ਲੁਧਿਆਣਾ, 19 ਮਈ (ਹਨੀਸ਼ ਕਪੂਰ ਹਨੀ)- ਅਜ ਇਥੇ ਕੇਂਦਰੀ ਜੇਲ ਵਿਚ ਪਵਿਤਰ ਰਮਜਾਨ ਸ਼ੁਰੂ ਹੋਣ ‘ਤੇ ਮੁਸਲਿਮ ਕੈਦੀਆਂ ਨੂੰ ਲੁਧਿਆਣਾ ਤੋਂ ਆਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੇ ਵਰਕਰਾਂ ਨੇ ਰੋਜਾ ਰਖਣ ਅਤੇ ਖੋਲਣ ਦੀ ਸਮਗਰੀ ਵੰਡੀ। ਇਸ ਮੌਕੇ ਅਲ ਹਬੀਬ ਟ੍ਰਸਟ ਲੁਧਿਆਣਾ ਦੇ ਜਰਨਲ ਸੈਕਟਰੀ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦਸਿਆ ਕਿ ਬੀਤੇ 16 ਸਾਲ ਤੋਂ ਉਹਨਾਂ ਦਾ ਟ੍ਰਸਟ ਰਮਜਾਨ ਦੇ ਦਿਨਾਂ ਵਿਚ ਪ੍ਰਦੇਸ਼ ਭਰ ਦੀਆਂ ਜੇਲਾਂ ਵਿਚ ਰੋਜੇਦਾਰਾਂ ਲਈ ਸਮਗਰੀ ਵੰਡਦਾ ਆ ਰਿਹਾ ਹੈ, ਜਿਸ ਵਿਚ ਧਾਰਮਿਕ ਕਿਤਾਬਾਂ, ਨਵੇਂ ਕਪੜੇ ਅਤੇ ਖਾਣ-ਪੀਣ ਦੀਆਂ ਚੀਜਾਂ ਸ਼ਾਮਿਲ ਹਨ।ਉਸਮਾਨ ਨੇ ਦਸਿਆ ਕਿ ਇਸ ਸਾਲ ਵੀ ਸਾਡੇ ਟਰਸਟ ਵਲੋਂ ਬੀਤੇ ਦਿਨੀ ਪੰਜਾਬ ਦੇ ਜੇਲ ਮੰਤਰੀ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਸਾਡੇ ਇਕ ਵਫਦ ਨੇ ਮੁਲਾਕਾਤ ਕਰ ਪੰਜਾਬ ਦੀਆਂ ਜੇਲਾਂ ‘ਚ ਬੰਦ ਮੁਸਲਮਾਨ ਕੈਦੀਆਂ ਅਤੇ ਹਵਾਲਾਤੀਆਂ ਲਈ ਸਰਕਾਰ ਵਲੋਂ ਵਿਸ਼ੇਸ਼ ਡਾਇਟ ਲਗਾਏ ਜਾਣ ਦੀ ਬੇਨਤੀ ਕੀਤੀ ਸੀ , ਜਿਸਨੂੰ ਜੇਲ ਮੰਤਰੀ ਸ਼੍ਰੀ ਰੰਧਾਵਾ ਨੇ ਪ੍ਰਵਾਨ ਕਰਦੇ ਹੋਏ ਇਸ ਸਬੰਧ ਵਿਚ ਪੰਜਾਬ ਦੇ ਸਾਰੇ ਜੇਲ ਸੁਪਰੀਡੇਟਾਂ ਨੂੰ ਹੁਕਮ ਵੀ ਜਾਰੀ ਕੀਤੇ ਹਨ ।
ਉਸਮਾਨ ਨੇ ਦਸਿਆ ਕਿ ਅੰਮ੍ਰਿਤਸਰ ਜੇਲ ‘ਚ ਬੰਦ 60 ਵਿਦੇਸ਼ੀ ਅਤੇ 31 ਸਵਦੇਸ਼ੀ ਤੇ 5 ਮੁਸਲਿਮ ਮਹਿਲਾ ਕੈਦੀਆਂ ਨੂੰ ਅਜ ਇਥੇ ਪਵਿਤਰ ਕੁਰਆਨ ਸ਼ਰੀਫ , ਨਮਾਜ ਦੀਆਂ ਕਿਤਾਬਾਂ, ਮੁਸਲੇ, ਟੋਪੀਆਂ, ਇਤਰ, ਰੂਮਾਲ, ਨਵੇ ਕਪੜੇ, ਜੁਤੀਆਂ, ਖਜੂਰਾਂ, ਫਲ ਅਤੇ ਰੋਜਮਰਾਂ ਦੇ ਖਾਣ-ਪੀਣ ਦਾ ਸਮਾਨ ਵੰਡਿਆ ਗਿਆ। ਉਹਨਾਂ ਦਸਿਆ ਕਿ ਰਮਜਾਨ ਸ਼ਰੀਫ ਮੋਹਬਤ ਦਾ ਮਹੀਨਾ ਹੈ, ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਇਸ ਪਵਿਤਰ ਮਹੀਨੇ ਵਿਚ ਜੇਲਾਂ ਵਿਚ ਬੰਦ ਲੋਕ ਵੀ ਬੁਰੇ ਕੰਮਾਂ ਨੂੰ ਛਡ ਕੇ ਚੰਗੀ ਰਾਹ ‘ਤੇ ਆਉਣ।ਇਸ ਮੌਕੇ ‘ਤੇ ਜੇਲ ਸੁਪਰੀਡੇਂਟ ਸ਼੍ਰੀ ਅਰਸ਼ਦੀਪ ਸਿੰਘ ਨੇ ਜੇਲ ‘ਚ ਬੰਦ ਰੋਜੇਦਾਰ ਕੈਦੀਆਂ ਨੂੰ ਪਵਿਤਰ ਰਮਜਾਨ ਸ਼ਰੀਫ ਦੇ ਮਹੀਨੇ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਸੀਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਦੇ ਧੰਨਵਾਦੀ ਹਾਂ ਕਿ ਉਹ ਪੰਜਾਬ ਦੀਆਂ ਜੇਲਾਂ ਵਿਚ ਬੰਦ ਰੋਜੇਦਾਰ ਕੈਦੀਆਂ ਲਈ ਹਰ ਸਾਲ ਆਪਣੇ ਟਰਸਟ ਵਲੋਂ ਰੋਜੀਆਂ ਦਾ ਸਾਮਾਨ ਵੰਡਦੇ ਹਨ ਅਤੇ ਸਾਡੀ ਕੌਸ਼ਿਸ਼ ਰਹਿੰਦੀ ਹੈ ਕਿ ਇਸ ਪਵਿਤਰ ਮਹੀਨੇ ‘ਚ ਜੇਲ ‘ਚ ਬੰਦ ਰੋਜੇਦਾਰ ਕੈਦੀਆਂ ਨੂੰ ਹਰ ਤਰਾਂ ਦੀਆਂ ਸੁਵਿਧਾਵਾਂ ਮੁਹਈਆ ਕਰਵਾਈਆਂ ਜਾਣ ਤਾਂ ਜੋ ਉਹ ਆਪਣੇ ਧਾਰਮਿਕ ਰਸਮਾਂ ਅਨੁਸਾਰ ਪਵਿਤਰ ਰਮਜਾਨ ਸ਼ਰੀਫ ਦੇ ਮਹੀਨੇ ‘ਚ ਆਪਣੇ ਖੁਦਾ ਦੀ ਇਬਾਦਤ ਕਰ ਸਕਣ । ਇਸ ਮੌਕੇ ‘ਤੇ ਜੇਲ ਡਿਪਟੀ ਸੁਪਰੀਡੇਂਟ ਰਾਜੀਵ ਅਰੋੜਾ, ਸ਼ਾਹੀ ਇਮਾਮ ਪੰਜਾਬ ਦੇ ਮੁਖ ਸਕਤਰ ਮੁਹੰਮਦ ਮੁਸਤਕੀਮ, ਬਾਬੁਲ ਖਾਨ, ਮੁਹੰਮਦ ਸ਼ਾਹ ਨਵਾਜ ਖਾਨ, ਅੰਮ੍ਰਿਤਸਰ ਤੋਂ ਮਜਲਿਸ ਅਹਿਰਾਰ ਇਸਲਾਮ ਪੰਜਾਬ ਦੇ ਪ੍ਰਧਾਨ ਅਬਦੁਲ ਨੂਰ ਆਦਿ ਵੀ ਮੌਜੂਦ ਸਨ।
ਰਮਜ਼ਾਨ ਮੌਕੇ ਰੋਜ਼ੇਦਾਰ ਕੈਦੀਆਂ ਨੂੰ ਵੰਡਿਆ ਸਮਾਨ-ਬੁਰਾਈ ਨੂੰ ਛਡ ਕੇ ਨੇਕੀ ਵਲ ਆਉਣ ਦੀ ਜਰੂਰਤ : ਉਸਮਾਨ ਲੁਧਿਆਣਵੀ



