ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਿਹਾੜੇ ਨੂੰ ਮਨਾਉਣ ਦਾ ਮੁੱਖ ਮਕਸਦ ਵਿਸ਼ਵ ਭਰ ਵਿਚ ਵੱਧ ਰਹੀਆਂ ਵਾਤਾਵਰਣਿਕ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਦਿਵਸ ਨੂੰ ਮਨਾਉਣ ਦੀ ਲੋੜ ਉਦੋਂ ਪਈ ਜਦੋਂ ਪਾਣੀ ਅਤੇ ਧਰਤੀ ਦਾ ਪ੍ਰਦੂਸ਼ਣ ਬਹੁਤ ਹੀ ਤੇਜ਼ ਦਰ ਨਾਲ ਵੱਧਣ ਲੱਗਾ।ਅਸੀਂ ਸਾਰੇ ਇੱਕੋ ਹੀ ਧਰਤੀ ਉਤੇ ਰਹਿੰਦੇ ਹਾਂ ਅਤੇ ਇਹ ਹੀ ਸਾਡਾ ਪਹਿਲਾ ਘਰ ਹੈ।ਇਸ ਨੂੰ ਸਾਫ਼ ਅਤੇ ਹਰਾ-ਭਰਾ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ ਪਰ ਸਾਡੀ ਤਰਾਸਦੀ ਇਹ ਹੈ ਕਿ ਇਹ ਅਜੋਕੇ ਸਮੇਂ ਵਿਚ ਵੱਖ-ਵੱਖ ਪ੍ਰਕਾਰ ਦੇ ਪ੍ਰਦੂਸ਼ਣਾਂ ਨਾਲ ਘਿਰ ਚੁੱਕੀ ਹੈ।
2018 ਦੇ ਵਾਤਾਵਰਣ ਦਿਵਸ ਦਾ ਥੀਮ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨਾ ਹੈ। ਅੱਜ-ਕੱਲ੍ਹ ਪਲਾਸਟਿਕ ਦੀ ਵਰਤੋਂ ਹਰ ਥਾਂ ਉਤੇ ਕੀਤੀ ਜਾ ਰਹੀ ਹੈ। ਪਲਾਸਟਿਕ ਵਾਤਾਵਰਣ ਲਈ ਖਤਰਾ ਬਣਿਆ ਹੋਇਆ ਹੈ।ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਵਰਤੇ ਜਾਣ ਵਾਲੇ ਸਮਾਨ ਵਿਚ ਜ਼ਿਆਦਾਤਰ ਚੀਜਾਂ ਪਲਾਸਟਿਕ ਦੀਆਂ ਹੀ ਬਣੀਆਂ ਹੋਈਆਂ ਹਨ।ਪਿਛਲੇ ਦੱਸ ਸਾਲਾਂ ਵਿਚ ਜਿੰਨਾ ਪਲਾਸਟਿਕ ਦਾ ਉਤਪਾਦਨ ਹੋਇਆ ਹੈ ਐਨਾ ਪਹਿਲਾ ਕਦੇ ਵੀ ਨਹੀਂ ਹੋਇਆ ਸੀ। ਹਰ ਸਾਲ ਲਗਭਗ 100 ਮਿਲੀਅਨ ਟਨ ਪਲਾਸਟਿਕ ਦਾ ਉਤਪਾਦਨ ਕੀਤਾ ਜਾਂਦਾ ਹੈ ਜਿਸ ਵਿਚੋਂ 25 ਮਿਲੀਅਨ ਟਨ ਪਲਾਸਟਿਕ ਵਾਤਾਵਰਣ ਵਿਚ ਹੀ ਜਮਾ ਹੋ ਜਾਂਦਾ ਹੈ। ਹਰ ਸਾਲ ਪੂਰੇ ਵਿਸ਼ਵ ਵਿਚ ਐਨਾ ਪਲਾਸਟਿਕ ਸੁੱਟਿਆ ਜਾਂਦਾ ਹੈ ਕਿ ਇਸ ਨਾਲ ਪੂਰੀ ਧਰਤੀ ਦੇ ਚਾਰ ਘੇਰੇ ਬਣ ਸਕਦੇ ਹਨ। ਵਿਸ਼ਵ ਭਰ ਵਿਚ ਪ੍ਰਤੀ ਮਿੰਟ 1 ਮਿਲੀਅਨ ਪਲਾਸਟਿਕ ਦੀਆਂ ਪਾਣੀ ਆਦਿ ਵਾਲੀਆਂ ਬੋਤਲਾਂ ਖਰੀਦੀਆਂ ਜਾ ਰਹੀਆਂ ਹਨ। ਇਕ ਪਲਾਸਟਿਕ ਦੀ ਬੋਤਲ ਨੂੰ ਰਿਸਾਈਕਲ ਕਰਨ ਵਿਚ ਐਨੀ ਉਰਜਾ ਬਚਾਈ ਜਾ ਸਕਦੀ ਹੈ ਕਿ ਇਕ 60 ਵਾਟ ਦਾ ਬਲਬ 6 ਘੰਟੇ ਤੱਕ ਜਲ ਸਕੇ।
ਹਰ ਸਾਲ ਲਗਭਗ 1 ਲੱਖ ਪਸ਼ੂ ਪਲਾਸਟਿਕ ਬੈਗਾਂ ਕਾਰਨ ਮਰ ਜਾਂਦੇ ਹਨ। ਪਲਾਸਟਿਕ ਬੈਗ ਨੂੰ ਖਤਮ ਹੋਣ ਵਿਚ ਲਗਭਗ 1 ਹਜ਼ਾਰ ਸਾਲ ਲੱਗਦੇ ਹਨ। ਸਭ ਤੋਂ ਜ਼ਿਆਦਾ ਪਲਾਸਟਿਕ ਸਮੁੰਦਰ ਵਿਚ ਸੁੱਟਿਆ ਜਾਂਦਾ ਹੈ ਜੋ ਕਿ ਭਵਿੱਖ ਵਿਚ ਬਹੁਤ ਹਾਨੀਕਾਰਕ ਹੋ ਸਕਦਾ ਹੈ।ਪਲਾਸਟਿਕ ਵਿਚ ਬਹੁਤ ਸਾਰੇ ਜੈਵਿਕ ਅਤੇ ਅਜੈਵਿਕ ਤੱਤ ਪਾਏ ਜਾਂਦੇ ਹਨ।ਪਲਾਸਟਿਕ ਦਾ ਗਲਨ-ਸੜ੍ਹਨ 500-1000 ਸਾਲਾਂ ਵਿਚ ਹੁੰਦਾ ਹੈ।
ਪਲਾਸਟਿਕ ਦੇ ਨਿਰਮਾਣ ਦੌਰਾਨ ਕਈ ਖਤਰਨਾਕ ਰਸਾਇਣ ਪੈਦਾ ਹੁੰਦੇ ਹਨ ਜੋ ਕਿ ਮਨੁੱਖਾਂ ਅਤੇ ਜਾਨਵਰਾਂ ਦੇ ਨਾਲ-ਨਾਲ ਵਾਤਾਵਰਣ ਲਈ ਵੀ ਬਹੁਤ ਘਾਤਕ ਸਿੱਧ ਹੁੰਦੇ ਹਨ।
ਪਲਾਸਟਿਕ ਨੂੰ ਜੇ ਜਲਾ ਵੀ ਦਿੱਤਾ ਜਾਵੇ ਤਾਂ ਵੀ ਉਸਦਾ ਕੁਝ ਅੰਸ਼ ਧਰਤੀ ਵਿਚ ਚਲਾ ਜਾਂਦਾ ਹੈ ਜੋ ਕਿਸੇ ਨ ਕਿਸੇ ਰੂਪ ਵਿਚ ਮਨੁੱਖ ਅਤੇ ਜਾਨਵਰਾਂ ਦੇ ਸਰੀਰ ਅੰਦਰ ਦਾਖਲ ਹੋ ਜਾਂਦਾ ਹੈ।
ਜੇ ਇਸ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਠੋਸ ਕਦਮ ਹਾਲੇ ਵੀ ਨਾ ਚੁੱਕੇ ਗਏ ਤਾਂ ਇਸ ਦਾ ਪਸਾਰਾ ਪੂਰੀ ਤਰ੍ਹਾਂ ਇਸ ਗ੍ਰਹਿ ਉਤੇ ਹੋ ਜਾਵੇਗਾ ਜਿਸ ਨਾਲ ਮਨੁੱਖਾਂ ਅਤੇ ਜਾਨਵਰਾਂ ਦੀ ਹੋਂਦ ਲਈ ਵੀ ਬਹੁਤ ਵੱਡਾ ਖਤਰਾ ਹੋ ਜਾਵੇਗਾ। ਇਸ ਲਈ ਇਸ ਵਾਤਵਰਣ ਦਿਵਸ ਦੇ ਮੋਕੇ ਉਤੇ ਸਾਨੂੰ ਪਲਾਸਟਿਕ ਦੇ ਭਾਂਡਿਆਂ, ਬੌਤਲਾਂ, ਖਿਡੋਣਿਆਂ, ਬੈਗਾਂ ਆਦਿ ਦੀ ਵਰਤੋਂ ਘੱਟ ਤੋਂ ਘੱਟ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ ਤਾਂ ਕਿ ਇਸ ਪ੍ਰਕਾਰ ਦੇ ਪ੍ਰਦੂਸ਼ਣ ਦਾ ਖਾਤਮਾ ਕੀਤਾ ਜਾ ਸਕੇ।



