ਕੁਝ ਇਨਸਾਨ ਆਮ ਸਾਧਾਰਣ ਪਰਿਵਾਰਾਂ ਵਿਚ ਪੈਦਾ ਹੋ ਕੇ ਆਪਣੀ ਮਿਹਨਤ, ਲਗਨ, ਦ੍ਰਿੜ੍ਹਤਾ, ਕਾਰਜ਼ਕੁਸ਼ਲਤਾ ਅਤੇ ਹਿੰਮਤ ਨਾਲ ਕੰਮ ਕਰਕੇ ਸਫਲਤਾਵਾਂ ਦੀਆਂ ਉਚਾਈਆਂ ਨੂੰ ਛੂਹ ਜਾਂਦੇ ਹਨ। ਅਜਿਹੇ ਇਨਸਾਨਾਂ ਵਿੱਚੋਂ ਇਕ ਹਨ ਆਈ.ਏ.ਐਸ. ਅਧਿਕਾਰੀ ਸ. ਮਨਜੀਤ ਸਿੰਘ ਨਾਰੰਗ। ਆਪ 13 ਜਨਵਰੀ 1959 ਨੂੰ ਪਿਤਾ ਸ੍ਰ. ਨਾਨਕ ਸਿੰਘ ਅਤੇ ਮਾਤਾ ਸ਼੍ਰੀਮਤੀ ਮਹਿੰਦਰ ਕੌਰ ਦੇ ਘਰ ਰੋਪੜ ਵਿਖੇ ਪੈਦਾ ਹੋ ਕੇ ਦੇਸ਼ ਦੀ ਸਰਵੋਤਮ ਸਰਵਿਸ ਆਈ.ਏ.ਐਸ.ਵਿਚ ਪਹੁੰਚ ਗਏ। ਇਹ ਸਾਰਾ ਕੁਝ ਸ. ਮਨਜੀਤ ਸਿੰਘ ਨਾਰੰਗ ਦੀ ਮਿਹਨਤ ਦਿਆਨਤਦਾਰੀ ਅਤੇ ਲਗਨ ਨਾਲ ਸਰਕਾਰੀ ਕੰਮ ਕਾਜ ਨੂੰ ਲਗਨ ਨਾਲ ਕਰਨ ਕਰਕੇ ਹੀ ਸੰਭਵ ਹੋਇਆ ਹੈ। ਉਨ੍ਹਾਂ 1974 ਵਿਚ ਦਸਵੀਂ ਸਰਕਾਰੀ ਸਕੂਲ ਰੋਪੜ ਤੋਂ ਪਾਸ ਕਰਨ ਤੋਂ ਬਾਅਦ ਫਰਵਰੀ 1975 ਵਿਚ ਆਈ.ਟੀ.ਆਈ ਰੋਪੜ ਵਿਚੋਂ ਹੀ ਪੰਜਾਬੀ ਸ਼ਰਟਹੈਂਡ ਪਾਸ ਕੀਤੀ। ਮਿਹਨਤੀ ਹੋਣ ਕਰਕੇ ਆਪ ਸ਼ਾਰਟਹੈਂਡ ਦੇ ਟੈਸਟ ਵਿਚੋਂ ਪਹਿਲੇ ਨੰਬਰ ਤੇ ਆਏ। ਇਸ ਤੋਂ ਤੁਰੰਤ ਬਾਅਦ ਆਪ ਫਰਵਰੀ 1976 ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਬਤੌਰ ਜੂਨੀਅਰ ਸਕੇਲ ਸਟੈਨੋਗ੍ਰਾਫ਼ਰ ਭਰਤੀ ਹੋ ਗਏ। ਇਥੇ 6 ਮਹੀਨੇ ਨੌਕਰੀ ਕਰਨ ਤੋਂ ਬਾਅਦ ਅਗਸਤ 1976 ਵਿਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਿਚ ਸੀਨੀਅਰ ਸਕੇਲ ਸਟੈਨੋਗ੍ਰਾਫ਼ਰ ਭਰਤੀ ਹੋ ਗਏ। ਆਮ ਤੌਰ ’ਤੇ ਕਰਮਚਾਰੀ ਦਫਤਰੀ ਵਿਭਾਗੀ ਤਰੱਕੀਆਂ ਤੱਕ ਹੀ ਸੀਮਤ ਰਹਿੰਦੇ ਹਨ। ਪ੍ਰੰਤੂ ਸ. ਮਨਜੀਤ ਸਿੰਘ ਨਾਰੰਗ ਦੇ ਮਨ ਵਿਚ ਕੁਝ ਵੱਖਰਾ ਬਣਨ ਦੀ ਰੁਚੀ ਉਸਲਵੱਟੇ ਲੈ ਰਹੀ ਸੀ। ਉਸਨੇ ਆਪਣੀ ਨੌਕਰੀ ਦੇ ਨਾਲ ਹੀ ਪੜ੍ਹਾਈ ਜਾਰੀ ਰੱਖੀ ਜਿਸਦੇ ਸਿੱਟੇ ਵਜੋਂ 1980 ਵਿਚ ਉਨ੍ਹਾਂ ਪ੍ਰਾਈਵੇਟ ਉਮੀਦਵਾਰ ਦੇ ਤੌਰ ਬੀ.ਏ.ਦੀ ਡਿਗਰੀ ਪ੍ਰਾਪਤ ਕੀਤੀ। 1982 ਵਿਚ ਆਪਦਾ ਵਿਆਹ ਬੀਬੀ ਚਰਨਜੀਤ ਕੌਰ ਸਪੁੱਤਰੀ ਸੰਤ ਬਹਾਦਰ ਸਿੰਘ ਨਾਲ ਪਟਿਆਲਾ ਵਿਖੇ ਹੋ ਗਿਆ। ਸ਼੍ਰੀਮਤੀ ਚਰਨਜੀਤ ਕੌਰ ਉਸ ਸਮੇਂ ਬਿਜਲੀ ਬੋਰਡ ਵਿਚ ਐਲ.ਡੀ.ਸੀ.ਲੱਗੇ ਹੋਏ ਸਨ। ਆਪਦੀ ਪਤਨੀ ਵੀ ਬੀ.ਏ.ਅਤੇ ਗਿਆਨੀ ਪਾਸ ਸਨ ਤਾਂ ਆਪਨੂੰ ਇੱਕ ਬਜ਼ੁਰਗ ਗਿਆਨੀ ਹਜ਼ਾਰਾ ਸਿੰਘ ਨੇ ਜੋ ਆਪਦੇ ਗਵਾਂਢ ਵਿਚ ਰਹਿੰਦਾ ਸੀ ਗਿਆਨੀ ਦੀ ਪੜ੍ਹਾਈ ਕਰਨ ਲਈ ਉਤਸ਼ਾਹਤ ਕੀਤਾ। ਆਪ ਨੇ 1986 ਵਿਚ ਗਿਆਨੀ ਪਾਸ ਕਰ ਲਈ। ਗਿਆਨੀ ਹਜ਼ਾਰਾ ਸਿੰਘ ਨੇ ਆਪਨੂੰ ਅੱਗੋਂ ਪੜ੍ਹਾਈ ਜਾਰੀ ਕਰਨ ਲਈ ਪ੍ਰੇਰਿਆ ਜਿਸ ਕਰਕੇ ਆਪ ਨੇ 1988 ਵਿਚ ਐਮ.ਏ.ਪੰਜਾਬੀ, 90 ਵਿਚ ਐਮ.ਏ. ਪਬਲਿਕ ਐਡਮਨਿਸਟਰੇਸ਼ਨ ਅਤੇ 92 ਵਿਚ ਐਮ.ਏ.ਸਮਾਜ ਵਿਗਿਆਨ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਗਿਆਨੀ ਹਜ਼ਾਰਾ ਸਿੰਘ ਦੀ ਪ੍ਰੇਰਨਾ ਸਦਕਾ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਚਰਨਜੀਤ ਕੌਰ ਨੇ ਵੀ ਐਮ.ਏ.ਪੰਜਾਬੀ ਅਤੇ ਪਬਲਿਕ ਐਡਮਨਿਸਟਰੇਸ਼ਨ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਤਸ਼ਾਹੀ ਮਿਹਨਤੀ ਅਤੇ ਦ੍ਰਿੜ੍ਹ ਇਰਾਦੇ ਦੇ ਮਾਲਕ ਹੋਣ ਕਰਕੇ ਆਪਣੀ ਸਰਕਾਰੀ ਨੌਕਰੀ ਦੌਰਾਨ ਹੀ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਪੌੜੀ ਦਰ ਪੌੜੀ ਚੜ੍ਹਦੇ ਹੋਏ ਆਪਣੀ ਯੋਗਤਾ ਵਿਚ ਵਾਧਾ ਕੀਤਾ ਜਿਸ ਕਰਕੇ ਆਪ ਦੀ ਕਾਰਜ਼ਸ਼ੈਲੀ ਵਿਚ ਵੀ ਨਿਖ਼ਾਰ ਆਇਆ। ਆਪਣੀ ਯੋਗਤਾ ਵਿਚ ਵਾਧਾ ਹੋਣ ਅਤੇ ਲਗਨ ਨਾਲ ਆਪਣੇ ਫਰਜ ਨਿਭਾਉਣ ਕਰਕੇ 1992 ਵਿਚ ਆਪ ਪੀ.ਸੀ.ਐਸ.ਲਈ ਚੁਣੇ ਗਏ। ਅਧਿਕਾਰੀ ਬਣਨਾ ਹੀ ਆਪਣੇ ਆਪ ਵਿਚ ਬਹੁਤੀ ਵੱਡੀ ਗਲ ਨਹੀਂ ਹੁੰਦੀ ਜੇਕਰ ਉਹ ਦਫਤਰੀ ਕੰਮ ਕਾਜ ਵਿਚ ਮੱਖੀ ਤੇ ਮੱਖੀ ਮਾਰੀ ਜਾਵੇ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਜ਼ਿੰਮੇਵਾਰੀ ਉਸਨੂੰ ਮਿਲੀ ਹੈ, ਉਸਨੂੰ ਉਹ ਕਿਤਨੀ ਬਾਖ਼ੂਬੀ ਨਿਭਾਉਂਦਾ ਹੈ। ਸ. ਮਨਜੀਤ ਸਿੰਘ ਨਾਰੰਗ ਨੂੰ ਸਰਕਾਰ ਨੇ ਜਿਹੜੇ ਵੀ ਅਹੁਦੇ ਉਪਰ ਨਿਯੁਕਤ ਕੀਤਾ ਗਿਆ ਉਸਨੇ ਉਸ ਅਹੁਦੇ ਦਾ ਮਾਣ ਵਧਾਇਆ। ਹਰ ਵਿਭਾਗ ਵਿਚ ਲਾਜਵਾਬ ਕੰਮ ਕੀਤਾ। ਉਸਦੀ ਨਿਮਰਤਾ ਉਸਦਾ ਗਹਿਣਾ ਬਣ ਗਈ। ਉਸਨੂੰ ਮਿਲਣ ਵਾਲਾ ਕੋਈ ਵੀ ਵਿਅਕਤੀ ਨਿਰਾਸ਼ ਨਹੀਂ ਹੋਇਆ ਸਗੋਂ ਉਸਨੂੰ ਮਿਲਕੇ ਹੋਰ ਸੰਤੁਸ਼ਟ ਹੋ ਗਿਆ। ਸਰਕਾਰੀ ਫਰਜਾਂ ਨੂੰ ਉਹ ਸੇਵਾ ਸਮਝਕੇ ਕਰਦਾ ਹੈ। ਪੁਡਾ ਵਿਚ ਪਟਿਆਲਾ ਅਤੇ ਮੋਹਾਲੀ ਰਹੇ, ਅਜੇ ਤੱਕ ਉਥੋਂ ਦੇ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ। ਉਨ੍ਹਾਂ ਨੇ ਕਦੀਂ ਮੱਥੇ ਵੱਟ ਨਹੀਂ ਪਾਇਆ ਸਗੋਂ ਲੋਕਾਂ ਨੂੰ ਮਿਲਕੇ ਖ਼ੁਸ਼ ਹੁੰਦੇ ਹਨ। ਪੰਜਾਬ ਦੀਆਂ ਅੱਧਾ ਦਰਜਨ ਸਬ ਡਵੀਜਨਾਂ ਜਿਵੇਂ ਮੋਗਾ, ਮੂਨਕ, ਧੂਰੀ, ਤਰਨਤਾਰਨ, ਅੰਮ੍ਰਿਤਸਰ ਅਤੇ ਪਟਿਆਲਾ ਵਿਚ ਉਹ ਸਬ ਡਵੀਜਨਲ ਮੈਜਿਸਟਰੇਟ ਰਹੇ। ਇਹ ਅਹੁਦਾ ਪਬਲਿਕ ਡੀ¦ਿਗ ਦਾ ਹੈ। ਹਰ ਸਮੱਸਿਆ ਦੇ ਹਲ ਲਈ ਐਸ.ਡੀ. ਐਮ.ਦੀ ਡਿਊਟੀ ਲੱਗਦੀ ਹੈ। ਹਰ ਥਾਂ ਤੇ ਉਹ ਅਜਿਹਾ ਸਫਲ ਰਹੇ ਕਿ ਲੋਕ ਉਸਦੀ ਕਾਰਜਕੁਸ਼ਲਤਾ ਨੂੰ ਸਲਾਮ ਕਰਦੇ ਹਨ। ਰਾਤ ਬਰਾਤੇ ਵੀ ਕੋਈ ਵਿਅਕਤੀ ਆਪਣੀ ਸ਼ਿਕਾਇਤ ਲੈ ਕੇ ਪਹੁੰਚ ਸਕਦਾ ਸੀ। ਆਮ ਤੌਰ ਤੇ ਜਿਸ ਪਾਰਟੀ ਦੀ ਸਰਕਾਰ ਹੋਵੇ ਉਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਵਾਲੇ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਲਾਉਂਦੇ ਹਨ ਕਿ ਉਹ ਉਨ੍ਹਾਂ ਨੂੰ ਅਣਡਿਠ ਕਰਦੇ ਹਨ ਪ੍ਰੰਤੂ ਸ. ਮਨਜੀਤ ਸਿੰਘ ਨਾਰੰਗ ਦੀ ਕਮਾਲ ਹੈ ਕਿ ਉਸਦੀ ਸਾਰੀਆਂ ਪਾਰਟੀਆਂ ਵਾਲੇ ਪ੍ਰਸੰਸਾ ਕਰਦੇ ਹਨ। ਉਹ ਕਦੀਂ ਕਿਸੇ ਨਾਲ ਬੇਇਨਸਾਫੀ ਨਹੀਂ ਕਰਦੇ। ਹਾਂ ਕਈ ਵਾਰ ਉਨ੍ਹਾਂ ਨੂੰ ਰਾਜ ਕਰ ਰਹੀ ਪਾਰਟੀ ਨੇ ਉਨ੍ਹਾਂ ਦੀਆਂ ਗ਼ਲਤ ਸਿਫਾਰਸ਼ਾਂ ਨਾ ਮੰਨਣ ਕਰਕੇ ਬਦਲ ਦਿੱਤਾ ਗਿਆ। ਇਸੇ ਤਰ੍ਹਾਂ ਉਹ ਪਟਿਆਲਾ ਨਗਰ ਨਿਗਮ ਦਾ ਕਮਿਸ਼ਨਰ ਵੀ ਰਿਹਾ। ਇਹ ਅਹੁਦਾ ਵੀ ਹਰ ਰੋਜ਼ ਮਿਊਂਸਪਲ ਕੌਂਸਲਰਾਂ ਦੀਆਂ ਅਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰਿਆਂ ਨਾਲ ਸੰਬੰਧਤ ਹੈ। ਪਟਿਆਲਾ ਖਾਸ ਤੌਰ ’ਤੇ ਬਹੁਤ ਹੀ ਨਾਜ਼ੁਕ ਸ਼ਹਿਰ ਹੈ। ਇਹ ਹਰ ਪਾਰਟੀ, ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ ਦਾ ਕੇਂਦਰ ਹੈ। ਅਜਿਹੇ ਸ਼ਹਿਰ ਵਿਚ ਵੀ ਉਹ ਕਮਿਸ਼ਨਰ ਦੇ ਤੌਰ ਹਰ ਸ਼ਿਕਾਇਤੀ ਨੂੰ ਸੰਤੁਸ਼ਟ ਕਰਕੇ ਕੰਮ ਕਰਦਾ ਰਿਹਾ। ਜਦੋਂ ਉਹ ਡਿਪਟੀ ਕਮਿਸ਼ਨਰ ਫੀਰੋਜਪੁਰ ਸੀ ਤਾਂ ਰਾਜ ਕਰ ਰਹੀ ਪਾਰਟੀ ਦੇ ਕੁਝ ਕਾਰਕੁਨ ਗ਼ਲਤ ਕੰਮ ਕਰ ਰਹੇ ਸਨ, ਇਥੋਂ ਤੱਕ ਕਿ ਉਨ੍ਹਾਂ ਦੇ ਨਾਂ ਨਸ਼ੇ ਦੇ ਕੇਸਾਂ ਵਿਚ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੇ ਤਾਂ ਉਨ੍ਹਾਂ ਅਜਿਹੇ ਲੋਕਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਮੁੱਖ ਮੰਤਰੀ ਨੂੰ ਮਿਲਕੇ ਸਾਰੀ ਨਿਰਪੱਖ ਰਿਪੋਰਟ ਦਿੱਤੀ। ਪ੍ਰੰਤੂ ਗ਼ਲਤ ਕੰਮ ਵਿਚ ਸਾਥ ਨਾ ਦੇਣ ਕਰਕੇ ਫਿਰ ਵੀ ਆਪਨੂੰ ਬਦਲ ਦਿੱਤਾ ਗਿਆ। ਇਸੇ ਤਰ੍ਹਾਂ ਪੈਪਸੂ ਰੋਡਵੇਜ ਵਿਚ ਬਤੌਰ ਮੈਨੇਜਿੰਗ ਡਾਇਰੈਕਟਰ ਕਾਰਪੋਰੇਸ਼ਨ ਨੂੰ ਘਾਟੇ ਵਿਚੋਂ ਕੱਢਣ ਦੀ ਕੋਸ਼ਿਸ਼ ਜਦੋਂ ਰੰਗ ਲਿਆਉਣ ਲੱਗੀ ਤਾਂ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਦਖ਼ਲ ਦੇ ਕੇ ਖੁੱਡੇ ਲਾਈਨ ਲਗਵਾ ਦਿੱਤਾ। ਚੋਣ ਕਮਿਸ਼ਨ ਵਿਚ ਐਡੀਸ਼ਨਲ ਚੀਫ ਚੋਣ ਅਧਿਕਾਰੀ ਦੇ ਤੌਰ ’ਤੇ ਮਾਅਰਕੇ ਦਾ ਕੰਮ ਕੀਤਾ। ਵਰਤਮਾਨ ਸਰਕਾਰ ਦੇ ਆਉਣ ਤੇ ਮੁੜ ਆਪਨੂੰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦਾ ਮੈਨੇਜਿੰਗ ਡਾਇਰੈਕਟਰ ਲਗਾ ਦਿੱਤਾ ਗਿਆ। ਉਨ੍ਹਾਂ ਦੇ ਆਉਣ ’ਤੇ ਕਾਰਪੋਰੇਸ਼ਨ ਦੀ ਆਮਦਨ ਵਿਚ ਵਾਧਾ ਹੋਣਾ ਸ਼ੁਰੂ ਹੋ ਗਿਆ। ਆਪ ਬਾਕਮਾਲ ਕੰਮ ਕਰਦੇ ਹਨ। ਆਪ ਦੀ ਸਫਲਤਾ ਦਾ ਰਾਜ ਦ੍ਰਿੜ੍ਹ ਇਰਾਦਾ, ਸਖ਼ਤ ਮਿਹਨਤ, ਪਾਰਦਰਸ਼ਤਾ ਅਤੇ ਨਿਮਰ ਸੁਭਾਅ ਹੈ। ਕੰਮ ਕਰਕੇ ਖ਼ੁਸ਼ੀ ਅਤੇ ਸੰਤੁਸ਼ਟੀ ਮਹਿਸੂਸ ਕਰਦੇ ਹਨ। ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੰਦੇ ਹਨ ਕਿਉਂਕਿ ਉਸਦੇ ਮਾਪਿਆਂ ਨੇ ਹਮੇਸ਼ਾ ਸੱਚਾਈ ਤੇ ਪਹਿਰਾ ਦੇਣ ਅਤੇ ਗ਼ਰੀਬ ਦੀ ਬਾਂਹ ਫੜਨ ਦਾ ਉਪਦੇਸ਼ ਦਿੱਤਾ ਹੋਇਆ ਹੈ। ਰੱਬ ਦੀ ਰਜਾ ਵਿਚ ਰਹਿਣ ਵਾਲਾ ਗੁਰੂ ਘਰ ਦਾ ਸੇਵਕ ਪਰਿਵਾਰ, ਕਿਰਤ ਕਰੋ ਤੇ ਵੰਡ ਕੇ ਛੱਕੋ ਵਿਚ ਵਿਸ਼ਵਾਸ਼ ਰੱਖਦਾ ਹੈ।
ਨਿਮਰਤਾ, ਸਲੀਕੇ ਅਤੇ ਕਾਰਜ਼ਕੁਸ਼ਲਤਾ ਦੇ ਪ੍ਰਤੀਕ ਸ. ਮਨਜੀਤ ਸਿੰਘ ਨਾਰੰਗ ਆਈ.ਏ.ਐਸ.



