May 31, 2026 9:02 am

ਕੈਨੇਡਾ ਸੀਜਨ ਦੇ ਪਹਿਲੇ ਕਬੱਡੀ ਕੱਪ ਤੇ ਮੈਟਰੋ ਕਲੱਬ ਦੀ ਰਹੀ ਝੰਡੀ

ਪੰਜਾਬੀਆ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਡਾਲਰਾ ਦੀ ਪੁੱਠ ਚਾੜਨ ਵਾਲੇ ਦੇਸ਼ ਕੈਨੇਡਾ ਵਿੱਚ ਕਬੱਡੀ ਮੁਕਾਬਲਿਆ ਦੀ ਸ਼ੁਰੂਆਤ ਹੋ ਚੁੱਕੀ ਹੈ । ਪਿਛਲੇ ਲੰਮੇ ਅਰਸੇ ਤੋਂ ਆਪਣੀ ਵਿਰਾਸਤੀ ਖੇਡ ਨੂੰ ਖੁਸਹਾਲੀ ਬਖਸਣ ਵਾਲੇ ਕਿਰਤੀ ਤੇ ਮੇਹਨਤਕਸ ਲੋਕਾਂ ਦੇ ਦੇਸ਼ ਕੈਨੇਡਾ ਦੀ ਕਬੱਡੀ ਦਾ ਇਸ ਸਾਲ ਦਰਸ਼ਕਾ ਨੂੰ ਵੱਡੇ ਪੱਧਰ ਇੰਤਜਾਰ ਸੀ । ਜਿਸ ਦੀ ਸ਼ੁਰੂਆਤ ਓਨਟਾਰੀਓ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਮੈਟਰੋ ਪੰਜਾਬੀ ਸਪੋਰਟਸ ਕਲੱਬ ਤੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੇ ਸਾਂਝੇ ਯਤਨਾ ਨਾਲ ਹੋਈ । ਸਮੁੱਚੀ ਖੇਡ ਫੈਡਰੇਸ਼ਨ ਤੇ ਕਬੱਡੀ ਕਲੱਬਾ ਵਲੋਂ ਬੜੇ ਹੀ ਉਤਸਾਹ ਨਾਲ ਪਹਿਲੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ । ਸਵੇਰ ਸਮੇਂ ਸੁਹਾਵਣੇ ਮੌਸਮ ਵਿੱਚ ਅਸਮਾਨ ਵਿੱਚ ਗੁਬਾਰੇ ਛੱਡ ਕੇ ਖੁਸ਼ੀ ਦਾ ਇਜਹਾਰ ਕਰਦਿਆ ਕਬੱਡੀ ਪ੍ਰਬੰਧਕਾ ਨੇ ਜਿਸ ਬਾਰੇ ਖੁੱਲ੍ਹ ਕੇ ਚਰਚਾ ਕਰੀਏ ਤਾਂ ਇਸ ਤਰ੍ਹਾਂ ਰਿਹਾ ਇਹ ਪਲੇਠਾ ਖੇਡ ਮੇਲਾ –
ਸਾਕਾ ਨੀਲਾ ਤਾਰਾ ਦੇ ਸ਼ਹੀਦਾ ਨੂੰ ਸਮਰਪਿਤ ਪਹਿਲਾ ਖੇਡ ਮੇਲਾ -ਪੰਜਾਬੀ ਕੌਮ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਕੈਨੇਡਾ ਮਹਾਂਕੁੰਭ ਦੀ ਸ਼ੁਰੂਆਤ ਪਾਵਰਰੇਡ ਸੈਂਟਰ ਵਿੱਚ ਓਨਟਾਰੀਓ ਕਬੱਡੀ ਫੈਡਰੇਸ਼ਨ ਦੀ ਅਗਵਾਈ ਵਿੱਚ ਪ੍ਰਧਾਨ ਦਲਜੀਤ ਸਿੰਘ ਸਹੋਤਾ,ਚੇਅਰਮੈਨ ਮਲਕੀਤ ਸਿੰਘ ਦਿਓਲ,ਸੈਕਟਰੀ ਗੁਰਮੁੱਖ ਸਿੰਘ ਅਟਵਾਲ, ਵਾਇਸ ਪ੍ਰਧਾਨ ਬਿੱਲਾ ਸਿੱਧੂ , ਖਜਾਨਚੀ ਸ਼ੇਰਾ ਮੰਡੇਰ,ਡਰਾਇਕੈਟਰ ਹਰਮਨ ਚਾਹਲ, ਜਤਿੰਦਰ ਸਿੰਘ ਤੋਚੀ, ਰੇਸ਼ਮ ਸਿੰਘ ਰਾਜਸਥਾਨੀ ,ਜਿੰਦਰ ਬੁੱਟਰ ਦੀ ਅਗਵਾਈ ਵਿੱਚ ਮੈਟਰੋ ਸ ਪੰਜਾਬੀ ਸਪੋਰਟਸ ਕਲੱਬ ਤੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੇ ਯਤਨਾ ਨਾਲ ਕੀਤੀ ਗਈ ।ਸਿੱਖ ਕੌਮ ਦੀ ਨਾ ਭੁੱਲਣਯੋਗ ਘਟਨਾ ਸਾਕਾ ਨੀਲਾ ਤਾਰਾ ਦਾ ਇਤਿਹਾਸ ਵਿੱਚ ਬੜਾ ਵੱਡਾ ਸਥਾਨ ਹੈ । ਟੋਰਾਂਟੋ ਦਾ ਪਹਿਲਾ ਕਬੱਡੀ ਕੱਪ ਸਾਕਾ ਨੀਲਾ ਤਾਰਾ ਦੇ ਸ਼ਹੀਦਾ ਨੂੰ ਸਮਰਪਿਤ ਕੀਤਾ ਗਿਆ ।
ਅਨੁਸਾਸਨ ਤੇ ਮਿਆਰੀ ਪ੍ਰਬੰਧ
ਸ਼ਮੁੱਚੀ ਖੇਡ ਫੈਡਰੇਸ਼ਨ ਤੇ ਕਬੱਡੀ ਕਲੱਬਾ ਵਲੋਂ ਇਹ ਮਤਾ ਪਕਾਇਆ ਗਿਆ ਕਿ ਪਿਛਲੀਆ ਗਲਤੀਆਂ ਨੂੰ ਮੁੜ ਨਹੀਂ ਦੁਹਰਾਇਆ ਜਾਵੇਗਾ । ਦਰਸ਼ਕਾ ਦੀ ਮੰਗ ਨੂੰ ਮੁੱਖ ਰੱਖਦਿਆ ਗਰਾਂਊਂਡ ਵਿੱਚ ਕੋਈ ਵੀ ਵਾਧੂ ਵਿਅਕਤੀ ਟੀਮਾ ਨਾਲ ਐਂਟਰ ਨਹੀਂ ਕਰੇਗਾ । ਇਸ ਗੱਲ ਤੇ ਸਾਰੀਆ ਕਲੱਬਾਂ ਦੇ ਪ੍ਰਬੰਧਕਾ ਨੇ ਤਸੱਲੀ ਪ੍ਰਗਟਾਈ । ਇਸ ਦੇ ਨਾਲ ਹੀ ਕਬੱਡੀ ਖਿਡਾਰੀਆ ਦੇ ਡੋਪ ਟੈਸਟ,ਚਿਕਨਾਈ ਤੇ ਪਾਬੰਦੀ, ਹਰ ਟੀਮ ਦੀ ਪੂਰੀ ਇੱਕ ਰੰਗ ਦੀ ਪੁਸਾਕ,ਟੀ ਵੀ ਤੇ ਰੀਪਲੇਅ ਦੀ ਸੁਵਿਧਾ ਵਰਗੇ ਅਹਿਮ ਫੈਸਲੇ ਵੀ ਇਸ ਸਾਲ ਲਏ ਗਏ ਹਨ ।ਕਬੱਡੀ ਮੈਚਾ ਦੇ ਸੰਚਾਲਨ ਲਈ ਚੰਗੇ ਅੰਪਾਇਰ ਰੈਫਰੀ ਸਾਬੀ ਜੰਡਿਆਲੀ,ਅਜਮੇਰ ਜਲਾਲ,ਪੱਪੂ ਧਨੀਪਿੰਡ,ਬਲਬੀਰ ਸਿੰਘ ,ਕੀਪਾ ਟਾਂਡਾ ਨੂੰ ਗਰਾਂਊਂਡ ਦੀ ਕਮਾਂਡ ਦਿੱਤੀ ਗਈ । ਇਸ ਦੇ ਨਾਲ ਹੀ ਵੱਖਰੀ ਤਕਨੀਕੀ ਕਮੇਟੀ ਦਾ ਵੀ ਗਠਨ ਕੀਤਾ ਗਿਆ । ਮੰਚ ਸੰਚਾਲਕ ਗੋਗਾ ਗਹੂਨੀਆ ਤੇ ਕੁਮੈਟਰ ਸੁਰਜੀਤ ਕਕਰਾਲੀ ,ਅਮਰੀਕ ਖੋਸਾ ਕੋਟਲਾ,ਕੁਲਵਿੰਦਰ ਬਨਿੰਗ,ਸਿੰਦਰ ਸਿੰਘ ਨੇ ਜਿੱਥੇ ਮੈਚਾ ਦਾ ਸੰਚਾਲਨ ਕੀਤਾ।ਉਥੇ ਵਾਰ ਵਾਰ ਨਿਯਮਾ ਦੀ ਪਾਲਣਾ ਤੇ ਵੀ ਜੋਰ ਦਿੱਤਾ । ਜਿੰਨਾ ਨੇ ਕਬੱਡੀ ਦੇ ਸੁਹਿਨਰੇ ਭਾਵਿੱਖ ਦੀ ਆਸ ਜਗਾਈ।
ਮੇਜਬਾਨ ਮੈਟਰੋ ਨੇ ਕੀਤੀ ਪਹਿਲੇ ਮੈਚ ਦੀ ਜੈਤੂ ਸ਼ੁਰੂਆਤ – ਕਬੱਡੀ ਮਹਾਂਕੁੰਭ ਦੀ ਸ਼ੁਰੂਆਤ ਮੁੇਜਬਾਨ ਟੀਮ ਮੈਟਰੋ ਪੰਜਾਬੀ ਸਪੋਰਟਸ ਕਲੱਬ ਤੇ ਯੰਗ ਸਪੋਰਟਸ ਕਲੱਬ ਦੇ ਮੁਕਾਬਲੇ ਨਾਲ ਹੋਈ । ਇਸ ਸੀਜਨ ਦੇ ਪਹਿਲੇ ਮੁਕਾਬਲੇ ਦੀ ਪਹਿਲੀ ਰੇਡ ਯੰਗ ਕਲੱਬ ਦੇ ਧਾਵੀ ਇੰਦਰਜੀਤ ਸਿੰਘ ਬੰਨੀ ਸਮਾਣਾ ਨੇ ਪਾ ਕੇ ਜੱਗਾ ਚਿੱਟੀ ਤੋਂ ਪਹਿਲਾ ਅੰਕ ਪ੍ਰਾਪਤ ਕੀਤਾ । ਜਦਕਿ ਉਸਦੇ ਜਵਾਬ ਵਿੱਚ ਮੈਟਰੋ ਦੇ ਧਾਵੀ ਸੁਲਤਾਨ ਸਿੰਘ ਸਮਸਪੁਰ ਨੇ ਵੀ ਦੂਜੀ ਰੇਡ ਨਾਲ ਅੰਕ ਆਪਣੀ ਟੀਮ ਲਈ ਪ੍ਰਾਪਤ ਕੀਤਾ । ਇਸ ਕਬੱਡੀ ਕੱਪ ਦਾ ਪਹਿਲਾ ਜੱਫਾ ਯੰਗ ਕਲੱਬ ਦੇ ਫਰਿਆਦ ਅਲੀ ਨੇ ਲਾ ਕੇ ਦਰਸ਼ਕਾ ਦਾ ਖੂਨ ਖੋਲਣ ਲਾ ਦਿੱਤਾ । ਇਸ ਮੁਕਾਬਲੇ ਚ ਗੱਗੀ ਮੱਲ੍ਹਾ ਨੇ ਇੱਕ ਅੰਕ ਕਾਮਨ ਕੀਤਾ ।ਰੀਪਲੇਅ ਦੇ ਰੋਲੇ ਕਾਰਨ ਪਹਿਲਾ ਮੈਚ ਦਸ ਮਿੰਟ ਤੱਕ ਰੁਕਿਆ ਰਿਹਾ । ਜਿਸ ਕਰਕੇ ਹਰ ਮੈਚ ਵਿੱਚ ਦੋ ਰੀਪਲੇਅ ਦੀ ਸੁਵਿਧਾ ਹਰ ਟੀਮ ਨੂੰ ਲਾਜਮੀ ਕੀਤੀ ਗਈ । ਇਸ ਮੁਕਾਬਲੇ ਚ ਹਾਫ ਸਮੇਂ ਤੱਕ ਯੰਗ ਕਲੱਬ ਨੇ ਮੈਟਰੋ ਨੂੰ ਭਰਵੀ ਟੱਕਰ ਦਿੱਤੀ । ਪ੍ਰੰਤੂ ਪਹਿਲੇ ਮੁਕਾਬਲੇ ਨੂੰ ਮੈਟਰੋ ਕਲੱਬ ਨੇ ਅੰਤਮ ਪਲਾਂ ਤੱਕ 31 ਦੇ ਮੁਕਾਬਲੇ 38 ਅੰਕ ਲੈ ਕੇ ਜਿੱਤ ਲਿਆ । ਭਾਰਤ ਤੋਂ ਪਹਿਲੀ ਵਾਰ ਖੇਡਣ ਗਏ ਕਬੱਡੀ ਖਿਡਾਰੀਆ ਲਈ ਕੈਨੇਡਾ ਦੀਆਂ ਘਾਹਦਾਰ ਗਰਾਊਂਡਾ ਦਾ ਤਜੁਰਬਾ ਥੋੜਾ ਔਖਾ ਰਿਹਾ ਜਿਸ ਕਰਕੇ ਇਸ ਮੁਕਾਬਲੇ ਚ ਨਵੇਂ ਖਿਡਾਰੀਆ ਦੇ ਮੁਕਾਬਲੇ ਰਵਾਇਤੀ ਸਟਾਰ ਹੀ ਜਲਵਾ ਦਿਖਾਉਣ ਵਿੱਚ ਕਾਮਯਾਬ ਰਹੇ । ਇਸ ਮੁਕਾਬਲੇ ਚ ਯੰਗ ਦੇ ਜਾਫੀ ਤਾਰੀ ਖੀਰਾਵਾਲ,ਫਰਿਆਦ ਅਲੀ,ਗੱਗੀ ਮੱਲਾ,ਕਮਲ ਟਿੱਬਾ ਤੇ ਧਾਵੀ ਗੱਗੀ ਖੀਰਾਚਵਾਲ,ਬੰਨੀ ਸਮਾਣਾ,ਨੀਨਾ ਡਰੋਲੀ ਤੇ ਮੈਟਰੋ ਵਲੋਂ ਯਾਦ ਕੋਟਲੀ,ਜੱਗਾ ਚਿੱਟੀ ਤੇ ਸੰਦੀਪ ਨੰਗਲ ਅੰਬੀਆ ,ਕਮਲ ਨਵਾਪਿੰਡ,ਸੁਲਤਾਨ ਸਮਸਪੁਰ,ਗੁਰਪ੍ਰੀਤ ਬੁਰਜਹਰੀ ਨੇ ਜਬਰਦਸਤ ਪ੍ਰਦਸ਼ਨ ਕੀਤਾ। ਰੈਸਲਿੰਗ ਦੀ ਦੁਨੀਆ ਚ ਹੱਥ ਅਜਮਾਉਣ ਤੋਂ ਬਾਆਦ ਨੀਨਾ ਡਰੋਲੀ ਨੇ ਚਾਰ ਸਾਲ ਬਾਅਦ ਫੇਰ ਕਬੱਡੀ ਮੈਦਾਨਾ ਚ ਵਾਪਸੀ ਕੀਤੀ ਹੈ । ਜਿਸ ਨੇ ਯੰਗ ਕਲੱਬ ਲਈ ਚੰਗੇ ਅੰਕ ਜੋੜੇ ।
ਇੰਟਰਨੈਸ਼ਨਲ ਤੇ ਟੋਰਾਂਟੋ ਪੰਜਾਬੀ ਨੇ ਖੇਡਿਆ ਦੂਜਾ ਮੈਚ
ਪਿਛਲੇ ਕਈ ਸਾਲਾ ਤੋਂ ਓਨਟਾਰੀਓ ਵਿੱਚ ਧਮਾਕੇ ਵਾਲੀ ਟੀਮ ਇੰਟਰਨੈਸ਼ਨਲ ਪੰਜਾਬੀ ਤੇ ਟੂਰਨਾਮੈਂਟ ਦੀ ਮੇਜਬਾਨ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੇ ਮੈਚ ਦੇ ਸ਼ੁਰੂਆਤੀ ਪਲ ਹੀ ਦਰਸ਼ਕਾ ਨੂੰ ਜੋਸ ਦਿਵਾਉਣ ਵਾਲੇ ਸਾਬਿਤ ਹੋਏ । ਇੰਟਰਨੈਸਨਲ ਕਲੱਬ ਦੇ ਧਾਵੀ ਕਬੱਡੀ ਦੇ ਮੱਚਦੇ ਅੰਗਾਰ ਦੁੱਲਾ ਬੱਗਾਪਿੰਡ ਦੀ ਪਹਿਲੀ ਰੇਡ ਤੇ ਹੀ ਟੋਰਾਂਟੋ ਦੀ ਟੀਮ ਦੇ ਜਾਫੀਆ ਨੇ ਜੱਫਾ ਲਾ ਦਿੱਤਾ । ਜਿਸ ਨਾਲ ਮੈਦਾਨ ਚ ਹਲਚਲ ਮੱਚ ਗਈ । ਪ੍ਰੰਤੂ ਇੰਟਰਨੈਸਨਲ ਵਲੋਂ ਖੇਡ ਰਹੇ ਹਰਦੀਪ ਸਿੰਘ ਬੇਨੜਾ ਨੇ ਵੀ ਜਲਦੀ ਭਾਜੀ ਮੋੜ ਦਿੱਤੀ । ਹਰ ਵਾਰ ਵੱਡੇ ਸਟਾਰਾ ਵਾਲੀ ਟੀਮ ਬਣਾਉਣ ਵਾਲੀ ਕਲੱਬ ਇੰਟਰਨੈਸਨਲ ਨੇ ਇਸ ਸਾਲ ਨਵੇਂ ਖਿਡਾਰੀਆ ਨੂੰ ਵੀ ਮੌਕਾ ਦਿੱਤਾ ਹੈ । ਇਸ ਮੁਕਾਬਲੇ ਚ ਵੀ ਕਾਂਟੇਦਾਰ ਟੱਕਰ ਦੇਖਣ ਨੂੰ ਮਿਲੀ । ਟੋਰਾਂਟੋ ਦੇ ਧਾਵੀ ਬਾਗੀ ਪਰਮਜੀਤਪੁਰ, ਤਾਜਾ ਕਾਲਾਸੰਘਾ, ਦਲਬੀਰ ਮਨਾਣਾ ਤੇ ਭੀਮ ਦੁਬਲੀ ਦੇ ਨਾਲ ਜਾਫੀ ਸਰਨਾ ਡੱਗੋਰਮਾਣਾ ,ਨਿੱਕੂ ਕਲਿਆਣ,ਫੂਲਾ ਸੂਸਕ,ਗੁਰਦੀਪ ਮਾਧੋਪੁਰ,ਮਨਜਿੰਦਰ ਉਡਣਾ ਆਖਰੀ ਪਲਾ ਤੱਕ ਚੰਗੀ ਕੋਸਿਸ ਕੀਤੀ ।
– ਬਾਕੀ ਕੱਲ੍ਹ ਪੜ੍ਹੋ
ਪ੍ਰੰਤੂ ਇੰਟਰਨੈਸ਼ਨਲ ਦੀ ਟੀਮ ਵਲੋਂ ਦੁੱਲਾ ਬੱਗਾਪਿੰਡ,ਮੰਨਾ ਬੱਲ ਨੌ, ਵਿਨੈ ਖੱਤਰੀ,ਗਗਨ ਨਾਗਰਾ ਦੀਆਂ ਰੇਡਾਂ ਤੇ ਬੱਬੂ ਭਿੰਡਰ ,ਹਰਦੀਪ ਬੇਨੜਾ,ਲੱਖਾ ਚੀਮਾ,ਗਿੰਦਾ ਬੱਗਾਪਿੰਡ ਤੇ ਖੁਸ਼ੀ ਦੁੱਗਾਂ ਆਪਣੀ ਟੀਮ ਨੂੰ ਪਹਿਲੀ ਜਿੱਤ ਦਿਵਾਉਣ ਚ ਸਫਲ ਰਹੇ । ਇਸ ਮੁਕਾਬਲੇ ਚ ਨਿੱਕੂ ਕਲਿਆਣ ਦੀ ਖੇਡ ਨੇ ਦਰਸ਼ਕਾ ਨੂੰ ਕਾਫੀ ਪ੍ਰਭਾਵਿੱਤ ਕੀਤਾ ।

ਵੱਡੇ ਸਟਾਰਾ ਨਾਲ ਲੈਸ ਟੀਮ ਦਾ ਮੁਕਾਬਲਾ ਓਕੇਡੀ ਤੇ ਬਰੈਂਪਟਨ ਵਿਚਕਾਰ

ਜਿਵੇਂ ਜਿਵੇਂ ਸੂਰਜ ਦੀ ਤਪਸ ਵਧਦੀ ਗਈ ਉਸ ਤਰ੍ਹਾਂ ਮੁਕਾਬਲੇ ਵੀ ਵੀ ਸਖਤ ਹੁੰਦੇ ਗਏ । ਪਹਿਲੇ ਕਬੱਡੀ ਕੱਪ ਦਾ ਤੀਜਾ ਮੈਚ ਓਨਟਾਰੀਓ ਖਾਲਸਾ ਦਰਬਾਰ ਤੇ ਬਰੈਂਪਟਨ ਟੋਰਾਂਟੋ ਕਲੱਬ ਦੇ ਦਰਮਿਆਨ ਖੇਡਿਆ ਗਿਆ ।ਬਰੈਂਪਟਨ ਕਲੱਬ ਨੇ ਜਾਫੀਆਂ ਦੇ ਰੂਪ ਚ ਚੀਨ ਦੀ ਦੀਵਾਰ ਖਿੱਚੀ ਹੋਈ ਸੀ । ਜਿਸ ਕੋਲ ਯਾਦਾ ਸੁਰਖਪੁਰ,ਨਿੰਦੀ ਬੇਨੜਾ,ਬੱਬੂ ਝਨੇੜੀ,ਜੋਧਾ ਸੁਰਖਪੁਰ ਤੇ ਅਰਸ ਚੋਹਲਾ ਆਦਿ ਸਾਮਿਲ ਸਨ। ਵੱਖ ਵੱਖ ਦੇਸ਼ਾ ਵਿੱਚ ਆਪਣੀ ਖੇਡ ਦਾ ਲੋਹਾ ਮੰਨਵਾ ਚੁੱਕੇ ਇਹ ਸਤੀਰਾ ਵਰਗੇ ਜਵਾਨਾ ਤੋਂ ਧਾਵੀ ਲਈ ਭੱਜਣਾ ਐਨਾ ਸੋਖਾ ਨਹੀਂ ਹੈ । ਪ੍ਰੰਤੂ ਮੈਦਾਨ ਚ ਆਉਣ ਵਾਲਾ ਕੋਈ ਵੀ ਬੰਦਾ ਘੱਟ ਨਹੀਂ ਹੁੰਦਾ ।ਮੁਕਾਬਲੇ ਦੀ ਸ਼ੁਰੂਆਤ ਹੋਈ ਤਾਂ ਓਕੇਡੀ ਦੇ ਜਾਫੀ ਸ਼ੇਰੂ ਧਨੌਰੀ ਨੇ ਦੋ ਜੱਫੇ ਲਾ ਕੇ ਵਿਰੋਧੀਆ ਤੇ ਦਬਾਅ ਬਣਾਉਣ ਦੀ ਕੋਸ਼ਿਸ ਕੀਤੀ ।ਪਹਿਲੇ ਹਾਫ ਸਮੇਂ ਤੱਕ ਪ੍ਰਸਿੱਧ ਖਿਡਾਰੀ ਸੰਦੀਪ ਲੱਲੀਆ ਦੀ ਕੋਚਿੰਗ ਵਾਲੀ ਟੀਮ ਓਕੇਡੀ ਨੇ ਬਰੈਂਪਟਨ ਟੋਰਾਂਟੋ ਨੂੰ 21 ਦੇ ਮੁਕਾਬਲੇ 14 ਅੰਕ ਹੀ ਦਿੱਤੇ ।ਇਸ ਮੁਕਾਬਲੇ ਚ ਅਮਨ ਬਿੱਲੀ , ਜੋਤ ਰਾਮਗੜ੍ਹ,ਸਕਤੀਮਾਨ,ਰੇਡਰ ਬੰਟੀ ਟਿੱਬਾ,ਮਨਮਿੰਦਰ ਸਰਾਂ,ਰਿੰਕੂ ਖਰੰਟੀ ਜੋਤਾ ਮਹਿਮਦਵਾਲ ਨੇ ਵਿਰੋਧੀਆਂ ਨੂੰ ਚੰਗਾ ਵਕਤ ਪਾਇਆ । ਜਦਕਿ ਦੂਜੇ ਹਾਫ ਵਿੱਚ ਬੱਬੂ ਝਨੇੜੀ,ਯਾਦਾ ਸੁਰਖਪੁਰ,ਅਰਸ ਚੋਹਲਾ ਤੇ ਧਾਵੀ ਪਵਨ ਢਿੱਲੋਂ ,ਭੋਲਾ ਧਨੌਰੀ,ਮਨਦੀਪ ਬੇਨੜਾ,ਰਾਜੂ ਕੋਟੜਾ ਕਾਲਾ ਧਨੌਲਾ ਨੇ ਵਿਰੋਧੀਆ ਨੂੰ 34 ਦੇ ਮੁਕਾਬਲੇ 40 ਅੰਕਾ ਤੇ ਪਛਾੜਦਿਆ ਜਿੱਤ ਦਰਜ ਕੀਤੀ । ਦੂਜੇ ਹਾਫ ਦੀ ਖੇਡ ਚ ਓਕੇਡੀ ਦੀ ਟੀਮ ਅੰਤਮ ਪਲਾਂ ਚ ਜਾ ਕੇ ਪਛੜ ਗਈ ।

ਮਝੈਲਾ ਦੇ ਜੱਫਿਆ ਨੇ ਨਚਾਈ ਦੁਨੀਆ

ਚੌਥਾ ਮੈਚ ਲਾਇਨ-ਮਾਲਟਨ ਕਲੱਬ ਤੇ ਯੰਗ ਕਲੱਬ ਦੀਆਂ ਟੀਮਾ ਦਰਮਿਆਨ ਖੇਡਿਆ ਗਿਆ । ਲਾਇਨ -ਮਾਲਟਨ ਕਲੱਬ ਕੋਲ ਥੱਪੜਾ ਦੀ ਕਬੱਡੀ ਖੇਡਣ ਵਾਲੇ ਮਾਝੇ ਦੇ ਗੱਭਰੂ ਤੇ ਯੰਗ ਕਲੱਬ ਕੋਲ ਪੰਜਾਬ ਦੀ ਰਾਇਲ ਕਿੰਗ ਵਾਲੀ ਕਪਿਊਟਰ ਜਾਫ ਲਾਈਨ ਸੀ । ਇਸ ਮੁਕਾਬਲੇ ਵਿੱਚ ਦੋਵੇਂ ਪਾਸੇ ਸਿਰੇ ਦੇ ਜੱਫੇ ਲੱਗੇ । ਕਬੱਡੀ ਵਿੱਚ ਟਾਰਜਨ ਦੇ ਤੌਰ ਤੇ ਸੱਦੇ ਜਾਂਦੇ ਗੁਰਦਿੱਤ ਕਿਸ਼ਨਗੜ੍ਹ ਨੇ ਜਿੱਥੇ ਰੇਡਰਾ ਦੇ ਪੈਰ ਉਖਾੜ ਦਿੱਤੇ । ਉਥੇ ਹੀ ਅਮ੍ਰਿਤ ਔਲਖ ਨੇ ਟੂਰਨਾਮੈਂਟ ਵਿੱਚ ਪਹਿਲਾ 200 ਡਾਲਰ ਦਾ ਜੱਫਾ ਲਾਇਆ ।ਜੋ ਕਿ ਪਹਿਲਾ ਪੈਸਿਆ ਦਾ ਜੱਫਾ ਸੀ । ਇਸਦੇ ਨਾਲ ਹੀ ਸੱਤੂ ਖਡੂਰ ਸਾਹਿਬ ਦੀਆ ਕੈਚੀਆ,ਕੁਲਦੀਪ ਸਿਕਾਰ ਮਾਛੀਆ ਤੇ ਜੌਹਲ ਰਮੀਦੀ ਦੀਆਂ ਝਪਟਾ ਨੇ ਦਰਸ਼ਕਾ ਦੀ ਦਿਹਾੜੀ ਦਾ ਮੁੱਲ ਮੋੜਿਆ । ਦੂਜੇ ਪਾਸੇ ਕਮਲ ਟਿੱਬਾ ਦਾ ਗਗਨ ਜੋਗੇਵਾਲ ਨੂੰ ਲਾਇਆ ਜੱਫਾ ਵੀ ਬਹਿਜਾ ਬਹਿਜਾ ਕਰਵਾ ਗਿਆ । ਇਸ ਮੁਕਾਬਲੇ ਚ ਲਾਇਨ ਮਾਲਟਨ ਦੇ ਧਾਵੀ ਸੁੱਖਾ ਮਾਹਲਾ,ਗਗਨ ਜੋਗੇਵਾਲ,ਨਿਰਮਲ ਲੋਪੋਕੇ,ਮਹਾਵੀਰ ਅਠਵਾਲ ਤੇ ਜੋਧਾ ਘੱਸ ਨੇ ਤਕੜੀ ਖੇਡ ਦਿਖਾਈ ।ਪਹਿਲੇ ਹਾਫ ਤੱਕ ਯੰਗ ਕਲੱਬ ਕੋਲ ਲੀਡ ਸੀ ,ਪ੍ਰੰਤੂ ਆਖਰੀ ਸਮੇਂ ਤੱਕ ਇਹ ਮੁਕਾਬਲਾ ਲਾਇਨ ਮਾਲਟਨ ਨੇ ਜਿੱਤ ਕੇ ਅਗਲੇ ਟੂਰਨਾਮੈਂਟਾ ਤੇ ਵੱਡੀ ਚਣੌਤੀ ਪੇਸ਼ ਕੀਤੀ ।

ਸੈਮੀਫਾਈਨਲ ਤੇ ਫਾਈਨਲ ਚੜੇ ਮੀਂਹ ਦੀ ਭੇਂਟ

ਮੈਟਰੋ ਪੰਜਾਬੀ ਸਪੋਰਟਸ ਕਲੱਬ ਤੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ ਇਸ ਟੂਰਨਾਮੈਂਟ ਨੂੰ ਲੈ ਕੇ ਪਿਛਲੇ ਕਈ ਮਹੀਨਿਆ ਤੋਂ ਤਿਆਰੀਆ ਕੀਤੀਆ ਹੋਈਆ ਸਨ । ਪ੍ਰੰਤੂ ਹਰ ਕਾਰਜ ਵਿੱਚ ਕੁਦਰਤ ਦਾ ਵੀ ਕੋਈ ਆਪਣਾ ਰੋਲ ਹੁੰਦਾ ਹੈ ।ਸੈਮੀਫਾਈਨਲ ਮੁਕਾਬਲਿਆ ਦੌਰਾਨ ਮੀਂਹ ਪੈਣ ਕਾਰਨ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਮੈਟਰੋ ਪੰਜਾਬੀ ਨਾਲ ਆਪਣਾ ਸੈਮੀਫਾਈਨਲ ਸੱਟਾ ਲੱਗਣ ਦੇ ਡਰੋ ਛੱਡ ਦਿੱਤਾ । ਜਦਕਿ ਦੂਜੇ ਸੈਮੀਫਾਈਨਲ ਮੈਚ ਵਿੱਚ ਲਾਇਨ ਮਾਲਟਨ ਕਲੱਬ ਨੇ ਬਰੈਂਪਟਨ ਟੋਰਾਂਟੋ ਨੂੰ ਹਰਾ ਕੇ ਫਾਈਨਲ ਖੇਡਣ ਦਾ ਮਾਣ ਪ੍ਰਾਪਤ ਕੀਤਾ । ਪਹਿਲੇ ਕਬੱਡੀ ਕੱਪ ਦਾ ਫਾਈਨਲ ਮੈਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਲਾਇਨ ਮਾਲਟਨ ਨੂੰ 14 ਦੇ ਮੁਕਾਬਲੇ 21 ਅੰਕ ਲੈ ਕੇ ਜਿੱਤ ਲਿਆ । ਇਸਦੇ ਨਾਲ ਹੀ ਬੈਸਟ ਰੇਡਰ ਦਾ ਖਿਤਾਬ ਮੈਟਰੋ ਕਲੱਬ ਦੇ ਸੁਲਤਾਨ ਸਮਸ਼ਪੁਰ ਤੇ ਬੈਸਟ ਜਾਫੀ ਦਾ ਖਿਤਾਬ ਯਾਦਵਿੰਦਰ ਸਿੰਘ ਕੋਟਲੀ ਗਾਂਜਰਾ ਨੇ ਜਿੱਤਿਆ । ਪਹਿਲੇ ਕਬੱਡੀ ਕੱਪ ਦੇ ਮੁਕਾਬਲਿਆ ਨੇ ਕਬੱਡੀ ਪ੍ਰੇਮੀਆ ਨੂੰ ਇੱਕ ਵਾਰ ਫੇਰ ਕਬੱਡੀ ਮੈਦਾਨਾ ਵੱਲ ਆਉਣ ਦਾ ਸੱਦਾ ਦਿੱਤਾ ।

ਕਲੱਬ ਦੇ ਪ੍ਰਬੰਧਕ ਤੇ ਸਹਿਯੋਗੀ

ਪ੍ਰਦੇਸ਼ਾ ਵਿੱਚ ਕੋਈ ਵੀ ਕਾਰਜ ਕਰਨ ਲਈ ਆਪਣੇ ਭਾਈਚਾਰੇ ਦੇ ਲੋਕਾਂ ਦਾ ਸਹਿਯੋਗ ਬੜਾ ਅਹਿਮ ਹੁੰਦਾ ਹੈ । ਕਿਉਂਕਿ ਇਹ ਸਹਿਯੋਗ ਚਾਹੇ ਪੈਸੇ ਦੇ ਰੂਪ ਵਿੱਚ ਹੋਵੇ ਚਾਹੇ ਦਰਸ਼ਕਾ ਵਲੋਂ ਮਿਲਣ ਵਾਲੇ ਸਾਰਥਿਕ ਹੁੰਗਾਰੇ ਦੇ ਤੌਰ ਤੇ ਹੋਵੇ । ਇਸ ਕਬੱਡੀ ਕੱਪ ਨੂੰ ਕਰਾਉਣ ਵਿੱਚ ਜਿੱਥੇ ਮੈਟਰੋ ਕਲੱਬ ਤੇ ਟੋਰਾਂਟੋ ਪੰਜਾਬੀ ਦੇ ਆਹੁਦੇਦਾਰ ਮਲਕੀਤ ਸਿੰਘ ਦਿਓਲ ਚੇਅਰਮੈਨ,ਪ੍ਰਧਾਨ ਸੁੱਖਾ ਮਾਨ,ਪਿੰਕੀ ਢਿੱਲੋਂ ,ਗੋਗਾ ਗਹੂਨੀਆ , ਅਵਤਾਰ ਸਿੰਘ ਬਾਬਾ ਪੂਨੀਆ,ਬਲਰਾਜ ਚੀਮਾ,ਕਾਲਾ ਹਾਂਸ,ਚੈਨੀ ਧਾਲੀਵਾਲ,ਭਿੰਦਰ ਸੇਖੋਂ,ਦਵਿੰਦਰ ਮਾਨ,ਪਰਮਜੀਤ ਢੱਟ,ਹਰਦੀਪ ਧਾਲੀਵਾਲ ਤੇ ਟੋਰਾਂਟੋ ਪੰਜਾਬੀ ਕਲੱਬ ਦੇ ਪ੍ਰਧਾਨ ਦਲਜੀਤ ਸਹੋਤਾ,ਬਲਵੰਤ ਸੰਧੂ,ਕਰਮਜੀਤ ਸੁੰਨੜ,ਜਗਰੂਪ ਨਿੱਝਰ,ਜਸਵੀਰ ਮਾਂਗਟ,ਜਗਦੀਪ ਦਿਓਲ,ਜੀਤਾ ਨੱਤ ਆਦਿ ਪ੍ਰਬੰਧਕਾ ਨੇ ਯਥਾਯੋਗ ਉਪਰਾਲੇ ਕੀਤੇ । ਉਥੇ ਹੀ ਕੈਨੇਡਾ ਗੋਰਮਿੰਟ ਨੇ ਕਬੱਡੀ ਖਿਡਾਰੀਆਂ ਨੂੰ ਵੀਜੇ ਦੇਣ ਸਮੇਂ ਬੜੀ ਖੁਲਦਿਲੀ ਦਿਖਾਈ ਹੈ ।ਜਿਸ ਵਿੱਚ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਮੈਂਬਰ ਪਾਰਲੀਮੈਂਟ ਦਾ ਬੜਾ ਸਹਿਯੋਗ ਰਿਹਾ ਹੈ । । ਇਸ ਤੋਂ ਇਲਾਵਾ ਇਸ ਕਬੱਡੀ ਕੱਪ ਵਿੱਚ ਐਮ ਪੀ ਰਾਜ ਗਰੇਵਾਲ , ਸੈਕਰਾਮੈਟੋ ਤੋਂ ਤੇਜਿੰਦਰ ਸਿੰਘ ਨਿੱਝਰ,ਧੀਰਾ ਨਿੱਝਰ ,ਮੇਜਰ ਨੱਤ,ਸੁਖਦੀਪ ਕੌਰ ਕੰਗ,ਸੁੱਖਾ ਢੇਸੀ,ਲਾਡਾ ਸਹੋਤਾ,ਪ੍ਰਸਿੱਧ ਖਿਡਾਰੀ ਬਲਵਿੰਦਰ ਸਿੰਘ ਫਿੱਡਾ,ਪ੍ਰਿਸ਼ੀਪਲ ਸਰਵਨ ਸਿੰਘ,ਇੰਦਰਜੀਤ ਧੁੱਗਾ,ਹਰਵਿੰਦਰ ਸਿੰਘ ਬਾਸੀ,ਜਸ ਸੋਹਲ,ਦਲਜੀਤ ਮਾਂਗਟ,ਰਾਣਾ ਸਿੱਧੂ, ਨਿੰਦਰ ਧਾਲੀਵਾਲ,ਕੁਲਵਿੰਦਰ ਪੱਤੜ,ਦਲਬੀਰ ਖਹਿਰਾ,ਸਤਨਾਮ ਚਾਹਲ,ਸੁੱਖਾ ਨਿੱਝਰ,ਸਤਨਾਮ ਸਿੰਘ ਸਰਾਏ,ਬਿੰਦੀ ਸਰਾਏ , ਪੰਮਾ ਦਿਓਲ,ਰੈਂਬੋ ਸਿੱਧੂ,ਪੋਲ ਤੱਖਰ,ਮੀਕਾ ਜੌਹਲ, ਸੋਢੀ ਨਾਗਰਾ,ਜਸਪਾਲ ਮਾਨ,ਧੀਰਾ ਸੰਧੂ,ਮਨਜੀਤ ਪੰਡੋਰੀ,ਮਨਜੀਤ ਘੋਤੜਾ, ਕਰਨ ਘੁਮਾਣ ਦਿੜ੍ਹਬਾ, ਪਿੰਕਾ ਰਿਆੜ,ਮਹਾਵੀਰ ਗਰੇਵਾਲ,ਵੀਰਪਾਲ ਧੁੱਗਾ,ਕਾਲਾ ਧੁੱਗਾ,ਸੁੱਖਾ ਬਾਸੀ,ਬੀਰਾ ਸਿੱਧਵਾ,ਜਤਿੰਦਰ ਭਿੰਡਰ ,ਸੀਤਲ ਢਿੱਲੋਂ , ਸੇਵਾ ਸਿੰਘ ਰੰਧਾਵਾ, ਸੁੱਖਾ ਰੰਧਾਵਾ, ਓਕੇਸੀ ਕਲੱਬ ਤੋਂ ਬਿੱਲਾ ਥਿਆੜਾ,ਪਿੰਦਾ ਤੂਰ,ਗੁਰਦੇਵ ਥਿੰਦ,ਮਨਪ੍ਰੀਤ ਢੇਸੀ,ਸ਼ੇਰਾ ਮੰਡੇਰ ਨੇ ਵਿਸ਼ੇਸ਼ ਹਾਜਰੀ ਲਵਾਈ। ਇਸ ਸਾਲ ਦਾ ਵਰਲਡ ਕੱਪ ਓਕੇਸੀ ਕਲੱਬ ਵਲੋਂ ਕਰਵਾਇਆ ਜਾਵੇਗਾ ।

ਕਬੱਡੀ ਪ੍ਰੇਮੀਆ ਦੀ ਉਮੀਦ ਮੁਤਾਬਿਕ ਟੋਰਾਂਟੋ ਖੇਡ ਸੀਜਨ ਦੀ ਸ਼ੁਰੂਆਤ ਆਪਸੀ ਸਦਭਾਵਨਾ ਤੇ ਖੁਸਗਵਾਰ ਮਾਹੌਲ ਵਿੱਚ ਹੋਈ । ਇਸ ਸਾਲ ਜੋ ਫੈਸਲੇ ਫੈਡਰਸ਼ਨ ਨੇ ਲਏ ਹਨ ।ਜੇਕਰ ਉਹ ਇੰਨ ਬਿੰਨ ਲਾਗੂ ਹੁੰਦੇ ਹਨ ਤਾਂ ਕਬੱਡੀ ਜਰੂਰ ਵਿਕਾਸ ਦੀਆ ਲੀਹਾ ਤੇ ਦੋੜੇਗੀ ।ਮੈਟਰੋ ਪੰਜਾਬੀ ਸਪੋਰਟਸ ਕਲੱਬ ਤੇ ਟੋਰਾਂਟੋ ਪੰਜਾਬੀ ਕਲੱਬ ਨੂੰ ਇਸ ਪਹਿਲੇ ਉਦਮ ਲਈ ਬਹੁਤ ਸਾਰੀਆ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਬੱਡੀ ਦੇ ਖੁਸ਼ਹਾਲ ਭਾਵਿੱਖ ਦੀ ਉਮਦਿ ਕਰਦੇ ਹਾਂ ।ਆਮੀਨ

ਫੋਟੋ-1 ਕੇਸਾਧਾਰੀ ਖਿਡਾਰੀ ਗੁਰਦਿੱਤ ਕਿਸਨਗੜ੍ਹ ਤੇ ਸੱਤੂ ਖਡੂਰ ਸਾਹਿਬ ਮਾਝੇ ਦੇ ਮਝੈਲ, 2 . ਬੈਸਟ ਰੇਡਰ ਜਾਫੀ ਸੁਲਤਾਨ ਸਮਸ਼ਪੁਰ ਤੇ ਯਾਦ ਕੋਟਲੀ, 3 ਐਮ ਪੀ ਰਾਜ ਗਰੇਵਾਲ ਤੇ ਚੇਅਰਮੈਨ ਮਲਕੀਤ ਦਿਓਲ ਧਾਵੀ ਸੁਲਤਾਨ, 4 ਕੱਪ ਦੀ ਜੈਤੂ ਟੀਮ ਮੈਟਰੋ ਪੰਜਾਬੀ ਪ੍ਰਬੰਧਕਾ ਨਾਲ ।

ਲੇਖਕ

ਸਤਪਾਲ ਮਾਹੀ ਖਡਿਆਲ ,
ਸੰਗਰੂਰ ॥
ਫੋਨ 98724 59691

Send this to a friend