ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਹਨ ਅਤੇ ਸਕੂਲ ਇੱਕ ਮਹੀਨੇ ਲਈ ਬੰਦ ਹੋ ਗਏ ਹਨ।ਇਸੇ ਦੌਰਾਨ ਬੱਚਿਆਂ ਦੇ ਸਿਰਜਣਾਤਮਕ ਅਤੇ ਸਰੀਰਕ ਵਿਕਾਸ ਲਈ ਮਨੋਰੰਜਕ ਕਿਰਿਆਵਾਂ ਕਰਵਾਉਣ ਲਈ ‘ਪੜੋ ਪੰਜਾਬ, ਪੜਾਓ ਪੰਜਾਬ’ ਦੇ ਉਦੇਸ਼ਾਂ ਨੂੰ ਸਨਮੁੱਖ ਰੱਖਕੇ ਕਿ ਬੱਚਿਆਂ ਨੂੰ ਖੇਡ ਖੇਡ ਵਿੱਚ ਵਿੱਦਿਆ ਨਾਲ ਜੋੜਕੇ ਗਿਆਨ ਹਾਸਿਲ ਕਰਵਾਉਣਾਂ ਲਈ ਪੰਜਾਬ ਦੇ ਪ੍ਰਾਇਮਰੀ ਸਕੂਲਾਂ ‘ਚ ‘ਸਮਰ ਕੈਂਪ’ ਲਗਾਏ ਜਾ ਰਹੇ ਹਨ। ਮਾਨਯੋਗ ਸਿੱਖਿਆ ਮੰਤਰੀ ਸ਼੍ਰੀ ਓ.ਪੀ ਸੋਨੀ ਜੀ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਰਹਿਨੁਮਾਈ ਹੇਠ ਜਿਲਾ ਸਿੱਖਿਆ ਅਫਸਰ, ਐਲੀਮੈਂਟਰੀ ਸਿੱਖਿਆ ਅਫਸਰ ਅਤੇ ਡਾਇਟ ਪ੍ਰਿੰਸੀਪਲਾਂ ਦੀ ਯੋਗ ਅਗਵਾਈ ਵਿੱਚ ਅਧਿਆਪਕ ਸਵੈ ਇੱਛਾ ਨਾਲ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ‘ਸਮਰ ਕੈਂਪ’ ਲਗਾਕੇ ਇਹਨਾਂ ਬੱਚਿਆਂ ਦੇ ਸਿਰਜਨਾਤਮਿਕ, ਰਚਨਾਤਮਿਕ ਅਤੇ ਸਰੀਰਕ ਵਿਕਾਸ ਲਈ ਪ੍ਰਯਤਨਸ਼ੀਲ਼ ਹਨ। ਮਾਨਸਾ ਜਿਲਾ ‘ਪੜੋ ਪੰਜਾਬ, ਪੜਾਓ ਪੰਜਾਬ’ ਕੋਆਰਡੀਨੇਟਰ ਗੁਰਨੈਬ ਸਿੰਘ ਮਘਾਣੀਆਂ ਨੇ ‘ਸਮਰ ਕੈਂਪਾਂ’ ਬਾਰੇ ਦੱਸਿਆ ਕਿ ਜਿੰਨਾਂ ਜਿੰਨਾ ਸਕੂਲਾਂ ਵਿੱਚ ਸਮਰ ਕੈਂਪ ਲੱਗ ਰਹੇ ਹਨ ਉਹਨਾਂ ਸਕੂਲਾਂ ਵਿੱਚ ਜਿਲੇ ਦੇ ਉਚ ਸਿੱਖਿਆ ਅਫਸਰ ਅਤੇ ‘ਪੜੋ ਪੰਜਾਬ, ਪੜਾਓ ਪੰਜਾਬ’ ਦੀ ਪੂਰੀ ਟੀਮ ਕੈਂਪ ਲਗਾ ਰਹੇ ਅਧਿਆਪਕਾਂ ਕੋਲ ਪਹੁੰਚਕੇ ਉਹਨਾਂ ਦਾ ਹੌਂਸਲਾ ਵਧਾ ਰਹੇ ਹਨ।ਪੰਜਾਬ ਦੇ ਕਈ ਅਧਿਆਪਕ ਅਧਿਆਪਨ ਕਿੱਤੇ ਨੂੰ ਸਮਰਪਿਤ ਹੋਕੇ ਹਰ ਸਾਲ ਗਰਮੀ ਦੀਆਂ ਛੁੱਟੀਆਂ ਵਿੱਚ ਸਮਰ ਕੈਂਪ ਲਗਾਉਂਦੇ ਹਨ।ਇਹਨਾਂ ਕੈਂਪਾ ਵਿੱਚ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਸਹਿਪਾਠੀ ਕਰਿਆਵਾਂ ਜਿਵੇ ਬੱਚਿਆਂ ਨੂੰ ਅਪਣੀ ਸਿਹਤ ਸੰਭਾਲ ਦੇ ਤਰੀਕੇ,ਅਪਣੇ ਸਰੀਰ ਦੀ ਸਫਾਈ ਬਾਰੇ,ਯੋਗਾ ਦੇ ਲਾਭ, ਤੰਬਾਕੂ ਸੇਵਨ ਨਾਲ ਸਾਡੀ ਸਿਹਤ ਨੂੰ ਨੁਕਸਾਨ, ਅਪਣੇ ਘਰਾਂ ਨੂੰ ਅਤੇ ਆਲੇ ਦੁਆਲੇ ਨੂੰ ਸਾਫ ਰੱਖਣ ਦੇ ਤਰੀਕੇ, ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਕਿਵੇਂ ਬਚਾਈਏ, ਧਰਤੀ ਨੂੰ ਹਰਾ ਭਰਾ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਂਣੇ ਅਤੇ ਰੁੱਖਾਂ ਦੀ ਸਾਂਭ ਸੰਭਾਲ ਆਦਿ ਦੇ ਤਰੀਕੇ ਅਧਿਆਪਕਾਂ ਤੋਂ ਸਿੱਖਣ ਨਾਲ ਬੱਚਿਆਂ ਦਾ ਸਿੱਖਿਆ ਦੇ ਸੰਧਰਭ ਵਿੱਚ ਨੈਤਿਕ ਪੱਖ ਮਜਬੂਤ ਹੁੰਦਾ ਹੈ।ਬੱਚੇ ਇਹਨਾਂ ਕੈਂਪਾ ਵਿੱਚੋਂ ਵੱਖ ਵੱਖ ਖੇਡਾਂ ਦੀ ਜਾਣਕਾਰੀ, ਡਰਾਇਗ, ਕੱਪੜੇ ਤੇ ਡਰਾਇਗ ਕਰਕੇ ਸਿਨਰੀਆਂ ਤਿਆਰ ਕਰਨੀਆਂ, ਸਿਲਾਈ, ਕਟਾਈ, ਪੇਪਰ ਵਰਕ, ਕਾਗਜ ਦੀਆਂ ਕੱਠ ਪੁੱਤਲੀਆਂ ਬਣਾਉਣਾਂ, ਸਾਹਿਤਕ ਕਿਤਾਬਾਂ ਪੜਨੀਆਂ ਅਤੇ ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਬੰਨਗੀਆਂ ਗਿੱਧਾ, ਭੰਗੜਾ, ਗੀਤ, ਸਕਿੱਟ, ਕਵਿਸ਼ਰੀ, ਕਵਿਤਾ, ਭਾਸ਼ਣ ਅਤੇ ਲੋਕ ਬਾਤਾਂ ਆਦਿ ਤੋਂ ਬੱਚਿਆਂ ਨੂੰ ਜਾਣੂ ਹੋਣ ਦਾ ਅਤੇ ਸਿੱਖਣ ਦੀ ਵੱਡਮੁੱਲੀ ਮੁਹਾਰਤ ਹਾਸਿਲ ਹੁੰਦੀ ਹੈ।ਵਰਨਣਯੋਗ ਹੈ ਕਿ ਜਿੱਥੇ ਪਰਾਈਵੇਟ ਸੈਕਟਰ ਅਜਿਹੇ ਕੈਂਪਾਂ ਦੇ ਅਯੋਜਨ ਲਈ ਬੱਚਿਆਂ ਦੇ ਮਾਪਿਆਂ ਤੋਂ ਹਜਾਰਾਂ ਰੁਪੈ ਵਸੂਲ ਕੇ ਉਹਨਾਂ ਨੂੰ ਆਰਥਿਕ ਤੌਰ ਤੇ ਕਮਜੋਰ ਕਰਦੇ ਹਨ ਉਥੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਅਪਣੀ ਜੇਬ ਵਿੱਚੋਂ ਖਰਚ ਕਰਕੇ ਬੱਚਿਆਂ ਨੂੰ ਮੁਫਤ ਵਿੱਚ ਅਜਿਹੇ ਵਿਸ਼ੇਸ ਕੈਂਪ ਮੁਹਾਇਆ ਕਰਵਾਉਂਦੇ ਹਨ॥ਬੋਹਾ ਖੇਤਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹਾਕਮਵਾਲਾ ਵਿਖੇ ਸਮਾਜ ਸੇਵੀ ਅਧਿਅਪਕ ਪ੍ਰੀਤਮ ਸਿੰਘ ਮੱਲ ਸਿੰਘ ਵਾਲਾ,ਰਾਮਫਲ ਸਿੰਘ ਕੌਲਧਾਰ,ਮੈਡਮ ਬਲਵਿੰਦਰ ਕੌਰ ਮੱਲ ਸਿੰਘ ਵਾਲਾ 50 ਵਿੱਦਿਆਰਥੀਆਂ ਨਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਗਾਦੜਪੱਤੀ ਬੋਹਾ ਵਿਖੇ ਮੈਡਮ ਜਸਵੀਰ ਕੌਰ ਅਤੇ ਸਰਬਜੀਤ ਕੌਰ 18 ਬੱਚਿਆਂ ਨਾਲ ਸਫਲ ‘ਸਮਰ ਕੈਂਪ’ ਚਲਾ ਰਹੇ ਹਨ। ਇਹਨਾਂ ਕੈਂਪਾਂ ਦੀ ਇੱਕ ਮਹੱਤਤਾ ਇਹ ਵੀ ਹੈ ਕਿ ਇੱਥੇ ਬੱਚੇ ਸਕੂਲੀ ਪੜਾਈ ਵਾਲੇ ਬੰਦਿਸ਼ ਭਰੇ ਮਹੌਲ ਤੋਂ ਅਜਾਦ ਹੋਕੇ ਅਧਿਆਪਕਾਂ ਨੂੰ ਅਪਣਾਂ ਪੱਕਾ ਮਿੱਤਰ ਬਣਾਕੇ ਬੇ-ਝਿਜਕ ਖੁੱਲਕੇ ਅਪਣੇ ਵਿਚਾਰ ਪੇਸ਼ ਕਰਨ ਦੇ ਮੌਕੇ ਪ੍ਰਾਪਤ ਕਰਦੇ ਹਨ ਅਤੇ ਅਪਣੀ ਜਿੰਦਗੀ ਵਿੱਚ ਕੰਮ ਆਉਣ ਵਾਲੇ ਵੱਖੋ ਵੱਖਰੇ ਨੁਕਤੇ ਸਿੱਖਦੇ ਹਨ। ਇਹਨਾਂ ਕੈਂਪਾਂ ਵਿੱਚ ਪਹੁੰਚੇ ਬੱਚਿਆਂ ਨੂੰ ਮਿਲਣ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਅੰਦਰ ‘ਸਮਰ ਕੈਂਪਾਂ’ ਪ੍ਰਤੀ ਕਿੰਨਾ ਉਤਸ਼ਾਹ ਹੈ ਅਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚੇ ਨਾਨਕੇ, ਭੂਆ ਕੋਲ ਜਾ ਹੋਰ ਰਿਸ਼ਤੇਦਾਰੀ ਵਿੱਚ ਜਾਣਦੇ ਪ੍ਰੋਗਰਾਮ ਖਾਰਜ ਕਰਦੇ ਹਨ।ਸਿਰਜਾਣਤਮਿਕ, ਰਚਣਾਤਮਿਕ ਕਲਾ ਕਿਰਤੀ ਅਤੇ ਮਿਹਨਤੀ ਅਧਿਆਪਕ ਸਾਥੀਆਂ ਦੇ ਯੋਗ ਉਪਰਾਲੇ ਸਦਕਾ ਅਜਿਹੇ ਕੈਂਪ ਬੱਚਿਆਂ ਲਈ ਖਿੱਚ ਦਾ ਕੇਂਦਰ ਬਣਦੇ ਹਨ।ਇਹਨਾਂ ਕੈਂਪਾਂ ਵਿੱਚ ਹਾਜਰ ਸਭ ਨੂੰ ਅਪਣੇ ਧੂਰ ਮਨ ਤੋਂ ਵਿਚਰਦਿਆਂ ਨੂੰ ਖੇਡਦਿਆਂ, ਪੜਦਿਆਂ, ਹਸਦਿਆਂ ਅਤੇ ਗਾਉਂਦਿਆਂ ਵੇਖਕੇ ਹਰ ਕੋਈ ਸੁਭਾਵਕ ਹੀ ਆਖ ਦੇਵੇਗਾ ਕਿ ‘ਵਕਤ ਕੀ ਕੈਦ ਮੇਂ ਹੈ ਜਿੰਦਗੀ,ਮਗਰ ਚੰਦ ਘੜੀਆਂ ਯਿਹੀ ਹੈਂ ਜੋ ਅਜਾਦ ਹੈਂ ।



