ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਿਹਤ ਲਗਾਤਾਰ ਵਿਗੜ ਰਹੀ ਹੈ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਇਹ ਲਗਦਾ ਸੀ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਆਪਣੀ ਸਰਕਾਰ ਬਣਾਏਗੀ। ਚੋਣ ਦੇ ਨਤੀਜਿਆਂ ਦੇ ਆਖਰੀ ਦਿਨ ਤੱਕ ‘ਆਪ’ ਨੇਤਾਵਾਂ ਅਤੇ ਵਰਕਰਾਂ ਨੂੰ ਵੀ ਇਹੋ ਭਰਮ ਰਿਹਾ ਕਿ ਉਹ ਦਿੱਲੀ ਦੀ ਕਹਾਣੀ ਪੰਜਾਬ ਵਿੱਚ ਦੁਹਰਾਉਣ। ਜਦੋਂ ਨਤੀਜੇ ਆਏ ਤਾਂ ‘ਆਪ’ ਦੇ ਪਲੇ ਨਿਰਾਸ਼ਾ ਪਈ। ਬੇਸ਼ਕ ਪੰਜਾਬ ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜਨ ਵਾਲੀ ‘ਆਪ’ ਨੂੰ ਪੰਜਾਬੀਆਂ ਵੱਲੋਂ ਚੰਗਾ ਹੁੰਗਾਰਾ ਭਰਿਆ ਗਿਆ। ਪਾਰਟੀ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਪੰਜਾਬ ਦੀ ਪ੍ਰਮੁੱਖ ਵਿਰੋਧੀ ਧਿਰ ਬਣ ਗਈ। ‘ਆਪ’ ਦੀ ਹਾਰ ਦੇ ਕਈ ਕਾਰਨ ਹਨ। ਇਹ ਕਾਰਨ ਹਾਲੇ ਵੀ ਮੌਜੂਦ ਹਨ। ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੇ ਪਾਰਟੀ ਦੀਆਂ ਇਨ੍ਹਾਂ ਕਮਜ਼ੋਰੀਆਂ ਨੂੰ ਇਕ ਵਾਰ ਫਿਰ ਸਾਹਮਣੇ ਲੈ ਆਂਦਾ ਹੈ। ਪਾਰਟੀ ਅੰਦਰ ਅਨੁਸਾਸ਼ਨ ਦੀ ਕਮੀ ਹੈ। ਪਾਰਟੀ ਦੇ ਬਹੁਤੇ ਨੇਤਾ ਇਕ ਦੂਜੇ ਖਿਲਾਫ ਇਲਜ਼ਾਮਬਾਜ਼ੀ ਵਿੱਚ ਉਲਝੇ ਹੋਏ ਹਨ। ਵਾਅਦਿਆਂ ਦੇ ਬਾਵਜੂਦ ਪਾਰਟੀ ਦੇ ਵਲੰਟੀਅਰਾਂ ਨੂੰ ਯੋਗ ਮਾਣ-ਸਤਿਕਾਰ ਨਹੀਂ ਮਿਲ ਰਿਹਾ। ਪਾਰਟੀ ਸੰਗਠਨ ਅਤੇ ਨੀਤੀਆਂ ਦੇ ਪੱਧਰ ਉਪਰ ਵੀ ਸੰਕਟ ਦਾ ਸ਼ਿਕਾਰ ਹੈ। ਕੇਂਦਰੀ ਲੀਡਰਸ਼ਿਪ ਦੀ ਪਕੜ ਠਿੱਲੀ ਪੈ ਚੁੱਕੀ ਹੈ। ਇਸ ਦੇ ਚਲਦਿਆਂ ਪੰਜਾਬ ਵਿੱਚ ਪਾਰਟੀ ਅੰਦਰ ਆਪਾਧਾਪੀ ਪਈ ਹੋਈ ਹੈ। ਪਾਰਟੀ ਦਾ ਕੋਈ ਸੂਬਾ ਪ੍ਰਧਾਨ ਨਹੀਂ ਹੈ। ਜੋ ਹੈ ਉਹ ਅਸਤੀਫਾ ਦੇ ਚੁੱਕਾ ਹੈ। ਸਾਰੇ ਨੇਤਾ ਆਪੋ-ਆਪਣੇ ਤਰੀਕੇ ਨਾਲ ਸਥਿਤੀ ਦੀ ਵਿਆਖਿਆ ਕਰ ਰਹੇ ਹਨ। ਸੰਗਠਨ ਦੇ ਪੱਧਰ ਉਪਰ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ। ਲੋਕਾਂ ਦੇ ਮਸਲੇ ਉਭਾਰਨ ਵਿੱਚ ਵੀ ਪਾਰਟੀ ਬੁਰੀ ਤਰ੍ਹਾਂ ਅਸਫਲ ਹੋ ਰਹੀ ਹੈ। ਹੋਰ ਤਾਂ ਹੋਰ ਪੰਜਾਬ ਵਿਧਾਨ ਸਭਾ ਅੰਦਰ ਵੀ ਵਿਰੋਧੀ ਧਿਰ ਵਜੋਂ ਪਾਰਟੀ ਦੀ ਭੂਮਿਕਾ ਕੋਈ ਬਹੁਤੀ ਪ੍ਰਭਾਵਸ਼ਾਲੀ ਨਹੀਂ ਰਹੀ। ‘ਆਪ’ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਵਧੇਰੇ ਸਰਗਰਮੀ ਦਿਖਾ ਰਿਹਾ ਹੈ। ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਸ਼ਾਹਕੋਟ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਆਪਣੀ ਇਜ਼ਤ ਬਚਾਉਣ ਵਿੱਚ ਸਫਲ ਰਿਹਾ ਹੈ ਪ੍ਰੰਤੂ ‘ਆਪ’ ਦੇ ਪੱਲੇ ਘੋਰ ਨਿਰਾਸ਼ਾ ਪਈ ਹੈ। ਹਾਲਾਤ ਬੇਸ਼ਕ ਮਾੜੇ ਹਨ ਪ੍ਰੰਤੂ ‘ਆਪ’ ਹਾਲੇ ਵੀ ਪ੍ਰਸੰਗਹੀਣ ਨਹੀਂ ਹੋਈ। ‘ਆਪ’ ਵਰਗੀ ਸਿਆਸਤ ਅਤੇ ਨੀਤੀ ਦੀ ਪੰਜਾਬ ਨੂੰ ਡਾਢੀ ਲੋੜ ਹੈ। ਭ੍ਰਿਸ਼ਟ ਸਿਆਸਤਦਾਨਾਂ ਤੋਂ ਛੁਟਕਾਰੇ ਲਈ ‘ਆਪ’ ਵਰਗੀ ਨੀਤੀ ਹੀ ਕਾਰਗਰ ਹੋ ਸਕਦੀ ਹੈ। ਪਰ ਵੱਡਾ ਸਵਾਲ ਇਹ ਹੈ ਕਿ ਪੰਜਾਬ ’ਚ ‘ਆਪ’ ਦਾ ਮੁੜ ਸਿਆਸੀ ਉਭਾਰ ਕਿਵੇਂ ਹੋਵੇ। ਇਸ ਸਵਾਲ ’ਤੇ ‘ਆਪ’ ਦੇ ਸਮੁੱਚੇ ਕਾਡਰ ਨੂੰ ਆਪਣਾ ਧਿਆਨ ਕੇਂਦਰ ਕਰਨਾ ਹੋਵੇਗਾ। ਜੇਕਰ ‘ਆਪ’ ਦੇ ਸਾਰੇ ਵਰਕਰ ਅਤੇ ਨੇਤਾ ਮਿਲਜੁਲ ਕੇ ਕੰਮ ਕਰਨ ਅਤੇ ਸੂਬੇ ਦੀ ਰਾਜਨੀਤੀ ਨੂੰ ਬਦਲਣ ਲਈ ਅੱਗੇ ਆਉਣ ਤਦ ‘ਆਪ’ ਇਕ ਵਾਰ ਫਿਰ ਪੰਜਾਬ ਦੇ ਲੋਕਾਂ ਦੀ ਚਹੇਤੀ ਸਿਆਸੀ ਧਿਰ ਬਣ ਸਕਦੀ ਹੈ। ਇਸ ਲਈ ਨੇਤਾਵਾਂ ਨੂੰ ਅਹੁਦਿਆਂ ਦਾ ਲਾਲਚ ਛੱਡਣਾ ਹੋਵੇਗਾ। ‘ਆਪ’ ਦੇ ਵਰਕਰਾਂ ਨੂੰ ਬੇਲੋੜੇ ਵਿਵਾਦ ਛੱਡ ਕੇ ਲੋਕਾਂ ਵਿੱਚ ਵਿਚਰਨਾ ਚਾਹੀਦਾ ਹੈ। ਸੋਸ਼ਲ ਮੀਡੀਆ ਰਾਹੀਂ ਪਾਰਟੀ ਦੀ ਚਰਚਾ ਕਰਵਾਈ ਜਾ ਸਕਦੀ ਹੈ ਪ੍ਰੰਤੂ ਸਿਆਸੀ ਮਜ਼ਬੂਤੀ ਲਈ ‘ਆਪ’ ਨੂੰ ਜ਼ਮੀਨ ’ਤੇ ਉਤਰਨਾ ਪਵੇਗਾ। ਪਾਰਟੀ ਨੂੰ ਵੱਖ-ਵੱਖ ਮੁੱਦਿਆਂ ਉਪਰ ਦੋਚਿਤੀ ਤਿਆਗਣੀ ਚਾਹੀਦੀ ਹੈ। ਸੂਬਾ ਲੀਡਰਸ਼ਿਪ ਅਤੇ ਜ਼ਿਲ੍ਹਿਆਂ ਵਿੱਚ ਜਥੇਬੰਦਕ ਢਾਂਚੇ ਦਾ ਸਪੱਸ਼ਟ ਅਤੇ ਪ੍ਰਭਾਵਸ਼ਾਲੀ ਸੰਗਠਨ ਸਾਹਮਣੇ ਆਉਣਾ ਚਾਹੀਦਾ ਹੈ। ਪਾਰਟੀ ਨੂੰ ਵੱਡੇ ਨੇਤਾਵਾਂ ਦੀ ਲੋੜ ਨਹੀਂ ਹੈ, ਸਗੋਂ ਛੋਟੇ ਨੇਤਾਵਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਤਾਂ ਜੋ ਉਹ ਲੋਕਾਂ ਵਿੱਚ ਜਾ ਕੇ ਕੰਮ ਕਰ ਸਕਣ। ਬੇਸ਼ਕ ਪਾਰਟੀ ਦੇ ਕੌਮੀ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਲਈ ਪੰਜਾਬ ਹੁਣ ਤਰਜੀਹੀ ਖੇਤਰ ਨਹੀਂ ਰਿਹਾ ਪ੍ਰੰਤੂ ਉਨ੍ਹਾਂ ਨੂੰ ਪਾਰਟੀ ਦੇ ਸੂਬਾਈ ਮਾਮਲਿਆਂ ਵਿੱਚ ਦਖਲ ਵੀ ਘਟਾਉਣਾ ਚਾਹੀਦਾ ਹੈ। ਚੰਗਾ ਹੋਵੇਗਾ ਜੇਕਰ ਪਾਰਟੀ ਦੇ ਸਾਰੇ ਵੱਡੇ ਨੇਤਾ ਮਿਲ ਕੇ ਆਪਣੇ ਨਿੱਜੀ ਹਿੱਤਾਂ ਨੂੰ ਲਾਂਭੇ ਰੱਖ ਕੇ ਪੰਜਾਬ ਦੀ ਭਲਾਈ ਲਈ ਸੋਚਣ।
12 ਜੂਨ 2018 – ਬਲਜੀਤ ਸਿੰਘ ਬਰਾੜ