Skip to content
Independent perspectives. Global stories.
BREAKING

ਵਿਸ਼ਵ ਕਬੱਡੀ ਕੱਪਾਂ ਨੂੰ ਲੱਗਿਆ ਸਿਆਸੀ ਜੱਫਾ

Share this story

ਉਹ ਖੇਡ, ਉਹ ਕੌਡੀਆਂ, ਉਹ ਖੁੱਲ੍ਹੇ ਖੇਤਾਂ ਵਿਚ ਦੌੜਾਂ ਖੁਸ਼ੀ ਦੀਆਂ,
ਉਹ ਸੌਂਚੀਆਂ, ਉਹ ਕੁਸ਼ਤੀਆਂ, ਅਖਾੜੇ ਤੇ ਕਬੱਡੀਆਂ,
ਸਭ ਜੀਣ ਦਾ ਚਾਅ, ਹੋਣ ਦਾ ਮਾਣ, ਥੀਣ ਦਾ ਨਸ਼ਾ ਕਿਥੇ॥
ਪੰਜਾਬੀ ਦੇ ਨਾਮਵਰ ਸ਼ਾਇਰ ਪ੍ਰੋ.ਪੂਰਨ ਸਿੰਘ ਨੇ ਕਿਸੇ ਸਮੇਂ ਆਪਣੀ ਉਪਰੋਕਤ ਕਵਿਤਾ ਪੰਜਾਬੀਆਂ ਦੀ ਰਵਾਇਤੀ ਖੇਡ ਕਬੱਡੀ ਦੇ ਘੱਟ ਰਹੇ ਗੌਰਵਪ੍ਰਤੀ ਚਿੰਤਾ ਜਾਹਰ ਕੀਤੀ ਸੀ । ਇਹ ਸਤਰਾਂ ਅਜੋਕੇ ਸਮੇਂ ‘ਚ ਵੀ ਸਾਰਥਕ ਸਿੱਧ ਹੁੰਦੀਆਂ ਜਾਪਦੀਆਂ ਹਨ। ਜਦੋਂ ਮੌਜੂਦਾ ਸਰਕਾਰ ਵੱਲੋਂ ਇਸ ਖੇਡ ਦੇ ਵਿਸ਼ਵ ਕੱਪ ਨੂੰ ਬੰਦ ਕਰਨ ਦੀਆਂ ਗੱਲਾਂ ਨਿਤ ਦਿਨ ਮੀਡੀਆ ‘ਚ ਆ ਰਹੀਆਂ ਹਨ। ਕਬੱਡੀ ਕੱਪ ਨੂੰ ਖਤਮ ਕਰਨ ਦੀ ਯੋਜਨਾ ਬੜਾ ਹੀ ਨਿਰਾਸ਼ਾਜਨਕ ਕਦਮ ਹੈ।ਇੰਝ ਇਸ ਮਕਬੂਲ ਖੇਡ ਨਾਲ ਵਿਤਕਰਾ ਹੀ ਨਹੀਂ ਹੋਵੇਗਾ ਬਲਕਿ ਇਸ ਨਾਲ ਨੌਜਵਾਨ ਮਨਾਂ ਵਿਚ ਸੰਜੋਏ ਸੁਪਨੇ ਚੂਰ-ਚੂਰ ਹੋ ਜਾਣਗੇ। ਬਹੁਤੇ ਨੌਜਵਾਨ ਕੱਬਡੀ ਕੱਪ ਖੇਡਣ, ਆਪਣੀ ਕਿਸਮਤ ਅਜਮਾਉਣ ਅਤੇ ਆਪਣੇ ਨਾਮ ਦਾ ਲੋਹਾ ਮਨਵਾਉਣ ਦੇ ਸੁਪਨੇ ਸੰਜੋਈ ਬੈਠੇ ਹੋਣਗੇ। ਇਸ ਕਦਮ ਨਾਲ ਉਹਨਾਂ ਦੇ ਮਨਾਂ ਉਪਰ ਡੂੰਘਾ ਅਸਰ ਪਵੇਗਾ ਅਜਿਹੇ ਨੌਜਵਾਨ ਨਿਰਾਸ਼ਾ ਹੱਥ ਲੱਗਣ ਨਾਲ ਕੁਰਾਹੇ ਵੀ ਪੈਣਗੇ। ਕਬੱਡੀ ਦੇ ਵਿਸ਼ਵ ਕੱਪਾਂ ਦੇ ਪਿਛੋਕੜ ਵੱਲ ਝਾਤ ਮਾਰੀਏ ਤਾ ਪਤਾ ਲੱਗਦਾ ਹੈ ਕਿ ਅਕਾਲੀ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਪੰਜਾਬ ਵਿਚ ਨਸ਼ਿਆਂ ਦੇ ਵਧਦੇ ਰੁਝਾਨ ਨੂੰ ਨੱਥ ਪਾਉਣ ਲਈ ਕਬੱਡੀ ਨੂੰ ਆਲਮੀ ਪ੍ਰਦਾਨ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ, ਜਿਸ ਰਾਹੀਂ ਨੌਜਵਾਨ ਪੀੜ੍ਹੀ ਦਾ ਧਿਆਨ ਨਸ਼ਿਆਂ ਵੱਲੋਂ ਹਟਾ ਕੇ ਖੇਡਾਂ ਵੱਲ ਕੇਂਦਰਤ ਕੀਤਾ ਜਾ ਸਕੇ।ਇਸ ਸੰਦਰਭ ਵਿਚ ਆਲਮੀ ਕਬੱਡੀ ਕੱਪ ਦੀ ਸ਼ੁਰੂਆਤ ਕੀਤੀ। ਸਰਕਾਰ ਨੇ 2010 ਵਿਚ ਪਹਿਲੇ ਕਬੱਡੀ ਕੱਪ ਦੀ ਸ਼ੁਰੂਆਤ ਕਰਕੇ ਪੰਜਾਬ ਵਿਚ ਸੁੰਨੇ ਪਏ ਸਟੇਡੀਅਮਾਂ ਦੇ ਭਾਗ ਜਗਾਏ।ਦੇਸ਼ ਵਿਦੇਸ਼ ਦੀਆਂ ਨੌ ਟੀਮਾਂ ਦੇ ਪਹਿਲੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 1 ਕਰੋੜ, ਦੂਜੇ ਤੇ 51 ਲੱਖ, ਤੀਜੇ ਤੇ 21 ਲੱਖ, ਚੌਥੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 10 ਲੱਖ ਅਤੇ ਕਬੱਡੀ ਨੂੰ ਪ੍ਰੋਤਸਾਹਿਤ ਕਰਨ ਲਈ ਬਾਕੀ ਟੀਮਾਂ ਨੂੰ ਵੀ 5-5 ਲੱਖ ਦੇ ਇਨਾਮਾਂ ਨਾਲ ਨਿਵਾਜਿਆ ਗਿਆ। ਟੀ. ਵੀ ਜ਼ਰੀਏ ਪਹਿਲੀ ਵਾਰ ਵੱਡੇ ਪੱਧਰ ‘ਤੇ ਕਬੱਡੀ ਮੈਚਾਂ ਦਾ ਸਿੱਧਾ ਪ੍ਰਸਾਰਨ ਇੱਕ ਦਮ ਇਸ ਖੇਡ ਦਾ ਦਾਇਰਾ ਗੈਰ-ਪੰਜਾਬੀਆਂ ‘ਚ ਵੀ ਵਿਸ਼ਾਲ ਕਰਨ ‘ਚ ਸਹਾਈ ਹੋਇਆ। 2011 ਦੇ ਦੂਜੇ ਕਬੱਡੀ ਕੱਪ ਵਿਚ ਇਹ ਰਾਸ਼ੀ ਦੁੱਗਣੀ ਕਰ ਦਿੱਤੀ ਗਈ ਅਤੇ ਨਾਲ ਔਰਤਾਂ ਦਾ ਵਿਸ਼ਵ ਕੱਪ ਵੀ ਆਰੰਭ ਹੋ ਗਿਆ।ਸੰਨ 2012 ਵਿਚ ਇਸ ਕੱਪ ਦੀਆਂ ਖੂਬੀਆਂ ਨੂੰ ਦੇਖ 16 ਦੇਸ਼ਾਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ ਅਤੇ ਅਗਲੇ ਆਲਮੀ ਕੱਪਾਂ 2013, 2014 ਅਤੇ 2016 ‘ਚ ਇਸ ਖੇਡ ਦੀਆਂ ਟੀਮਾਂ ਅਤੇ ਮਕਬੂਲੀਅਤ ਹੋਰ ਵਧੀ।ਭਾਰਤ ਤੋਂ ਬਾਹਰ ਪੱਚੀ ਦੇਸ਼ ਕਬੱਡੀ ਖੇਡਣ ਲੱਗੇ ਜੋ ਕਿ ਪਿਛਲੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਸੀ।ਆਲਮੀ ਕੱਪਾਂ ਦੇ ਆਯੋਜਨ ਤਹਿਤ ਜਿਥੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਿੰਡ-ਪਿੰਡ ਸਟੇਡੀਅਮ ਬਣਾਏ ਉਥੇ ਜਿਮਨੇਜੀਅਮਾਂ ਦਾ ਨਿਰਮਾਣ ਕਰਕੇ ਨੌਜਵਾਨਾਂ ਨੂੰ ਖੇਡ ਸਮੱਗਰੀ ਵੀ ਪ੍ਰਦਾਨ ਕੀਤੀ।ਪੰਜਾਬ ਸਰਕਾਰ ਵੱਲੋਂ ਕਬੱਡੀ ਨੂੰ ਖੇਡ ਕੈਲੰਡਰਾਂ ਵਿਚ ਪਾਉਣ ਦੇ ਨਾਲ-ਨਾਲ ਗ੍ਰੇਡੇਸ਼ਨ ਕਰਕੇ ਇਕ ਸਤਿਕਾਰਤ ਦਰਜਾ ਦਿਵਾਇਆ। ਨਗਦ ਰਾਸ਼ੀਆਂ ਤੇ ਨੌਕਰੀਆਂ ਨੇ ਖਿਡਾਰੀਆਂ ਨੂੰ ਗੁਰਬਤ ਅਤੇ ਬੇਰੁਜ਼ਗਾਰੀ ਦੀ ਤਰਸਯੋਗ ਹਾਲਤ ਵਿਚੋਂ ਕੱਢਿਆ ਗਿਆ।ਖਿਡਾਰੀਆਂ ਦੇ ਘਰ ਕਾਰਾਂ, ਮੋਟਰਸਾਇਕਲਾਂ ਤੇ ਟਰੈਕਟਰਾਂ ਨਾਲ ਸਜਣ ਲੱਗੇ।ਇਹ ਸਮਾਂ ਕਬੱਡੀ ਦੇ ਇਤਿਹਾਸ ਦਾ ਸੁਨਿਹਰੀ ਕਾਲ ਬਣਿਆ ਅਤੇ ਕਬੱਡੀ ਖੇਡ ਪੇਸ਼ਾਵਰ ਖੇਡਾਂ ਦੀ ਕਤਾਰ ‘ਚ ਜਾ ਖੜੀ ਹੋਈ। ਖਿਡਾਰੀਆਂ ਦੇ ਘਰਾਂ ‘ਚ ਖੁਸ਼ਹਾਲੀਆਂ ਆਉਣ ਦੇ ਸਮੇਤ ਹੀ ਕੁਮੈਂਟੇਟਰ, ਕੋਚ, ਰੈਫਰੀ ਤੇ ਲਿਖਾਰੀਆਂ ਆਦਿ ਦੇ ਵੀ ਭਾਗ ਜਾਗੇ। ਇਸ ਤੋਂ ਇਲਾਵਾ ਕਬੱਡੀ ਲੀਗ ਸ਼ੁਰੂ ਕੀਤੀ ਗਈ, ਜਿਸ ਵਿਚ ਭਾਰੀ ਇਨਾਮਾਂ ਨੇ ਖਿਡਾਰੀਆਂ ਨੂੰ ਹੋਰ ਆਕਰਸ਼ਿਤ ਕੀਤਾ।ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਬਦੌਲਤ ਦਰਸ਼ਕਾਂ ਦੀ ਗਿਣਤੀ ਵਧਣ ਲੱਗੀ ਅਤੇ ਸ਼ਹਿਰਾਂ ‘ਚ ਵੀ ਕਬੱਡੀ ਕੱਪ ਹੋਣ ਲੱਗੇ।ਨਿਰਸੰਦੇਹ ਅਕਾਲੀ ਸਰਕਾਰ ਨੇ ਇਹਨਾਂ ਕਬੱਡੀ ਕੱਪਾਂ ਦਾ ਆਯੋਜਨ ਕਰ ਕੋਈ ਰਾਜਸੀ ਫਾਇਦਾ ਨਹੀਂ ਚੁੱਕਿਆ ਬਲਕਿ ਇਸ ਖੇਡ ਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਕੱਖਾਂ ਤੋਂ ਲੱਖਾਂ ਤੱਕ ਲਿਜਾਣ ਦਾ ਮਾਣ ਪ੍ਰਾਪਤ ਕੀਤਾ ਹੈ ।ਕਬੱਡੀ ਕੱਪ ਦੀਆਂ ਜੜ੍ਹਾਂ ਪੰਜਾਬ ਤੋਂ ਲੈ ਕੇ ਸੱਤ ਸੰਮੁਦਰੋਂ ਪਾਰ ਵਸਦੇ ਪੰਜਾਬੀਆਂ ਦੇ ਦਿਲਾਂ ਵਿਚ ਫੈਲ ਚੁੱਕੀਆਂ ਹਨ। ਪਿਛਲੀ ਸਰਕਾਰ ਵੱਲੋਂ ਆਰੰਭੇ ਇਸ ਸ਼ਾਨਾਮੱਤੀ ਕਬੱਡੀ ਕੱਪ ਨੂੰ ਸਾਬਕਾ ਕੈਬਨਿਟ ਮੰਤਰੀ ਅਤੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ ਨੇ ਇਸ ਕੱਪ ਨੂੰ ਨਿਰੰਤਰ ਜਾਰੀ ਰੱਖਣ ਦਾ ਐਲਾਨ ਕਰਕੇ ਕਬੱਡੀ ਖਿਡਾਰੀਆਂ ਅਤੇ ਦਰਸ਼ਕਾਂ ਵਿਚ ਮਾਂ ਖੇਡ ਕਬੱਡੀ ਪ੍ਰਤੀ ਆਪਣਾ ਮੋਹ ਉਜਾਗਰ ਕੀਤਾ ਹੈ।
ਮੌਜੂਦਾ ਖੇਡ ਮੰਤਰੀ ਦੁਆਰਾ ਕਬੱਡੀ ਕੱਪ ਨੂੰ ਬੰਦ ਕਰਨ ਸਬੰਧੀ ਖਬਰਾਂ ਨਾਲ ਜਿਥੇ ਪੰਜਾਬੀਆਂ ਦੇ ਮਨ੍ਹਾਂ ਨੂੰ ਠੇਸ ਪਹੁੰਚੀ ਹੈ ,ਉਥੇ ਕਬੱਡੀ ਖਿਡਾਰੀ ਨਿਰਾਸ਼ਾ ਦੇ ਆਲਮ ਵਿਚ ਹਨ। ਇਸ ਲਈ ਹਰ ਪਿੰਡ, ਸਕੂਲ,ਕਾਲਜ, ਕਲੱਬ ਵਾਰ ਟੀਮਾਂ ਬਣੀਆਂ ਹੋਈਆਂ ਹਨ।ਅਕਾਲੀ ਸਰਕਾਰ ਵੱਲੋਂ ਆਰੰਭੇ ਵਿਸ਼ਵ ਕੱਬਡੀ ਕੱਪ ਪਿਛੇ ਉਹਨਾਂ ਦੀ ਪੰਜਾਬੀ ਵਿਰਸੇ ਪ੍ਰਤੀ ਸੰਵੇਦਨਸ਼ੀਲਤਾ ਦਾ ਅਹਿਸਾਸ ਹੁੰਦਾ ਹੈ ਜਿਸ ਪ੍ਰਤੀ ਮੌਜੂਦਾ ਸਰਕਾਰ ਨੂੰ ਵੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ।ਖੇਡ ਮੰਤਰੀ ਪੰਜਾਬ ਜਿੱਥੇ ਆਪ ਨਿਸ਼ਾਨੇਬਾਜ਼ੀ ਵਿਚ ਕੌਮੀ ਚੈਪੀਅਨ ਰਹਿ ਚੁੱਕੇ ਹਨ ਤੇ ਅੰਤਰਰਾਸ਼ਟਰੀ ਖੇਡਾਂ ਬਾਰੇ ਖੂਬ ਜਾਣਕਾਰੀ ਰੱਖਦੇ ਹੋਣ ਤੇ ਵਿਧਾਇਕ ਸ. ਪ੍ਰਗਟ ਸਿੰਘ ਵਰਗੇ ਉਲੰਪਿਅਨ ਅਤੇ ਸੂਬੇ ਦੇ ਮੁੱਖ ਮੰਤਰੀ ਦੀ ਵੀ ਖੇਡ ਪ੍ਰਸ਼ਾਸ਼ਨ ਉਪਰ ਪਕੜ ਅਤੇ ਰੁਚੀ ਹੈ। ਅਨੇਕ ਖਿਡਾਰੀ ਮਣਾਂ-ਮੂੰਹੀਂ ਪਸੀਨਾ ਵਹਾਕੇ ਅਤੇ ਖੁਰਾਕ ਉਪਰ ਲੱਖਾਂ ਰੁਪਏ ਖਰਚ ਕੇ ਦਾਅ ਲਾ ਕੇ ਕਬੱਡੀ ਕੱਪ ਦੀ ਇਨਾਮੀ ਰਾਸ਼ੀ ਜਿੱਤਣ ਲਈ ਉਮੀਦ ਲਗਾਈ ਬੈਠੇ ਹਨ।ਇਹ ਨਾ ਹੋਵੇ ਕਿ ਇਹ ਖਿਡਾਰੀ ਨਿਰਾਸ਼ਾ ਦੇ ਆਲਮ ‘ਚ ਆ ਸੰਘਰਸ਼ ਦੇ ਰਸਤੇ ਤੁਰ ਪੈਣ।ਮੌਜੂਦਾ ਸਰਕਾਰ ਦਾ ਫਰਜ਼ ਇਹ ਹੈ ਕਿ ਕਬੱਡੀ ਲਈ ਤਿਆਰ ਬਰ ਤਿਆਰ ਮੰਚ ਦਾ ਲਾਹਾ ਲੈਂਦਿਆਂ, ਇਸ ਖੇਡ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਵੇ ਤਾਂ ਜੋ ਪੰਜਾਬੀਆਂ ਦੀ ਇਹ ਖੇਡ ਕੌਮਾਂਤਰੀ ਪੱਧਰ ‘ਤੇ ਆਪਣੀ ਪਹਿਚਾਣ ਹੋਰ ਵਧੇਰੇ ਬਣਾਵੇ।ਸਮੇਂ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿਹਤਮੰਦ ਸਮਾਜ ਸਿਰਜਣ ਲਈ ਅਤੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਵੇ।

WRITTEN BY