ਸਾਧਾਰਨ ਪੇਂਡੂ ਪਰਿਵਾਰ ਨਾਲ ਸੰਬੰਧ ਹੋਣ ਕਰਕੇ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਵਿਦੇਸ਼ ਜਾਣ ਦਾ ਮੌਕਾ ਮਿਲੇਗਾ। ਸਬਬ ਇਸ ਤਰਾਂ ਬਣਿਆ ਕਿ ਬੇਟੀ ਸੁਖਦੀਪ ਕੌਰ ਦੇ ਪਾਇਲਟ ਇੰਸਟਰਕਟਰ ਬਣ ਕੇ ਆਪਣੇ ਪਤੀ ਸ. ਰਵਗੁਣ ਸਿੰਘ ਜੋ ਕਿ ਆਪ ਵੀ ਫਲਾਈਂਗ ਇੰਸਟਰਕਟਰ ਹਨ ਨਾਲ ਮਿਲ ਕੇ ਕੈਨੇਡਾ ਦੇ ਸ਼ਹਿਰ ਕੈਮਲੂਪਸ ਵਿਚ ਆਪਣੇ ਫਲਾਈਂਗ ਸਕੂਲ (ਪਾਇਲਟਾਂ ਨੂੰ ਟ੍ਰੈਨਿੰਗ ਦੇਣ ਦੀ ਸੰਸਥਾ) ਚਲਾ ਰਹੇ ਹਨ ਕੋਲ ਵਿਆਹ ਦੇ ਸਤ ਸਾਲ ਬਾਅਦ ਬੇਟੇ ਕਰਮਨ ਦਾ ਜਨਮ ਹੋਇਆ ਤਾਂ ਸਾਨੂੰ (ਮੈਨੂੰ ਤੇ ਮੇਰੀ ਪਤਨੀ ਜਤਿੰਦਰ ਕੌਰ) ਨੂੰ ਇਸ ਖੁਸ਼ੀ ਵਿਚ ਸ਼ਾਮਲ ਹੋਣ ਲਈ ਕੈਨੇਡਾ ਜਾਣ ਦਾ ਮੌਕਾ ਮਿਲਿਆ ।ਅਸੀਂ 2 ਜੂਨ 2017 ਤੋਂ 24 ਜੁਲਾਈ 2017 ਤਕ ਕੈਨੇਡਾ ਰਹੇ । ਇਸ ਸਮੇਂ ਦੌਰਾਨ ਜੋ ਕੁਝ ਉਥੋਂ ਦੇ ਜੀਵਨ ਬਾਰੇ ਅਨੁਭਵ ਕੀਤਾ ਉਹ ਪਾਠਕਾਂ ਦੇ ਸਨਮੁਖ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ।।
ਸਫਾਈ ਦਾ ਪ੍ਰਬੰਧ:- ਜਿਉਂ ਹੀ ਅਸੀਂ ਵੈਨਕੂਵਰ ਦੇ ਹਵਾਈ ਅਡੇ ਤੇ ਜਹਾਜ਼ ਤੋਂ ਉਤਰੇ ਤਾਂ ਸਫਾਈ ਦਾ ਪ੍ਰਬੰਧ ਦੇਖ ਕੇ ਮਨ ਅਸ਼-ਅਸ਼ ਕਰ ਉਠਿਆ। ਉਸ ਤੋਂ ਬਾਅਦ ਅਸੀੰ ਜਿਥੇ ਵੀ ਕਿਤੇ ਅਸੀਂ ਸੜਕ, ਬਜ਼ਾਰ, ਦਫਤਰ , ਪਾਰਕ, ਘਰਾਂ ਆਦਿ ਵਿਚ ਗਏ ਸਾਨੂੰ ਕਿਧਰੇ ਵੀ ਗੰਦਗੀ ਦਿਖਾਈ ਨਹੀਂ ਦਿਤੀ। ਅਸੀਂ ਅਨੁਭਵ ਕੀਤਾ ਕਿ ਇਹ ਕ੍ਰਿਸ਼ਮਾ ਸਿਰਫ ਕਿਸੇ ਸਰਕਾਰੀ ਕਾਨੂੰਨ ਦਾ ਸਿਟਾ ਨਹੀਂ ਸਗੋਂ ਲੋਕਾਂ ਦੇ ਸਫਾਈ ਪਸੰਦ ਅਤੇ ਜਾਗਰੂਕ ਹੋਣ ਦਾ ਨਤੀਜਾ ਹੈ। ਕੋਈ ਵੀ ਨਾਗਰਿਕ ਸੜਕ ਉਤੇ ਕਾਗਜ਼, ਛਿਲਕਾ ਜਾਂ ਸਿਗਰਟ ਵਗੇਰਾ ਨਹੀਂ ਸੁਟਦਾ ਸਗੋਂ ਇਹ ਸਭ ਕੁਝ ਕੂੜਾਦਾਨ ਵਿਚ ਪਾਇਆ ਜਾਂਦਾ ਹੈ। ਉਥੋਂ ਦੇ ਗੋਰੇ-ਗੋਰੀਆਂ ਨੂੰ ਕੁਤੇ ਅਤੇ ਬਿਲੀਆਂ ਰਖਣ ਦਾ ਸ਼ੋਕ ਹ। ਜਦੋਂ ਵੀ ਉਹ ਉਹਨਾਂ ਨੂੰ ਸੈਰ ਕਰਨ ਲਿਜਾਂਦੇ ਹਨ ਤਾਂ ਕੁਤੇ ਜਾਂ ਬਿਲੀ ਦੁਆਰਾ ਪਾਈ ਗਈ ਗੰਦਗੀ ਨੂੰ ਉਸ ਦੇ ਮਾਲਕ ਲਿਫਾਫੇ ਵਿਚ ਪਾ ਕੇ ਖਾਸ ਤਰ੍ਹਾਂ ਦੇ ਕੂੜਾਦਾਨ ਵਿਚ ਸੁਟਦੇ ਹਨ। ਕਿਸੇ ਵੀ ਸੜਕ ਉਤੇ ਜਾਂ ਪਾਰਕ ਵਿਚ ਕੋਈ ਵੀ ਅਵਾਰਾ ਪਸੂ ਜਾਂ ਜਾਨਵਰ ਦਿਖਾਈ ਨਹੀਂ ਦਿੰਦਾ, ਇਥੋਂ ਤਕ ਕਿ ਜੇਕਰ ਤੁਸੀਂ ਆਪਣੇ ਲਾਅਨ ਦੀ ਸਫਾਈ ਨਹੀਂ ਕਰਦੇ ਤਾਂ ਤੁਹਾਡਾ ਗੁਆਂਢੀ ਸ਼ਿਕਾਇਤ ਕਰਦਾ ਹੈ ਤੇ ਤੁਹਾਨੂੰ ਜੁਰਮਾਨਾ ਭਰਨਾ ਪੈਂਦਾ ਹੈ। ।
ਵਖ-ਵਖ ਤਰ੍ਹਾਂ ਦਾ ਕੂੜਾ- ਕਰਕਟ ਵਖ-ਵਖ ਤਰ੍ਹਾਂ ਦੇ ਢੋਲਾਂ ਵਿਚ ਪਾਇਆ ਜਾਂਦਾ ਹੈ ਜੋ ਕਿ ਸੰਬੰਧਤ ਮਹਿਕਮੇ ਵਲੋਂ ਨਿਸਚਿਤ ਦਿਨ ਤੇ ਚਕੇ ਜਾਂਦੇ ਹਨ। ਦਰਖਤਾਂ ਦੇ ਪਤੇ ਤੇ ਟਾਹਣੀਆਂ ਆਦਿ ਨੂੰ ਇਕ ਖਾਸ ਥਾਂ ਤੇ ਸੁਟ ਕੇ ਆਉਣਾ ਪੈਂਦਾ ਹੈ, ਜਿਸ ਤੋਂ ਕੰਪੋਸਟ ਖਾਦ ਤਿਆਰ ਕੀਤੀ ਜਾਂਦੀ ਹੈ ਜੋ ਕਿ ਬਹੁਤ ਹੀ ਸਸਤੇ ਭਾਅ ਤੇ ਲੋਕਾਂ ਨੂੰ ਵੇਚੀ ਜਾਂਦੀ ਹੈ।
ਆਵਾਜਾਈ ਦਾ ਪ੍ਰਬੰਧ – ਕੈਨੇਡਾ ਵਿਚ ਆਵਾਜਾਈ ਦਾ ਪ੍ਰਬੰਧ ਬੜੇ ਹੀ ਸੁਚਾਰੂ ਰੂਪ ਵਿਚ ਕੀਤਾ ਗਿਆ ਹੈ। ਹਰ ਕੋਈ ਟਰੈਫਿਕ ਨਿਯਮਾਂ ਦੀ ਪਾਲਣਾ ਕਰਦਾ ਹੈ। ਕਾਨੂੰਨ ਤੋੜਨ ਵਾਲੇ ਨੂੰ ਸਖਤ ਸ਼ਜਾ ਮਿਲਦੀ ਹੈ। । ਬਚਿਆਂ, ਔਰਤਾਂ, ਬਜ਼ੁਰਗਾਂ ਨੂੰ ਸੜਕ ਪਾਰ ਕਰਨ ਸਮੇਂ ਤਰਜੀਹ ਦਿਤੀ ਜਾਂਦੀ ਹੈ । ਦੋ ਮਹੀਨਿਆਂ ਦੀ ਠਹਿਰ ਦੌਰਾਨ ਅਸੀਂ ਕਿਧਰੇ ਵੀ ਸੜਕ ਦੁਰਘਟਨਾ ਨਹੀਂ ਦੇਖੀ। । ਕਾਨੂੰਨ ਤੋੜਨ ਵਾਲੇ ਨਾਲ ਕਿਸੇ ਕਿਸਮ ਦੀ ਰਿਆਇਤ ਨਹੀਂ ਕੀਤੀ ਜਾਂਦੀ ਭਾਵੇਂ ਉਹ ਵੀ ਕਿਡਾ ਵੀ ਵਡਾ ਨੇਤਾ ਜਾਂ ਅਫਸਰ ਹੋਵੇ। ਗਡੀਆਂ ਜ਼ਿਆਦਾ ਆਟੋ ਗੇਅਰ ਅਤੇ ਪੈਟਰੋਲ ਤੇ ਹੀ ਚਲਦੀਆਂ ਹਨ । ਹਾਰਨ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਂਦੀ। ਡਰਾਈਵਿੰਗ ਲਾਇਸੰਸ ਬਣਾਉਣ ਲਈ ਲਿਖਤੀ ਅਤੇ ਪ੍ਰਯੋਗੀ ਪ੍ਰੀਖਿਆ ਦੇਣੀ ਪੈਂਦੀ ਹੈ ਜੋ ਕਿ ਬਹੁਤ ਸਖਤ ਹੁੰਦੀ ਹੈ। ਹਾਈਵੇ ਤੇ ਗਡੀਆ 120 ਕਿਲੋਮੀਟਰ ਦੀ ਸਪੀਡ ਤੇ ਚਲਦੀਆਂ ਹਨ ਕਿਉਂਕਿ ਸੜਕਾਂ ਸਾਫ-ਸੁਥਰੀਆਂ ਤੇ ਪਧਰੀਆਂ ਹਨ। ਸੜਕਾਂ ਦੇ ਕਿਨਾਰੇ ਤੇ ਕਿਧਰੇ ਵੀ ਕੋਈ ਢਾਬਾ,ਰੇਹੜੀ ਜਾਂ ਚਾਹ ਵਾਲਾ ਖੌਖਾ ਦਿਖਾਈ ਨਹੀਂ ਦਿੰਦਾ ਸਗੋਂ ਖਾਸ ਥਾਵਾਂ ਤੇ ਸੜਕ ਤੋਂ ਹਟ ਕੇ ਰੈਸਟ ਏਰੀਆ ਬਣਿਆ ਹੁੰਦਾ ਹੈ ਜਿਥੇ ਵਾਸ਼ਰੂਮ ਬੜੇ ਹੀ ਸਾਫ-ਸੁਥਰੇ ਅਤੇ ਖਾਣ-ਪੀਣ ਦਾ ਸਮਾਨ ਵੀ ਉਪਲਬਧ ਹੁੰਦਾ ਹੈ ।
ਵੈਨਕੂਵਰ ਵਿਚ ਅਸੀਂ ਬਿਜਲੀ ਨਾਲ ਚਲਣ ਵਾਲੀਆਂ ਲੋਕਲ ਬਸਾਂ ਵੀ ਦੇਖੀਆਂ ਜੋ ਸਥਾਨਕ ਲੋਕਾਂ ਦੀ ਲੋੜ ਨੂੰ ਪ੍ਰੂਰਾ ਕਰਦੀਆਂ ਹਨ। ਇਥੇ ਹੀ ਅਸੀਂ ਕਿਸ਼ਤੀਨੁਮਾ ਛੋਟੇ ਹਵਾਈ ਜਹਾਜ਼ ਦੇਖੇ ਜੋ ਸੁਮੰਦਰ ਵਿਚ ਹੀ ਉਤਰਦੇ ਤੇ ਉਡਾਣ ਭਰਦੇ ਹਨ। ਵੈਨਕੂਵਰ ਦੀ ਬੰਦਰਗਾਹ ਤੇ ਹੀ ਕਾਮਾਗਾਟਾਮਾਰੂ ਜਹਾਜ਼ ਦੇ ਭਾਰਤੀ ਮੁਸਾਫਿਰਾਂ ਦੀ ਯਾਦਗਾਰ ਬਣੀ ਹੋਈ ਹੈ ਜਿਹਨਾਂ ਨੂੰ ਕਿ ਤਤਕਾਲੀ ਕੈਨੇਡਾ ਸਰਕਾਰ ਨੇ ਆਪਣੇ ਮੁਲਕ ਵਿਚ ਦਾਖਲ ਨਹੀਂ ਹੋਣ ਦਿਤਾ ਸੀ।
ਫਿਸ਼ ਏਕੁਏਰੀਅਮ- ਕੈਨੇਡਾ ਦੇ ਸ਼ਹਿਰ ਵੈਨਕੂਵਰ ਫਿਸ਼ ਏਕੁਏਰੀਅਮ (ਮਛਲੀ ਘਰ) ਦੇਖਿਆ ਜਿਥੇ ਹਜ਼ਾਰਾਂ ਕਿਸਮ ਦੀਆਂ ਮਛੀਆਂ ਹਨ, ਕਈ ਕਿਸਮ ਦੇ ਪੰਛੀ ਰਖੇ ਹੋਏ ਹਨ । ਡੋਲਫਿਨ ਮਛੀ ਦਾ ਸ਼ੋਅ ਖਾਸ ਤੌਰ ਤੇ ਵੇਖਣ ਯੋਗ ਹੈ। ਵੈਨਕੂਵਰ ਵਿਚ ਅਸੀਂ ਕੈਨੇਡਾ ਦੇ 150ਵੇਂ ਕੈਨੇਡਾ ਦਿਵਸ ਦਾ ਪ੍ਰੋਗਰਾਮ ਦੇਖਿਆ ਤੇ ਵਖ-ਵਖ ਦੇਸਾਂ ਤੋਂ ਆਏ ਕੈਨੈਡਾ ਦੇ ਬਸ਼ਿੰਦਿਆਂ ਨੇ ਬਿਨ੍ਹਾਂ ਕਿਸੇ ਭੇਦਭਾਵ ਅਤੇ ਸਿਆਸੀ ਪਰਪੰਚ ਤੋਂ ਉਪਰ ਉਠ ਕੇ ਬੜੇ ਉਤਸ਼ਾਹ ਤੇ ਹੁਲਾਸ ਨਾਲ ਮਨਾਇਆ। ਜਿਸ ਵਿਚ ਵਖ-ਵਖ ਦੇਸ਼ਾਂ ਦੇ ਸੰਗੀਤ ਅਤੇ ਨਾਚ ਦੇ ਪ੍ਰੋਗਰਾਮ ਦੇਖਣ ਨੂੰ ਮਿਲੇ । ਇਥੇ ਹੀ ਅਸੀਂ ਕੈਨੇਡਾ ਫਲਾਈਓਵਰ ਦਾ ਸ਼ੋਅ ਦੇਖਿਆ ਜਿਸ ਵਿਚ ਤੁਸੀਂ ਹਾਲ ਵਿਚ ਬੈਠੇ ਇੰਝ ਮਹਿਸੂਸ ਕਰਦੇ ਹੋ ਜਿਵੇਂ ਕੈਨੇਡਾ ਦਾ ਹਵਾਈ ਸਰਵੇਖਣ ਕਰ ਰਹੇ ਹੋ।
– ਬਾਕੀ ਕੱਲ੍ਹ ਪੜ੍ਹੋ
ਕੈਨੇਡਾ ਫੇਰੀ ਦਾ ਨਿਵੇਕਲਾ ਅਨੁਭਵ



