ਆਪਣੀ ਅਤੇ ਤੇਲ ਡੀਪੂ ਬਠਿੰਡਾਂ ਦੀ ਸੁਰੱਖਿਆ ਕਰਨ ਵਾਲਾ ਜੇਲ ’ਚ ਬੰਦ, ਪਰਿਵਾਰ ਵੱਲੋਂ ਸਾਬਕਾ ਫੌਜੀਆਂ ਅਤੇ ਇਨਸਾਫ ਪੰਸਦ ਲੋਕਾਂ ਨੂੰ ਮਦਦ ਦੀ ਅਪੀਲ
ਸਰਦੂਲਗੜ੍ਹ- ਸਾਬਕਾ ਫੋਜੀ ਦੇ ਪਰਿਵਾਰ ਨੂੰ ਇਮਾਨਦਾਰੀ ਨਾਲ ਡਿਊਟੀ ਕਰਨਾ ਕਾਫੀ ਮਹਿੰਗਾ ਪੈ ਗਿਆ ਹੈ।ਜਿਸ ਕਾਰਨ ਉਸ ਦਾ ਪਰਿਵਾਰ ਪਿਛਲੇ ਸੱਤ ਮਹੀਨਿਆ ਤੋ ਕਾਫੀ ਪ੍ਰੇਸ਼ਾਨੀ ਝੱਲ ਰਿਹਾ ਹੈ ਤੇ ਕੋਈ ਵੀ ਇਸ ਗਰੀਬ ਪਰਿਵਾਰ ਦੀ ਮਦੱਦ ਲਈ ਨਹੀ ਆ ਰਿਹਾ।ਮਾਮਲਾ ਪਿੰਡ ਝੁਨੀਰ ਦੇ ਸਾਬਕਾ ਫੌਜੀ ਗੁਰਦੀਪ ਸਿੰਘ ਦਾ ਹੈ ਜੋ ਤੇਲ ਡਿਪੂ ਬਠਿੰਡਾਂ ਵਿਖੇ ਸੁਰੱਖਿਆਂ ਕਰਮੀ ਵੱਜੋ ਡਿਊਟੀ ਦੇ ਰਿਹਾ ਸੀ ਤੇ ਹੁਣ ਕਾਤਲ ਕੇਸ ‘ਚ ਬਠਿੰਡਾਂ ਜੇਲ ‘ਚ ਬੰਦ ਹੈ।ਗੁਰਦੀਪ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਬਠਿੰਡਾਂ ਤੇਲ ਡਿਪੂ ‘ਚ ਤੇਲ ਲੈਕੇ ਆਉਦੀ ਰੇਲ ਗੱਡੀ ‘ਚੋ ਨੈੜੇ ਦੇ ਪਿੰਡਾਂ ਦਾ ਚੋਰ ਗਿਰੋਹ ਜਿਸ ਵਿਚ 300-400 ਪਰਿਵਾਰ ਸਾਮਲ ਹੈ ਲਗਾਤਾਰ ਤੇਲ ਚੋਰੀ ਕਰਦਾ ਆ ਰਿਹਾ ਸੀ। ਮਈ 2017 ਦੇ ਸੁਰੂ ਵਿਚ ਗੁਰਦੀਪ ਸਿੰਘ ਨੇ ਡਿਪੂ ‘ਚ ਬਤੌਰ ਸੁਰੱਖਿਆਂ ਕਰਮੀ ਡਿਊਟੀ ਜੁਆਇਨ ਕੀਤੀ ਸੀ ਤੇ ਗੱਡੀ ‘ਚੋ ਹੁੰਦੇ ਤੇਲ ਚੋਰੀ ਅਤੇ ਸੁਰੱਖਿਆ ਦੇ ਸਬੰਧ ‘ਚ ਡਿਪੂ ਮੈਨੇਜਰ ਤੇ ਸੁਰੱਖਿਆ ਮੁੱਖੀ ਨੂੰ ਲਿਖਤੀ ਤੋਰ ਤੇ ਵੀ ਸੁਚੇਤ ਕੀਤਾ ਸੀ।ਤੇਲ ਚੋਰਾਂ ਦਾ ਵਿਰੋਧ ਕਰਦੇ ਗੁਰਦੀਪ ਸਿੰਘ ਦੀ ਪਹਿਲਾ ਵੀ ਚੋਰਾਂ ਨਾਲ ਝੱੜਪ ਹੋਈ ਸੀ।ਜਿਸ ਦੀ ਗੁਰਦੀਪ ਸਿੰਘ ਵੱਲੋ ਸਿਕਾਇਤ ਵੀ ਕੀਤੀ ਗਈ ਸੀ ਪਰ ਕੋਈ ਸੁਣਵਾਈ ਨਹੀ ਹੋਈ।ਗੁਰਦੀਪ ਸਿੰਘ ਵੱਲੋ ਚੋਰੀ ਹੁੰਦੇ ਤੇਲ ਅਤੇ ਡਿਪੂ ਦੀ ਸੁਰੱਖਿਆਂ ਨੁੰ ਲੈਕੇ ਇਕ ਵੀਡੀਓ ਵੀ ਸੋਸਲ ਮੀਡੀਏ ਤੇ ਪਾਕੇ ਇਸ ਸਮੱਸਿਆਂ ਤੋ ਜਾਣੂ ਕਰਵਾਇਆਂ ਸੀ ਅਤੇ ਕਿਹਾ ਸੀ ਕਿ ਇਸ ਤੇਲ ਚੋਰ ਗਿਰੋਹ ਅਤੇ ਕੁਝ ਕਰਮਚਾਰੀ ਮਿਲਕੇ ਉਸ ਦੇ ਖਿਲਾਫ ਕੋਈ ਸਾਜਿਸ ਰਚ ਸਕਦੇ ਹਨ। ਉਨਾਂ ਇਹ ਵੀ ਮੰਗ ਕੀਤੀ ਸੀ ਕਿ ਸੁਰਖਿਆਂ ਦੇ ਪ੍ਰਬੰਧ ਨਾ ਪੂਰੇ ਹੋਣ ਕਰਕੇ ਕਿਸੇ ਵੀ ਸਮੇਂ ਅਣਹੋਣੀ ਘਟਨਾ ਵਾਪਰ ਸਕਦੀ ਹੈ ਇਸ ਲਈ ਇਸ ਪਾਸੇ ਤੇਲ ਕੰਪਨੀਆਂ ਜ਼ਿਲਾਂ ਪ੍ਰਸ਼ਾਂਸਨ, ਸੂਬਾ ਅਤੇ ਕੇਂਦਰ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਪਰ ਕਿਸੇ ਦੇ ਵੀ ਕੰਨ ਤੇ ਜੂੰ ਨਹੀ ਸਰਕੀ। ਆਖਰ ਉਹੀ ਭਾਣਾ ਵਰਤ ਗਿਆ ਜਿਸ ਦਾ ਗੁਰਦੀਪ ਸਿੰਘ ਨੂੰ ਡਰ ਸੀ ਜਿਸ ਵਿਚ ਗੁਰਦੀਪ ਸਿੰਘ ਤੇ ਕਾਤਲ ਦਾ ਮਾਮਲਾ ਦਰਜ਼ ਕਰਕੇ ਤੇਲ ਚੋਰ ਗਿਰੋਹ ਨੇ ਆਪਣੇ ਰਾਸਤੇ ‘ਚ ਬਣੇ ਰੋੜੇ ਨੂੰ ਪਰ੍ਹੇ ਹਟਾ ਦਿੱਤਾ। ਉਨਾਂ ਦੱਸਿਆਂ ਕਿ 23 ਅਕਤੂਬਰ 2017 ਨੂੰ ਜਦੋ ਤੇਲ ਦੀ ਭਰੀ ਗੱਡੀ ਆਉਣ ਦੀ ਖਬਰ ਤੇਲ ਚੋਰ ਗਿਰੋਹ ਕੋਲ ਪਹੁੰਚੀ ਤਾਂ ਕਰੀਬ 60-70 ਵਿਅਕਤੀਆਂ ਨੇ ਆਕੇ ਗੱਡੀ ‘ਚੋ ਤੇਲ ਚੋਰੀ ਕਰਨਾ ਸੁਰੂ ਕਰ ਦਿੱਤਾ। ਮੌਕੇ ਤੇ ਹਾਜ਼ਰ ਸੁਰੱਖਿਆ ਕਰਮੀ ਗੁਰਦੀਪ ਸਿੰਘ ਨੇ ਜਦੋ ਤੇਲ ਚੋਰੀ ਕਰ ਰਹੀ ਭੀੜ ਨੂੰ ਰੋਕਿਆ ਤਾਂ ਭੀੜ ਨੇ ਗੁਰਦੀਪ ਸਿੰਘ ਤੇ ਪੱਥਰਾਂ ਆਦਿ ਨਾਲ ਹਮਲਾ ਕਰ ਦਿੱਤਾ ਤਾਂ ਗੁਰਦੀਪ ਸਿੰਘ ਨੇ ਆਪਣੀ ਜਾਨ ਬਚਾਉਣ ਲਈ ਫਾਇਰ ਕਰ ਦਿੱਤੇ ਜਿਸ ‘ਚੋ ਇਕ ਫਾਇਰ ਨਾਲ ਇਕ ਵਿਅਕਤੀ ਜਖਮੀ ਹੋ ਗਿਆ ਜਿਸ ਦੀ ਬਾਅਦ ‘ਚ ਦੂਸਰੇ ਦਿਨ ਮੌਤ ਹੋ ਗਈ ਸੀ।
ਮ੍ਰਿਤਕ ਦੇ ਪਰਿਵਾਰ ਨੇ ਸਮੂਹ ਪਿੰਡ ਵਾਸੀਆਂ ਅਤੇ ਹੋਰਾਂ ਵਿਅਕਤੀਆਂ ਨੂੰ ਨਾਲ ਲੈਕੇ ਜੀ.ਆਰ.ਪੀ. ਥਾਣੇ ਅੱਗੇ ਧਰਨਾ ਲਗਾਕੇ ਪੁਲਸ ਤੇ ਜੋਰ ਪਾਇਆਂ ਕਿ ਗੋਲੀ ਚਲਾਉਣ ਵਾਲੇ ਤੇ ਕਾਤਲ ਦਾ ਮਾਮਲਾ ਦਰਜ਼ ਕੀਤਾ ਜਾਵੇ ਪਰ ਆਪਣੀ ਅਤੇ ਤੇਲ ਡਿਪੂ ਦੀ ਰੱਖਿਆਂ ਕਰਦੇ ਇਮਾਨਦਾਰੀ ਨਾਲ ਨਿਭਾਈ ਗਈ ਡਿਊਟੀ ਸਾਬਕਾ ਫੋਜੀ ਅਤੇ ਉਸ ਦੇ ਪਰਿਵਾਰ ਨੂੰ ਹੀ ਮਹਿੰਗੀ ਪੈ ਗਈ ਜਦੋ ਜੀ.ਆਰ.ਪੀ. ਥਾਣਾ ਦੀ ਪੁਲਸ ਨੇ ਬਿਨਾਂ ਬਰੀਕੀ ਨਾਲ ਜਾਂਚ ਕੀਤਿਆ ਇਕ ਤਰਫਾ ਕਾਤਲ ਦਾ ਮਾਮਲਾ ਗੁਰਦੀਪ ਸਿੰਘ ਤੇ ਦਰਜ਼ ਕਰਕੇ ਬਠਿੰਡਾਂ ਜੇਲ ਭੇਜ ਦਿੱਤਾ। ਗੁਰਦੀਪ ਸਿੰਘ ਦੇ ਪਿਤਾ ਸਾਬਕਾ ਫੋਜੀ ਸਵਰਨ ਸਿੰਘ, ਮਾਤਾ ਹਰਬੰਸ ਕੌਰ ਜੋ ਤੁਰਨ ਤੋ ਅਹਾਰੀ ਹਨ ਤੇ ਰੀੜ ਦੀ ਹੱਡੀ ਦੇ ਮਰੀਜ਼ ਹਨ, ਬਾਰਵੀਂ ‘ਚ ਪੜ੍ਹਦੀ ਲੜਕੀ ਕੋਮਲਪ੍ਰੀਤ ਕੌਰ, ਨੌਵੀਂ ‘ਚ ਪੜ੍ਹਦੇ ਲੜਕੇ ਰਣਵੀਰ ਸਿੰਘ ਅਤੇ ਪਤਨੀ ਸਰਬਜੀਤ ਕੌਰ ਦੀ ਸਮੂਹ ਸਾਬਕਾ ਫੌਜੀਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰ ਸਰਕਾਰ ਅਤੇ ਤੇਲ ਡਿਪੂ ‘ਚ ਸਾਮਲ ਕੰਪਨੀਆਂ ਤੇ ਉਚ ਅਧਿਕਾਰੀਆਂ ਤੋ ਮੰਗ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾਕੇ ਗੁਰਦੀਪ ਸਿੰਘ ਨੁੰ ਇਨਸ਼ਾਫ ਦਵਾਇਆਂ ਜਾਵੇ ਅਤੇ ਤੇਲ ਚੋਰ ਗਿਰੋਹ ਅਤੇ ਉਨਾਂ ਨਾਲ ਮਿਲੀਭੁਗਤ ਕਰ ਚੁੱਕੇ ਰੇਲਵੇ ਪੁਲਸ ਦੇ ਕਰਮਚਾਰੀ ਅਤੇ ਤੇਲ ਡਿਪੂ ਦੇ ਕੁਝ ਕਰਮਚਾਰੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜ਼ਿਲਾ ਮਾਨਸਾ ਦੇ ਸਾਬਕਾ ਫੋਜੀ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਖਪਾਲ ਸਿੰਘ ਠੂਠਿਆਂਵਾਲੀ ਦਾ ਕਹਿਣਾ ਹੈ ਕਿ ਅਸੀ ਜਲਦੀ ਹੀ ਜਿਲਾਂ ਪੱਧਰੀ ਮੀਟਿੰਗ ਕਰਕੇ ਇਸ ਮਾਮਲੇ ‘ਚ ਪੀੜਤ ਪਰਿਵਾਰ ਅਤੇ ਸਾਬਕਾ ਫੋਜੀ ਗੁਰਦੀਪ ਸਿੰਘ ਦੀ ਹਰ ਸਭੰਵ ਮਦੱਦ ਕਰਗੇ ਅਤੇ ਇਸ ਸਬੰਧੀ ਉਚ ਅਧਿਕਾਰੀਆ ਨੂੰ ਵੀ ਮਿਲਕੇ ਮਾਮਲੇ ਦੀ ਨਵੇਂ ਸਿਰੇ ਤੋ ਜਾਂਚ ਦੀ ਮੰਗ ਕਰਾਂਗੇ। ਬਠਿੰਡਾਂ ਜੇਲ ‘ਚ ਬੰਦ ਗੁਰਦੀਪ ਸਿੰਘ ਦਾ ਕਹਿਣ ਹੈ ਕਿ ਬਠਿੰਡਾਂ ਤੇਲ ਡਿਪੂ ‘ਚ ਤਿੰਨ ਵੱਡੀਆਂ ਕੰਪਨੀਆਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਸਾਮਲ ਹਨ ਲੰਬੇ ਸਮੇਂ ਤੋ ਚੋਰੀ ਹੁੰਦੇ ਤੇਲ ਦੀ ਕਿਸੇ ਵੀ ਕੰਪਨੀ ਵੱਲੋ ਪੁਲਸ ਨੂੰ ਕੋਈ ਵੀ ਸਿਕਾਇਤ ਦਰਜ਼ ਨਾ ਕਰਵਾਉਣਾ ਅਤੇ ਕਿਸੇ ਵੀ ਪੱਖ ਤੋ ਮੇਰੀ ਮਦੱਦ ਨਾ ਕਰਨਾ ਸ਼ੱਕ ਦੇ ਘੈਰੇ ‘ਚ ਹੈ ਇਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
– ਬਲਜੀਤ ਪਾਲ, ਵਿਪਨ ਗੋਇਲ
ਪੱਤਰਕਾਰ ‘ਪੰਜਾਬ ਟਾਇਮਜ਼’



