ਅੱਜ ਫੇਰ ਤੂੰ ਬਹੁਤ ਯਾਦ ਆਇਆ। ਅੱਜ ਫੇਰ ਦਿਲ ਨੇ ਰੂਹ ਦਾ ਗੀਤ ਮਾਇਆ। ਅੱਜ ਫੇਰ ਰੂਹਾਂ ਦੇ ਸਾਕ ਦੀ ਗੱਲ ਹੋਈ। ਰੂਹਾਂ ਦਾ ਸਾਕ ਹੁੰਦਾ ਹੈ ਪਾਕਿ। ਪਾਕ ਸਾਕ ਹੀ ਹੁੰਦਾ ਹੈ ਰੂਹਾਂ ਦਾ ਸਾਕ। ਇਸੇ ਸਾਕ ਨੇ ਮੇਰੇ ਹਨੇਰਿਆਂ ਨੂੰ ਰੌਸ਼ਨ ਕੀਤਾ ਸੀ ਅਤੇ ਮੇਰੀ ਜ਼ਿੰਦਗੀ ਨੂੰ ਮਹਿਕਣ ਲਾ ਦਿੱਤਾ ਸੀ। ‘ਰਾਤ ਹਨੇਰੀ, ਬੱਦਲ ਅੰਬਰੀਂ, ਕੋਈ ਕੋਈ ਤਾਰਾ ਟਹਿਕੇ। ਯਾਦ ਤੇਰੀ ਦਾ ਚੰਦਨ ਬੂਟਾ। ਜਿੰਦੜੀ ਦੇ ਵਿੱਚ ਮਹਿਕੇ।’ ਤੇਰਿਆਂ ਨੈਣਾਂ ’ਚੋਂ ਪਹਿਚਾਣਿਆਂ ਸੀ ਮੈਂ ਆਪਣੇ ਆਪ ਨੂੰ। ਤੇਰਿਆਂ ਨੈਣਾਂ ’ਚੋਂ ਪਹਿਚਾਣ ਦੀ ਲੋਅ ਵਗਦੀ ਸੀ ਕਦੇ। ਉਸੇ ਲੋਅ ਨੇ ਮੈਨੂੰ ਜ਼ਿੰਦਗੀ ਦੇ ਬਿਖੜੇ ਰਾਹਾਂ ’ਚ ਰਾਹ ਦਿਖਾਇਆ ਸੀ। ਤੂੰ ਤਾਂ ਮੇਰੇ ਸਾਹਾਂ ’ਚ ਵੱਸ ਗਿਆ। ਤੇਰੇ ਬੋਲਣ ਨਾਲ ਫੁੱਲ ਖਿੜਣ ਲਗਦੇ, ਤੇਰਾ ਮੁਸਕਰਾਉਣਾ ਮਹਿਕ ਮਹਿਕ ਕਰ ਦਿੰਦਾ ਸਾਰੀ ਕਾਇਨਾਤ ’ਚ। ਤੇਰੀ ਤਾਂ ਖਾਮੋਸ਼ੀ ਵੀ ਗੁਣਗਣਾਂਦੀ ਸੀ।
ਤੂੰ ਫੁੱਲ ਵੀ ਹੈ ਅਤੇ ਖੁਸ਼ਬੂ ਵੀ ਹੈ। ਤੂੰ ਖੁਦਾ ਵੀ, ਖੁਦਾਈ ਵੀ। ਤੂੰ ਜੇ ਵਸਲ ਹੈਂ ਤਾਂ ਜੁਦਾਈ ਵੀ। ਤੂੰ ਗੀਤ ਵੀ ਹੈਂ ਆਵਾਜ਼ ਵੀ ਹੈ। ਤੂੰ ਸੰਗੀਤ ਵੀ ਹੈ ਅਤੇ ਸਾਜ ਵੀ। ਤੂੰ ਖੁਦਾ ਵੀ ਹੈ ਇਬਾਦਤ ਵੀ। ਇਹ ਦਿਲ ਦੇ ਰਿਸ਼ਤਿਆਂ ਦੀ ਦਾਸਤਾਂ ਹੈ। ਸ਼ਹਿਰ ਲੁਧਿਆਣਵੀ ਦੇ ਹਵਾਲੇ ਨਾਲ ਤੈਨੂੰ ਪੁੱਛਿਆ ਸੀ:
ਪਿਆਰ ਪਰ ਬੱਸ ਤੋਂ ਨਹੀਂ ਹੈ ਮੇਰਾ ਲੇਕਿਨ ਫਿਰ ਭੀ ਤੂੰ ਬਤਾ ਦੇ ਕਿ ਤੁਝੇ ਪਿਆਰ ਕਰੂੰ ਯਾ ਨਾ ਕਰੂੰ।
ਤੂੰ ਨੇ ਖ਼ੁਦ ਅਪਨੇ ਤਬੱਸੁਮ ਸੇ ਜਗਾਯਾ ਹੈ ਜਿਨੇ ਉਨ ਤਮੰਨਾਉ ਕਾ ਇਜ਼ਹਾਰ ਕਰੂੰ ਯਾ ਨਾ ਕਰੂੰ।
ਤੂੰ ਹਸਕੇ ਕਿਹਾ ਸੀ ‘ਹਾਣੀਆਂ ਜੋ ਦਿਲ ਕਰਦੈ, ਕਰ ਲੈ। ਪਰ ਯਾਦ ਰੱਖੀਂ’ ਜੇ ਹੋਵੇ ਸਿਦਕ ਵਿੱਚ ਕਾਮਲ ਤਾਂ ਮੋਹ ਵਰਦਾਨ ਬਣ ਜਾਂਦੈ। ਲਗਨ ਐਸੀ ਰਸਾਇਣ ਹੈ ਸਫਲ ਇਨਸਾਨ ਬਣ ਜਾਂਦੈ।’’ ਮੈਂ ਤੇਰਾ ਇਸ਼ਾਰਾ ਸਮਝ ਗਿਆ ਸੀ ਅਤੇ ਕਿਹਾ ਸੀ:
ਸਮਾਧਾਂ ਖ਼ਾਨਾਗਾਹਾਂ ਤੇ ਨੇ
ਲੋਕੀ ਬਾਲਦੇ ਦੀਵੇ,
ਜੋ ਬਲਦਾ ਆਪ ਹੈ
ਉਹ ਸਮੇਂ ਦਾ ਸੁਲਤਾਨ ਬਣ ਜਾਂਦੈ।
ਬਸ ਮੈਂ ਬਿਖੜੇ ਰਾਹਾਂ ਦਾ ਰਾਹੀਂ ਬਣ ਗਿਆ। ਤੇਰੇ ਨਾਲ ਕੀਤੇ ਵਾਅਦੇ ਨੂੰ ਸਾਰੀ ਉਮਰ ਪਗਾਉਣ ਦਾ ਵਾਅਦਾ ਕਰ ਲਿਆ। ਮੁਹੱਬਤ ਨਾਲ ਦਿਲ ਵਿੱਚ ਅਜਿਹਾ ਉਜਾਲਾ ਹੋਇਆ ਜਿਵੇਂ ਖੁਦ-ਖੁਦਾ ਘਰ ਵਿੱਚ ਆ ਕੇ ਰਹਿਣ ਲੱਗਾ ਹੋਵੇ। ਇਉਂ ਜਾਪਣ ਲੱਗਾ ਕਿ ਹੁਣ ਤਾਂ ਮੰਜ਼ਿਲ ’ਤੇ ਜਾ ਕੇ ਹੀ ਦਮ ਲਵਾਂਗੇ। ਬਸ ਉਸੇ ਦਿਨ ਤੋਂ ਸਫ਼ਰ ਜਾਰੀ ਹੈ। ਨ੍ਹੇਰੇ ਦੇ ਵਿੱਚ ਸੇਧ ਵਿਖਾਵੇ, ਬਿਰਤੀ ਕੁਤਬ-ਨੁਮਾ। ਹਰ ਔਕੜ ’ਚੋਂ ਪਾਰ ਲੰਘਾਵੇ, ਸਾਗਰ ਵੀ ਅਸਗਾਹ। ਜ਼ਿੰਦਗੀ ਦੇ ਸਫ਼ਰ ਦੀਆਂ ਔਕੜਾਂ, ਕਠਿਨਾਈਆਂ ਅਤੇ ਮੁਸ਼ਕਿਲਾਂ ਨੂੰ ਪੂਰੇ ਜ਼ੇਰੇ ਤੇ ਹਿੰਮਤ ਨਾਲ ਜੁਰਦਾ ਹੋਇਆ ਅਗੇ ਵੱਧਣ ਦੀ ਲਗਨ ਨਾਲ ਲਗਿਆ ਹੋਇਆ ਹਾਂ।
ਸਰਦ ਹਵਾਵਾਂ ਠੱਕਾ ਬਣਕੇ ਜਾਮ ਕਰਦੀਆਂ ਕਦਮਾਂ ਨੂੰ,
ਟੀਸੀ ਤੀਕਣ ਚੁੱਕ ਲਿਜਾਂਦੀ,
ਸਿਨੇ ਦੇ ਵਿੱਚ ਬਲਦੀ ਅੱਗ
ਇਸ ਤੋਂ ਸ਼ਕਤੀ ਲੈ ਜੋ ਤੁਰਦੇ,
ਵਾਹੋ ਦਾਹੀ ਮੰਜ਼ਿਲ ਨੂੰ।
ਸਿਰਲੱਥਾਂ ਦੀ ਢਾਣੀ ਆਪੇ,
ਰਲ ਜਾਂਦੀ ਏ ਕਮਾਲ ਕਦਮਾਂ ਸੰਗ।
ਗੁਰੂ ਅਤੇ ਮਿੱਤਰ ਹਮਰਾਹੀ ਦੇ ਉਕਤ ਬੋਲ ਮੇਰੇ ਅਹਿਸਾਸਾਂ ਨੂੰ ਜ਼ੁਬਾਨ ਦੇ ਰਹੇ ਨੇ। ਪਰ ਅੱਜ ਪਤਾ ਨਹੀਂ ਤੂੰ ਮੈਨੂੰ ਕਿਉਂ ਬਹੁਤ ਯਾਦ ਆਇਆ। ਮੈਂ ਤੇਰੀ ਯਾਦ ਨੂੰ ਸੀਨੇ ਨਾਲ ਲਾਇਆ ਅਤੇ ਤੈਨੂੰ ਤੇਰੇ ਬੋਲ ਯਾਦ ਕਰਵਾਏ ਕਿ ਆਪਣਾ ਸਾਕ ਤਾਂ ਪਾਕਿ ਹੈ ਅਤੇ ਪਾਕਿ ਤਾਂ ਰੂਹਾਂ ਦਾ ਸਾਕ ਹੁੰਦੈ ਅਤੇ ਸਾਡਾ ਤਾਂ ਰੂਹਾਂ ਦਾ ਸਾਕ ਹੈ।



