Skip to content
Independent perspectives. Global stories.
BREAKING

ਧਰਤੀ ਦਾ ਵੱਧਦਾ ਤਾਪਮਾਨ ਚਿੰਤਾਜਨਕ

Share this story

ਧਰਤੀ ਦਾ ਵੱਧ ਰਿਹਾ ਤਾਪਮਾਨ (ਗਲੋਬਲ ਵਾਰਮਿੰਗ) ਇਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਚਿੰਤਾ ਹੈ। ਇਸ ਕਾਰਨ ਧਰਤੀ ’ਤੇ ਮਨੁੱਖ, ਪੌਦਿਆਂ ਅਤੇ ਹੋਰ ਪ੍ਰਾਣੀਆਂ ਦੀ ਹੋਂਦ ਨੂੰ ਹੀ ਖਤਰਾ ਬਣ ਰਿਹਾ ਹੈ। ਗਲੋਬਲ ਵਾਰਮਿੰਗ ਅਸਲ ਵਿਚ ਧਰਤੀ ਅਤੇ ਸਮੁੰਦਰ ਦੇ ਤਾਪਮਾਨ ਵਿਚ ਰਿਕਾਰਡ ਕੀਤਾ ਗਿਆ ਔਸਤ ਵਾਧਾ ਹੈ । ਗਲੋਬਲ ਵਾਰਮਿੰਗ ਨਾਲ ਸਮੁੰਦਰ ਦੇ ਪਾਣੀ ਦਾ ਪੱਧਰ ਉਪਰ ਉਠ ਰਿਹਾ ਹੈ, ਬਰਫ ਦੀਆਂ ਚੋਟੀਆਂ ਪਿਘਲ ਰਹੀਆਂ ਹਨ ਅਤੇ ਧਰਤੀ ਦੇ ਜਲਵਾਯੂ ਵਿੱਚ ਵੱਡੀ ਤਬਦੀਲੀ ਵਾਪਰ ਰਹੀ ਹੈ। ਧਰਤੀ ਦੇ ਆਲੇ-ਦੁਆਲੇ ਵਾਯੂਮੰਡਲ ਦੀਆਂ ਗੈਸਾਂ ਦਾ ਘੇਰਾ ਹੈ। ਵਾਯੂਮੰਡਲੀ ਹਵਾ ਵਿੱਚ ਪ੍ਰਮੁੱਖ ਤੌਰ ’ਤੇ ਨਾਈਟਰੋਜਨ ਅਤੇ ਆਕਸੀਜਨ ਦੇ ਅਣੂ ਹਨ। ਬਾਕੀ ਹਿੱਸੇ ਵਿਚ ਕਾਰਬਨ ਡਾਈਆਕਸਾਈਡ ਅਤੇ ਮੀਥੇਨ ਵਰਗੀਆਂ ਗਰੀਨ ਹਾਊਸ ਗੈਸਾਂ ਹਨ। ਵਾਤਾਵਰਣ ਵਿਚ ਪਾਣੀ ਦੇ ਕਣ, ਕਾਰਬਨ ਡਾਈਆਕਸਾਈਡ, ਨਾਈਟਰੇਟ ਆਕਸਾਈਡ, ਮੀਥੇਨ ਅਤੇ ਹੋਰ ਗੈਸਾਂ ਰਲ ਕੇ ਧਰਤੀ ਤੋਂ ਆਕਾਸ਼ ਵਿੱਚ ਵਾਪਸ ਜਾਣ ਵਾਲੀ ਗਰਮੀ ਦਾ ਕੁੱਝ ਹਿੱਸਾ ਰੋਕ ਲੈਂਦੀਆਂ ਹਨ ਅਤੇ ਇਸ ਨੂੰ ਵਾਪਸ ਧਰਤੀ ਵੱਲ ਭੇਜ ਦਿੰਦੀਆਂ ਹਨ। ਧਰਤੀ ਦੇ ਵੱਧ ਰਹੇ ਤਾਪਮਾਨ ਦਾ ਪ੍ਰਮੁੱਖ ਕਾਰਨ ਮਨੁੱਖ ਵੱਲੋਂ ਪੈਦਾ ਕੀਤਾ ਜਾ ਰਿਹਾ ਪ੍ਰਦੂਸ਼ਣ ਹੈ। ਵਾਤਾਵਰਣ ਵਿਚ ਵੱਧ ਰਹੀ ਕਾਰਬਾਨ ਡਾਈਆਕਸਾਈਡ ਦੀ ਮਾਤਰਾ ਅਤੇ ਫੌਸਿਲ ਫਿਊਲ (ਹਾਈਡਰੋ ਕਾਰਬਨ-ਕੋਲਾ, ਤੇਲ, ਕੁਦਰਤੀ ਗੈਸ) ਦੇ ਜਲਣ, ਖੇਤੀਬਾੜੀ ਅਤੇ ਹੋਰ ਮਨੁੱਖੀ ਕਾਰਵਾਈਆਂ ਨਾਲ ਪੈਦਾ ਹੋਣ ਵਾਲੀਆਂ ਗਰੀਨ ਹਾਊਸ ਗੈਸਾਂ ਕਾਰਨ ਤਾਪਮਾਨ ਵਿਚ ਵੱਧ ਰਿਹਾ ਹੈ। ਦੇਖਣ ਵਿਚ ਆਇਆ ਹੈ ਕਿ ਕੋਲੇ ਨਾਲ ਚੱਲਣ ਵਾਲੇ ਤਾਪ ਬਿਜਲੀ ਘਰ ਸਭ ਤੋਂ ਜ਼ਿਆਦਾ ਕਾਰਬਨ ਡਾਈਆਕਸਾਈਡ ਵਾਤਾਵਰਣ ਵਿੱਚ ਛੱਡਦੇ ਹਨ। ਜੰਗਲਾਂ ਦਾ ਕੱਟਿਆ ਜਾਣਾ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਦਾ ਇਕ ਵੱਡਾ ਕਾਰਨ ਹੈ। ਦਰੱਖਤ ਆਪਣੇ ਅੰਦਰ ਫੋਟੋਸਿੰਥਸਜ ਕਿਰਿਆ ਕਰਕੇ ਵੱਡੀ ਮਾਤਰਾ ਵਿਚ ਕਾਰਬਨ ਡਾਈਆਕਸਾਈਡ ਖਪਾ ਸਕਦੇ ਹਨ। ਇਕ ਏਕੜ ਦਾ ਜੰਗਲ ਆਪਣੇ ਅੰਦਰ 2.8 ਟਨ ਕਾਰਬਨ ਡਾਈਆਕਸਾਈਡ ਖਪਾ ਸਕਦਾ ਹੈ। ਹਰ ਸਾਲ 50 ਮਿਲੀਅਨ ਏਕੜ ਦੇ ਕਰੀਬ ਜੰਗਲ ਖਤਮ ਕੀਤੇ ਜਾ ਰਹੇ ਹਨ। ਕੱਟੇ ਹੋਏ ਦਰੱਖਤਾਂ ਨੂੰ ਜਲਾਉਣ ’ਤੇ ਇਨ੍ਹਾਂ ਵਿਚ ਜਮ੍ਹਾ ਹੋਈ ਕਾਰਬਨ ਡਾਈਆਕਸਾਈਡ ਫਿਰ ਵਾਤਾਵਰਣ ਵਿਚ ਚਲੀ ਜਾਂਦੀ ਹੈ। ਆਬਾਦੀ ਵਿਚ ਬੇਤਹਾਸ਼ਾ ਵਾਧਾ ਵੀ ਪ੍ਰਦੂਸ਼ਣ ਦਾ ਇਕ ਵੱਡਾ ਕਾਰਨ ਬਣਿਆ ਹੋਇਆ ਹੈ। ਭੂ-ਮੰਡਲ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਜੋ ਕਿ 1800 ਈ. ਵਿਚ 280 ਹਿੱਸੇ ਪ੍ਰਤੀ ਮਿਲੀਅਨ ਸੀ, 2000 ਈ. ਵਿਚ 367 ਹਿੱਸੇ ਪ੍ਰਤੀ ਮਿਲੀਅਨ ਹੋ ਗਈ। ਇਸ ਤਰ੍ਹਾਂ 200 ਸਾਲਾਂ ਵਿਚ ਕੁੱਲ 31 ਪ੍ਰਤੀਸ਼ਤ ਕਾਰਬਨ ਡਾਈਆਕਸਾਈਡ ਦਾ ਵਾਧਾ ਹੋਇਆ ਹੈ। ਭਵਿੱਖ ਵਿਚ ਫੌਸਿਲ ਫਿਊਲ ਦੀ ਹੋਰ ਵਰਤੋਂ ਨਾਲ ਇਸ ਗੈਸ ਦੀ ਭੂ-ਮੰਡਲ ਵਿੱਚ ਮਾਤਰਾ ਹੋਰ ਤੇਜ਼ੀ ਨਾਲ ਵਧਣ ਦਾ ਖਦਸ਼ਾ ਹੈ । ਇਹ ਸੰਨ 2100 ਤੱਕ 540-970 ਹਿੱਸੇ ਪ੍ਰਤੀ ਮਿਲੀਅਨ ਤੱਕ ਪਹੁੰਚ ਸਕਦੀ ਹੈ। 19ਵੀਂ ਸਦੀ ਦੇ ਅੰਤ ਤੋਂ ਲੈ ਕੇ ਹੁਣ ਤੱਕ ਦੁਨੀਆ ਦੀ ਔਸਤਨ ਤਾਪਮਾਨ 0.6-0.2 ਡਿਗਰੀ ਸੈਲਸੀਅਸ ਤੱਕ ਵਧਿਆ ਹੈ। 1860-1900 ਤੱਕ ਧਰਤੀ ਅਤੇ ਸਮੁੰਦਰ ਦਾ ਤਾਪਮਾਨ ਲਗਭਗ 0.75 ਡਿਗਰੀ ਸੈਲਸੀਅਸ ਵਧਿਆ। 1850 ਤੋਂ ਪਹਿਲਾਂ ਇਕ ਜਾਂ ਦੋ ਹਜ਼ਾਰ ਸਾਲ ਦੁਨੀਆ ਦਾ ਤਾਪਮਾਨ ਲਗਭਗ ਸਥਿਰ ਰਿਹਾ। ਵਾਤਾਵਰਣ ਵਿਚ ਜ਼ਿਆਦਾ ਗਰਮੀ ਪਿਛਲੇ 50 ਸਾਲਾਂ ਵਿਚ ਮਨੁੱਖ ਦੁਆਰਾ ਪੈਦਾ ਕੀਤੇ ਪ੍ਰਦੂਸ਼ਣ ਕਾਰਨ ਹੀ ਵਧੀ ਹੈ। ਸਾਇੰਸਦਾਨਾਂ ਮੁਤਾਬਕ 1990 ਈ. ਤੋਂ 2100 ਈ. ਤੱਕ ਧਰਤੀ ਦੇ ਤਾਪਮਾਨ ਵਿੱਚ 1.4 ਤੋਂ 5.8 ਡਿਗਰੀ ਸੈਲਸੀਅਸ ਤੱਕ ਵਾਧਾ ਹੋ ਸਕਦਾ ਹੈ। ਇਸ ਕਾਰਨ ਵਾਯੂਮੰਡਲ ਵਿੱਚ ਵੱਡੀਆਂ ਤਬਦੀਲੀਆਂ ਆ ਸਕਦੀਆਂ ਹਨ ਜਿਵੇਂ ਕਿ ਬਰਫ ਦੇ ਪਹਾੜਾਂ (ਗਲੇਸ਼ੀਅਰ) ਦੇ ਪਿਘਲਣ ਕਾਰਨ ਸਮੁੰਦਰ ਦੇ ਪਾਣੀ ਦਾ ਪੱਧਰ ਇਕਦਮ ਵੱਧ ਸਕਦਾ ਹੈ। 1980 ਤੋਂ ਬਾਅਦ ਦੁਨੀਆ ਦੇ 144 ਗਲੇਸ਼ੀਅਰਾਂ ਵਿੱਚੋਂ 142 ਗਲੇਸ਼ੀਅਰ ਬਹੁਤ ਤੇਜ਼ੀ ਨਾਲ ਪਿਘਲ ਰਹੇ ਹਨ। ਹਿਮਾਲਿਆ ਪਰਬਤ ’ਤੇ ਸਥਿਤ ਗਲੇਸ਼ੀਅਰ ਵੀ ਤੇਜ਼ੀ ਨਾਲ ਖਤਮ ਹੋ ਰਹੇ ਹਨ। ਸਮੁੰਦਰ ਦੇ ਪਾਣੀ ਦਾ ਤਾਪਮਨ ਵਧਣ ਕਾਰਨ ਪਾਣੀ ਦਾ ਪੱਧਰ ਹੋਰ ਉਚਾ ਹੋਵੇਗਾ ਕਿਉਂਕਿ ਪਾਣੀ ਗਰਮ ਹੋ ਕੇ ਫੈਲਦਾ ਹੈ। ਸਮੁੰਦਰ ਦਾ ਪੱਧਰ ਥੋੜ੍ਹਾ ਜਿੰਨਾ ਵੀ ਉਚਾ ਹੋਣ ਨਾਲ ਸਮੁੰਦਰ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਮੁੱਖ ਤੌਰ ’ਤੇ ਵੀਅਤਨਾਮ, ਭਾਰਤ, ਚੀਨ, ਫਿਲਪਾਈਨਜ਼, ਥਾਈਲੈਂਡ, ਇੰਡੋਨੇਸ਼ੀਆ ਬੰਗਲਾਦੇਸ਼ ਵਰਗੇ ਦੇਸ਼ਾਂ ਵਿਚ ਕਰੋੜਾਂ ਲੋਕ ਪ੍ਰਭਾਵਿਤ ਹੋ ਸਕਦੇ ਹਨ। ਹੁਣ ਤੱਕ ਦੇ ਅਨੁਮਾਨ ਅਨੁਸਾਰ ਸੰਨ 2100 ਤੱਕ ਸਮੁੰਦਰ ਦੇ ਪੱਧਰ ਵਿੱਚ ਇਕ ਮੀਟਰ ਤੱਕ ਦਾ ਵਾਧਾ ਹੋ ਸਕਦਾ ਹੈ। ਸੰਯੁਕਤ ਰਾਸ਼ਟਰ ਵੱਲੋਂ 1992 ਵਿੱਚ ਇਕ ਰਿਪੋਰਟ ਛਾਪੀ ਗਈ, ਜਿਸ ਵਿਚ ਕਿਹਾ ਗਿਆ ਸੀ ਕਿ ਜੇਕਰ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਅਤੇ ਹੋਰ ਗਰੀਨ ਹਾਊਸ ਗੈਸਾਂ ਦੀ ਮਾਤਰਾ ਇਸੇ ਤਰ੍ਹਾਂ ਵੱਧਦੀ ਰਹੀ ਤਾਂ ਸਮੁੰਦਰੀ ਤੱਟ ’ਤੇ ਸਥਿਤ ਮੈਦਾਨੀ ਦੇਸ਼ ਜਿਨ੍ਹਾਂ ਵਿੱਚ ਬੰਗਲਾ ਦੇਸ਼, ਨੀਦਰਲੈਂਡ ਆਦਿ ਸ਼ਾਮਲ ਹਨ, ’ਚ 2100 ਤੱਕ ਹੜ ਆ ਜਾਣਗੇ । ਮਾਲਦੀਪ ਵਰਗੇ ਟਾਪੂ ਪਾਣੀ ਵਿੱਚ ਪੂਰੇ ਡੁੱਬ ਜਾਣਗੇ। ਮੌਸਮ ਵਿੱਚ ਤਬਦੀਲੀ ਕਾਰਨ ਹੜ੍ਹ, ਝੱਖੜ, ਸੋਕਾ ਵਾਰ-ਵਾਰ ਆ ਸਕਦੇ ਹਨ। ਸਾਰੀ ਦੁਨੀਆ ਨੂੰ ਸਭ ਗਿਲੇ-ਸ਼ਿਕਵੇ ਭੁਲਾ ਕੇ ਇਸ ਸਮੱਸਿਆ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਨੂੰ ਇਸ ਦੇ ਸਿੱਟੇ ਭੁਗਤਣੇ ਪੈਣਗੇ।
7 ਜੂਨ 2018 – ਬਲਜੀਤ ਸਿੰਘ ਬਰਾੜ

WRITTEN BY