May 25, 2026 8:35 pm

ਸੁੱਖਾਂ ਸੁੱਖਣੀਆਂ ਤੇ ਸੁੱਖਾਂ ਲਾਹੁਣੀਆਂ

ਸੁੱਖਾਂ ਸੁੱਖਣੀਆਂ ਤੇ ਸੁੱਖਾਂ ਲਾਹੁਣੀਆਂ ਭਾਰਤੀ ਸਮਾਜ ਵਿਚ ਇਕ ਆਮ ਵਰਤਾਰਾ ਹੈ। ਆਪਣੀ ਕਿਸੇ ਨਿੱਜੀ ਮਨੋਂ-ਕਾਮਨਾ ਦੀ ਪੂਰਤੀ ਲਈ, ਕਿਸੇ ਪਰਿਵਾਰਿਕ ਸੁਖ ਦੀ ਪ੍ਰਾਪਤੀ ਲਈ, ਕਿਸੇ ਮੁਹਿੰਮ ਦੀ ਨਿਰਵਿਘਨ ਸੰਪੂਰਨਤਾ ਲਈ ਜਾਂ ਕੋਈ ਅੜਿਆ ਗੱਡਾ ਕੱਢਣ ਲਈ ਲੋਕ ਅਕਸਰ ਹੀ ਕਿਸੇ ਧਰਮ ਸਥਾਨ ’ਤੇ ਜਾ ਕੇ ਜਾਂ ਘਰ ਬੈਠੇ ਹੀ ਕਿਸੇ ਦੇਵੀ-ਦੇਵਤੇ ਨੂੰ ਧਿਆ ਕੇ ਉਸ ਤੋਂ ਕੋਈ ਸੁੱਖਣਾ ਮੰਗਦੇ ਹਨ ਅਤੇ ਨਾਲ ਹੀ ਸੁੱਖ ਪੂਰੀ ਹੋਣ ਦੀ ਹਾਲਤ ਵਿਚ ਦੇਵੀ-ਦੇਵਤੇ ਲਈ ਕੁਝ ਕਰਨ ਅਤੇ ਉਸ ਨੂੰ ਕੁਝ ਭੇਟ ਕਰਨ ਜਾਂ ਉਸਦੇ ਨਾਂ ’ਤੇ ਕਿਸੇ ਹੋਰ ਲਈ ਕੁਝ ਕਰਨ ਜਾਂ ਕੁਝ ਦੇਣ ਦਾ ਇਕਰਾਰ ਕਰਦੇ ਹਨ। ਜੇਕਰ ਸੁੱਖ ਪੂਰੀ ਹੋ ਜਾਵੇ ਤਾਂ ਸਬੰਧਿਤ ਧਰਮ ਅਸਥਾਨ ’ਤੇ ਜਾ ਕੇ ਸੁੱਖ ਲਾਹੀ ਜਾਂਦੀ ਹੈ ਤੇ ਆਪਣਾ ਇਕਰਾਰ ਪੂਰਾ ਕੀਤਾ ਜਾਂਦਾ ਹੈ। ਸੁੱਖ ਨਾ ਲਾਹੁਣ ਨੂੰ ਇਸ ਡਰੋਂ ਬੁਰਾ ਸਮਝਿਆ ਜਾਂਦਾ ਹੈ ਕਿ ਇਸ ਨਾਲ ਸੁੱਖ ਪੂਰਾ ਕਰਨ ਵਾਲੀ ਗ਼ੈਬੀ-ਸ਼ਕਤੀ ਨਰਾਜ਼ ਹੋ ਕੇ ਸਬੰਧਿਤ ਵਿਅਕਤੀ ਜਾਂ ਪਰਿਵਾਰ ਦਾ ਕੋਈ ਵੱਡਾ ਨੁਕਸਾਨ ਕਰ ਸਕਦੀ ਹੈ।
ਮਨੁੱਖੀ ਇੱਛਾਵਾਂ ਵਾਂਗ ਮਨੁੱਖਾਂ ਦੁਆਰਾ ਸੁੱਖੀਆਂ ਜਾਣ ਵਾਲੀਆਂ ਸੁੱਖਾਂ ਦੀਆਂ ਵੀ ਅਨੇਕ ਕਿਸਮਾਂ ਹਨ। ਲੋਕ ਆਪਣੇ ਇਸ਼ਟ ਪਾਸੋਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਲੈ ਕੇ ਵੱਡੀਆਂ-ਵੱਡੀਆਂ ਚੀਜ਼ਾਂ ਤਕ ਦੀ ਮੰਗ ਕਰਦੇ ਹਨ। ਜੇਕਰ ਕੋਈ ਜ਼ਮੀਨ-ਜਾਇਦਾਦ, ਧਨ-ਦੌਲਤ ਅਤੇ ਸੰਤਾਨ-ਸੁੱਖ ਆਦਿ ਦੀ ਕਾਮਨਾ ਕਰਦਾ ਹੈ ਤਾਂ ਕੋਈ ਹੋਰ ਚੰਗੇ ਜੀਵਨ-ਸਾਥੀ, ਚੰਗੇ ਰੁਤਬੇ ਅਤੇ ਚੰਗੀ ਸਿਹਤ ਆਦਿ ਦੀ ਕਾਮਨਾ ਕਰਦਾ ਹੈ। ਬੇਰੁਜ਼ਗਾਰ ਰੁਜ਼ਗਾਰ ਲਈ, ਵਿਦਿਆਰਥੀ ਇਮਤਿਹਾਨ ਵਿਚੋਂ ਪਾਸ ਹੋਣ ਲਈ, ਵਿਦੇਸ਼ ਜਾਣ ਦੇ ਚਾਹਵਾਨ ਵਿਜ਼ਾ ਲੱਗਣ ਲਈ ਅਤੇ ਕਾਰੋਬਾਰੀ ਲੋਕ ਆਪਣੇ ਕਾਰੋਬਾਰ ਵਿਚ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਦੁਆ ਕਰਦੇ ਹਨ। ਹੋਰ ਤਾਂ ਹੋਰ, ਕਿਹਾ ਜਾਂਦਾ ਹੈ ਕਿ ਚੋਰ-ਡਾਕੂ ਆਦਿ ਵੀ ਆਪਣੀ ‘ਮੁਹਿੰਮ’ ’ਤੇ ਜਾਣ ਤੋਂ ਪਹਿਲਾਂ ਆਪਣੇ ਇਸ਼ਟ ਨੂੰ ਧਿਆ ਕੇ ਅਤੇ ਉਸਦੇ ਨਾਮ ਦੀ ਮੰਨਤ ਮੰਨ ਕੇ ਜਾਂਦੇ ਹਨ। ਕੀ ਉਨ੍ਹਾਂ ਦਾ ਇਸ਼ਟ ਉਨ੍ਹਾਂ ਦੇ ਦੁਸ਼ਕਰਮ ਵਿਚ ਵੀ ਉਨ੍ਹਾਂ ਦਾ ਸਹਾਇਤਾ ਕਰਦਾ ਹੈ? ਕੁਝ ਕਹਿ ਨਹੀਂ ਸਕਦੇ। ਵਿਚਾਰਾ ਦੁਚਿੱਤੀ ਵਿਚ ਤਾਂ ਪੈਂਦਾ ਹੀ ਹੋਵੇਗਾ!
ਦੁਚਿੱਤੀ ਤੋਂ ਇਕ ਹੋਰ ਗੱਲ ਯਾਦ ਆਉਂਦੀ ਹੈ। ਇਕ ਵਿਅਕਤੀ ਆਪਣੀਆਂ ਸ਼ਾਦੀ-ਸ਼ੁਦਾ ਬੇਟੀਆਂ ਨੂੰ ਮਿਲਣ ਜਾਂਦਾ ਹੈ। ਪਹਿਲੀ ਦਾ ਪਰਿਵਾਰ ਖੇਤੀ ਕਰਦਾ ਸੀ। ਉਹ ਆਪਣੇ ਬਾਪੂ ਨੂੰ ਆਪਣਾ ਹਾਲ-ਚਾਲ ਦਸਦੀ ਹੋਈ ਕਹਿੰਦੀ ਹੈ ‘ਜੇ ਜਲਦੀ ਮੀਂਹ ਨਾ ਪਿਆ ਤਾਂ ਉਨ੍ਹਾਂ ਦੀ ਖੇਤੀ ਸੁੱਕ ਜਾਵੇਗੀ ਅਤੇ ਉਹ ਬਰਬਾਦ ਹੋ ਜਾਣਗੇ।’ ਇਸ ਲਈ ਉਹ ਰੱਬ ਨੂੰ ਦਿਨ-ਰਾਤ ਮੀਂਹ ਲਈ ਦੁਆ ਕਰ ਰਹੇ ਹਨ ਤੇ ਸੁੱਖਾਂ ਸੁੱਖ ਰਹੇ ਹਨ। ਉਸਨੇ ਆਪਣੇ ਬਾਪੂ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਉਨ੍ਹਾਂ ਦੀ ਬਿਹਤਰੀ ਲਈ ਦੁਆ ਕਰੇ। ਫਿਰ ਉਹ ਆਪਣੀ ਦੂਜੀ ਲੜਕੀ ਦੇ ਪਿੰਡ ਚਲਿਆ ਗਿਆ। ਉਸਦਾ ਪਤੀ ਇਕ ਘੁਮਿਆਰ ਸੀ ਤੇ ਉਹ ਭਾਂਡੇ ਬਣਾਉਣ ਦਾ ਕੰਮ ਕਰਦਾ ਸੀ। ਆਪਣਾ ਹਾਲ-ਚਾਲ ਦੱਸਦਿਆਂ ਦੂਜੀ ਲੜਕੀ ਨੇ ਕਿਹਾ ‘ਅਸੀਂ ਬਹੁਤ ਸਾਰੇ ਭਾਂਡੇ ਥੱਪ ਰੱਖੇ ਹਨ ਤੇ ਉਨ੍ਹਾਂ ਨੂੰ ਪਕਾਉਣਾ ਬਾਕੀ ਹੈ। ਹੁਣ ਤਾਂ ਅਸੀਂ ਇਹੀ ਸੁੱਖਾਂ ਸੁੱਖ ਰਹੇ ਹਾਂ ਕਿ ਰੱਬ ਜਲਦੀ ਮੀਂਹ ਨਾ ਪਾਵੇ, ਨਹੀਂ ਤਾਂ ਸਾਡਾ ਕੱਖ ਨਹੀਂ ਰਹੇਗਾ।’ ਉਸਨੇ ਆਪਣੇ ਬਾਪੂ ਨੂੰ ਕਿਹਾ ਕਿ ਉਹ ਸਾਰੇ ਮਿਲ ਕੇ ਵੀ ਉਨ੍ਹਾਂ ਲਈ ਪ੍ਰਾਰਥਨਾ ਕਰਨ ਅਤੇ ਸੁੱਖਾਂ ਸੁੱਖਣ। ਪਾ ਦਿੱਤਾ ਨਾ ਬਾਪੂ ਅਤੇ ਰੱਬ, ਦੋਹਾਂ ਨੂੰ ਦੁਚਿੱਤੀ ਵਿਚ – ਕਿਸਦੀ ਮੰਨਣ, ਕਿਸਦੀ ਨਾ ਮੰਨਣ! ਚਿੰਤਾ ਵਿਚ ਡੁੱਬਿਆ, ਬਾਪੂ ਵਾਪਿਸ ਆਪਣੇ ਘਰ ਪਹੁੰਚ ਗਿਆ। ਜਦ ਉਸਦੀ ਘਰਵਾਲੀ ਨੇ ਉਸ ਤੋਂ ਆਪਣੀਆਂ ਦੋਨੋਂ ਧੀਆਂ ਦਾ ਹਾਲ-ਚਾਲ ਪੁੱਛਿਆ ਤਾਂ ਉਹ ਨਿੰਮੋਝੂਣਾ ਹੋ ਕੇ ਕਹਿਣ ਲੱਗਾ, ‘ਕੀ ਦੱਸਾਂ – ਜਾਂ ਟਾਂਡਿਆਂ ਵਾਲੀ ਨੀਂ, ਤੇ ਜਾਂ ਭਾਂਡਿਆਂ ਵਾਲੀ ਨੀਂ। ਬੱਸ ਇਕ ਤਾਂ ਬਰਬਾਦ ਸਮਝ’, ਤੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸ ਦਿੱਤੀ।
ਮੰਗਾਂ ਦੀ ਪੱਧਰ ਅਨੁਸਾਰ ਸੁੱਖਾਂ ਦਾ ਪੱਧਰ ਵੀ ਵਧਦਾ-ਘਟਦਾ ਰਹਿੰਦਾ ਹੈ। ਜੇਕਰ ਸਾਡੀ ਮੰਗ ਛੋਟੀ ਹੋਵੇ ਤਾਂ ਸਾਡੇ ਦੁਆਰਾ ਕੀਤਾ ਗਿਆ ਇਕਰਾਰ ਵੀ ਅਕਸਰ ਛੋਟਾ ਹੀ ਹੁੰਦਾ ਹੈ ਪਰ ਜੇਕਰ ਅਸੀਂ ਕੋਈ ਬਹੁਤ ਵੱਡੀ ਮੰਗ ਮੰਗ ਰਹੇ ਹੋਈਏ, ਤਾਂ ਅਸੀਂ ਆਪਣੀ ਸਮਰੱਥਾ ਅਨੁਸਾਰ ਪ੍ਰਸਤਾਵਿਤ ਭੇਟਾ ਵੀ ਵੱਡੀ ਪੇਸ਼ ਕਰਦੇ ਹਾਂ। ਸੋਚਦੇ ਹਾਂ ਵੱਡੇ ਕੰਮ ਲਈ ਫ਼ੀਸ ਤਾਂ ਵੱਡੀ ਦੇਣੀ ਹੀ ਬਣਦੀ ਹੈ – ਦੁਨੀਆਵੀ ਮਾਨਸਿਕਤਾ ਜੋ ਹੋਈ! ਇਹੀ ਕਾਰਣ ਹੈ ਕਿ ਮਨੋਂ-ਕਾਮਨਾ ਪੂਰੀ ਹੋਣ ’ਤੇ ਕੁਝ ਵੱਡੇ ਲੋਕ ਧਰਮ ਸਥਾਨਾਂ ’ਤੇ ਵੱਡੀਆਂ-ਵੱਡੀਆਂ ਰਕਮਾਂ ਅਤੇ ਸੋਨੇ-ਚਾਂਦੀ ਤੋਂ ਇਲਾਵਾ ਕਾਰਾਂ ਅਤੇ ਟਰੱਕ ਆਦਿ ਵੀ ਚੜ੍ਹਾ ਜਾਂਦੇ ਹਨ। ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ। ਕਮਾਈਆਂ ਵੀ ਮੋਟੀਆਂ ਤੇ ਭੇਟਾਵਾਂ ਵੀ ਵੱਡੀਆਂ। ਲੋਕਾਂ ਵਿਚ ਸ਼ੋਭਾ ਵੀ ਚੰਗੀ ਹੋ ਜਾਂਦੀ ਹੈ ਤੇ ਸ਼ਾਇਦ ਸਬੰਧਿਤ ਦੇਵੀ-ਦੇਵਤਾ ਵੀ ਖ਼ੁਸ਼ ਹੋ ਜਾਂਦਾ ਹੋਵੇਗਾ। ਉਸਦੇ ਪ੍ਰਤੀਨਿਧੀ ਵਜੋਂ ਕਾਰਜ ਕਰ ਰਿਹਾ ਉਸਦਾ ਏਜੰਟ ਵੀ ਤਾਂ ਬਾਗ਼ੋ-ਬਾਗ਼ ਹੁੰਦਾ ਹੀ ਹੋਵੇਗਾ। ਮਸਲਾ ਵਿਸ਼ਵਾਸ ਅਤੇ ਸ਼ਰਧਾ ਦਾ ਹੈ – ਤਰਕ ਅਤੇ ਦਲੀਲ ਜਾਂ ਗ਼ਲਤ ਅਤੇ ਠੀਕ ਨੂੰ ਕੌਣ ਪੁੱਛਦਾ ਹੈ? ਆਮ ਲੋਕ ਕਿਸੇ ਪਾਠ-ਪੂਜਾ, ਪੁੰਨ-ਦਾਨ, ਹੱਥੀਂ ਸੇਵਾ ਜਾਂ ਕਿਸੇ ਰੂਪ ਵਿਚ ਆਪਣੇ ਸਰੀਰ ਨੂੰ ਕਸ਼ਟ ਦੇਣ ਦੀ ਮੰਨਤ ਵੀ ਮੰਨਦੇ ਹਨ। ਕੁਝ ਲੋਕਾਂ ਦੀਆਂ ਮੰਨਤਾਂ ਊਲ-ਜਲੂਲ ਜਾਂ ਹਾਸੋ-ਹੀਣੀਆਂ ਵੀ ਜਾਪਦੀਆਂ ਹਨ। ਕੁਝ ਕਿਸੇ ਜੋਤਿਸ਼ੀ ਜਾਂ ਕਿਸੇ ਹੋਰ ਸਿਆਣੇ ਦੀ ਸਲਾਹ ਤੇ ਆਪਣੀ ਮੰਨਤ ਦੀ ਅਦਾਇਗੀ ਪੇਸ਼ਗੀ ਹੀ ਕਰਨ ਲੱਗ ਪੈਂਦੇ ਹਨ। ਕੁਝ ਪ੍ਰਾਚੀਨ ਹਿੰਦੂ ਮੰਦਿਰਾਂ ਵਿਚ ਮਨੋਂ-ਕਾਮਨਾ ਪੂਰੀ ਹੋਣ ’ਤੇ ਆਪਣੇ ਸਿਰ ਦੇ ਵਾਲ਼ ਉਤਰਵਾ ਕੇ ਭੇਟ ਕੀਤੇ ਜਾਂਦੇ ਹਨ। ਇਸ ਨੂੰ ਸੰਕੇਤਕ ਰੂਪ ਵਿਚ ਆਪਣੇ ਆਪ ਨੂੰ ਪੂਰਨ ਤੌਰ ’ਤੇ ਸਮਰਪਿਤ ਕਰਨ ਅਤੇ ਆਪਣੀ ਹਉਮੈਂ ਤਿਆਗਣ ਦੇ ਸਮਾਨ ਸਮਝਿਆ ਜਾਂਦਾ ਹੈ।
ਸੁੱਖਾਂ ਸੁੱਖਣ ਬਾਰੇ ਇਕ ਛੋਟੀ ਜਿਹੀ ਕਹਾਣੀ ਵੀ ਯਾਦ ਆਉਂਦੀ ਹੈ। ਇਕ ਵਾਰ ਇਕ ਜਿਮੀਂਦਾਰ ਦਾ ਇਕ ਮੌਲਾ ਜਿਹਾ ਬਲ਼ਦ ਗੁੰਮ ਹੋ ਗਿਆ। ਉਹ ਜਿਸ ਸਥਾਨ ’ਤੇ ਵੀ ਜਾਵੇ, ਉਥੇ ਹੀ ਕੋਈ ਵੱਡੀ ਸੁੱਖ ਸੁੱਖ ਲਵੇ ਕਿ ਜੇਕਰ ਉਸਦਾ ਬਲ਼ਦ ਲੱਭ ਜਾਵੇ ਤਾਂ ਉਹ ਉਸ ਥਾਂ ’ਤੇ ਇੰਨੀ ਰਕਮ ਚੜ੍ਹਾਵੇਗਾ। ਕੁਝ ਸਮੇਂ ਬਾਅਦ ਉਸਦੇ ਇਕ ਸਾਥੀ ਨੇ ਉਸ ਨੂੰ ਕਿਹਾ ਕਿ ਇੰਨੇ ਦਾ ਤਾਂ ਉਸਦਾ ਬਲ਼ਦ ਨਹੀਂ ਹੋਣਾ, ਜਿੰਨੀਆਂ ਉਸਨੇ ਸੁੱਖਾਂ ਸੁੱਖ ਲਈਆਂ ਹਨ। ਜਿਮੀਂਦਾਰ ਬੋਲਿਆ, ‘ਇਕ ਵਾਰ ਮੌਲੇ ਦੇ ਸਿੰਗਾਂ ਨੂੰ ਹੱਥ ਪੈ ਜਾਵੇ, ਫਿਰ ਮੈਂ ਕਿਸੇ ਨੂੰ ਕੀ ਦਵਾਲ ਹਾਂ।’ ਨਿਰਸੰਦੇਹ, ਦੁਨੀਆਂ ਵਿਚ ਬਥੇਰੇ ਲੋਕ ਅਜਿਹੇ ਹਨ, ਜੋ ਸੁੱਖਾਂ ਤਾਂ ਵੱਡੀਆਂ ਸੁੱਖ ਲੈਂਦੇ ਹਨ ਪਰ ਜਦ ਕੰਮ ਹੋ ਜਾਂਦਾ ਹੈ ਤਾਂ ਸਭ ਕੁਝ ਭੁੱਲ-ਭੁਲਾ ਜਾਂਦੇ ਹਨ। ਬਿਲਕੁਲ ਦੁਨਿਆਵੀ ਪਹੁੰਚ – ਜਦ ਕਿਸੇ ਤੋਂ ਕੋਈ ਕੰਮ ਲੈਣਾ ਹੁੰਦਾ ਹੈ ਤਾਂ ਉਸਦੇ ਅੱਗੇ-ਪਿੱਛੇ ਫਿਰਦੇ ਹਾਂ ਅਤੇ ਉਸਦਾ ਅਹਿਸਾਨ ਸਾਰੀ ਉਮਰ ਯਾਦ ਰੱਖਣ ਦੀਆਂ ਗੱਲਾਂ ਕਰਦੇ ਹਾਂ, ਪਰ ਜਦ ਕੰਮ ਹੋ ਜਾਂਦਾ ਹੈ ਫਿਰ ਤੂੰ ਕੌਣ ਤੇ ਮੈਂ ਕੌਣ ਵਾਲੀ ਗੱਲ ਹੋ ਜਾਂਦੀ ਹੈ।
ਕੁਝ ਸੁੱਖਾਂ ਸੁੱਖਣ ਅਤੇ ਲਾਹੁਣ ਵਾਲੇ ਸੱਚਮੁੱਚ ਪ੍ਰਸ਼ੰਸਾ ਦੇ ਪਾਤਰ ਵੀ ਹੁੰਦੇ ਹਨ। ਉਦਾਹਰਣ ਵਜੋਂ ਕੁਝ ਵਿਅਕਤੀ ਆਪਣੀ ਕਿਸੇ ਨਿੱਜੀ ਜਾਂ ਪਰਿਵਾਰਿਕ ਸਫ਼ਲਤਾ, ਪ੍ਰਾਪਤੀ ਜਾ ਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਕਿਸੇ ਵਿੱਦਿਅਕ ਸੰਸਥਾ, ਹਸਪਤਾਲ ਜਾਂ ਧਰਮਸ਼ਾਲਾ ਆਦਿ ਵਿਚ ਕੋਈ ਪੱਖਾ ਜਾਂ ਕੂਲਰ ਆਦਿ ਲਗਵਾ ਦਿੰਦੇ ਹਨ; ਕਿਸੇ ਕਮਰੇ ਦੀ ਉਸਾਰੀ ਕਰਵਾ ਦਿੰਦੇ ਹਨ; ਕਿਸੇ ਕੁਸ਼ਟ ਆਸ਼ਰਮ, ਕਿਸੇ ਅਨਾਥ ਆਸ਼ਰਮ ਜਾਂ ਕਿਸੇ ਬਿਰਧ ਆਸ਼ਰਮ ਦੀ ਕੋਈ ਸਹਾਇਤਾ ਕਰ ਦਿੰਦੇ ਹਨ। ਲੋੜਵੰਦ ਵਿਦਿਆਰਥੀਆਂ ਦੀ ਕੋਈ ਮਦਦ ਕਰ ਦਿੰਦੇ ਹਨ। ਕਿਸੇ ਲਾਇਬ੍ਰੇਰੀ ਜਾਂ ਖੇਡ-ਮੈਦਾਨ ਲਈ ਸਹਿਯੋਗ ਕਰ ਦਿੰਦੇ ਹਨ; ਕਿਸੇ ਅਪਾਹਜ, ਮਰੀਜ਼ ਜਾਂ ਕਿਸੇ ਹੋਰ ਲੋੜਵੰਦ ਵਿਅਕਤੀ ਦੀ ਸਹਾਇਤਾ ਕਰ ਦਿੰਦੇ ਹਨ; ਜਾਂ, ਕਿਸੇ ਹੋਰ ਸਮਾਜਿਕ ਕਾਰਜ ਵਿਚ ਆਪਣਾ ਯੋਗਦਾਨ ਪਾ ਦਿੰਦੇ ਹਨ। ਮੈਂ ਅਜਿਹੇ ਬਹੁਤ ਸਾਰੇ ਵਿਅਕਤੀ ਅਤੇ ਪਰਿਵਾਰ ਦੇਖੇ ਹਨ (ਸਾਡਾ ਆਪਣਾ ਪਰਿਵਾਰ ਵੀ ਉਨ੍ਹਾਂ ਵਿਚੋਂ ਇਕ ਹੈ), ਜੋ ਕੋਈ ਅਜਿਹਾ ਸ਼ੁਭ ਕਾਰਜ ਕਰਕੇ ਆਪਣੀ ਖ਼ੁਸ਼ੀ ਵਿਚ ਵੀ ਵਾਧਾ ਕਰਦੇ ਹਨ ਅਤੇ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਦੇ ਹਨ। ਅਜਿਹੇ ਹੀ ਇਕ ਵਿਅਕਤੀ ਦੀ ਉਦਾਹਰਣ ਮੈਂ ਆਪਣੇ ਪਾਠਕਾਂ ਨਾਲ ਸਾਂਝੀ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ: ਵੀਹ-ਬਾਈ ਸਾਲ ਪੁਰਾਣੀ ਗੱਲ ਹੈ। ਮੇਰਾ ਇਕ ਸਾਬਕਾ ਵਿਦਿਆਰਥੀ, ਬਲਵੰਤ ਭਾਟੀਆ ਮੈਨੂੰ ਮਿਲਣ ਲਈ ਕਾਲਜ ਵਿਚ ਆਇਆ। ਉਸ ਸਮੇਂ ਉਹ ਇਕ ਬੈਂਕ ਵਿਚ ਮੈਨੇਜਰ ਸੀ। ਅੱਜ-ਕੱਲ੍ਹ ਉਹ ਇਕ ਵਧੀਆ ਸ਼ਾਇਰ ਹੈ ਅਤੇ ਮਾਨਸਾ ਵਿਖੇ ਵਕਾਲਤ ਕਰ ਰਿਹਾ ਹੈ। ਜਦ ਮੈਂ ਉਸ ਨੂੰ ਕਾਲਜ ਆਉਣ ਦਾ ਸਬੱਬ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਉਹ ਇਕ ਸੁੱਖ ਲਾਹੁਣ ਆਇਆ ਹੈ। ਇਹ ਸੋਚਦੇ ਹੋਏ ਕਿ ਮੈਂ ਉਸ ਦੀ ਗੱਲ ਸਹੀ ਤਰ੍ਹਾਂ ਸੁਣ ਨਹੀਂ ਪਾਇਆ ਹਾਂ ਕਿਉਂਕਿ ਸੁੱਖ ਲਾਹੁਣ ਤਾਂ ਲੋਕ ਕਿਸੇ ਧਰਮ ਸਥਾਨ ’ਤੇ ਜਾਂਦੇ ਹਨ, ਮੈਂ ਉਸ ਨੂੰ ਵਧੇਰੇ ਸਪਸ਼ਟ ਹੋਣ ਲਈ ਕਿਹਾ। ਉਹ ਕਹਿਣ ਲੱਗਾ, ‘ਸਰ, ਮੇਰਾ ਕੋਈ ਕੰਮ ਅੜਿਆ ਹੋਇਆ ਸੀ ਤੇ ਮੈਂ ਆਪਣੇ ਮਨ ਵਿਚ ਇਹ ਧਾਰਿਆ ਸੀ ਕਿ ਜੇਕਰ ਮੇਰਾ ਉਹ ਕੰਮ ਰਾਸ ਆ ਜਾਵੇ ਤਾਂ ਮੈਂ ਆਪਣੇ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਦੀ 5,100 ਰੁ: ਨਾਲ ਸਹਾਇਤਾ ਕਰਾਂਗਾ। ਹੁਣ ਮੇਰਾ ਉਹ ਕੰਮ ਠੀਕ ਹੋ ਗਿਆ ਹੈ ਅਤੇ ਮੈਂ ਆਪਣੀ ਸੁੱਖ ਲਾਹੁਣ ਆਇਆ ਹਾਂ।’ ਇਹ ਕਹਿੰਦਿਆਂ ਉਸਨੇ ਆਪਣੀ ਜੇਬ੍ਹ ਵਿਚੋਂ 5,100 ਰੁ: ਕੱਢ ਕੇ ਮੈਨੂੰ ਫੜਾ ਦਿੱਤੇ। ਮੈਂ ਉਸ ਨੂੰ ਪ੍ਰਿੰਸੀਪਲ ਸਾਹਿਬ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਉਹ ਬਲਵੰਤ ਦੀ ਸੋਚ ਬਾਰੇ ਸੁਣ ਕੇ ਅਸ਼-ਅਸ਼ ਕਰ ਉਠੇ ਤੇ ਕਹਿਣ ਲੱਗੇ ਕਿ ਜੇਕਰ ਸਾਰੇ ਲੋਕ ਹੀ ਇਸ ਤਰ੍ਹਾਂ ਸੋਚਣ ਲੱਗ ਪੈਣ ਤਾਂ ਸਾਡੇ ਮੁਲਕ ਦੀਆਂ ਢੇਰ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਸਕਦੀਆਂ ਹਨ। ਬਲਵੰਤ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਲਈ ਉਸਦੀ ਵਿੱਦਿਅਕ ਸੰਸਥਾ ਹੀ ਸਭ ਤੋਂ ਵੱਡਾ ਤੀਰਥ ਅਸਥਾਨ ਹੈ ਅਤੇ ਇਸ ਲਈ ਕੁਝ ਕਰ ਸਕਣਾ ਉਸਦੇ ਧੰਨ-ਭਾਗ ਹਨ। ਬਲਵੰਤ ਦੁਆਰਾ ਦਿੱਤੀ ਗਈ ਰਾਸ਼ੀ ਮੈਂ ਆਪਣੇ ਬਟੂਏ ਦੀ ਪਿਛਲੀ ਜੇਬ੍ਹ ਵਿਚ ਪਾ ਲਈ ਜੋ ਮੈਂ ਅਜਿਹੇ ਕਾਰਜਾਂ ਲਈ ਆਉਣ ਵਾਲੇ ਕਿਸੇ ਵੀ ਪੈਸੇ ਲਈ ਰਾਖਵੀਂ ਰੱਖੀ ਹੋਈ ਸੀ। ਇਸ ਜੇਬ੍ਹ ਵਿਚ ਹੋਰ ਵੀ ਪੈਸੇ ਜਮ੍ਹਾ ਹੁੰਦੇ ਰਹਿੰਦੇ ਸਨ ਅਤੇ ਅਸੀਂ ਮਿਲ-ਜੁਲ ਕੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਦੇ ਰਹਿੰਦੇ ਸੀ।
ਅਖ਼ੀਰ ਵਿਚ ਇਹ ਸੋਚਣਾ ਵੀ ਵਾਜਬ ਹੋਵੇਗਾ ਕਿ ਕੀ ਕਿਸੇ ਸੁੱਖ ਸੁੱਖਣ ਨਾਲ ਜਾਂ ਕਿਸੇ ਗ਼ੈਬੀ ਸ਼ਕਤੀ ਦਾ ਸਹਾਰਾ ਤੱਕਣ ਨਾਲ ਸੱਚਮੁੱਚ ਹੀ ਕੋਈ ਲਾਭ ਵੀ ਹੁੰਦਾ ਹੈ ਜਾਂ ਫਿਰ ਅਸੀਂ ਐਵੇਂ ਹੀ ਭਰਮ-ਜਾਲ਼ਾਂ ਵਿਚ ਫ਼ਸੇ ਰਹਿੰਦੇ ਹਾਂ। ਪਹਿਲੀ ਗੱਲ ਸੁੱਖ ਵਾਲੀ ਹੈ। ਨਿਰਸਵਾਰਥ ਹੋ ਕੇ ਪਾਠ-ਪੂਜਾ, ਪੁੰਨ-ਦਾਨ ਜਾਂ ਸ਼ੁਭ ਕਾਰਜ ਕਰਦੇ ਰਹਿਣਾ ਬਿਲਕੁਲ ਸ਼ਲਾਘਾਯੋਗ ਹੈ। ਜੇਕਰ ਇਹ ਪਰਮਤਾਮਾ ਦੇ ਸ਼ੁਕਰਾਨੇ ਵਜੋਂ ਕੀਤਾ ਜਾਂਦਾ ਹੈ ਤਾਂ ਵੀ ਜਾਇਜ਼ ਲਗਦਾ ਹੈ। ਪਰ ਜੇਕਰ ਇਹ ਸਭ ਕੁਝ ਕਿਸੇ ਦੇਵੀ-ਦੇਵਤੇ ਨੂੰ ਭਰਮਾਉਣ ਜਾਂ ਕਿਸੇ ਗ਼ੈਬੀ ਸ਼ਕਤੀ ਨੂੰ ਲੁਭਾਉਣ ਅਤੇ ਆਪਣੇ ਹੱਕ ਵਿਚ ਭੁਗਤਾਉਣ ਲਈ ਰਿਸ਼ਵਤ ਵਜੋਂ ਕੀਤਾ ਜਾਂਦਾ ਹੈ, ਤਾਂ ਗੱਲ ਕੁਝ ਜਚਦੀ ਨਹੀਂ।
ਦੂਜੀ ਗੱਲ, ਕਿਸੇ ਗ਼ੈਬੀ ਸ਼ਕਤੀ ਦਾ ਸਹਾਰਾ ਤੱਕਣ ਦੀ ਹੈ। ਆਪਣੀ ਪੀਐਚ.ਡੀ. ਕਰਦਿਆਂ, ਇਕ ਦਿਨ ਮੇਰੀ ਬੇਟੀ ਕਹਿ ਬੈਠੀ, ‘ਹੇ ਮਹਾਰਾਜ, ਮੇਰੀ ਪੀਐਚ.ਡੀ. ਜਲਦੀ ਕਰਵਾ ਦੇ।’ ਕੋਲ ਹੀ ਬੈਠੀ ਮੇਰੀ ਪੰਜਵੀਂ ਜਮਾਤ ਵਿਚ ਪੜ੍ਹਦੀ ਦੋਹਤੀ, ਸੀਰਤ ਝੱਟ ਬੋਲੀ, ‘ਮੰਮੀ, ਪੀਐਚ.ਡੀ. ਮਹਾਰਾਜ ਨੇ ਨਹੀਂ ਕਰਵਾਉਣੀ; ਤੂੰ ਖ਼ੁਦ ਪੜ੍ਹ ਕੇ ਕਰਨੀ ਹੈ… ਜੇ ਜਲਦੀ ਕਰਨੀ ਹੈ, ਤਾਂ ਵੱਧ ਪੜ੍ਹਾਈ ਕਰਿਆ ਕਰ!’ ਇਸ ਤਰ੍ਹਾਂ ਦੀ ਹੀ ਇਕ ਘਟਨਾ ਮੇਰੇ ਸਕੂਲ ਸਮੇਂ ਦੀ ਹੈ। ਮਾਨਸਾ ਵਿਚ ਮਾਰਚ ਮਹੀਨੇ ਦੌਰਾਨ ਬਾਬਾ ਭਾਈ ਗੁਰਦਾਸ ਦਾ ਮੇਲਾ ਲਗਦਾ ਹੈ। ਅਸੀਂ ਸਾਰੇ ਬੱਚੇ ਜਾਂ ਤਾਂ ਮੇਲੇ ਵਿਚ ਜਾ ਕੇ ਅਤੇ ਆਪਣੇ ਨਾਲ ਪੰਜ ਆਨਿਆਂ ਦਾ ਪਤਾਸਿਆਂ ਦਾ ਪ੍ਰਸ਼ਾਦਿ ਲਿਜਾ ਕੇ ਜਾਂ ਵੈਸੇ ਹੀ ਭਾਈ ਗੁਰਦਾਸ ਦੀ ਸਮਾਧ ਵੱਲ ਮੂੰਹ ਕਰਕੇ, ਉਚੀ-ਉਚੀ ਕਿਹਾ ਕਰਦੇ ਸੀ: ‘ਜੈ ਬਾਬਾ ਭਾਈ ਗੁਰਦਾਸ; ਤੇਰੀ ਆਸ; ਸਾਨੂੰ ਕਰਦੇ ਪਾਸ।’ ਇਕ ਦਿਨ ਸਾਡੇ ਇਕ ਅਧਿਆਪਕ ਨੇ ਸਾਨੂੰ ਕਲਾਸ ਵਿਚ ਇਸ ਤਰ੍ਹਾਂ ਕਹਿੰਦਿਆਂ ਸੁਣ ਲਿਆ ਤੇ ਉਹ ਸਾਨੂੰ ਝਿੜਕ ਕੇ ਕਹਿਣ ਲੱਗਾ, ‘ਥੋਨੂੰ ਪਾਸ ਥੋਡੀ ਪੜ੍ਹਾਈ ਨੇ ਕਰਨਾ ਹੈ, ਬਾਬੇ ਭਾਈ ਗੁਰਦਾਸ ਨੇ ਨਹੀਂ ਕਰਨਾ; ਪੜ੍ਹਿਆ ਕਰੋ।’ ਮੇਰਾ ਭਾਵ ਤੁਸੀਂ ਸਮਝ ਹੀ ਗਏ ਹੋਵੋਗੇ। ਜੋ ਮਿਲਣਾ ਹੈ, ਸਾਡੀ ਹਿਮੰਤ, ਮਿਹਨਤ, ਪ੍ਰਤੀਬੱਧਤਾ, ਸੁਹਿਰਦਤਾ, ਸਮਰਪਿਤ ਭਾਵਨਾ ਅਤੇ ਨੇਕ ਨੀਤੀ ਨਾਲ ਹੀ ਮਿਲਣਾ ਹੈ। ਮਨ ਨੂੰ ਝੂਠੇ ਦਿਲਾਸੇ ਜਾਂ ਠੁੰਮ੍ਹਣੇਂ ਜਿੰਨੇ ਮਰਜ਼ੀ ਦੇ ਲਈਏ – ਰੱਬ ਤਾਂ ਉਨ੍ਹਾਂ ਦੀ ਹੀ ਸਹਾਇਤਾ ਕਰਦਾ ਹੈ, ਜੋ ਆਪਣੀ ਸਹਾਇਤਾ ਆਪ ਕਰਦੇ ਹਨ।

Send this to a friend