Skip to content
Independent perspectives. Global stories.
BREAKING

ਦਸਤਾਰ ਦੀ ਬੇਅਦਬੀ ਦਾ ਸਿਲਸਿਲਾ

Share this story

ਦੁਨੀਆ ਭਰ ਵਿੱਚ ਸਿੱਖ ਭਾਈਚਾਰੇ ਨੇ ਵੱਖ-ਵੱਖ ਖੇਤਰਾਂ ਵਿੱਚ ਵੱਡਾ ਨਾਮਣਾ ਖੱਟਿਆ ਹੈ। ਸਿੱਖਾਂ ਨੇ ਆਪਣੀ ਪ੍ਰਤਿਭਾ ਨਾਲ ਦੁਨੀਆ ਭਰ ਦੇ ਦੇਸ਼ਾਂ ਵਿੱਚ ਵੱਡੇ-ਵੱਡੇ ਰੁਤਬੇ ਹਾਸਿਲ ਕੀਤੇ ਹਨ। ਸਿੱਖਿਆ, ਕਾਰੋਬਾਰ, ਵਪਾਰ ਅਤੇ ਉਦਯੋਗ ਦੇ ਖੇਤਰ ਵਿੱਚ ਵੀ ਸਿੱਖ ਭਾਈਚਾਰੇ ਦਾ ਅਹਿਮ ਯੋਗਦਾਨ ਹੈ। ਭਾਰਤ ਤੋਂ ਇਲਾਵਾ ਇੱਕ ਦਰਜਨ ਤੋਂ ਵਧ ਦੇਸ਼ਾਂ ਵਿੱਚ ਸਿੱਖ ਭਾਈਚਾਰੇ ਨੇ ਰਾਜਨੀਤੀ ਵਿੱਚ ਵੀ ਆਪਣਾ ਸਥਾਨ ਬਣਾ ਲਿਆ ਹੈ। ਅਜਿਹਾ ਸ਼ਾਇਦ ਹੀ ਕੋਈ ਖੇਤਰ ਹੋਵੇ ਜਿਸ ਵਿੱਚ ਸਿੱਖ ਭਾਈਚਾਰੇ ਦੀ ਸ਼ਮੂਲੀਅਤ ਨਾ ਹੋਵੇ। ਸਿੱਖ ਇਸ ਸਮੇਂ 80 ਤੋਂ ਵਧ ਦੇਸ਼ਾਂ ਵਿੱਚ ਵਸੇ ਹੋਏ ਹਨ। ਇਸ ਸਭ ਕੁਝ ਦੇ ਬਾਵਜੂਦ ਸਿੱਖ ਭਾਈਚਾਰੇ ਨੂੰ ਆਪਣੀ ਨਿਆਰੀ ਪਛਾਣ ਬਣਾਈ ਰੱਖਣ ਲਈ ਵੱਡੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਅਜਿਹੀਆਂ ਮੁਸ਼ਕਿਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਭਾਰਤ ਵਿੱਚ ਵੀ ਕਰਨਾ ਪੈ ਰਿਹਾ ਹੈ। ਇਹ ਬੇਹੱਦ ਅਫਸੋਸ ਦੀ ਗੱਲ ਹੈ ਕਿ ਭਾਰਤ ਸਰਕਾਰ ਹਾਲੇ ਵੀ ਸਿੱਖ ਭਾਈਚਾਰੇ ਨੂੰ ਯੋਗ ਮਾਣ ਸਤਿਕਾਰ ਨਹੀਂ ਦੇ ਰਹੀ। ਸ਼ਾਇਦ ਇਹੋ ਕਾਰਨ ਹੈ ਕਿ ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਸਿੱਖ ਭਾਈਚਾਰੇ ਦੀ ਦਸਤਾਰ ਉਪਰ ਸਵਾਲ ਖੜ੍ਹੇ ਕਰ ਰਹੀ ਹੈ। ਸਿੱਖ ਭਾਈਚਾਰੇ ਨੇ ਭਾਰਤ ਦੀ ਅੰਗਰੇਜ਼ੀ ਰਾਜ ਤੋਂ ਆਜ਼ਾਦੀ ਲਈ ਵੱਡੀ ਯੋਗਦਾਨ ਪਾਇਆ ਹੈ। ਆਜ਼ਾਦੀ ਤੋਂ ਬਾਅਦ ਵੀ ਸਿੱਖ ਭਾਈਚਾਰੇ ਨੇ ਦੇਸ਼ ਨੂੰ ਅੱਗੇ ਲਿਜਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਇਹ ਦੁਖ ਦੀ ਗੱਲ ਹੈ ਕਿ ਸਿੱਖ ਭਾਈਚਾਰੇ ਨੂੰ ਦਸਤਾਰ ਦੇ ਮੁੱਦੇ ਉਪਰ ਦੁਨੀਆ ਭਰ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਫਰਾਂਸ ਵਿੱਚ ਦਸਤਾਰ ਕਾਰਨ ਸਿੱਖਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਭਾਰਤ ਸਰਕਾਰ ਨੇ ਉਸ ਸਮੇਂ ਸਿੱਖਾਂ ਦੀ ਬਾਂਹ ਨਹੀਂ ਫੜੀ। ਹਵਾਈ ਅੱਡਿਆਂ ਉਪਰ ਦਸਤਾਰ ਕਾਰਨ ਸਿੱਖਾਂ ਨੂੰ ਖਾਸ ਤੌਰ ’ਤੇ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵੱਡੇ ਰੁਤਬਿਆਂ ਉਪਰ ਪਹੁੰਚੇ ਸਿੱਖਾਂ ਨੂੰ ਵੀ ਹਵਾਈ ਅੱਡਿਆਂ ’ਤੇ ਦਸਤਾਰ ਲਾਹੁਣ ਲਈ ਮਜਬੂਰ ਕੀਤਾ ਜਾਣਾ ਬਹੁਤ ਹੀ ਪੀੜਾਦਾਇਕ ਹੈ। ਇਸ ਤੋਂ ਵਧ ਦੁਖ ਇਸ ਗੱਲ ਦਾ ਹੈ ਕਿ ਭਾਰਤ ਸਰਕਾਰ ਅਜਿਹੇ ਮਾਮਲਿਆਂ ਦਾ ਕੋਈ ਨੋਟਿਸ ਤੱਕ ਨਹੀਂ ਲੈਂਦੀ। ਅਮਰੀਕਾ ਦੇ ਹਵਾਈ ਅੱਡਿਆਂ ਉਪਰ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੂੰ ਅਮਰੀਕਾ ਦੇ ਇੱਕ ਹਵਾਈ ਅੱਡੇ ਉਪਰ ਸੁਰੱਖਿਆ ਜਾਂਚ ਦੇ ਨਾਂਅ ਉਪਰ ਦਸਤਾਰ ਉਤਾਰਨ ਲਈ ਆਖਿਆ ਗਿਆ। ਆਮ ਤੌਰ ’ਤੇ ਸੁਰੱਖਿਆ ਅਧਿਕਾਰੀ ਕਿਸੇ ਅਣਜਾਣੇ ਕਾਨੂੰਨ ਦੀ ਆੜ ਵਿੱਚ ਸਿੱਖਾਂ ਨੂੰ ਦਸਤਾਰ ਉਤਾਰਨ ਲਈ ਆਖਦੇ ਹਨ, ਪ੍ਰੰਤੂ ਹਾਲੇ ਤੱਕ ਅਜਿਹਾ ਕੋਈ ਕਾਨੂੰਨ ਸਾਹਮਣੇ ਨਹੀਂ ਆਇਆ। ਕਹਿਣ ਦਾ ਭਾਵ ਇਹ ਹੈ ਕਿ ਜਵਾਨੀ ਕਲਾਮੀ ਹੁਕਮਾਂ ਤਹਿਤ ਨਕਸਲਵਾਦੀ ਵਤੀਰੇ ਤਹਿਤ ਹੀ ਸਿੱਖ ਭਾਈਚਾਰੇ ਨੂੰ ਦਸਤਾਰ ਦੇ ਨਾਂਅ ਉਪਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਰੱਖਿਆ ਮੰਤਰੀ ਸ. ਸੱਜਣ ਨੇ ਅਮਰੀਕੀ ਹਵਾਈ ਅੱਡੇ ਉਪਰ ਜਦੋਂ ਸੁਰਖਿਆ ਕਰਮਚਾਰੀ ਨੂੰ ਪਗ ਉਤਾਰਨ ਸਬੰਧੀ ਕਾਨੂੰਨ ਦੀ ਕਾਪੀ ਦਿਖਾਉਣ ਲਈ ਕਿਹਾ ਤਦ ਉਹ ਚੁਪ ਕਰ ਗਿਆ। ਅਸਲ ਵਿੱਚ ਸੁਰੱਖਿਆ ਜਾਂਚ ਵੇਲੇ ਸਿਖ ਦੀ ਦਸਤਾਰ ਉਤਾਰਨ ਦਾ ਕੋਈ ਕਾਨੂੰਨ ਹੀ ਵਜੂਦ ਵਿੱਚ ਨਹੀਂ ਹੈ। ਹਵਾਈ ਅਡਿਆਂ ਅਤੇ ਹੋਰ ਅਜਿਹੀਆਂ ਥਾਵਾਂ ਉਪਰ ਦਸਤਾਰ ਦੇ ਸਤਿਕਾਰ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਸਾਰੇ ਦੇਸ਼ਾਂ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਬਕਾਇਦਾ ਨਿਯਮ ਬਣਾਉਣ ਤਾਂ ਜੋ ਸੁਰੱਖਿਆ ਕਰਮਚਾਰੀ ਕਿਸੇ ਵੀ ਸਿੱਖ ਨੂੰ ਦਸਤਾਰ ਉਤਾਰਨ ਲਈ ਨਾ ਕਹਿਣ। ਆਧੁਨਿਕ ਸੰਸਾਰ ਵਿੱਚ ਸਿੱਖਾਂ ਨਾਲ ਇਸ ਤਰ੍ਹਾਂ ਦਾ ਨਸਲੀ ਅਤੇ ਧਾਰਮਿਕ ਵਿਤਕਰਾ ਬਹੁਤ ਮੰਦਭਾਗਾ ਹੈ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਸੰਸਥਾਵਾਂ ਨੂੰ ਇਸ ਮੁੱਦੇ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਜੋ ਸਿੱਖ ਭਾਈਚਾਰੇ ਨੂੰ ਇਨਸਾਫ ਮਿਲ ਸਕੇ।
-ਬਲਜੀਤ ਸਿੰਘ ਬਰਾੜ

WRITTEN BY