May 27, 2026 12:54 am

ਔਰਤਾਂ ਲਈ ਚਾਨਣ ਮੁਨਾਰਾ ਸਾਬਤ ਹੋ ਰਿਹੈ ਸੁਖਮਨੀ ਸਵੈ ਸਹਾਇਤਾ ਗਰੁੱਪ

ਬਰਨਾਲਾ ਦੇ ਪਿੰਡ ਭੋਤਨਾ ਦੀਆਂ 10 ਔਰਤਾਂ ਵੱਲੋਂ 2016 ’ਚ ਬਣਾਇਆ ਗਰੁੱਪ ਪਰਿਵਾਰਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਸਮਾਜ ਭਲਾਈ ਕੰਮਾਂ ’ਚ ਪਾ ਰਿਹੈ ਯੋਗਦਾਨ

ਤਪਾ/ਬਰਨਾਲਾ- ਦਿਨੋ-ਦਿਨ ਵਧ ਰਹੀਆਂ ਖੇਤੀ ਲਾਗਤਾਂ ਕਾਰਨ ਲਗਾਤਾਰ ਘਟ ਹੁੰਦੇ ਜਾ ਰਹੇ ਖੇਤੀਬਾੜੀ ਦੇ ਮੁਨਾਫ਼ੇ ਦੀ ਸਮਸਿਆ ਨਾਲ ਨਜਿਠਣ ਲਈ ਬਰਨਾਲਾ ਜ਼ਿਲੇ ਦੇ ਪਿੰਡ ਭੋਤਨਾ ਦੀਆਂ 10 ਔਰਤਾਂ ਵਲੋਂ ਇਕਠੇ ਹੋ ਕੇ ਬਣਾਇਆ ਗਿਆ ਸੁਖਮਨੀ ਸਵੈ ਸਹਾਇਤਾ ਗਰੁਪ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ।। ਖੇਤੀਬਾੜੀ ਵਿਭਾਗ ਵਲੋਂ ਚਲਾਈ ਜਾ ਰਹੀ ‘ਆਤਮਾ ਸਕੀਮ‘ ਅਧੀਨ ਸਾਲ 2016 ਬਣਾਏ ਗਏ ਇਸ ਗਰੁਪ ਰਾਹੀਂ ਪਿੰਡ ਦੀਆਂ ਔਰਤਾਂ ਵਲੋਂ ਆਚਾਰ ਤੇ ਚਟਣੀਆਂ ਆਦਿ ਪਿੰਡ ਪਧਰ ‘ਤੇ ਹੀ ਤਿਆਰ ਕਰਕੇ ਚੋਖਾ ਮੁਨਾਫ਼ਾ ਕਮਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਇਸ ਗਰੁਪ ਵਲੋਂ ਆਪਣੇ ਪਧਰ ’ਤੇ ਹੀ ਪਰਿਵਾਰਕ ਪਧਰ ‘ਤੇ ਆਪਣੀ ਰਸੋਈ ਲਈ ਲੋੜੀਂਦੀਆਂ ਸਬਜੀਆਂ ਦੀ ਕਾਸ਼ਤ ਕੀਟਨਾਸ਼ਕਾਂ ਤੇ ਖਾਦਾਂ ਤੋਂ ਰਹਿਤ ਕੁਦਰਤੀ ਤਰੀਕੇ ਨਾਲ ਕੀਤੀ ਜਾ ਰਹੀ ਹੈ। ਸੁਖਮਨੀ ਸਵੈ ਸਹਾਇਤਾ ਗਰੁਪ ‘ਚ ਸ਼ਾਮਲ ਪਿੰਡ ਦੀਆਂ ਔਰਤਾਂ ਵਲੋਂ ਹਰ ਘਰ ਦੇ ਦਰਵਾਜ਼ੇ ਇਕ ਬੂਟਾ ਲਗਾਉਣ ਦੀ ਮੁਹਿੰਮ ਵੀ ਵਿਢੀ ਗਈ ਹੈ ਤਾਂ ਜੋ ਧਰਤੀ ਦੇ ਵਧ ਰਹੇ ਤਾਪਮਾਨ ਨੂੰ ਘਟਾਇਆ ਤੇ ਲਗਾਤਾਰ ਘਟ ਰਹੀ ਰੁਖਾਂ ਦੀ ਗਿਣਤੀ ਨੂੰ ਵਧਾ ਕੇ ਵਾਤਾਵਰਣ ਦੀ ਸੰਭਾਲ ਕੀਤੀ ਜਾ ਸਕੇ। ਇਸ ਲਈ ਇਨਾਂ ਔਰਤਾਂ ਵਲੋਂ ਪਿੰਡ ‘ਚ ਧਾਰਮਕ ਸਮਾਗਮ ਕਰਵਾਏ ਜਾਂਦੇ ਹਨ ਜਿਸ ਤੋਂ ਇਕਠੇ ਹੋਏ ਪੈਸਿਆਂ ਨਾਲ ਬੂਟੇ ਖਰੀਦੇ ਜਾਂਦੇ ਹਨ ਅਤੇ ਨਾਲ ਹੀ ਪਿੰਡ ‘ਚ ਮੌਜੂਦ ਐਂਬੂਲੈਂਸ ਚਲਾਉਣ ਲਈ ਵੀ ਮਾਲੀ ਮਦਦ ਦਿਤੀ ਜਾਂਦੀ ਹੈ।
ਗਰੁਪ ਦੀ ਮੁਖੀ ਬੀਬੀ ਅਮਰਜੀਤ ਕੌਰ ਨੇ ਦਸਿਆ ਕਿ ਇਸ ਕੰਮ ਲਈ ਮੁਢਲੀ ਸਿਖਲਾਈ ਉਨਾਂ ਆਰਸੈਟੀ ਤੋਂ ਪ੍ਰਾਪਤ ਕੀਤੀ ਅਤੇ ਆਪਣੇ ਪਧਰ ‘ਤੇ ਹੀ ਪੈਸੇ ਇਕਠੇ ਕਰਕੇ ਸਾਲ 2016 ‘ਚ ਆਚਾਰ ਤੇ ਚਟਣੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਉਨਾਂ ਦਸਿਆ ਕਿ ਇਸ ਪੈਸੇ ਨਾਲ ਉਨਾਂ ਇਸ ਕੰਮ ਲਈ ਲੋੜੀਂਦੇ ਬਰਤਨ ਅਤੇ ਹੋਰ ਸਾਮਾਨ ਦੀ ਖਰੀਦ ਕੀਤੀ। ਉਨਾਂ ਦਸਿਆ ਕਿ ਇਸ ਤੋਂ ਬਾਅਦ ਗਰੁਪ ਵਲੋਂ ਕੰਮ ਨੂੰ ਅਗੇ ਵਧਾਉਣ ਲਈ ਸਾਲ 2017 ‘ਚ 1.5 ਲਖ ਰੁਪਏ ਦਾ ਕਰਜ਼ ਲਿਆ ਜਿਸ ਨਾਲ ਆਚਾਰ ਅਤੇ ਚਟਣੀ ਦੀ ਮਾਤਰਾ ਨੂੰ ਵਧਾਇਆ ਜਾ ਰਿਹਾ ਹੈ।।
ਬੀਬੀ ਅਮਰਜੀਤ ਕੌਰ ਨੇ ਦਸਿਆ ਕਿ ਇਸ ਵਾਰ ਉਨਾਂ ਵਲੋਂ ਲਗਭਗ 5 ਕੁਇੰਟਲ ਅੰਬਾਂ ਦਾ ਆਚਾਰ ਤੇ ਚਟਣੀ ਬਣਾਈ ਜਾ ਰਹੀ ਹੈ ਅਤੇ ਇਸੇ ਤਰੀਕੇ ਹਰ ਤਰਾਂ ਦੇ ਮੌਸਮੀ ਫ਼ਲਾਂ ਤੇ ਸਬਜੀਆਂ ਦਾ ਆਚਾਰ ਤਿਆਰ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਇਸਨੂੰ ਵੇਚਣ ਲਈ ਉਨਾਂ ਵਲੋਂ ਮੇਲਿਆਂ ‘ਤੇ ਸਟਾਲਾਂ ਆਦਿ ਲਗਾਈਆਂ ਜਾਂਦੀਆਂ ਹਨ ਅਤੇ ਆਉਣ ਵਾਲੇ ਸਮੇਂ ‘ਚ ਗਰੁਪ ਵਲੋਂ ਆਪਣੇ ਉਤਪਾਦਾਂ ਦੀ ਰੋਜ਼ਾਨਾ ਵਿਕਰੀ ਲਈ ਵਿਉਂਤਬੰਦੀ ਤਿਆਰ ਕੀਤੀ ਜਾ ਰਹੀ ਹੈ।
ਇਸਦੇ ਨਾਲ ਹੀ ਗਰੁਪ ਦੀ ਇਕ ਹੋਰ ਮੈਂਬਰ ਪ੍ਰਿਤਪਾਲ ਕੌਰ ਨੇ ਦਸਿਆ ਕਿ ਲਾਗਤ ਖਰਚੇ ਘਟਾਉਣ ਲਈ ਇਸ ਵਾਰ ਉਨਾਂ ਵਲੋਂ ਆਚਾਰ ਤੇ ਚਟਣੀ ਲਈ ਲੋੜੀਂਦਾ ਮਸਾਲਾ ਆਪਣੀਆਂ ਹਥ ਚਕੀਆਂ ਦੀ ਮਦਦ ਨਾਲ ਘਰਾਂ ‘ਚ ਹੀ ਪੀਸਿਆ ਗਿਆ ਹੈ। ਉਨਾਂ ਇਹ ਵੀ ਦਸਿਆ ਕਿ ਇਕਲੇ ਪਟਿਆਲਾ ਦੇ ਸਰਸ ਮੇਲੇ ਦੌਰਾਨ ਉਨਾਂ ਵਲੋਂ ਤਕਰੀਬਨ 40,000 ਰੁਪਏ ਮੁਲ ਦੀਆਂ ਆਚਾਰ ਤੇ ਚਟਣੀਆਂ ਵੇਚੀਆਂ ਗਈਆਂ।।
ਬੀਬੀ ਪ੍ਰਿਤਪਾਲ ਕੌਰ ਨੇ ਦਸਿਆ ਕਿ ਗਰੁਪ ਦੀ ਇਕ ਮੈਂਬਰ ਕੁਲਵੰਤ ਕੌਰ ਦਾ ਪੁਤਰ ਰਾਜਵਿੰਦਰ ਸਿੰਘ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀ.ਐਸ.ਸੀ ( ਖੇਤੀਬਾੜੀ ) ਹੈ, ਵੀ ਉਹਨਾਂ ਨਾਲ ਕੰਮ ‘ਚ ਮਦਦ ਕਰ ਰਿਹਾ ਹੈ। ਉਨਾਂ ਕਿਹਾ ਕਿ ਉਹ ਜਾਣਦਾ ਹੈ ਕਿ ਵੈਲਯੂ ਐਡੀਸ਼ਨ ਜ਼ਰੀਏ ਉਹ ਆਪਣੇ ਉਤਪਾਦ ਦਾ ਜ਼ਿਆਦਾ ਤੋਂ ਜ਼ਿਆਦਾ ਮੁਲ ਕਿਵੇਂ ਲੈ ਸਕਦੇ ਹਨ।
ਖੇਤੀਬਾੜੀ ਵਿਭਾਗ ਬਰਨਾਲਾ ਦੀ ਕੰਪਿਊਟਰ ਪ੍ਰੋਗਰਾਮਰ ਮੈਡਮ ਸੁਨੀਤਾ ਸ਼ਰਮਾ ਨੇ ਦਸਿਆ ਕਿ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਸਵੈ ਸਹਾਇਤਾ ਗਰੁਪ ਬਣਾਉਣ, ਰਜਿਸਟਰ ਕਰਨ ਅਤੇ ਚਲਾਉਣ ‘ਚ ਸਹਾਇਤਾ ਕੀਤੀ ਜਾਂਦੀ ਹੈ। ਉਨਾਂ ਦਸਿਆ ਕਿ ਇਸ ਤਰਾਂ ਦਾ ਗਰੁਪ ਬਣਾਉਣ ਦੇ ਇਛੁਕ ਕਿਸੇ ਵੀ ਕੰਮ ਕਾਰ ਵਾਲੇ ਦਿਨ ਖੇਤੀਬਾੜੀ ਵਿਭਾਗ ਦੇ ਬਰਨਾਲਾ ਸਥਿਤ ਦਫ਼ਤਰ ਤੋਂ ਇਸ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਮੁਖ ਖੇਤੀਬਾੜੀ ਅਫ਼ਸਰ ਬਰਨਾਲਾ ਸ੍ਰੀ ਰਛਪਾਲ ਸਿੰਘ ਖੋਸਾ ਨੇ ਕਿਹਾ ਕਿ ਅਜ ਦੇ ਸਮੇਂ ਲੋੜ ਹੈ ਖੇਤੀ ਦੇ ਨਾਲ-ਨਾਲ ਇਹਨਾਂ ਬੀਬੀਆ ਵਾਂਗ ਸਹਾਇਕ ਧੰਦਿਆ ਨੂੰ ਅਪਣਾ ਕੇ ਆਪਣੀ ਆਮਦਨ ਵਧਾਉਣ ਦੀ। ਉਨਾਂ ਕਿਹਾ ਕਿ ਪਿੰਡ ਭੋਤਨਾ ਵਿਖੇ ਚਲ ਰਹੇ ਸੁਖਮਨੀ ਸਵੈਂ ਸਹਾਇਤਾ ਗਰੁਪ ਦੁਆਰਾ ਬਣਾਏ ਜਾਂਦੇ ਸ਼ੁਧ ਪਦਾਰਥਾਂ ਨੂੰ ਖ਼ਰੀਦ ਕੇ ਉਹਨਾਂ ਦੇ ਇਸ ਕਦਮ ਦੀ ਸ਼ਲਾਘਾ ਕਰੀਏ ਤਾਂ ਜੋ ਹੋਰ ਕਿਸਾਨ ਵੀਰ ਤੇ ਬੀਬੀਆ ਵੀ ਸਹਾਇਕ ਧੰਦਿਆਂ ਨੂੰ ਵਧ-ਵਧ ਅਪਣਾਉਣ।
– ਕੁਲਦੀਪ ਗਰੇਵਾਲ
ਪੱਤਰਕਾਰ ‘ਪੰਜਾਬ ਟਾਇਮਜ਼’ ਬਰਨਾਲਾ

Send this to a friend