ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਖੇਤਰ ਵਿੱਚ ਹੁਣ ਕੋਈ ਮੁਕਾਬਲਾ ਨਹੀਂ ਹੈ। ਉਹ ਪੰਜਾਬ ਦੇ ਇਕਲੌਤੇ ਸਭ ਤੋਂ ਵੱਧ ਹਰਮਨ ਪਿਆਰੇ ਅਤੇ ਚੁਣੌਤੀ ਰਹਿਤ ਰਹਿਨੁਮਾ ਬਣ ਗਏ ਹਨ। ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀ ਅਗਵਾਈ ਵਿੱਚ ਅਟੁੱਟ ਵਿਸ਼ਵਾਸ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਬਾਅਦ ਹੁਣ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਵੱਡੀ ਜਿੱਤ ਹਾਸਿਲ ਕਰਕੇ ਉਨ੍ਹਾਂ ਨੇ ਆਪਣੀ ਲੀਡਰਸ਼ਿਪ ਦਾ ਲੋਹਾ ਮੰਨਵਾ ਲਿਆ ਹੈ। ਸ਼ਾਹਕੋਟ ਦੀ ਮਹਾਂਜਿੱਤ ਸੱਚਮੁੱਚ ਕੈਪਟਨ ਸਾਹਿਬ ਦੀ ਵੱਡੀ ਪ੍ਰਾਪਤੀ ਹੈ। ਇਹ ਜਿੱਤ ਕੋਈ ਆਸਾਨ ਨਹੀਂ ਸੀ। ਇਹ ਹਲਕਾ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਬਜ਼ੇ ਹੇਠ ਸੀ। ਕਾਂਗਰਸ ਕੋਲ ਇਸ ਹਲਕੇ ਵਿੱਚ ਉਮੀਦਵਾਰ ਬਣਾਉਣ ਲਈ ਕੋਈ ਵੱਡਾ ਅਤੇ ਸਥਾਪਿਤ ਆਗੂ ਨਹੀਂ ਸੀ। ਇਕ ਸਥਾਨਕ ਪੱਧਰ ਦੇ ਆਗੂ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਇਸ ਚੋਣ ਵਿੱਚ ਖੜ੍ਹਾ ਕਰਕੇ ਕਾਂਗਰਸ ਨੇ ਭਾਵੇਂ ਵੱਡਾ ਸਿਆਸੀ ਰਿਸਕ ਲਿਆ ਸੀ ਪਰ ਬੇਹਦ ਪ੍ਰਭਾਵਸ਼ਾਲੀ ਚੋਣ ਅਤੇ ਸਿਆਸੀ ਰਣਨੀਤੀ ਨਾਲ ਕਾਂਗਰਸ ਨੇ ਸ਼ਾਹਕੋਟ ਨੂੰ ਆਖਰ ਜਿੱਤ ਲਿਆ ਹੈ। ਇਸ ਜਿੱਤ ਨਾਲ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦਾ ਹੁਣ ਦੋ-ਤਿਹਾਈ ਬਹੁਮਤ ਹੋ ਗਿਆ ਹੈ। ਸ਼ਾਹਕੋਟ ਦੇ ਲੋਕਾਂ ਨੇ ਇਕਪਾਸੜ ਤੌਰ ’ਤੇ ਕਾਂਗਰਸ ਦੇ ਉਮੀਦਵਾਰ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ 38000 ਤੋਂ ਵੱਧ ਵੋਟਾਂ ਨਾਲ ਜਿਤਾਉਣਾ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਹੁਤ ਪਸੰਦ ਕਰਦੇ ਹਨ। ਸ਼ਾਹਕੋਟ ਦੇ ਵੋਟਰਾਂ ਨੇ ਅਸਲ ਵਿੱਚ ਮੁੱਖ ਮੰਤਰੀ ਨੂੰ ਹੀ ਵੋਟ ਦਿੱਤਾ ਹੈ। ਪੰਜਾਬ ਸਰਕਾਰ ਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ। ਇਸ ਦੌਰਾਨ ਸਰਕਾਰ ਵੱਲੋਂ ਕਈ ਵੱਡੇ ਕਾਰਜ ਕੀਤੇ ਗਏ ਹਨ। ਕਈ ਤਰ੍ਹਾਂ ਦੇ ਸਿਆਸੀ ਵਿਵਾਦ ਵੀ ਛਿੜੇ ਹੋਏ ਹਨ। ਵਿਰੋਧੀ ਧਿਰ ਵੱਲੋਂ ਕਾਂਗਰਸੀ ਉਮੀਦਵਾਰ ਨੂੰ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਅਜਿਹੇ ਹਾਲਾਤਾਂ ਵਿੱਚ ਕਾਂਗਰਸ ਦੀ ਜਿੱਤ ਹੋਰ ਵੀ ਅਹਿਮ ਹੋ ਗਈ ਹੈ। ਸ਼ਾਹਕੋਟ ਹਲਕੇ ਦੇ ਨਤੀਜੇ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਅਤੇ ਮੁੱਖ ਮੰਤਰੀ ਦੀ ਸਿਆਸੀ ਸ਼ੈਲੀ ਉਪਰ ਵੀ ਮੋਹਰ ਲਗਾਈ ਹੈ। ਸ਼ਾਹਕੋਟ ਹਲਕੇ ਵਿੱਚ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਨੇ ਬੇਮਿਸਾਲ ਇਕਜੁਟਤਾ ਨਾਲ ਬਹੁਤ ਕਰੜੀ ਮਿਹਨਤ ਕੀਤੀ ਹੈ। ਮੁੱਖ ਮੰਤਰੀ ਵੱਲੋਂ ਰੁਝੇਵਿਆਂ ਦੇ ਬਾਵਜੂਦ ਇਸ ਹਲਕੇ ’ਚ ਦੋ ਦਿਨ ਗੁਜ਼ਾਰੇ। ਉਨ੍ਹਾਂ ਦੇ ਸਾਥੀ ਮੰਤਰੀਆਂ ਖਾਸ ਕਰਕੇ ਸ. ਨਵਜੋਤ ਸਿੰਘ ਸਿੱਧੂ ਵੱਲੋਂ ਵੀ ਇਸ ਜਿੱਤ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ। ਸ਼ਾਹਕੋਟ ਦੇ ਨਤੀਜੇ ਨੂੰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਪ੍ਰਤੀ ਫਤਵੇ ਵਜੋਂ ਲਿਆ ਜਾਣਾ ਚਾਹੀਦਾ ਹੈ। ਵਿਰੋਧੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਭਾਵੇਂ ਕਾਂਗਰਸ ਸਰਕਾਰ ਖਿਲਾਫ ਰੱਜ ਕੇ ਭੰਡੀ ਪ੍ਰਚਾਰ ਕੀਤਾ ਗਿਆ, ਪ੍ਰੰਤੂ ਲੋਕਾਂ ਨੇ ਉਨ੍ਹਾਂ ਦੀ ਗੱਲ ਵੱਲ ਕੋਧੀ ਧਿਆਨ ਨਹੀਂ ਦਿੱਤਾ। ਲੋਕਾਂ ਨੇ ਇਸ ਚੋਣ ਵਿੱਚ ਦੰਬੀ, ਨਾ-ਪੱਖੀ, ਫੁੱਟ ਪਾਊ ਤੇ ਘਿਰਣਾਮਈ ਸਿਆਸਤ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸਫਾਏ ਦੇ ਇਹੋ ਕਾਰਨ ਹਨ। ਸ਼ਾਹਕੋਟ ਹਲਕੇ ਦੀ ਚੋਣ ਨੇ ਪੰਜਾਬ ਦੇ ਸਿਆਸੀ ਰੁਝਾਨ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ। ਇਸ ਚੋਣ ਦਾ ਅਸਰ 2019 ਦੀਆਂ ਲੋਕ ਸਭਾ ਚੋਣਾਂ ਉਪਰ ਵੀ ਪਵੇਗਾ। ਸ਼ਾਹਕੋਟ ਦੀ ਜਿੱਤ ਨਾਲ ਸੂਬਾ ਸਰਕਾਰ ਦੀਆਂ ਜ਼ਿੰਮੇਵਾਰੀਆਂ ਹੋਰ ਵਧ ਗਈਆਂ ਹਨ। ਸਰਕਾਰ ਨੂੰ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ’ਤੇ ਪੂਰਾ ਉਤਰਨ ਲਈ ਹੋਰ ਵੱਧ ਕੰਮ ਕਰਨਾ ਪਵੇਗਾ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ ਹਾਰ ਇਹ ਦਰਸਾਉਂਦੀ ਹੈ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਅਤੇ ਨੀਤੀਆਂ ਨੂੰ ਲੋਕ ਪਸੰਦ ਨਹੀਂ ਕਰ ਰਹੇ।
1 ਜੂਨ 2018 – ਬਲਜੀਤ ਸਿੰਘ ਬਰਾੜ



