Skip to content
Independent perspectives. Global stories.
BREAKING

ਰੱਬ ਵਰਗੇ ਸਾਧੂ ਸਨ ਬਾਬਾ ਛੋਟਾ ਸਿੰਘ ਜੀ

Share this story

ਮੋਹ ਮਾਇਆ ਦੇ ਜਾਲ਼ ਵਿੱਚ ਫ਼ਸੇ ਦੁਨੀਆਵੀ ਲੋਕਾਂ ਨੂੰ ਪ੍ਰਮਾਰਥ ਅਤੇ ਨਾਮ ਸਿਮਰਨ ਨਾਲ਼ ਜੋੜਨ ਲਈ ਸਮੇਂ-ਸਮੇਂ ’ਤੇ ਰੱਬ ਆਪਣੇ ਪਿਆਰਿਆਂ ਦੀ ਡਿਊਟੀ ਲਗਾਉਂਦਾ ਹੈ ਜੋ ਆਪਣਾ ਸਾਰਾ ਜੀਵਨ ਪ੍ਰਭੂ-ਭਗਤੀ ’ਚ ਗੁਜ਼ਾਰਦੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਰਹਿੰਦੇ ਹਨ।ਅਜਿਹੇ ਹੀ ਰੱਬ ਵਰਗੇ ਫ਼ੱਕਰ ਸੁਭਾਅ ਦੇ ਮਾਲਕ ਸਾਧੂ ਸਨ ਬਾਬਾ ਛੋਟਾ ਸਿੰਘ ਜੀ ਇੱਛਾਪੂਰਕ ਠਾਠ ਰਾਮਪੁਰ ਭਿੰਡਰਾਂ ਵਾਲੇ।ਉਨ੍ਹਾਂ ਦਾ ਜਨਮ ਪਿਤਾ ਸ.ਖ਼ੁਸ਼ੀਆ ਸਿੰਘ ਦੇ ਗ੍ਰਹਿ ਮਾਤਾ ਸਿਆਮ ਕੌਰ ਜੀ ਦੀ ਪਵਿੱਤਰ ਕੁੱਖੋਂ ਪਿੰਡ ਰਾਮਪੁਰ ਛੰਨਾਂ ਵਿਖੇ ਹੋਇਆ, ਜੋ ਬਚਪਨ ਤੋਂ ਹੀ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ।ਸ਼ੁਰੂ ਤੋਂ ਹੀ ਆਪ ਨੇ ਆਪਣੇ ਪਿਤਾ ਜੀ ਨਾਲ਼ ਖੇਤੀ-ਬਾੜੀ ਦੇ ਕੰਮਾਂ ਵਿੱਚ ਹੱਥ ਵਟਾਇਆ ਅਤੇ ਬੜੇ ਸ਼ੌਂਕ ਨਾਲ਼ ਖੇਤੀ ਕੀਤੀ।ਉਨ੍ਹਾਂ ਦਿਨਾਂ ਵਿੱਚ ਇੱਕ ਫ਼ੌਜ਼ੀ ਪਲਟਣ ਨਗਰ ਵਿਖੇ ਨੌਜ਼ਵਾਨਾਂ ਨੂੰ ਫ਼ੌਜ਼ ਵਿੱਚ ਭਰਤੀ ਕਰਨ ਆਈ, ਆਪ ਦਾ ਸੁੰਦਰ ’ਤੇ ਸ਼ਿਡੌਲ਼ ਸਰੀਰ ਦੇਖ ਆਪ ਨੂੰ ਵੀ ਭਰਤੀ ਕਰ ਲਿਆ।ਫ਼ੌਜ਼ ਵਿੱਚ ਜਾਣ ਉਪਰੰਤ ਵੀ ਆਪ ਨਾਮ ਬਾਣੀ ਨਾਲ਼ ਜੁੜੇ ਰਹਿੰਦੇ, ਆਪ ਜੀ ਦੀ ਧਾਰਮਿਕ ਵਿਰਤੀ ਦੇਖ ਫ਼ੌਜ਼ੀ ਅਫ਼ਸਰਾਂ ਨੇ ਆਪ ਨੂੰ ਗ੍ਰੰਥੀ ਸਿੰਘ ਦੀ ਡਿਊਟੀ ਸ਼ੌਂਪ ਦਿੱਤੀ।1947 ਦੇ ਦੁਖਾਂਤ ਨੂੰ ਆਪ ਨੇ ਆਪਣੇ ਹੱਡੀਂ ਹੰਢਾਇਆ, ਇਸ ਦਰਦ ਨੂੰ ਆਪਦਾ ਕੋਮਲ ਮਨ ਸਹਾਰ ਨਾਂ ਸਕਿਆ ’ਤੇ ਆਪ ਫ਼ੌਜ਼ ਵਿੱਚੋਂ ਛੁੱਟੀ ਕਰ ਆਪਣੇ ਪਿੰਡ ਆ ਗਏ।ਹੁਣ ਆਪ ਦਾ ਮਨ ਘਰ ਦੇ ਕੰਮਾਂ ਵਿੱਚ ਨਾਂ ਲਗਦਾ ਅਤੇ ਹਮੇਸ਼ਾਂ ਵਿਆਕੁਲ ਰਹਿੰਦਾ।ਉਨ੍ਹਾਂ ਦਿਨਾਂ ਵਿੱਚ ਹੀ ਆਪ ਦਾ ਮਿਲਾਪ ਪੂਰਨ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨਾਲ ਹੋਇਆ, ਜਿੰਨ੍ਹਾਂ ਦੇ ਦਰਸ਼ਨ ਅਤੇ ਸੰਗਤ ਕਰ ਆਪ ਦਾ ਮਨ ਸ਼ਾਂਤ ਹੋ ਗਿਆ।ਬਾਬਾ ਈਸ਼ਰ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਵਾਪਿਸ਼ ਆਪਣੇ ਪਿੰਡ ਰਾਮਪਰ ਛੰਨਾਂ ਆ ਗਏ ਜਿੱਥੇ ਆਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਸੇਵਾ ਸਿਮਰਨ ਕਰਦੇ ਰਹਿੰਦੇ।ਫਿਰ ਆਪ ਦਾ ਮਿਲਾਪ ਬਾਬਾ ਮੀਹਾਂ ਸਿੰਘ ਜੀ (ਸਿਆੜ ਸਾਹਿਬ ਵਾਲਿਆਂ) ਨਾਲ਼ ਹੋਇਆ ਜੋ ਆਪ ਦੇ ਪ੍ਰੇਮ ’ਚ ਵੱਝੇ ਕਈ-ਕਈ ਦਿਨ ਰਾਮਪੁਰ ਛੰਨਾਂ ਆ ਕੇ ਦੀਵਾਨਾਂ ਰਾਂਹੀ ਸੰਗਤਾਂ ਵਿੱਚ ਨਾਮ ਬਾਣੀ ਦੀਆਂ ਝੜੀਆਂ ਲਗਾਉਂਦੇ ਰਹਿੰਦੇ।ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਬਾਬਾ ਮੀਹਾਂ ਸਿੰਘ ਜੀ ਨੂੰ ਇਹ ਬੇਨਤੀ ਕਰਨ ’ਤੇ ਕਿ ਸਾਡੇ ਪਿੰਡ ਕੋਈ ਗੁਰੂਘਰ ਨਹੀਂ ਹੈ, ਤਾਂ ਉਨ੍ਹਾਂ ਨੇ ਸੰਗਤਾਂ ਦੀ ਬੇਨਤੀ ’ਤੇ ਨਗਰ ਭਿੰਡਰਾਂ ਵਿਖੇ ਨਾਨਕਸਰ ਠਾਠ ਸਥਾਪਿਤ ਕੀਤਾ ਅਤੇ ਉਸਦੀ ਸੇਵਾ ਬਾਬਾ ਛੋਟਾ ਸਿੰਘ ਜੀ ਨੂੰ ਸ਼ੌਂਪ ਦਿੱਤੀ।ਇੱਥੇ ਟਿੱਬੇ ਦੀ ਰੇਤਲੀ ਧਰਤੀ ’ਤੇ ਸੰਘਣੀਂ ਝਿੜੀ ਹੋਣ ਕਾਰਨ ਕਾਫ਼ੀ ਮਿਹਨਤ ਦੀ ਲੋੜ ਸੀ। ਬਾਬਾ ਛੋਟਾ ਸਿੰਘ ਜੀ ਨੇ ਅਣਧੱਕ ਮਿਹਨਤ ਕਰਕੇ ਇਸ ਸਥਾਨ ਨੂੰ ਅਬਾਦ ਕੀਤਾ ਜਿੱਥੇ ਉਨ੍ਹਾਂ ਕਰੀਬ ਸੱਤ ਦਹਾਕੇ ਇਸ ਸਥਾਨ ’ਤੇ ਸੇਵਾ ਕਰਦਿਆਂ ਸੰਗਤਾਂ ਨੂੰ ਨਾਮ ਸਿਮਰਨ ਨਾਲ਼ ਜੋੜਿਆ।ਬਾਬਾ ਜੀ ਦਾ ਜੀਵਨ ਬਿਲਕੁਲ ਸਾਦਾ ਅਤੇ ਪ੍ਰੇਮ ਭਾਵਨਾਂ ਵਾਲ਼ਾ ਸੀ, ਜੋ ਵੀ ਇਸ ਅਸਥਾਨ ’ਤੇ ਆਉਂਦਾ ਆਪ ਗੁਰੂ ਨਾਨਕ ਦੀ ਸੰਗਤ ਸਮਝਕੇ ਬੇਹੱਦ ਸਤਿਕਾਰ ’ਤੇ ਸੇਵਾ ਕਰਦੇ।ਆਪ ਹਮੇਸ਼ਾ ਸੰਗਤ ਵਿੱਚ ਹੀ ਵਿਰਾਜ਼ਦੇ, ਕੋਈ ਵੱਖਰਾ ਆਸ਼ਨ ਨਹੀਂ ਲਾਉਂਦੇ ਸਨ। ਮਹਾਂਪੁਰਸ਼ ਬਾਬਾ ਮੀਹਾਂ ਸਿੰਘ ਜੀ ਦੇ ਬਚਨ ਕਿ ਝਾੜੂ ਛੱਡਣਾਂ ਨਹੀਂ, ਕਿਸੇ ਤੋਂ ਮੰਗਣਾਂ ਨਹੀਂ ਅਤੇ ਗੁਰੂ ਨਾਨਕ ਨੂੰ ਹਾਜ਼ਰ-ਨਾਜ਼ਰ ਜਾਣਕੇ ਸੰਗਤ ਦੀ ਸੇਵਾ ਕਰਨੀ ਹੈ, ਆਪ ਨੇ ਆਪਣੇ ਆਖ਼ਰੀ ਸੁਆਸਾਂ ਤੱਕ ਨਿਭਾਏ।ਆਪ ਜੀ ਦੇ ਇਕਲੌਤੇ ਪੁੱਤਰ ਬਲਵੀਰ ਸਿੰਘ ਸੋਹੀ ਉਚ ਵਿੱਦਿਆ ਪ੍ਰਾਪਤ ਕਰ ਬਤੌਰ ਡੀ.ਆਰ ਕੋਆਪ੍ਰੇਟਿਵ ਮਹਿਕਮੇ ’ਚੋਂ ਸੇਵਾ ਮੁਕਤ ਹੋਏ, ਜਿਨ੍ਹਾਂ ਦੀ ਇਮਾਨਦਾਰੀ ਦੀਆਂ ਲੋਕ ਮਿਸ਼ਾਲਾਂ ਦਿੰਦੇ ਹਨ।ਬਲਵੀਰ ਸਿੰਘ ਸੋਹੀ ਦੇ ਕੋਈ ਔਲਾਦ ਨਾਂ ਹੋਣ ਕਾਰਨ ਆਪ ਦੇ ਦਿੱਤੇ ਸੰਸਕਾਰਾਂ ’ਤੇ ਅਮਲ਼ ਕਰਦਿਆਂ ਉਨ੍ਹਾਂ ਆਪਣੀ ਮਰਹੂਮ ਧਰਮ ਪਤਨੀ ਜਸਵਿੰਦਰ ਕੌਰ ਦੇ ਨਾਮ ’ਤੇ ਟਰੱਸਟ ਬਣਾਕੇ ਆਪਣੀ ਸਾਰੀ ਜਾਇਦਾਦ ਉਸਦੇ ਸਪੁਰਦ ਕਰ ਦਿੱਤੀ ਅਤੇ ਪਿੰਡ ਬਾਗੜੀਆਂ ਵਿਖੇ ਜੇ.ਕੇ ਮੈਮੋਰੀਅਲ ਗਲੋਬਲ ਸਕੂਲ ਬਣਾਕੇ ’ਵਿੱਦਿਆ ਵਿਚਾਰੀ ਤਾਂ ਪਰਉਪਕਾਰੀ’ ਦੇ ਸਿਧਾਂਤ ’ਤੇ ਚੱਲਦਿਆਂ ਅੱਜ ਪੂਰੇ ਇਲਾਕੇ ਵਿੱਚ ਵਿੱਦਿਆ ਦਾ ਚਾਨਣ ਵੰਡ ਰਹੇ ਹਨ।ਸੋ ਇਸ ਤਰ੍ਹਾਂ ਬਾਬਾ ਛੋਟਾ ਸਿੰਘ ਜੀ ਪ੍ਰਮਾਤਮਾਂ ਦੇ ਹੁਕਮਾਂ ਨੂੰ ਪਾਕੇ ਇਸ ਸੰਸਾਰ ਵਿੱਚ ਆਏ, ਨਾਮ ਜਪਦੇ ’ਤੇ ਜਪਾਉਂਦੇ, ਲੱਖਾਂ ਪ੍ਰਾਣੀਆਂ ਨੂੰ ਗੁਰੂ ਨਾਲ਼ ਜੋੜਦੇ ਹੋਏ 12 ਮਈ 2018 ਨੂੰ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕਰ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਆਰੰਭ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਮਿਤੀ 21 ਮਈ ਦਿਨ ਸੋਮਵਾਰ ਨੂੰ ਸਵੇਰੇ 9:30 ਵਜੇ ਇੱਛਾਪੂਰਕ ਠਾਠ ਪਿੰਡ ਰਾਮਪੁਰ ਭਿੰਡਰਾਂ (ਬਾਗੜੀਆਂ-ਧੂਰੀ ਰੋਡ) ਵਿਖੇ ਪਾਏ ਜਾਣਗੇ।ਇਸ ਉਪਰੰਤ ਪਹੁੰਚੇ ਸੰਤਾਂ ਪਹਾਂਪੁਰਖਾਂ ਵੱਲੋਂ ਹਰਜਸ਼ ਕੀਰਤਨ ਕੀਤਾ ਜਾਵੇਗਾ ਅਤੇ ਅੰਤਿਮ ਅਰਦਾਸ ਬਾਅਦ ਦੁਪਿਹਰ 2:00 ਵਜੇ ਹੋਵੇਗੀ।

WRITTEN BY