ਸਾਡੇ ਬਚਪਨ ਦੇ ਸਮਿਆਂ ਵਿਚ ਸੂਚਨਾ ਕ੍ਰਾਂਤੀ (ਟੈਲੀਫੋਨ ਅਤੇ ਮੋਬਾਈਲ ਫੋਨ ਆਦਿ) ਅਤੇ ਆਵਾਜਾਈ ਦੇ ਸਾਧਨ ਇੰਨੇ ਵਿਕਸਿਤ ਨਹੀਂ ਸਨ, ਜਿੰਨੇ ਕਿ ਅਜ ਕਲ੍ਹ । ਟੈਲੀਫੋਨ ਪਿੰਡ ਦੇ ਕਿਸੇ ਰਜੇ – ਪੁਜੇ ਘਰ ਵਿਚ ਹੀ ਹੁੰਦਾ ਸੀ । ਮੋਬਾਈਲ ਫੋਨ ਨਾਂ ਦੀ ਕੋਈ ਚੀਜ਼ ਵੀ ਨਹੀਂ ਸੀ । ਟੈਲੀਵਿਜ਼ਨ ਵੀ ਵਿਰਲੇ – ਤਰਲੇ ਘਰ ਵਿਚ ਹੀ ਹੁੰਦੇ ਸਨ । ਨਾਨਕਿਆਂ ਅਤੇ ਨਾਨਕਿਆਂ ਦੇ ਪਿੰਡ ਦਾ ਹਾਲ – ਚਾਲ, ਖੁਸ਼ੀ – ਗਮੀ ਅਤੇ ਸੁਖ ਸਾਂਦ ਨਾਨਕੇ ਪਹੁੰਚ ਕੇ ਹੀ ਸਹੀ ਅਤੇ ਸਾਰੀ ਜਾਣਕਾਰੀ ਮਿਲਦੀ ਹੁੰਦੀ ਸੀ। ਪੰਜੀਂ – ਸਤੀ ਮਹੀਨੇ ਨਾਨਕੀ ਜਾਣਾ , ਤਾਂ ਫਿਰ ਖੁਸ਼ੀ ਦੂਣ ਸਵਾਈ ਹੀ ਹੋ ਹੀ ਜਾਂਦੀ ਸੀ। ਪਹਿਲੇ ਸਮੇਂ ਵਿਚ ਗਰਮੀਆਂ ਦੀਆਂ ਛੁਟੀਆਂ ਵਿਚ ਖਾਸ ਤੌਰ ਤੇ ਨਾਨਕੇ ਘਰ ਜਾਣ ਦਾ ਇਕ ਵਖਰਾ ਹੀ ਆਨੰਦ, ਖ਼ੁਸ਼ੀ, ਜਨੂੰਨ ਅਤੇ ਚਾਅ ਮਲਾਰ ਹੁੰਦਾ ਸੀ। ਬਚੇ ਵੀ ਪੜ੍ਹਾਈ ਤੋਂ ਵਿਹਲੇ ਹੋ ਕੇ ਨਾਨਕੇ ਘਰ ਜਾਣ ਮਾਮੇ ,ਮਾਮੀਆਂ ਤੇ ਉਨ੍ਹਾਂ ਦੇ ਬਚਿਆਂ ਨੂੰ ,ਮਾਸੀਆਂ ਨੂੰ ਅਤੇ ਨਾਨਾ – ਨਾਨੀ ਨੂੰ ਮਿਲਣ, ਉਥੇ ਰਹਿਣ ਅਤੇ ਚਾਈਂ – ਚਾਈਂ ਹਾਣ ਦੇ ਸਾਥੀਆਂ ਨਾਲ ਖੇਡਣ ਅਤੇ ਸ਼ਰਾਰਤਾਂ ਕਰਨ ਨੂੰ ਝੂਰਦੇ ਹੁੰਦੇ ਸੀ । ਬਸਾਂ ਦੀ ਆਵਾਜਾਈ ਵੀ ਕਾਫ਼ੀ ਘਟ ਸੀ । ਨਾਨਕੇ ਜਾਣ ਦੀ ਖੁਸ਼ੀ ਵਿਚ ਘੰਟਿਆਂ – ਬਧੀ ਬਸ ਦੀ ਉਡੀਕ ਕਰਨੀ ਪੈ ਜਾਂਦੀ ਹੁੰਦੀ ਸੀ । ਸੜਕ ਉਤੇ ਨਾਨਕੇ ਘਰ ਵਲ ਨੂੰ ਜਾਣ ਵਾਲੀ ਬਸ ਦੇਖ ਕੇ ਮਨ ਭੰਗੜੇ ਪਾਉਣ ਲਗ ਪੈਂਦਾ ਸੀ। ਉਸ ਤੋਂ ਅਗਲਾ ਪੇਂਡੂ ਸਫ਼ਰ ਦੋ – ਤਿੰਨ ਕਿਲੋਮੀਟਰ ਜਾਂ ਵਧ ਪੈਦਲ ਯਾਤਰਾ ਕਰਕੇ ਹਸਦੇ – ਹਸਦੇ ਤੇ ਨਾਨਕੇ ਘਰ ਪਹੁੰਚਣ ਦੀ ਖੁਸ਼ੀ ਵਿਚ ਹੀ ਤੈਅ ਕਰ ਲਈਦਾ ਹੁੰਦਾ ਸੀ। ਬਚੇ ਨਾਨਕੇ ਘਰ ਰਹਿ ਕੇ ਪੀਂਘਾਂ ਝੂਟਦੇ ਹੁੰਦੇ ਸੀ । ਕਚੀਆਂ ਅੰਬੀਆਂ ਤੋੜ ਕੇ ਨਮਕ ਮਿਰਚ ਲਾ ਕੇ ਖਾਣੀਆਂ ,ਰੇਹੜੀ ਵਾਲੇ ਤੋਂ ਪਾਪੜ ਅਤੇ ਭੂਕਨੇ ਖਰੀਦ ਕੇ ਖਾਣੇ , ਸਿਖਰ – ਦੁਪਹਿਰੇ ਵੀ ਖੇਡੀ ਜਾਣਾ, ਲਸੀ ਪੀਣੀ ,ਕਾਗਜ਼ ਦੇ ਜਹਾਜ਼, ਕਿਸ਼ਤੀਆਂ ਜਾਂ ਹੋਰ ਕੁਝ ਬਣਾਉਣਾ , ਕੰਚੇ ( ਬੰਟੇ ) ਖੇਡਣਾ, ਕੋਟਲਾ ਛਪਾਕੀ, ਲੁਕਣ ਮੀਟੀ, ਛੂਹ ਛੁਹਾਈ ,ਗਰਮ ਪਿਠੂ, ਗੁਲੀ ਡੰਡਾ, ਚੋਰ ਸਿਪਾਹੀ ਜਿਹੀਆਂ ਖੇਡਾਂ ਖੇਡਣਾ ਨਾਨਕਿਆਂ ਦੇ ਨਜ਼ਾਰੇ ਸਨ ।ਕਈ ਵਾਰ ਨਮਕ ਲਾ ਕੇ ਇਮਲੀ ਖਾਣੀ ਜਾਂ ਵਡਿਆਂ ਬਜ਼ੁਰਗਾਂ ਨਾਲ ਨੇੜ – ਤੇੜ ਦੇ ਜਲ ਸਰੋਤਾਂ ਜਾਂ ਖੂਹ ਤੇ ਨਹਾਉਣ ਜਾਣਾ ਵੀ ਉਸ ਸਮੇਂ ਦੇ ਦਿਲਕਸ਼ ਅਨੰਦ ਹੁੰਦੇ ਸਨ। ਉਦੋਂ ਬਚੇ ਥੋੜ੍ਹਾ ਬਹੁਤਾ ਰਹਿੰਦਾ ਸਕੂਲ ਦਾ ਕੰਮ (ਛੁਟੀਆਂ ਦਾ ਕੰਮ) ਵੀ ਨਾਨਕੇ ਘਰ ਪੂਰਾ ਕਰ ਲੈਂਦੇ ਸੀ। ਅਕਸਰ ਬਚੇ ਛੁਟੀਆਂ ਦਾ ਕੰਮ ਘਰ ਵਿਚ ਰਹਿ ਕੇ ਪਹਿਲਾਂ ਹੀ ਖਤਮ ਕਰ ਲੈਂਦੇ ਸਨ। ਨਾਨਕੇ ਜਾਣਾ ਮਤਲਬ ਖੂਬ ਮੌਜ- ਮਸਤੀ ਕਰਨੀ ਹੁੰਦੀ ਸੀ। ਬਚੇ ਨਾਨਕੇ ਰਖੇ ਹੋਏ ਮਝਾਂ, ਗਊਆਂ, ਬਕਰੀਆਂ ਆਦਿ ਪਸ਼ੂਆਂ ਨੂੰ ਵੀ ਮਾਮੇ ਆਦਿ ਨਾਲ ਖੁਲ੍ਹੇ – ਡੁਲ੍ਹੇ ਖੇਤਾਂ ਜਾਂ ਚਰਾਂਦਾਂ ਵਿਚ ਚਰਾਉਣ ਲੈ ਜਾਂਦੇ ਸਨ ਅਤੇ ਉਥੇ ਵੀ ਖੂਬ ਪਿੰਡਾਂ ਦੇ ਬਚਿਆਂ ਨਾਲ ਰਚ- ਮਿਚ ਕੇ ਰਹਿੰਦੇ ਹੁੰਦੇ ਸਨ ਅਤੇ ਬਚਪਨ ਦੇ ਨਜ਼ਾਰਿਆਂ ਦਾ ਆਨੰਦ ਮਾਣਦੇ ਹੁੰਦੇ ਸਨ।। ਰਿਸ਼ਤੇਦਾਰ ਵੀ ਇਕ – ਦੂਜੇ ਦੀ ਇਜ਼ਤ ਕਰਦੇ ਹੋਏ ਮਥੇ ਤਿਉੜੀ ਨਹੀਂ ਸੀ ਪਾਉਂਦੇ , ਸਗੋਂ ਹਰ ਆਏ – ਗਏ ਨੂੰ ਹਥਾਂ ਤੇ ਲੈ ਲੈਂਦੇ ਸਨ ਅਤੇ ਯਥਾਸੰਭਵ ਆਓ – ਭਗਤ ਕਰਦੇ ਹੁੰਦੇ ਸਨ । ਉਦੋਂ ਨਾਨਕੇ ਜਾਣ ਦਾ ਮਤਲਬ ਹੁੰਦਾ ਸੀ ਕਿ ਪਚੀ – ਤੀਹ ਦਿਨ ਵਾਸਤੇ ਨਾਨਕੇ ਘਰ ਹੀ ਰਹਿਣਾ, ਪਰ ਹੁਣ ਸਮਾਂ ਬਦਲ ਗਿਆ। ਮੋਬਾਈਲ ਫੋਨਾਂ ਨੇ ਨਾਨਕੇ ਜਾਣ ਦੀ ਖਿਚ ਫਿਕੀ ਪਾ ਦਿਤੀ ਹੈ ,ਪੜ੍ਹਾਈ ਦਾ ਬੋਝ ਬਚਪਨ ਤੇ ਹਾਵੀ ਹੋ ਚੁਕਾ ਹੈ ,ਪੁਰਾਣੇ ਕੰਮ – ਧੰਦੇ ,ਮਾਹੌਲ ,ਸਮੇਂ ,ਪਿਆਰ, ਹਲਾਸ਼ੇਰੀ , ਖੁਸ਼ ਦਿਲੀ ਤੇ ਚਾਅ ਮਲਾਰ ਅਜ ਦੇਖਣ ਨੂੰ ਨਹੀਂ ਮਿਲ ਰਿਹਾ, ਖਾਣ ਪੀਣ ਵੀ ਬਦਲ ਗਏ ਹਨ ।ਸਮੇਂ ਦੀ ਘਾਟ ਹੋ ਗਈ ਹੈ ਤੇ ਹਰ ਕੋਈ ਵਿਅਸਤ ਹੋ ਗਿਆ ਹੈ, ਉਹ ਵੀ ਆਪਣੇ ਆਪ ਵਿਚ। ਕਾਸ਼ !! ਅਜ ਦੇ ਬਚੇ ਵੀ ਸਾਡੇ ਜਿਹੇ ਬਚਪਨ ਦਾ ਆਨੰਦ ਖਾਸ ਤੌਰ ਤੇ ਗਰਮੀ ਦੀਆਂ ਛੁਟੀਆਂ ਵਿਚ ਨਾਨਕੇ ਘਰ ਰਹਿ ਕੇ ਮਾਣਦੇ ਹੁੰਦੇ ਅਤੇ ਅਣਭੋਲ ਤੇ ਅਠਖੇਲੀਆਂ ਕਰਦੇ ਬੇਫਿਕਰੇ ਬਚਪਨ ਤੋਂ ਵਾਕਫ਼ ਹੋ ਜਾਂਦੇ।