ਮਾਨਵ ਜਾਤੀ ਦੇ ਨਾਲ ਨਾਲ ਪੰਛੀ ਪਰਿੰਦੇ ਵੀ ਆਪਣੀ ਹੋਂਦ ਵਜੂਦ ਕਾਇਮ ਰਖਦੇ ਆ ਰਹੇ ਹਨ । ਪੰਛੀ ਸਾਡੇ ਮਾਨਵ ਜਾਤੀ ਲਈ ਕਿੰਨੇ ਜ਼ਰੂਰੀ ਤੇ ਅਹਿਮੀਅਤ ਰਖਣ ਵਾਲੇ ਹਨ , ਇਸ ਗਲ ਦਾ ਅੰਦਾਜ਼ਾ ਉਨ੍ਹਾਂ ਦੀ ਗਿਣਤੀ ਵਿਚ ਕਮੀ ਆਉਣ ਅਤੇ ਉਨ੍ਹਾਂ ਦੇ ਲੁਪਤ ਹੋ ਜਾਣ ਮਗਰੋਂ ਹੀ ਲਾਇਆ ਜਾ ਸਕਦਾ ਹੈ। ਕੁਦਰਤ ਨੇ ਜੋ ਵੀ ਪੰਛੀ – ਪਰਿੰਦੇ ਸਿਰਜੇ , ਉਹ ਕਿਸੇ ਨਾ ਕਿਸੇ ਰੂਪ ਵਿਚ ਮਨੁਖ ਦੇ ਹਿਤੈਸ਼ੀ , ਸ਼ੁਭ ਚਿੰਤਕ ਤੇ ਸਹਿਯੋਗੀ ਬਣਦੇ ਆਏ ਹਨ । ਇਸ ਦਾ ਸਹਿਜ ਅੰਦਾਜ਼ਾ ਗਿਰਝਾਂ ਦੇ ਘਟ ਜਾਣ ਮਗਰੋਂ ਮ੍ਰਿਤਕ ਜਾਨਵਰਾਂ ਦੀਆਂ ਥਾਂ – ਥਾਂ ਪਈਆਂ ਬਦਬੂ ਮਾਰਦੀਆਂ ਲਾਸ਼ਾਂ ਤੋਂ ਪ੍ਰੇਸ਼ਾਨ ਹੋ ਕੇ ਲਾਇਆ ਜਾ ਸਕਦਾ ਹੈ ।। ਪੰਛੀ – ਪਰਿੰਦੇ ਆਪਣੀਆਂ ਮਨਮੋਹਕ ਅਤੇ ਸੁਰੀਲੀਆਂ ਆਵਾਜ਼ਾਂ ਤੇ ਆਪਣੀਆਂ ਰੰਗ ਬਰੰਗੀਆਂ ਤੇ ਹੈਰਤਅੰਗੇਜ਼ ਬਣਤਰਾਂ ਨਾਲ ਵੀ ਮਨੁਖ ਨੂੰ ਸੁਖ ਸਕੂਨ ਅਤੇ ਦ੍ਰਿਸ਼ ਨਜ਼ਾਰੇ ਸੁਲਭ ਕਰਾਉਂਦੇ ਹਨ । ਚਿੜੀਆਂ ਦੀ ਚੀਂ – ਚੀਂ, ਕੋਇਲ ਦੀ ਕੂ – ਕੂ, ਗੁਟਾਰਾਂ ਦਾ ਚਹਿਚਹਾਉਣਾ ਅਤੇ ਮੋਰ ਦੀ ਕੂਕ ਤੇ ਪੈਲ ਪਾਉਣਾ ਹਰ ਕਿਸੇ ਨੂੰ ਆਨੰਦ ਪ੍ਰਦਾਨ ਕਰਨ ਅਤੇ ਸਕੂਨ ਦੇਣ ਵਿਚ ਮਦਦਗਾਰ ਸਾਬਿਤ ਹੁੰਦਾ ਹੈ ਅਤੇ ਜੀਵਨ ਜਿਊਣ ਦੀ ਨਵੀਂ ਤਾਜ਼ਗੀ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ। ਇਨ੍ਹਾਂ ਪੰਛੀਆਂ ਸਦਕਾ ਹੀ ਨਾਨੀ ਤੇ ਦਾਦੀ ਸਾਨੂੰ ਕਲਪਨਾਸ਼ੀਲ, ਮਿਠੀਆਂ ਅਤੇ ਸਿਖਿਆਦਾਇਕ ਕਹਾਣੀਆਂ ਸੁਣਾਉਂਦੇ ਸਨ। ਇਹ ਪੰਛੀ ਸਾਡੀਆਂ ਫਸਲਾਂ , ਬਾਗ਼ – ਬਗੀਚਿਆਂ ਲਈ ਵੀ ਸਹਾਇਕ ਦੀ ਭੂਮਿਕਾ ਅਦਾ ਕਰਦੇ ਹਨ । ਪੰਛੀਆਂ ਦੇ ਤਜਰਬੇ ਤੇ ਸੁਣਨ ਸ਼ਕਤੀ ਵਾਲੀ ਨਾਯਾਬ ਹਸਰਤ ਮਨੁਖ ਨੂੰ ਕਈ ਤਰ੍ਹਾਂ ਦੀਆਂ ਕੁਦਰਤੀ ਕਰੋਪੀਆਂ ਜਿਵੇਂ ਭੂਚਾਲ, ਹੜ੍ਹ , ਮੀਂਹ , ਹਨੇਰੀ , ਸੁਨਾਮੀ ਆਦਿ ਤੋਂ ਸੁਚੇਤ ਕਰਨ ਲਈ ਵੀ ਸਹਾਇਕ ਸਿਧ ਹੁੰਦੀ ਆਈ ਹੈ ਜੋ ਕਿ ਵਿਗਿਆਨ ਦੀਆਂ ਅਜੋਕੀਆਂ ਉਚ ਖੋਜਾਂ ਨੂੰ ਵੀ ਮਾਤ ਦਿੰਦੀ ਹੈ। ਪੰਛੀਆਂ ਤੋਂ ਇਨਸਾਨ ਨੂੰ ਕਾਫ਼ੀ ਕੁਝ ਸਿਖਣ ਸਮਝਣ ਨੂੰ ਵੀ ਮਿਲਦਾ ਹੈ । ਇਹ ਪੰਛੀ – ਪਰਿੰਦੇ ਮਨੁਖ ਦੀ ਘਰ, ਬਾਹਰ , ਜੰਗਲਾਂ , ਖੇਤਾਂ ਆਦਿ ਵਿਚ ਕਈ ਤਰ੍ਹਾਂ ਦੀਆਂ ਚਿਤਾਵਨੀ ਆਵਾਜ਼ਾਂ ਸਦਕਾ ਯੋਗ ਅਗਵਾਈ ਕਰਦੇ ਆਏ ਹਨ । ਪੰਛੀ – ਪਰਿੰਦਿਆਂ ਦੀ ਹੋਂਦ ਨਾਲ ਹੀ ਕਈ ਤਰ੍ਹਾਂ ਦੀਆਂ ਭੋਜਨ – ਲੜੀਆਂ ਕਾਇਮ ਰਹਿ ਸਕਦੀਆਂ ਹਨ, ਜਿਸ ਨਾਲ ਕੁਦਰਤ ਵਿਚ ਵਾਤਾਵਰਣਕ ਸੰਤੁਲਨ ਬਣਿਆ ਰਹਿ ਸਕਦਾ ਹੈ। ਅਜ ਮਨੁਖ ਵਲੋਂ ਜੰਗਲਾਂ ਦੀ ਧੜਾਧੜ ਕਟਾਈ ਕਰਕੇ ਪੰਛੀਆਂ ਦੇ ਰਹਿਣ ਸਥਾਨਾਂ ਨੂੰ ਜਾਣੇ ਅਣਜਾਣੇ ਵਿਚ ਖਤਮ ਕੀਤਾ ਜਾ ਰਿਹਾ ਹੈ ਅਤੇ ਨਵੇਂ ਦਰਖਤ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਤੋਂ ਘੇਸਲ ਵਟੀ ਜਾ ਰਹੀ ਹੈ। ਅਜ ਵਧ ਰਹੇ ਮੋਬਾਈਲ ਫੋਨ ਟਾਵਰਾਂ ਅਤੇ ਇੰਟਰਨੈਟ ਵਸੀਲਿਆਂ ਆਦਿ ਨੇ ਵੀ ਪੰਛੀਆਂ ਦਾ ਜਿਊਣਾ ਮੁਸ਼ਕਿਲ ਕਰ ਦਿਤਾ ਹੈ। ਹਰ ਖੁਸ਼ੀ ਸਮੇਂ ਡੀ .ਜੇ .ਦੀ ਵਰਤੋਂ ਕਰਨਾ, ਬੰਬ ਪਟਾਕੇ ਦੀ ਵਰਤੋਂ ਕਰਨਾ, ਹਾਨੀਕਾਰਕ ਪਤੰਗ ਡੋਰਾਂ ਦੀ ਵਰਤੋਂ ਅਤੇ ਲੋੜ ਤੋਂ ਵਧ ਕੀਤੀ ਜਾ ਰਹੀ ਰਸਾਇਣਿਕ ਖਾਦਾਂ ,ਕੀਟ ਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਅਜ ਪੰਛੀਆਂ ਲਈ ਬਹੁਤ ਮਾਰੂ ਸਾਬਤ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਨਵੀਆਂ ਨਸਲਾਂ ਪੈਦਾ ਕਰਨ ਦੀ ਕੁਦਰਤੀ ਪ੍ਰਕਿਰਿਆ ਵਿਚ ਵੀ ਰੋੜਾ ਪੈਦਾ ਕਰ ਰਹੀ ਹੈ। ਅਜ ਸਾਡੀ ਲਾਪ੍ਰਵਾਹੀ ਕਰਕੇ ਚਿੜੀਆਂ , ਕਾਂ, ਚਕੀਰਾਹਾ, ਬੁਲਬੁਲ , ਗਿਰਜਾਂ , ਤਿਤਰ, ਤੋਤੇ , ਬਟੇਰ , ਕੂੰਜਾਂ , ਇਲਾਂ, ਗੁਟਾਰਾਂ ਆਦਿ ਪੰਛੀ ਆਮ ਵੇਖਣ ਨੂੰ ਘਟ ਹੀ ਮਿਲਦੇ ਹਨ। ਮਨੁਖ ਨੇ ਕਚੇ ਘਰਾਂ, ਝੁਗੀਆਂ ਵਾਲੇ , ਸਤੀਰਾਂ ,ਟੀਨਾ ਆਦਿ ਦੇ ਘਰ ਬਣਾਉਣ ਦੀ ਥਾਂ ਸੀਮੇਂਟ ਦੇ ਬੰਦ ਘਰ ਬਣਾਉਣੇ ਸ਼ੁਰੂ ਕਰ ਦਿਤੇ ਹਨ , ਜਿਸ ਕਰਕੇ ਪੰਛੀਆਂ ਨੂੰ ਆਪਣੀ ਹੋਂਦ ਬਚਾਉਣ ਲਈ ਦੋ – ਚਾਰ ਹੋਣਾ ਪੈ ਰਿਹਾ ਹੈ । ਪਹਿਲੇ ਸਮੇਂ ਵਿਚ ਮਨੁਖ ਕਈ ਤਰ੍ਹਾਂ ਦੇ ਵਿਚਾਰਾਂ ਨੂੰ ਧਾਰਮਿਕ ਅਤੇ ਮਾਨਸਿਕ ਦ੍ਰਿਸ਼ਟੀ ਨਾਲ ਜੋੜ ਕੇ ਪੰਛੀ – ਪਰਿੰਦਿਆਂ ਲਈ ਦਾਣਾ – ਪਾਣੀ ਤੇ ਰਹਿਣ ਦਾ ਪ੍ਰਬੰਧ ਕਰਦਾ ਹੁੰਦਾ ਸੀ ਅਤੇ ਇਨ੍ਹਾਂ ਦੇ ਉਥਾਨ ਤੇ ਭਲਾਈ ਲਈ ਯੋਗ ਢੰਗ ਤਰੀਕੇ ਅਪਣਾਉਂਦਾ ਹੁੰਦਾ ਸੀ। ਕਈ ਲੋਕ ਜਾਂ ਰਾਜੇ ਵੀ ਪੰਛੀਆਂ ਨੂੰ ਸਮਰਪਿਤ ਕੰਮਕਾਜ ਮਨ ਲਾ ਕੇ ਮਾਨਵਤਾ ਦੀ ਦੁਹਾਈ ਦੇ ਕੇ ਕਰਦੇ ਰਹਿੰਦੇ ਸਨ । ਪਰ ਅਜੋਕੇ ਮਨੁਖੀ ਸੁਭਾਅ ਵਿਚੋਂ ਇਨ੍ਹਾਂ ਜੀਵਾਂ ਪੰਛੀਆਂ ਪ੍ਰਤੀ ਰਹਿਮ ਭਾਵਨਾ ਵਲ ਧਿਆਨ ਸ਼ਾਇਦ ਘਟ ਗਿਆ ਹੈ। ਇਸ ਲਈ ਸਾਨੂੰ ਪੰਛੀਆਂ ਦੀਆਂ ਲੁਪਤ ਹੋ ਰਹੀਆਂ ਨਸਲਾਂ ਨੂੰ ਬਚਾਉਣ ਲਈ ਆਪਣੀ ਆਮਦਨ ਵਿਚੋਂ ਕੁਝ ਹਿਸਾ ਪੰਛੀਆਂ ਲਈ ਕਢ ਕੇ ਦਾਣਾ – ਪਾਣੀ ਦਾ ਪ੍ਰਬੰਧ ਕਰਕੇ , ਘਰਾਂ ਨੇੜੇ ਬਣਾਉਟੀ ਆਲ੍ਹਣੇ ਸਥਾਪਤ ਕਰਕੇ ਅਤੇ ਵਧ ਤੋਂ ਵਧ ਰੁਖ ਲਗਾ ਕੇ ਮਾਨਵਤਾ ਲਈ ਪੰਛੀਆਂ ਨੂੰ ਸਮਰਪਿਤ ਕਰਨ ਲਈ ਅਗੇ ਆਉਣਾ ਚਾਹੀਦਾ ਹੈ।।
ਪੰਛੀ ਪਰਿੰਦਿਆਂ ਦੀ ਅਹਿਮੀਅਤ



