Skip to content
Independent perspectives. Global stories.
BREAKING

ਸਿੱਖ ਦੀ ਪੱਗ ਵੇਸ਼ ਨਹੀਂ ਸਿੱਖੀ ਸੋਚ ਦਾ ਹਿੱਸਾ

Share this story

ਸਿਖੀ, ਯੁਗ ਪਰਿਵਰਤਨ ਦਾ ਨਾਂ ਹੈ। ਸਿਖ ਪੰਥ ਦੇ ਬਾਣੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਸਮੇਂ ਲੋਕਾਈ ਇਕ ਬੜੇ ਹੀ ਕਠਨ ਦੌਰ ਤੋਂ ਗੁਜਰ ਰਹੀ ਸੀ। ਮਨੁਖੀ ਜੀਵਨ ਨੂੰ ਪ੍ਰਭਾਵਤ ਕਰਨ ਵਾਲੀ ਹਰ ਸੋਚ ਤੇ ਵਿਵਸਥਾ, ਉਹ ਭਾਵੇਂ ਧਾਰਮਕ ਸੀ ਜਾਂ ਸਮਾਜਕ, ਰਾਜਸੀ, ਆਰਥਕ , ਨਿਰੀ ਬਦਸ਼ਕਲ ਹੋ ਚੁਕੀ ਸੀ। ਸਦੀਆਂ ਤੋਂ ਵਧ ਰਿਹਾ ਇਸ ਵਿਵਸਥਾ ਦਾ ਬਿਖ ਸਮਾਜ ਦੀਆਂ ਜੜ੍ਹਾਂ ਨੂੰ ਲਗਭਗ ਨਿਗਲ ਚੁਕਿਆ ਸੀ। ਸੰਸਾਰ ਦੇ ਗਿਆਨੀਆਂ , ਧਿਆਨੀਆਂ ਦਾ ਇਹ ਹਾਲ ਸੀ ਕਿ ਰੋਗ ਜਾਣੇ ਬਿਨਾਂ ਹੀ ਈਲਾਜ ਕਰੀ ਜਾ ਰਹੇ ਸਨ। ਲੋਗ ਠਗੇ ਜਾ ਰਹੇ ਸਨ। ਦੁਖ ਦਰਦ ਦੇ ਹਨੇਰੇ ਗਹਿਰੇ ਹੁੰਦੇ ਜਾ ਰਹੇ ਸਨ। ਗੁਰੂ ਨਾਨਕ ਸਾਹਿਬ ਨੇ “ ਸਤਿਨਾਮੁ ਦਾ ਚਕ੍ਰ ਫਿਰਾਇਆ ਤੇ ਸਦੀਆਂ ਦੇ ਇਕਤਰ ਹੋਏ ਵਿਸ਼ ਨੂੰ ਬਾਹਰ ਕਢ੍ਹ ਦਿਤਾ ਪੂਰਨ ਪੂਰਿ ਰਹਿਆ ਬਿਖੁ ਮਾਰਿ॥ ਗੁਰੂ ਸਾਹਿਬ ਦੀ ਇਲਾਹੀ ਦ੍ਰਿਸ਼ਟੀ ਲੋਕ ਹਿਤਕਾਰੀ ਸਾਬਤ ਹੋਈ। ਗੁਰ ਕੀ ਮਤਿ ਜੀਇ ਆਈ ਕਾਰਿ। ਗੁਰਮਤਿ ਨੇ ਮਨੁਖ ਨੂੰ ਸੰਪੂਰਣਤਾ ‘ਚ ਵੇਖਿਆ ਜਿਸ ਵਿਚ ਤਨ ਤੇ ਮਨ ਦੋਵੇ ਸ਼ਾਮਲ ਸਨ ਰਸਨਾ ਹਰਿ ਰਸਿ ਰਾਤੀ ਰੰਗੁ ਲਾਏ, ਮਨੁ ਤਨੁ ਮੋਹਿਆ ਸਹਜਿ ਸੁਭਾਏ॥ ਸਿਮਰਨ ਮਨ ਨੂੰ ਤੇ ਸੇਵਾ ਤਨ ਨੂੰ ਜੋੜਨ ਲਈ ਸੀ। ਸਿਮਰਨ ਤੇ ਸੇਵਾ ਦੇ ਸੰਜੋਗ ਨਾਲ ਗੁਰਸਿਖ ਦੀ ਭਗਤੀ ਦੀ ਅਵਸਥਾ ਬਣੀ। ਗੁਰਸਿਖੀ ਅਮੁਲ ਮਨੁਖੀ ਕਦਰਾਂ ਤੇ ਕੀਮਤਾਂ ਦੀ ਰਾਹ ਖੋਲਣ ਵਾਲੀ ਸਾਬਤ ਹੋਈ “ ਹਰਿ ਸਿਮਰਤ ਨਾਨਕ ਭਈ ਅਮੋਲੀ। ਗੁਰਸਿਖ ਵਾਹਿਗੁਰੂ ਦੀ ਮਤਿ ’ਚ ਰੰਗਿਆ ਗਿਆ “ ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ। ਗੁਰੂ ਦਾ ਸਿਖ ਨਾਲ ਸਚਾ ਸੰਬੰਧ ਕਾਇਮ ਹੋਇਆ ਪੀਰ ਮੁਰੀਦਾਂ ਪਿਰਹੜੀ ਏਹੁ ਸਾਕੁ ਸੁਹੇਲਾ। ਭਾਈ ਗੁਰਦਾਸ ਜੀ ਨੇ ਅਚਰਜ ਬਿਆਨ ਕੀਤਾ ਕਿ ਗੁਰੂ ਦੀ ਮਤਿ ਧਾਰਣ ਕਰ ਸਿਖ ਗੁਰੂ ਦਾ ਹੀ ਰੂਪ ਹੋ ਗਏ “ ਗੁਰ ਸਿਖਹੁ ਗੁਰ ਸਿਖੁ ਹੋਇ ਹੈਰਾਣਿਆ। ਬਾਅਦ ‘ਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਐਲਾਨ ਕੀਤਾ “ ਖਾਲਸਾ ਮੇਰੋ ਰੂਪ ਹੈ ਖਾਸ, ਖ਼ਾਲਸਹ ਮਹਿ ਹਉਂ ਕਰਹੁੰ ਨਿਵਾਸ। ਗੁਰੂ ਨੇ ਗੁਰਸਿਖ ਨੂੰ ਅਜਿਹੀ ਸ੍ਰੇਸ਼ਟ ਅਵਸਥਾ ਬਖਸ਼ੀ ਕਿ ਉਹ ਗੁਰੂ ਰੂਪ ਹੋ ਗਿਆ। ਅਜ ਜਦੋਂ ਸਵਾਲ ਕੀਤਾ ਜਾਂਦਾ ਹੈ ਕਿ ਸਿਖ ਲਈ ਪਗ ਕਿੰਨੀ ਜਰੂਰੀ ਹੈ ਤਾਂ ਸਵਾਲ ਕਰਨ ਵਾਲੀਆਂ ਤੇ ਰੋਸ਼ ਘਟ ਤਰਸ ਜਿਆਦਾ ਆਉਂਦਾ ਹੈ। ਸੰਸਾਰ ਅੰਦਰ ਗੁਰਸਿਖੀ ਦੀ ਵਡਿਆਈ ਨਾ ਸਮਝ ਪਾਉਣ ਵਾਲੇ ਹੋ ਸਕਦੇ ਹਨ। ਪਰ ਉਸ ਧਰਤੀ ਤੇ ਇਹੋ ਜਿਹੀਆਂ ਸ਼ੰਕਾਵਾਂ ਪੈਦਾ ਕੀਤੀਆਂ ਜਾਣ ਜਿਥੇ ਸਿਖ ਪੰਥ ਦਾ ਜਨਮ ਹੋਇਆ ਹੋਵੇ ਤਾਂ ਬੇਹਦ ਅਫਸੋਸ ਹੁੰਦਾ ਹੈ। ਸਿਖ ਅਜ ਸੰਸਾਰ ਦੇ ਕੋਨੇ ਕੋਨੇ ’ਚ ਵਸਦੇ ਹਨ ਪਰ ਜੁੜੇ ਹੋਏ ਇਸੇ ਧਰਤੀ ਨਾਮ ਮਹਿਸੂਸ ਕਰਦੇ ਹਨ। ਇਹ ਧਰਤੀ ਤਾਂ ਸਿਖ ਗੁਰੂ ਸਾਹਿਬਾਨ ਤੇ ਸਿਖ ਸੂਰਬੀਰਤਾ ਦੀ ਸਦੀਵੀਂ ਕਰਜਦਾਰ ਹੈ। ਇਹ ਕਰਜ ਲਾਹਿਆ ਨਹੀਂ ਜਾ ਸਕਦਾ। ਪਰ ਇਹ ਆਸ ਜਰੂਰ ਕੀਤੀ ਜਾਂਦੀ ਹੈ ਕਿ ਸਿਖੀ ਤੇ ਉਂਗਲ ਚੁਕਣ ਤੋਂ ਪਹਿਲਾਂ ਇਤਿਹਾਸ ਪੜ੍ਹ ਲੈਣਾ ਚਾਹੀਦੇ। ਕਿਹਾ ਨਹੀਂ ਜਾ ਸਕਦਾ ਕਿ ਜਿਨ੍ਹਾਂ ਨੇ ਸਿਖ ਦੀ ਪਗ ਬਾਰੇ ਸਵਾਲ ਕੀਤਾ ਹੈ ਉਨ੍ਹਾਂ ਨੂੰ ਗੁਰਮਤਿ ਦੀ ਕਿੰਨੀ ਜਾਣਕਾਰੀ ਹੈ ਪਰ ਉਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਜਰੂਰ ਪੜ੍ਹਿਆ ਹੋਵੇਗਾ।
ਸ੍ਰੀ ਗੁਰੂ ਅਰਜਨ ਸਾਹਿਬ ਦੀ ਲਾਹੌਰ ਵਿਚ ਹੋਈ ਲਾਸਾਨੀ ਸ਼ਹੀਦੀ ਤੋਂ ਬਾਅਦ ਗੁਰਿਆਈ ਧਾਰਣ ਕਰਨ ਸਮੇਂ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਗੇ ਟੋਪੀ ਤੇ ਸੇਲੀ ਰਖੀ ਗਈ, ਆਪ ਨੇ ਕਿਹਾ ਕਿ ਇਨ੍ਹਾਂ ਨੂੰ ਖਜਾਨੇ ਵਿਚ ਰਖ ਦਿਤਾ ਜਾਏ। ਗੁਰੂ ਸਾਹਿਬ ਨੇ ਪਹਿਲੇ ਦਿਨ ਹੀ ਪਗੜੀ ਧਾਰਣ ਕੀਤੀ ਤੇ ਉਸ ਤੇ ਕਲਗੀ ਸਜਾਈ। 25 ਮਈ ਸੰਨ 1606 ਦਾ ਇਹ ਪਾਵਨ ਦਿਹਾੜਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਤਾਗਦੀ ਤੇ ਵਿਰਾਜਮਾਨ ਹੋਣ ਦੇ ਨਾਲ ਹੀ ਗੁਰਸਿਖੀ ਅੰਦਰ ਪਗ ਦੀ ਬਾਕਾਇਦਾ ਮਹਤਾ ਕਾਇਮ ਹੋਣ ਦਾ ਦਿਨ ਵੀ ਬਣ ਗਿਆ। ਸਿਖ ਇਤਿਹਾਸ ਅੰਦਰ ਗੁਰੂ ਹਰਿਗੋਬਿੰਦ ਸਾਹਿਬ ਮਹਿਮਾ ਉਨ੍ਹਾਂ ਦੇ ਪਗ ਧਾਰਣ ਕਰਨ ਤੋਂ ਹੀ ਆਰੰਭ ਹੁੰਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਨੇ ਟੋਪੀ ਤੇ ਸੇਲੀ ਧਾਰਣ ਕਰਨ ਤੋਂ ਇਨਕਾਰ ਕਰਦਿਆਂ ਜੋ ਵਚਨ ਕੀਤੇ ਉਹ ਗੁਰੂ ਸਾਹਿਬ ਦੀ ਧਰਮ ਤੇ ਸਮਾਜ ਪ੍ਰਤੀ ਚਿੰਤਾ ਦਰਸਾਉਣ ਵਾਲੇ ਸਨ। ਗੁਰੂ ਸਾਹਿਬ ਦਾ ਪਗ ਧਾਰਣ ਕਰਨਾ ਇਸ ਚਿੰਤਾ ਦਾ ਨਿਦਾਨ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਵੀ ਧਾਰਣ ਕੀਤੀਆਂ ਪਰ ਪਗ ਪਹਿਲਾਂ ਸਜਾਈ। ਗੁਰੂ ਸਾਹਿਬ ਦੀ ਪਗ ਧਰਮ ਤੇ ਕਿਰਤ ਦੀ ਸ਼ਹਿਨਸ਼ਾਹੀ ਦਾ ਪ੍ਰਤੀਕ ਬਣੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਤਾ ਕਾਲ ’ਚ ਹੀ ਪਗ ਗੁਰਸਿਖ ਦੀ ਪਛਾਣ ਬਣ ਗਈ। ਇਸ ਤੋਂ ਬਾਅਦ ਸਾਰੇ ਗੁਰੂ ਸਾਹਿਬਾਨ ਨੇ ਪਗ ਧਾਰਣ ਕੀਤੀ ਤੇ ਸਿਖਾਂ ਲਈ ਮਿਸਾਲ ਕਾਇਮ ਕੀਤੀ। ਅਜ ਪਗ ਸਿਖ ਤੇ ਸਿਖੀ ਦਾ ਅਭਿੰਨ ਅੰਗ ਬਣ ਚੁਕੀ ਹੈ।
ਪਗੜੀ ਪੁਰਾਤਨ ਸਮੇਂ ’ਚ ਰੁਤਬੇ ਤੇ ਹੈਸੀਅਤ ਦਾ ਨਿਸ਼ਾਨ ਸੀ। ਇਲਾਕਿਆਂ ਦੇ ਚੌਧਰੀ ਜਾਂ ਧਨਵਾਨ ਖਾਸ ਮੌਕਿਆਂ ਤੇ ਪਗ ਬਨ੍ਹਿਆ ਕਰਦੇ ਸਨ। ਰਾਜਿਆਂ, ਜਮੀਂਦਾਰਾਂ ਨੇ ਵੀ ਆਪਣੀ ਤਾਕਤ ਦਰਸਾਉਣ ਲਈ ਪਗ ਬਨ੍ਹਨੀ ਸ਼ੁਰੂ ਕਰ ਦਿਤੀ। ਕਈ ਵਿਦਵਾਨ ਪੰਡਤ ਤੇ ਧਰਮੀ ਵੀ ਪਗ ਸਜਾਉਂਦੇ ਸਨ। ਇਹ ਰਾਜ ਤੇ ਸਮਾਜ ਦੇ ਆਗੂ ਸਨ ਜੋ ਹਰ ਦ੍ਰਿਸ਼ਟੀ ਨਾਲ ਤਾਕਤਵਰ ਸਨ ਪਰ ਹੰਕਾਰ ਨਾਲ ਭਰੇ ਹੋਏ ਸਨ। ਅਜਿਹੇ ਲੋਗ ਆਪਣੀ ਤਾਕਤ ਦੀ ਵਰਤੋਂ ਆਮ ਲੋਕਾਂ ਨੂੰ ਦਬਾਉਣ, ਡਰਾਉਣ ਤੇ ਦਾਸ ਬਣਾ ਕੇ ਰਖਨ ’ਚ ਕਰ ਰਹੇ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਪਗ ਬਨ੍ਹ ਕੇ ਧਰਮ ਤੇ ਸਚ ਦੀ ਉਸ ਤਾਕਤ ਦਾ ਮੁਜਾਹਿਰਾ ਕੀਤਾ ਜੋ ਜੁਲਮ ਤੇ ਅਨਿਆਂ ਨੂੰ ਜੜੋਂ ਪੁਟਣ ਲਈ ਵਰਤੀ ਜਾਣੀ ਸੀ। ਦਸਮ ਪਿਤਾ ਨੇ ਖਾਲਸਾ ਸਾਜ ਕੇ ਧਰਮ ਤੇ ਸਚ ਲਈ ਡਟ ਕੇ ਖੜੇ ਹੋਣ ਵਾਲੀ ਹਰ ਤਾਕਤ ਨੂੰ ਆਪਣੀ ਸੰਤਾਨ ਹੋਣ ਦਾ ਮਾਣ ਬਖਸ਼ਿਆ ਤੇ ਜੁਲਮ, ਜਬਰ ਦੀਆਂ ਤਾਕਤਾਂ ਦੇ ਜਬਰਦਸਤ ਚੋਟ ਕਰ ਜਮੀਂਦੋਜ ਕਰ ਦਿਤਾ 9 ਮੁਗਲ ਰਾਜ ਹੀ ਨਹੀਂ ਸਿਖਾਂ ਨੇ ਅੰਗ੍ਰੇਜੀ ਰਾਜ ਦੇ ਵਿਰੁਧ ਵੀ ਫੈਸਲਾਕੁਨ ਲੜਾਈਆਂ ਲੜੀਆਂ।
ਅੰਗਰੇਜ ਰਾਜ ਵਿਚ ਸਿਖਾਂ ਦੀ ਪਗ ਨੇ ਸਰਕਾਰ ਨੂੰ ਵਡੀ ਚੁਨੌਤੀ ਦਿਤੀ। ਸਰਦਾਰ ਸੋਹਣ ਸਿੰਘ ਜੋਸ਼ ਨੇ ਆਪਣੀ ਕਿਤਾਬ “ ਅਕਾਲੀ ਮੋਰਚਿਆਂ ਦਾ ਇਤਿਹਾਸ “ ਵਿਚ ਲਿਖਿਆ ਹੈ ਕਿ ਕਾਲੀ ਪਗੜੀ ਬੰਨਣਾ ਜੁਰਮ ਬਣ ਗਿਆ ਸੀ। ਅੰਗਰੇਜ ਸਰਕਾਰ ਜਿਉਂ ਜਿਉਂ ਕਾਲੀ ਪਗ ਬੰਨਣ ਤੇ ਸਖਤੀ ਕਰਦੀ ਤਿਉਂ ਤਿਉਂ ਪਿੰਡਾਂ ਦੇ ਪਿੰਡ ਕਾਲੀ ਪਗ ਬੰਨਦੇ ਜਾਂਦੇ। ਪਿੰਡਾਂ ਅੰਦਰ ਵਡੀਆਂ ਵਡੀਆਂ ਤੇਗਾਂ ’ਚ ਕਾਲਾ ਰੰਗ ਪਾ ਕੇ ਉਬਾਲਿਆ ਜਾਂਦਾ ਤੇ ਸਾਰੇ ਪਿੰਡ ਦੇ ਸਿਖਾਂ ਦੀਆਂ ਪਗਾਂ ਰੰਗੀਆਂ ਜਾਂਦੀਆਂ ਸਨ। ਦਰਅਸਲ ਉਸ ਵੇਲੇ ਅਕਾਲੀ ਮੋਰਚਿਆਂ ‘ਚ ਸ਼ਾਮਲ ਹੋਣ ਵਾਲੇ ਸਿਖ ਖਾਸ ਤੌਰ ਤੇ ਕਾਲੀ ਪਗ ਬੰਨ ਕੇ ਜਾਂਦੇ ਸਨ। ਕਾਲੀ ਪਗ ਸਿਖਾਂ ਦੀ ਅੰਗਰੇਜ ਸਰਾਕਰ ਦੇ ਖਿਲਾਫ਼ ਇਕਜੁਟਤਾ ਦਾ ਪ੍ਰਤੀਕ ਬਣ ਗਈ ਸੀ।
ਆਪਣੀ ਪਗ ਲਈ ਸਿਖਾਂ ਨੇ ਵਡੀ ਤਦਾਦ ’ਚ ਆਪਣੀਆਂ ਜਾਨਾਂ ਵੀ ਗੁਵਾਈਆਂ। ਨਵੰਬਰ ਸੰਨ ਚੁਰਾਸੀ ਵਿਚ ਸਿਖਾਂ ਦੀ ਨਸਲਕੁਸ਼ੀ ਲਈ ਸੜਕਾਂ ਤੇ ਨਿਕਲ ਆਈ ਭੀੜ ਪਗਾਂ ਲਭਦੀ ਫਿਰ ਰਹੀ ਸੀ। ਹਜਾਰਾਂ ਸਿਖਾਂ ਦੀ ਜਾਨ ਇਸ ਕਰ ਕੇ ਚਲੀ ਗਈ ਕਿ ਉਨ੍ਹਾਂ ਨੇ ਪਗ ਬੰਨੀ ਹੋਈ ਸੀ। ਪੰਦ੍ਰਹ – ਵੀਹ ਦਿਨ ਤਕ ਸੜਕਾਂ ਤੇ ਸਿਖ ਨਜਰ ਨਹੀਂ ਆਏ ਕਿਉਂਕਿ ਪਗ ਉਨ੍ਹਾਂ ਦੀ ਪਛਾਣ ਸੀ ਤੇ ਇਸ ਕਾਰਣ ਉਹ ਦੰਗਾਇਆਂ ਦਾ ਨਿਸ਼ਾਨਾ ਆਸਾਨੀ ਨਾਲ ਬਣ ਸਕਦੇ ਸਨ। ਇਕ ਲੰਬਾ ਦੌਰ ਇਹ ਵੀ ਗੁਜਰਿਆ ਜਦੋਂ ਪੰਜਾਬ ਅੰਦਰ ਅਤਵਾਦ ਸਰਗਰਮ ਸੀ ਤੇ ਪੰਜਾਬ ਤੋਂ ਬਾਹਰ ਕਿਸੇ ਵੀ ਜਨਤਕ ਥਾਂ ’ਤੇ ਸੜਕ ਚਲਦੀਆਂ ਵੀ ਜੇ ਕੋਈ ਪਗ ਬੰਨਿਆ ਸਿਖ ਵਿਖਾਈ ਦੇ ਜਾਂਦਾ ਸਥਾਨਕ ਸ਼ਰਾਰਤੀ ਤਤ ਉਗਰਵਾਦੀ ਕਹਿ ਕੇ ਤਾਹਨੇ ਮਾਰਨੋ ਨਹੀ ਹਟਦੇ ਸਨ। ਪਗ ਕਾਰਣ ਸਿਖਾਂ ਦੀ ਜਾਣ ਤੇ ਬਣ ਆਈ ਪਰ ਉਹਨਾਂ ਸਿਖਾਂ ਦੀ ਬਹਾਦਰੀ ਨੂੰ ਸਲਾਮ ਹੈ ਜਿਨ੍ਹਾਂ ਅਤਿ ਕਠਨ ਸਮੇਂ ਵਿਚ ਵੀ ਸਿਖੀ ਕੇਸਾਂ, ਸੁਆਸਾਂ ਨਾਲ ਨਿਬਾਹੀ ਤੇ ਪਗ ਦੀ ਸ਼ਾਨ ਬਣਾਈ ਰਖੀ। ਭਾਰਤ ਦੇ ਜਿਨ੍ਹਾਂ ਸ਼ਹਿਰਾਂ ਵਿਚ ਪਗ ਨਾਲ ਪਛਾਨ ਕੇ ਸਿਖਾਂ ਦੇ ਕਤਲ ਕੀਤੇ ਗਏ ਉਨ੍ਹਾਂ ਸਾਰੇ ਸ਼ਹਿਰਾਂ ਵਿਚ ਅਜ ਵੀ ਪਗ ਸਜਾਈ ਸਿਖ ਚੜ੍ਹਦੀਕਲਾ ਵਿਚ ਨਜਰ ਆਉਂਦੇ ਹਨ।
ਸਿਖ ਕੌਮ ਅਜ ਗੰਭੀਰ ਸਵਾਲ ਚੁਕ ਰਹੀ ਹੈ ਕਿ ਉਨ੍ਹਾਂ ਦੀ ਪਗ ਤੇ ਸਵਾਲ ਖੜੇ ਕਰਨ ਵਾਲੇ, ਉਨ੍ਹਾਂ ਦਾ ਮਜਾਕ ਉਡਾਉਣ ਵਾਲੇ, ਉਨ੍ਹਾਂ ਨਾਲ ਹਰ ਪਧਰ ਤੇ ਵਿਤਕਰਾ ਕਰਨ ਵਾਲੇ ਕੀ ਆਪਣਾ ਇਤਿਹਾਸ ਨਹੀਂ ਜਾਣਦੇ ਜਾਂ ਸਨਮਾਨ ਨਹੀਂ ਕਰਨਾ ਚਾਹੁੰਦੇ। ਅਜਿਹੇ ਲੋਗ ਆਪਣੇ ਆਪ ਨੂੰ ਸਿਖਾਂ ਨਾਲੋਂ ਨਿਖੇੜ ਕੇ ਨਹੀਂ ਦੇਖ ਸਕਦੇ। ਸਿਖ ਇਤਿਹਾਸ ਭਾਰਤ ਦੇ ਇਤਿਹਾਸ ਦਾ ਮਹਤਵਪੂਰਨ ਹਿਸਾ ਹੈ। ਸਿਖ ਇਤਿਹਾਸ ਨੇ ਹੀ ਭਾਰਤ ਦੇ ਇਤਿਹਾਸ ਨੂੰ ਉਹ ਸੁਨਹਿਰੀ ਰੋਸ਼ਨੀ ਪ੍ਰਦਾਨ ਕੀਤੀ ਹੈ ਜਿਸ ਤੇ ਅਜ ਹਰ ਭਾਰਤਵਾਸੀ ਮਾਣ ਕਰਦਾ ਹੈ। ਸਿਖਾਂ ਤੇ ਸਵਾਲ ਚੁਕਣਾ ਆਪਣੇ ਇਤਿਹਾਸ, ਵਿਰਸੇ ਤੇ ਕਦਰਾਂ – ਕੀਮਤਾਂ ਨਾਲ ਧ੍ਰੋਹ ਹੈ। ਸੰਸਾਰ ਦੇ ਬਾਕੀ ਸਾਰੇ ਦੇਸ਼ ਸਿਖਾਂ ਦੇ ਉਨ੍ਹਾਂ ਲਈ ਕੀਤੇ ਯੋਗਦਾਨ ਦਾ ਮੁਲ ਪਾ ਰਹੇ ਹਨ , ਸਿਖਾਂ ਨੂੰ ਮਾਣ ਬਖਸ਼ ਰਹੇ ਹਨ। ਬ੍ਰਿਟੇਨ ਅੰਦਰ ਇਕ ਸਿਖ ਦੀ ਪਗ ਤੇ ਹਥ ਪਾਉਣ ਦਾ ਜਤਨ ਕੀਤਾ ਗਿਆ ਤਾਂ ਪਾਰਲਿਆਮੇੰਟ ਦੇ ਸਾਰੇ ਮੇੰਬਰ ਵਿਰੋਧ ‘ਚ ਖੜੇ ਹੋ ਗਏ ਤੇ ਆਪ ਪਗ ਬੰਨ ਕੇ ਪਾਰਲਿਆਮੇੰਟ ਗਏ। ਸਵਾਲ ਪਗ ਦਾ ਵੀ ਹੈ ਤੇ ਜਜਬੇ ਦਾ ਵੀ। ਇਹ ਜਜਬਾ ਭਾਰਤ ਅੰਦਰ ਕਿਉਂ ਨਹੀਂ ਵਿਖਾਈ ਦਿੰਦਾ।

WRITTEN BY