ਹੀ ਮੈਦਾਨ ’ਚ ਉਤਰਦੇ ਹਨ। ਦਰਅਸਲ, ਕਬੱਡੀ ਖਿਡਾਰੀ ਟੂਰਨਾਮੈਂਟਾਂ ਦੌਰਾਨ ਕਈ-ਕਈ ਦਿਨ ਘਰ ਤੋਂ ਬਾਹਰ ਗਰੁੱਪਾਂ ’ਚ ਰਹਿੰਦੇ ਹਨ। ਇਨ੍ਹਾਂ ਗਰੁੱਪਾਂ ’ਚ ਰਾਤ ਵੇਲੇ ਸ਼ਰਾਬ, ਸਿਗਰਟ, ਟੀਕੇ, ਫੈਂਸੀ, ਸਮੈਕ ਆਦਿਕ ਆਮ ਚੱਲਦੇ ਹਨ। ਸੀਨੀਅਰ ਖਰਬੂਜ਼ੇ ਜੂਨੀਅਰ ਖਰਬੂਜ਼ਿਆਂ ਨੂੰ ‘ਪੱਕਾ’ ਰੰਗ ਚਾੜ੍ਹ ਦਿੰਦੇ ਹਨ। ਚਿਕਨਾਈ ਵਾਲੀ ਚੀਜ਼ ਲਾ ਕੇ ਖੇਡਣਾ, ਮੈਦਾਨ ’ਚ ਉਤਰਣ ਤੋਂ ਪਹਿਲਾਂ ‘ਤਰਾਰਾ’ ਬੰਨ ਲੈਣਾਂ ਤੇ ਫੇਰ ਥਕਾਵਟ ਕਿੰਂਝ ਦੂਰ ਕਰਨੀ, ਇਹ ‘ਵਿਰਾਸਤ’ ਸੀਨੀਅਰ ਖਿਡਾਰੀ ਜੂਨੀਅਰ ਖਿਡਾਰੀਆਂ ਨੂੰ ਬਾਖੂਬੀ ਦੇ ਦਿੰਦੇ ਹਨ। ਇਸ ਤਰ੍ਹਾਂ ਛੋਟੀ ਓਮਰੇ ਲੱਗਿਆ ਬੂਟਾ ਅੱਗੇ ਚੱਲ ਕੇ ਸਾਰੀ ਉਮਰ ਕੰਡੇ ਵੰਡਦਾ ਹੈ। ਛੋਟੀ ਉਮਰ ’ਚ ਨਸ਼ੇ ਦਾ ਝੱਸ ਲਾ ਕੇ ਖਿਡਾਰੀ ਹੌਲੀ-ਹੌਲੀ ਆਦੀ ਬਣਕੇ ਕਬੱਡੀ ਦੀ ‘ਸੇਵਾ’ ਕਰਦੇ ਜਾਂਦੇ ਹਨ ਤੇ ਕਬੱਡੀ ਆਪਣੇ ਪੁੱਤਾਂ ਹੱਥੋਂ ਹੀ ਲਹੂ-ਲੂਹਾਣ ਹੋ ਕੇ ਵਿਲਕਣ ਜੋਗੀ ਰਹਿ ਜਾਂਦੀ ਹੈ। ਇਹ ਕਹਿਣਾ ਕੁਥਾ ਨਹੀਂ ਹੋਵੇਗਾ ਕਿ ਇਸ ਸਮੇਂ ਕਬੱਡੀ ‘ਨਸ਼ੀਲੇ ਅੰਬਰ’ ਥੱਲੇ ਖੇਡੀ ਜਾ ਰਹੀ ਹੈ। ਖਿਡਾਰੀ ਆਇਓਡੈਕਸ ਤੋਂ ਲੈ ਕੇ ਹੈਰੋਇਨ ਤੱਕ ਦੇ ਨਸ਼ੇ ਕਰਦੇ ਹਨ। ਜੇ ਖਿਡਾਰੀਆਂ ਦੇ ਖ਼ੂਨ ’ਚ ਨਸ਼ੀਲਾਪਣ ਨਾ ਹੁੰਦਾ ਤਾਂ ਪੰਜਾਬ ਦੇ ਸੈਂਕੜੇ ਸਟਾਰ ਖਿਡਾਰੀਆਂ ’ਚੋਂ ਕਬੱਡੀ ਵਰਲਡ ਕੱਪ ਦੇ ਟਰਾਇਲਾਂ ਲਈ ਕੁਝ ਕੁ ਦਰਜ਼ਨ ਖਿਡਾਰੀ ਨਾ ਆਉਂਦੇ। ਇਸ ਦਾ ਕਾਰਨ ਇਹ ਹੈ ਕਿ ਵਰਡਲ ਕੱਪ ’ਚ ਡੋਪ ਟੈਸਟ ਦੀ ਗਾਜ਼ ਹੁੰਦੀ ਹੈ, ਜੋ ਡੋਪ ਪਾਜ਼ਟਿਵ ਹੋਂਣ ਦੀ ਸੂਰਤ ’ਚ ਖਿਡਾਰੀਆਂ ਨੂੰ ¦ਮੇ ਸਮੇਂ ਦੇ ਬੈਨ ਨਾਨ ਬੰਨ ਦਿੰਦੀ ਹੈ ਤੇ ਬਦਨਾਮੀ ਨਾਲ ਖਿਡਾਰੀ ਦੀ ਹਸਤੀ ਭੰਨ ਦਿੰਦੀ ਹੈ। ਸਾਰਿਆਂ ਨੇ ਦੇਖਿਆ ਹੈ ਕਿ ਬਾਹਰਲੇ ਕਬੱਡੀ ਸਟਾਰ ਵੀ ਵਰਲਡ ਕੱਪ ’ਚੋਂ ਨਦਾਰਦ ਰਹੇ। ਕਾਰਨ ਸਾਫ ਸੀ ਕਿ ਕੋਈ ਵੀ ਡੋਪ ਟੈਸਟ ’ਚ ਫਸਣਾਂ ਨਹੀਂ ਚਾਹੁੰਦਾ। ਹਕੀਕੀ ਦ੍ਰਿਸ਼ ਇਹ ਹੈ ਕਿ ਨਿਗੂਣੀ ਜਿਹੀ ਗਿਣਤੀ ਨੂੰ ਛੱਡ ਕੇ ਬਹੁਤਾਤ ਖਿਡਾਰੀ ਨਸ਼ੇ ਦੇ ਮੱਕੜਜ਼ਾਲ ’ਚ ਫਸੇ ਹੋਏ ਹਨ। ਜੋ ਨਸ਼ਾ ਨਹੀਂ ਕਰਦੇ ਉਹ ਤਾਕਤਵਧਾਊ ਟੀਕੇ ਜਾਂ ਫ਼ੂਡ ਸਪਲੀਮੈਂਟ ਛੱਕਦੇ ਹਨ। ਇਹੋ ਜਿਹੇ ਜ਼ਹਿਰਾਂ ਨਾਲ ਕੁਝ ਖਿਡਾਰੀਆਂ ਦੀ ਭਰ ਜ਼ਵਾਨੀ ’ਚ ਮੌਤ ਵੀ ਹੋ ਚੁੱਕੀ ਹੈ, ਪਰ ਇਹ ਸਿਲਸਿਲਾ ਥੰਮਣ ਦੀ ਬਜਾਇ ਦੂਣ-ਸਵਾਇਆ ਹੋਇਆ ਹੈ। ਪੰਜਾਬ ਵਿਚ ਤਸਵੀਰ ਇਹ ਹੈ ਕਿ ਮਾਂ ਖੇਡ ਕਬੱਡੀ ਦੇ ਸਪੂਤ ਖੇਡਣ ਤੋਂ ਪਹਿਲਾਂ ਸਰਿੰਜਾਂ ਨਾਲ ‘ਜ਼ਹਿਰ’ (ਨਸ਼ੇ) ਵੀ ਨਾੜਾਂ ’ਚ ਧੱਕਦੇ ਹਨ। ਇਹ ਬਿਲਕੁਲ ਸੱਚ ਹੈ ਕਿ ਅੱਜ ਕਬੱਡੀ ਮਿੱਟੀ ’ਤੇ ਨਹੀਂ ਨਸ਼ੀਲੀ ਸਰਦਲ ’ਤੇ ਖੇਡੀ ਜਾ ਰਹੀ ਹੈ। 10-12 ਸਾਲ ਦੇ ਖਿਡਾਰੀ ਵੀ ‘ਮੋਛਨ’ ਬਣਾ ਕੇ ‘ਕੌਡੀ-ਕੌਡੀ’ ਕਰਦੇ ਹਨ। ਮੈਦਾਨ ’ਤੇ ਜਾਣ ਤੋਂ ਪਹਿਲਾਂ ਟੀਕੇ ਠੋਕੇ ਜਾਂਦੇ ਹਨ, ਫੈਂਸੀ ਪੀਤੀ ਜਾਂਦੀ ਹੈ ਤੇ ਕਸ਼ ਖਿੱਚੇ ਜਾਂਦੇ ਹਨ । ਮੈਂ ਆਪਣੇ ਕਬੱਡੀ ਕੈਰੀਅਰ (1990 -98 ) ਦੌਰਾਨ ਕਈ ਐਸੇ ‘ਮਹਾਨ’ ਖਿਡਾਰੀ ਵੀ ਦੇਖੇ, ਜੋ ਮੈਦਾਨ ਦੇ ਵਿਚ ਹੀ ਜਰਦਾ ਲਾਇਆ ਕਰਦੇ ਸਨ ਤੇ ਗੋਲੀਆਂ ਛਕਿਆ ਕਰਦੇ ਸੀ। ਅੱਜ ਇਹ ਸਿਲਸਿਲਾ ਹੋਰ ਵੀ ਤੇਜ਼ ਹੋ ਗਿਆ ਹੈ। ਮੁੰਡੇ ਨਸ਼ਾ ਕਰਕੇ ਕਬੱਡੀ ਤਾਂ ਖੇਡਦੇ ਹੀ ਹਨ, ਖੇਡਣ ਤੋਂ ਬਾਅਦ ਵੀ ਜਾਮ ਟਕਰਾਉਂਦੇ ਹਨ। ਅੱਜਕੱਲ੍ਹ ਲਾਲ ਪਰੀ ਦੀ ‘ਸੇਵਾ’ ਠੇਕੇਦਾਰ ਖੇਡ ਮੇਲਿਆਂ ਦੇ ਵਿਚ ਹੀ ਕਰ ਦਿੰਦੇ ਹਨ । ਮੈਦਾਨ ’ਚ ‘ਕੌਡੀ-ਕੌਡੀ’ ਹੋ ਰਹੀ ਹੁੰਦੀ ਹੈ ਤੇ ਕੂਮੈਂਟਟਰ ਦੁਹਾਈ ਦੇ ਰਿਹਾ ਹੁੰਦੈ ….‘‘ਹਾੜਾ ਬਚ ਜਓ ਨਸ਼ਿਆਂ ਤੋਂ’’ ਇਨ੍ਹਾਂ ਬੋਲਾਂ ਦਰਮਿਆਨ ਐਨ ਮੈਦਾਨ ਦੇ ਬਾਹਰ ਗਲਾਸੀ ਖੜਕ ਰਹੀ ਹੁੰਦੀ ਹੈ। ਜਿੰਨ੍ਹਾਂ ਨਸ਼ੇ ਰੋਕਣੇ ਹੁੰਦੇ ਆ, ਉਹ ਖੇਡ ਮੇਲਿਆਂ ਦੇ ਪ੍ਰਬੰਧਕ ’ਕੱਠੀ ਕੀਤੀ ਉਗਰਾਹੀ ਦਾ ‘ਤੇਰਵ੍ਹਾਂ ਰਤਨ’ ਪੀ ਕੇ ਆਪ ਸ਼ਟੱਲੀ ਬਣੇ ਹੁੰਦੇ ਹਨ। ਖੇਡ ਮੇਲਿਆਂ ’ਚ ਕਬੱਡੀ ਦੀ ਪੂਜਾ ਨਹੀਂ ਬਲਾਤਕਾਰ ਹੋ ਰਿਹਾ ਹੈ। ਪਿੰਡਾਂ ’ਚ ਖੇਡ ਮੇਲੇ ਕਰਵਾਉਂਣ ਲਈ ਕੋਈ ਮਾਪਦੰਡ ਹੋਣਾਂ ਚਾਹੀਦੈ, ਦੋ-ਚਾਰ ਵੇਹਲੜ ਰਲ ਕੇ ‘ਕੱਪ’ ਰੱਖ ਲੈਂਦੇ ਹਨ। ‘ਕੱਪ’ ਤਾਂ ਨਾਂਅ ਦਾ ਹੀ ਹੁੰਦੈ, ਅਸਲੀ ਕੱਪ ਤਾਂ ਉੱਥੇ ਭੁੱਕੀ ਤੇ ਸ਼ਰਾਬ ਦਾ ਵਰਤਦੈ। ਅਸਲ ’ਚ ਕੁਝ ਲੋਕਾਂ ਲਈ ਪੇਂਡੂ ਖੇਡ ਮੇਲੇ ਕਮਾਈ ਤੇ ਮਸਤੀ ਦਾ ਸਾਧਨ ਬਣ ਗਏ ਹਨ। ਲੋਕਾਂ ਦੀ ਗਾੜ੍ਹੀ ਕਮਾਈ ਨਾਲ ਖੇਡ ਮੇਲੇ ਕਰਵਾ ਕੇ ਮੋਹਰੀ ਮੂਡ ਬਣਾ ਕੇ ਮਸਤੀਆਂ ਮਾਰਦੇ ਫਿਰਦੇ ਹਨ, ਉਨ੍ਹਾਂ ਨੂੰ ਕੀ ਲੱਗੇ ਕਬੱਡੀ ਦੇ ਵਿਨਾਸ਼ ਨਾਲ ? ਮੈਂ ਦਾਅਵੇ ਨਾਲ ਕਹਿੰਨੈ, ਜੇ ਪਿੰਡਾਂ ਦੇ ਖੇਡ ਮੇਲਿਆਂ ’ਚ ਪ੍ਰਬੰਧਕਾਂ ਅਤੇ ਖਿਡਾਰੀਆਂ ਦਾ ਡੋਪ ਟੈਸਟ ਦਾ ਨਿਯਮ ਰੱਖ ਦਿੱਤਾ ਜਾਵੇ ਤਾਂ ਉੱਥੇ ਆਯੋਜਕ ਦੋ-ਚਾਰ ਮਿਲਣਗੇ ਤੇ ਮੈਦਾਨ ’ਚ ਸਿਰਫ ਕੁੜੀਆਂ ਹੀ ਖੇਡਣਗੀਆਂ।
ਦਰਅਸਲ, ਕਬੱਡੀ ਦੀ ਡੋਰ ਪੰਜਾਬ ’ਚ ਬਾਦਲ ਘਰਾਣੇ ਹੱਥ ਹੈ ਤੇ ਵਿਦੇਸ਼ਾਂ ਵਿਚ ਕਾਰੋਬਾਰੀਆਂ ਹੱਥ। ਸਿਆਸੀ ਤੇ ਕਾਰੋਬਾਰੀ, ਜਿੰਨ੍ਹਾਂ ਨੂੰ ਕਬੱਡੀ ਦਾ ਊੜਾ-ਆੜਾ ਵੀ ਨਹੀਂ ਪਤਾ, ਆਪੋ-ਆਪਣਾ ਲਾਹਾ ਖੱਟ ਰਹੇ ਹਨ। ਇਕ ਵੋਟ ਲਈ ‘ਕੌਡੀ-ਕੌਡੀ’ ਕਰ ਰਿਹਾ ਹੈ ਤੇ ਦੂਜਾ ਪੌਂਡਾਂ ਲਈ ‘ਕੈਂਚੀਆਂ’ ਮਾਰ ਰਿਹਾ ਹੈ। ਵਿਦੇਸ਼ਾਂ ’ਚ ਤਾਂ ਆਲਮ ਇਹ ਹੈ ਕਿ ਕਈ ਪਰਮੋਟਰ ਤਾਂ ਕਬੱਡੀ ਦੀ ਚਾਦਰ ਓੜ ਕੇ ‘ਮਾਲ’ ਵੇਚ ਰਹੇ ਹਨ। ਭੋਲਾ ਡਰੱਗ ਸਕੈਂਡਲ ’ਚ ਵੀ ਕਈ ਪਰਮੋਟਰ ਸ਼ੱਕ ਦੇ ਘੇਰੇ ’ਚ ਆਏ ਹਨ। ਜੇ ਬਾਹਰਲੇ ਕਬੱਡੀ ਪਰਮੋਟਰਾਂ ਦਾ ਡੋਪ ਟੈਸਟ ਕਰਵਾਇਆ ਜਾਵੇ ਤਾਂ ਸ਼ਰਤੀਆ ਗੱਲ ਹੈ ਕਿ ਇਕ-ਦੋ ਨੂੰ ਛੱਡ ਕੇ ਬਾਕੀ ਸਾਰੇ ਨੰਗੇ ਹੋ ਜਾਣਗੇ। ਬਾਹਰ ਤਾਂ ਜਦੋਂ ਮੈਚ ਹੁੰਦੇ ਆ, ਤਾਂ ਪਰਮੋਟਰਾਂ ਦੀਆਂ ਗੱਡੀਆਂ ਹੀ ਬੀਅਰ-ਬਾਰ ਬਣੀਆਂ ਹੁੰਦੀਆਂ ਹਨ, ਦਰਸ਼ਕਾਂ ਦੀ ਤਾਂ ਗੱਲ ਹੀ ਵੱਖਰੀ। ਇਸ ਖੇਡ ਨੂੰ ਦੇਖ ਕੇ ਮਾਂ ਖੇਡ ਕਬੱਡੀ ਤਾਂ ਸਿਵਿਆਂ ’ਚ ਖੜੀ ਡੁਸਕ ਰਹੀ ਹੈ, ਕਿਉਂਕਿ ਉਸ ਨੂੰ ਤਾਂ ਉਸ ਦੇ ਸਪੂਤ ਜਿਊਂਦੀ ਨੂੰ ਹੀ ਕਬਰਾਂ ’ਚ ਸਾੜਨ ਲਈ ਲੈ ਆਏ ਨੇ। ਜੇ ਇਹ ਹਾਲ ਰਿਹਾ ਤਾਂ ਕਬੱਡੀ ਉਲੰਪਿਕ ਪਿੜ ’ਚ ਤਾਂ ਕੀ ਪਹੁੰਚਣੀ ਹੈ, ਪਿੰਡਾਂ ’ਚੋਂ ਵੀ ਧੂੜ ਹੋ ਜਾਵੇਗੀ।
ਕਬੱਡੀ ਨੂੰ ਤੁਰੰਤ ਨਸ਼ਾ ਰਹਿਤ ਨਾ ਕੀਤਾ ਗਿਆ ਤਾਂ ਅਸੀਂ ਕਬੱਡੀ ਦੀ ਸ਼ਾਨ ਵਧਾਉਂਦੇ-ਵਧਾਉਂਦੇ ਇਸ ਨੂੰ ਨਸ਼ੇੜੀਆਂ ਦੀ ਖੇਡ ਵੱਜੋਂ ਬਦਨਾਮ ਕਰ ਬੈਠਾਂਗੇ। ਕਬੱਡੀ ਨੂੰ ਨਸ਼ਾ ਰਹਿਤ ਕਰਨ ਲਈ ਕਬੱਡੀ ਫੈਡਰੇਸ਼ਨ ਵੱਲੋਂ ਵਾਡਾਞਨਾਡਾ ਦੀ ਤਰਜ਼ ’ਤੇ ਇਕ ਸਥਾਈ ਲੈਬੋਰਟਰੀ ਦੀ ਸਥਾਪਨਾ ਕੀਤੀ ਜਾਵੇ, ਜੋ ਲਏ ਨਮੂਨਿਆਂ ਦੇ ਨਤੀਜੇ ਕੁਝ ਦਿਨਾਂ ’ਚ ਡਿਕਲੇਅਰ ਕਰੇ ਤਾਂ ਜੋ ਨਸ਼ੇੜੀ ਖਿਡਾਰੀ ਹੇਠਲੇ ਪੱਧਰ ’ਤੇ ਹੀ ਛਣ ਜਾਣ ਤੇ ਅੱਗੇ ਜਾ ਕੇ ਦੇਸ਼ ਨੂੰ ਦਾਗ ਨਾ ਲਾਉਂਣ। ਸਕੂਲ ਪੱਧਰ ’ਤੇ ਖਿਡਾਰੀਆਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ, ਸ਼ੌਹਰਤ ਅਤੇ ਜਵਾਨੀ ਦੀਆਂ ਲਹਿਰਾਂ ’ਚ ਨਸ਼ੇ ਦੇ ਚੱਪੂ ਤੋਂ ਬਗੈਰ ਕਿਵੇਂ ਬੇੜੀ ਪਾਰ ਲਾਉਂਣੀ ਹੈ, ਇਹ ਜੂਨੀਅਰ ਪੱਧਰ ਦੇ ਖਿਡਾਰੀਆਂ ਦੇ ਜ਼ਹਿਨ ’ਚ ਸੁਰਤ ਸੰਭਲਦਿਆਂ ਹੀ ਭਰਨਾ ਚਾਹੀਦਾ ਹੈ। ਪੇਡੂ ਖੇਡ ਮੇਲਿਆਂ ’ਚ ਡੋਪ ਟੈਸਟ ਦੀ ਵਿਵਸਥਾ ਕੀਤੀ ਜਾਵੇ।
ਨਸ਼ੇੜੀ ਖਿਡਾਰੀਆਂ ਨੂੰ ਬਲੈਕ ਲਿਸਟ ਕਰਕੇ ਉਨ੍ਹਾਂ ਦੀਆਂ ਲਿਸਟਾਂ ਖੇਡ ਮੇਲਿਆਂ ਵਾਲੇ ਪਿੰਡਾਂ ਨੂੰ ਭੇਜੀਆਂ ਜਾਂਣ। ਟੂਰਨਾਮੈਂਟਾਂ ਦੌਰਾਨ ਰਾਤ ਨੂੰ ਗਰੁੱਪਾਂ ’ਚ ਠਹਿਰਣ ਵਾਲੇ ਖਿਡਾਰੀਆਂ ਦੀ ਖਾਸ ਨਿਗਰਾਨੀ ਕੀਤੀ ਜਾਵੇ, ਜੋ ਦਾਗੀ ਪਾਏ ਜਾਂਦੇ ਹ, ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਕਬੱਡੀ ਫੈਡਰੇਸ਼ਨ ਵੱਲੋਂ ਉੱਡਣ ਦਸਤੇ ਤਿਆਰ ਕੀਤੇ ਜਾਣ, ਜਿਸ ਵਿਚ ਡੋਪ ਟੈਸਟ ਲੈਂਣ ਵਾਲੀ ਟੀਮ ਹੋਵੇ, ਜੋ ਪੇਂਡੂ ਖੇਡ ਮੇਲਿਆਂ ’ਚ ਖਿਡਾਰੀਆਂ ਦੇ ਡੋਪ ਟੈਸਟ ਕਰੇ। ਨਿਸ਼ਾਨਦੇਹੀ ਕਰਕੇ ਉਨ੍ਹਾਂ ਖਿਡਾਰੀਆਂ, ਕੋਚਾਂ, ਪ੍ਰਬੰਧਕਾਂ ਅਤੇ ਪਰਮੋਟਰਾਂ ਨੂੰ ਕਬੱਡੀ ਤੋਂ ਲਾਂਭੇ ਕੀਤਾ ਜਾਵੇ, ਜੋ ਨਸ਼ਾ ਕਰਦੇ ਹਨ ਜਾਂ ਕਬੱਡੀ ਦੀ ਆੜ ’ਚ ਵੇਚਦੇ ਹਨ। ਪੇਂਡੂ ਖੇਡ ਮੇਲਿਆਂ ਲਈ ਮਾਪਦੰਡ ਤੈਅ ਕੀਤੇ ਜਾਣ।
ਕਬੱਡੀ ਦਾ ਰੁਤਬਾ ਆਈ ਸੀ ਯੂ ’ਚ ਸਹਿਕ ਰਿਹਾ ਹੈ। ਕਬੱਡੀ ਨੂੰ ਬਚਾਉਂਣ ਦਾ ਸਮਾਂ ਹੈ। ਜੇਕਰ ਕਬੱਡੀ ਬਚਾਉਣੀ ਹੈ ਤਾਂ ਇਸ ਦੀ ਡੋਰ ਸਿਆਸੀਆਂ ਅਤੇ ਕਾਰੋਬਾਰੀਆਂ ਹੱਥੋਂ ਖੋਹ ਕੇ ਉਨ੍ਹਾਂ ਖਿਡਾਰੀਆਂ ਦੇ ਹੱਥ ਦੇਂਣੀ ਚਾਹਦੀ ਹੈ, ਜਿੰਨਾ ਨੇ ਸਾਰੀ ਉਮਰ ਕਬੱਡੀ ਦੀ ਇਬਾਦਤ ਕੀਤੀ ਹੈ, ਉਸ ਨੂੰ ਦਾਗ ਨਹੀਂ ਲੱਗਣ ਦਿੱਤਾ।