Skip to content
Independent perspectives. Global stories.
BREAKING

ਹਰ ਪਰਿਵਾਰ ਦਾ ਕੇਂਦਰ ਬਿੰਦੂ ਹੁੰਦੀ ਹੈ ਔਰਤ

Share this story

ਕਿਸੇ ਘਰ ਦੀ ਖ਼ੁਸ਼ਹਾਲੀ ਅਤੇ ਸੁੱਖ-ਸ਼ਾਂਤੀ ਉਸ ਘਰ ਦੀ ਸੁਆਣੀ ਦੀ ਲਿਆਕਤ ਤੇ ਸਿਆਣਪ ਦਾ ਪ੍ਰਤੀਕ ਹੁੰਦੀ ਹੈ। ਔਰਤ ਜੋ ਘਰ ਦਾ ਕੇਂਦਰ ਬਿੰਦੂ ਹੁੰਦੀ ਹੈ,ਵੱਖ-ਵੱਖ ਰਿਸ਼ਤਿਆਂ ਵਿੱਚ ਵਿਚਰਦੀ ਹੋਈ ਘਰ ਦੀ ਰੌਣਕ ਬਣੀ ਰਹਿੰਦੀ ਹੈ।ਕਦੇ ਮਾਂ ਦੇ ਰੂਪ ਵਿੱਚ ਪਰਿਵਾਰ ਲਈ ਟੁੱਟ-ਟੁੱਟ ਮਰਦੀ ,ਕਦੇ ਧੀ ਜਾਂ ਭੈਣ ਦੇ ਰੂਪ ਵਿੱਚ ਘਰ ਦੀਆਂ ਸੁੱਖਾਂ ਮੰਗਦੀ ਰਹਿੰਦੀ ਹੈ।ਉਹ ਪਤਨੀ ਦੇ ਰੂਪ ਵਿੱਚ ਘਰ ਦੀ ਰੌਣਕ ਹੁੰਦੀ ਹੈ,ਕਿਸੇ ਨਵ-ਵਿਆਹੀ ਦੀ ਘਰ ਵਿੱਚ ਹੁੰਦੀ ਪੁੱਛ-ਪਰਤੀਤ ਦੇਖ ਕੇ ਪਤਾ ਲੱਗਦਾ ਹੈ ਕਿ ਕਿਵੇਂ ਸਾਰਾ ਘਰ ਹੀ ਉਸ ਦੇ ਅੱਗੇਪਿੱਛੇ ਤੁਰਿਆ ਫਿਰ ਰਿਹਾ ਹੋਵੇ।ਅਤੇ ਕਦੇ-ਕਦੇ ਕਿਸੇ ਭਾਗਾਂ ਵਾਲੇ ਘਰ ਵਿੱਚ ਦਾਦੀ/ਨਾਨੀ ਦੇ ਰੂਪ ਵਿੱਚ ਪਿਆਰ ਤੇ ਦੁਲਾਰ ਦੀ ਮੂਰਤੀ ਬਣ ਦੋਹਤਰਿਆਂ-ਪੋਤਰਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਅਤੇ ਉਮਰਾਂ ਦੀ ਸਿਆਣਪ ਉਹਨਾਂ ਦੀ ਝੋਲੀ ਪਾਂਦੀ ਰਹਿੰਦੀ ਹੈ।ਔਰਤ ਆਪਣੇ ਹਰ ਰੂਪ ਵਿੱਚ ਕੁਦਰਤ ਦੀਆਂ ਬਰਕਤਾਂ ਦੀ ਦੇਵੀ ਜਾਪਦੀ ਹੈ।ਸ਼ਾਇਦ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਔਰਤ ਤੋਂ ਬਿਨਾਂ ਘਰ ਭੂਤਾਂ ਦਾ ਡੇਰਾ ਹੁੰਦਾ ਹੈ।ਇਸ ਗੱਲ ਦਾ ਅਹਿਸਾਸ ਘਰ ਦੀ ਔਰਤ ਦੇ ਬਿਮਾਰ ਪੈਣ ਜਾਣ ਦੀ ਹਾਲਤ ਵਿਚ ਬਹੁਤ ਜਲਦੀ ਹੋਣ ਲੱਗਦਾ ਹੈ।
ਆਧੁਨਿਕ ਸਮੇਂ ਵਿਚ ਔਰਤ ਦੀ ਬਹੁ-ਪਾਸਾਰੀ ਭੂਮਿਕਾ ਉਸਦੇ ਲਈ ਤਕੜਾ ਸੰਘਰਸ਼ ਬਣਦੀ ਜਾ ਰਹੀ ਹੈ।ਅੱਜ ਦੀ ਔਰਤ ਘਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਘਰ ਦੀ ਆਰਥਿਕ ਹਾਲਤ ਨੂੰ ਹੁਲਾਰਾ ਦੇਣ ਲਈ ਮਰਦ ਦੇ ਕਦਮਾਂ ਨਾਲ ਕਦਮ ਮਿਲਾ ਕੇ ਚੱਲਣ ਦੇ ਯਤਨਸ਼ੀਲ ਹੈ।ਬੇਸ਼ੱਕ ਇਸ ਨਾਲ ਘਰ ਦੇ ਆਰਥਿਕ ਹਾਲਾਤ ਵਧੀਆ ਬਣ ਰਹੇ ਹਨ,ਪਰ ਔਰਤ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਕਰਦਿਆਂ ਇੱਕ ਮਾਨਸਿਕ ਤਣਾਅ ਵਿੱਚੋਂ ਗੁਜ਼ਰਦੀ ਹੈਅਤੇ ਅਜਿਹਾ ਕਰਦਿਆਂ ਬਹੁਤੀ ਵਾਰ ਉਹ ਆਪਣੀ ਮੁੱਢਲੀ ਭੁਮਿਕਾ ਵੀ ਸਹੀ ਤਰਾਂ ਨਿਭਾ ਨਹੀਂ ਪਾਉਂਦੀ ।ਬੱਚਿਆਂ ਨੂੰ ਮਾਂ ਦੇ ਪਿਆਰ ਦੀ ਘਾਟ ਉਸਦੀ ਵਰਤਮਾਨ ਭੱਜ-ਦੌੜ ਵਿੱਚੋਂ ਉਪਜੀ ਹੈ।ਏਕਲ ਪਰਿਵਾਰਾਂ ਵਿਚ ਇਸ ਭੱਜ-ਦੌੜ ਦੀ ਸਭ ਤੋਂ ਵੱਡੀ ਮਾਰ ਬੱਚਿਆਂ ਨੂੰ ਪਈ ਹੈ,ਜਿਨ੍ਹਾਂ ਲਈ ਮਾਪਿਆਂ ਕੋਲ ਸਮਾਂ ਨਹੀਂ ਬਚਿਆ।ਇਸਦਾ ਨਤੀਜਾ ਇਹ ਨਿਕਲਿਆ ਹੈ ਕਿ ਬੱਚੇ ਬਹੁਤ ਸਾਰੇ ਪਰਿਵਾਰਕ ਗੁਣਾਂ ਤੋਂ ਵਾਂਝੇ ਹੋ ਰਹੇ ਹਨ।ਬੱਚਿਆਂ ਵਿਚ ਘਟ ਰਹੇ ਸਲੀਕੇ ਤੇ ਸਹਿਣਸ਼ੀਲਤਾ,ਉਹਨਾਂ ਦੇ ਚਰਿੱਤਰ ਵਿਚ ਲਗਾਤਾਰ ਆ ਰਹੀ ਗਿਰਾਵਟ ਦਾ ਕਾਰਨ ਵੀ ਕਿਤੇ ਨਾ ਕਿਤੇ ਔਰਤ ਦਾ ਘਰ ਵਿਚੋਂ ਗ਼ੈਰਹਾਜ਼ਰ ਹੋਣਾ ਹੀ ਹੈ।
ਘਰ ਦੇ ਚੰਗੇ ਮਹੌਲ ਤੇ ਖ਼ੁਸ਼ਹਾਲੀ ਲਈ ਔਰਤ ਦੀ ਭੁਮਿਕਾ ਨੂੰ ਪ੍ਰੋ:ਗੁਰਦੇਵ ਸਿੰਘ ਸੰਦੌੜ ਦਾ ਨਾਟਕ ‘ਬਸੰਤ ਕੁਰੇ!ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ’ ਬਹੁਤ ਸੁਚੱਜੇ ਢੰਗ ਨਾਲ ਵਿਅਕਤ ਕਰਦਾ ਹੈ।ਜਿਸ ਵਿਚ ਇਕ ਸੇਵਾ ਮੁਕਤ ਕਪਤਾਨ ਦੀ ਕਹਾਣੀ ਹੈ,ਕਿ ਕਿਵੇਂ ਉਹ ਘਰ ਦੇ ਮਹੌਲ ਤੋਂ ਤੰਗ ਆ ਕੇ ਰੇਲ ਦੇ ਫਾਟਕ ਤੇ ਖ਼ੁਦਕੁਸ਼ੀ ਦੀ ਨਾਕਾਮ ਕੋਸ਼ਿਸ਼ ਕਰਦਾ ਹੈ।ਉਥੋਂ ਉਸਨੂੰ ਇੱਕ ਪ੍ਰੋਫੈਸਰ ਬਚਾਉਂਦਾ ਹੈ ਅਤੇ ਖ਼ੁਦਕੁਸ਼ੀ ਦੀ ਥਾਂ ਜੀਵਨ ਜਿਉਣ ਦੇ ਰਾਹ ਤੇ ਤੋਰਦਾ ਹੈ।ਸੱਤ ਸਾਲ ਦੇ ਅਰਸੇ ਬਾਦ ਪ੍ਰੋ. ਅਤੇ ਕਪਤਾਨ ਫੇਰ ਮਿਲਦੇ ਹਨਅਤੇ ਉਹ ਕਪਤਾਨ ਦੇ ਘਰ ਜਾਂਦੇ ਹਨ।ਜਿੱਥੇ ਸਭ ਕੁੱਝ ਤਬਾਹ ਹੋ ਚੁੱਕਾ ਹੁੰਦਾ ਹੈ।ਕਪਤਾਨ ਦੇ ਮਾਂ-ਬਾਪ ਉਸਦੇ ਵਿਯੋਗ ਵਿੱਚ ਮਰ ਚੁੱਕੇ ਹੁੰਦੇ ਹਨ।ਉਸਦੀਆਂ ਧੀਆਂ ਅਤੇ ਛੋਟਾ ਮੁੰਡਾ ਗਲਤ ਰਾਹੇ ਪੈ ਚੁੱਕੇ ਹੁੰਦੇ ਹਨ।ਘਰ ਦੀ ਬਰਬਾਦੀ ਦਾ ਕਾਰਨ ਉਸਦੀ ਪਤਨੀ ਬਸੰਤ ਕੌਰ ਹੈ,ਜੋ ਕਪਤਾਨ ਦੀ ਗ਼ੈਰਹਾਜ਼ਰੀ ਵਿਚ ਨਾ ਤਾਂ ਪਰਿਵਾਰ ਨੂੰ ਸਹੀ ਰਾਹਾਂ ਤੇ ਤੋਰ ਸਕੀ ਅਤੇ ਨਾ ਖ਼ੁਦ ਨੂੰ ਚੰਗੀ ਔਰਤ ਸਿੱਧ ਕਰ ਸਕੀ।ਗ਼ਲਤ ਰਾਹੇ ਤੁਰਦਿਆਂ ਉਹ ਵੀ ਆਪਣੀ ਰੂਹ ਅਤੇ ਸਰੀਰ ਦੀ ਖ਼ੂਬਸੂਰਤੀ ਖ਼ਤਮ ਕਰ ਚੁੱਕੀ ਹੁੰਦੀ ਹੈ।ਉਥੇ ਕਪਤਾਨ ਨੂੰ ਮਹਿਸੂਸ ਹੁੰਦਾ ਹੈ ਕਿ ਕਿਵੇਂਰਿਸ਼ਤਿਆਂ ਵਿਚਲੇ ਮੋਹ ਅਤੇ ਵਿਸ਼ਵਾਸ ਤੋਂ ਬਿਨਾਂ ਪਰਿਵਾਰ ਖ਼ਤਮ ਹੁੰਦੇ ਹਨ।
ਇਸ ਖ਼ੂਬਸੂਰਤ ਰਚਨਾ ਤੋਂਔਰਤ ਦੀ ਘਰ ਵਿਚਲੀ ਭੁਮਿਕਾ ਸਾਮਰਤੱਖ ਹੋ ਕੇ ਸਾਹਮਣੇ ਆੳਂਦੀ ਹੈ।ਇਸ ਰਚਨਾ ਤੋਂ ਇਹ ਸਾਫ਼ ਹੈ ਕਿ ਔਰਤ ਦੇ ਸਵੈਮਾਣ ਭਰੇ ਜੀਵਨ ਦਾ ਉਸਦੇ ਪਰਿਵਾਰ ਅਤੇ ਬੱਚਿਆਂ ਦੀ ਜ਼ਿੰਦਗੀ ਉਤੇ ਬਹੁਤ ਉਸਾਰੂ ਪ੍ਰਭਾਵ ਪੈਂਦਾ ਹੈ।ਪਰ ਅੱਜ ਔਰਤ ਨੂੰ ਇਸ ਭੱਜ-ਨੱਠ ਵਾਲੇ ਸਮੇਂ ਅੰਦਰ ਆਪਣੀਆਂ ਭੂਮਿਕਾਵਾਂ ਨਿਭਾਉਂਦਿਆਂ ਆਪਣੇ ਸਰੀਰਕ ਅਤੇ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਣਾ ਇੱਕ ਵੱਡੀ ਚਣੌਤੀ ਬਣ ਰਿਹਾ ਹੈ।ਅੱਜ ਔਰਤ ਨੂੰ ਉਸਦੀ ਇਸ ਕੁਰਬਾਨੀ ਲਈ ਬਣਦਾ ਮਾਣ-ਸਤਿਕਾਰ ਦੇਣ ਦੀ ਲੋੜ ਹੈ।ਉਸਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਦੇ ਅਨੁਰੂਪ ਉਸਦੀ ਦੇਖ-ਭਾਲ ਅਤੇ ਸਹਿਯੋਗ ਪਰਿਵਾਰ ਦੇ ਹਰ ਮੈਂਬਰ ਦਾ ਫ਼ਰਜ਼ ਹੈ।ਉਸ ਨੂੰ ਘਰ ਦੀ ਗ਼ੁਲਾਮ ਨਹੀਂ ਸਗੋਂ ਘਰ ਦੀ ਮਾਲਕਣ ਹੋਣ ਦਾ ਅਹਿਸਾਸ ਕਰਵਾਇਆ ਜਾਵੇ।ਔਰਤ ਨੂੰ ਵੀ ਚਾਹੀਦਾ ਹੈ ਕਿ ਉਹ ਪਰਿਵਾਰ ਦੇ ਨਾਲ-ਨਾਲ ਆਪਣੀ ਸਿਹਤ ਵੱਲ ਵੀ ਧਿਆਨ ਦੇਵੇ।ਘਰ ਵਿਚ ਆਪਣੀ ਭੁਮਿਕਾ ਨੂੰ ਸਮਝਦਿਆਂ ਉਸਨੂੰ ਘਰ ਤੇ ਬਾਹਰ ਦੀਆਂ ਗਤੀਵਿਧੀਆਂ ਵਿਚ ਸਮਤੋਲ ਬਣਾ ਕੇ ਚੱਲਣਾ ਚਾਹੀਦਾ ਹੈ।ਕਿਤੇ ਅਜਿਹਾ ਨਾ ਹੋਵੇ ਕਿ ਪਰਿਵਾਰ ਲਈ ਉਸਦਾ ਬੁਨਿਆਦੀ ਰੋਲ ਉਸਦੇ ਹੱਥੋਂ ਖਿਸਕ ਹੀ ਜਾਵੇ।ਉਸ ਨੂੰ ਸਮਝਣਾ ਹੋਵੇਗਾ ਕਿ ਘਰ ਦੇ ਅੰਦਰ ਪਰਿਵਾਰ ਲਈ ਨਿਭਾਈ ਉਸਦੀ ਭੁਮਿਕਾ ਦਾ ਮਹੱਤਵ ਬਾਹਰ ਦੀਆਂ ਭੁਮਿਕਾਵਾਂ ਤੋਂ ਕਿਤੇ ਜਿਆਦਾ ਹੈ।

WRITTEN BY