ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ’ਚ ਸੂਬੇ ਦੀਆਂ ਤਿੰਨ ਪ੍ਰਮੁੱਖ ਸਿਆਸੀ ਧਿਰਾਂ ਜ਼ੋਰ ਅਜ਼ਮਾਈ ਕਰ ਰਹੀਆਂ ਹਨ। ਇਸ ਹਲਕੇ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਲਗਾਤਾਰ ਕਬਜ਼ਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਹਨ। ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਤੋਂ ਬਾਅਦ ਹੀ ਇਸ ਹਲਕੇ ਦੀ ਜ਼ਿਮਨੀ ਚੋਣ ਹੋ ਰਹੀ ਹੈ। ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਕੋਹਾੜ ਦੇ ਪੁੱਤਰ ਸ. ਨਾਇਬ ਸਿੰਘ ਕੋਹਾੜ ਨੂੰ ਹੀ ਉਮੀਦਵਾਰ ਬਣਾਇਆ ਗਿਆ ਹੈ। ਹੁਕਮਰਾਨ ਕਾਂਗਰਸ ਵੱਲੋਂ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉਮੀਦਵਾਰ ਹਨ। ਸੂਬਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਆਮ ਆਦਮੀ ਪਾਰਟੀ ਵੱਲੋਂ ਇਕ ਐਨ.ਆਰ.ਆਈ. ਸ. ਰਤਨ ਸਿੰਘ ਕਾਕੜ ਕਲਾਂ ਮੈਦਾਨ ਵਿੱਚ ਹਨ। ਪੰਜਾਬ ਦੀ ਇਹ ਇਕ ਤਰਾਸਦੀ ਹੀ ਹੈ ਕਿ ਇਸ ਬਹੁਤ ਹੀ ਅਹਿਮ ਜ਼ਿਮਨੀ ਚੋਣ ਵਿੱਚ ਸਿਆਸੀ ਮੁੱਦਿਆਂ ਦਾ ਕਾਲ ਪੈ ਗਿਆ ਹੈ। ਵਿਰੋਧੀ ਸਿਆਸੀ ਧਿਰਾਂ ਮੁੱਦਿਆਂ ਦੀ ਰਾਜਨੀਤੀ ਕਰਨ ਦੀ ਥਾਂ ਸਾਜਿਸ਼ੀ ਮਾਹੌਲ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕੰਗਾਲੀ ਇਸ ਗੱਲ ਤੋਂ ਹੀ ਉਜਾਗਰ ਹੋ ਰਹੀ ਹੈ ਕਿ ਦੋਵੇਂ ਧਿਰ ਇਕ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਐਸ.ਐਚ.ਓ. ਦੀਆਂ ਸਰਗਰਮੀਆਂ ਨੂੰ ਆਧਾਰ ਬਣਾ ਕੇ ਹੀ ਰਾਜਨੀਤੀ ਕਰ ਰਹੀਆਂ ਹਨ। ਦੋਵੇਂ ਹੀ ਪਾਰਟੀਆਂ ਨੂੰ ਲੋਕਾਂ ਦੇ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਦਿਖ ਰਿਹਾ। ਹੋਰ ਤਾਂ ਹੋਰ ਵਿਰੋਧੀ ਸਿਆਸੀ ਨੇਤਾਵਾਂ ਵੱਲੋਂ ਸੂਬਾ ਸਰਕਾਰ ਨੂੰ ਬਹੁਤ ਹੀ ਅਹਿਮ ਮੁੱਦਿਆਂ ’ਤੇ ਘੇਰਨ ਦੀ ਥਾਂ ਨਿੱਜੀ ਇਲਜ਼ਾਮ ਤਰਾਸ਼ੀ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਇਸ ਚੋਣ ਦੌਰਾਨ ਸਾਰੀ ਰਾਜਨੀਤੀ ਕਾਂਗਰਸੀ ਉਮੀਦਵਾਰ ਉ¤ਪਰ ਭੇਦਭਰੇ ਹਾਲਾਤਾਂ ਵਿੱਚ ਰੇਤ ਦੀ ਕਾਲ ਬਾਜ਼ਾਰੀ ਦਾ ਪਰਚਾ ਦਰਜ ਹੋਣ ’ਤੇ ਹੀ ਕੇਂਦਰਿਤ ਕੀਤੀ ਜਾ ਰਹੀ ਹੈ। ਇਹ ਵੀ ਹੈਰਾਨੀਜਨਕ ਹੈ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਚੋਟੀ ਦੇ ਆਗੂ ਇਕ ਛੋਟੇ ਜਿਹੇ ਪੁਲਿਸ ਮੁਲਾਜ਼ਮ ਨਾਲ ਸੰਪਰਕ ਬਣਾ ਕੇ ਰਾਜਨੀਤੀ ਖੇਡ ਰਹੇ ਹਨ। ਦੋਹਾਂ ਧਿਰਾਂ ਕੋਲ ਸ਼ਾਇਦ ਸ਼ਾਹਕੋਟ ਦੀ ਚੋਣ ਜਿੱਤਣ ਲਈ ਕੋਈ ਸਿਆਸੀ ਮੁੱਦਾ ਹੀ ਨਹੀਂ ਰਿਹਾ। ਸ਼੍ਰੋਮਣੀ ਅਕਾਲੀ ਦਲ ਹੁਣ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰ ਸ਼ਿਕਾਇਤ ਦੇ ਆਧਾਰ ’ਤੇ ਆਪਣੀ ਚੋਣ ਮੁਹਿੰਮ ਅੱਗੇ ਤੋਰਦਾ ਦਿਸ ਰਿਹਾ ਹੈ। ਸਿਆਸੀ ਪੱਧਰ ’ਤੇ ਹਾਲੇ ਤੱਕ ਕਿਸੇ ਵੀ ਧਿਰ ਵੱਲੋਂ ਕੋਈ ਸਰਗਰਮੀ ਨਹੀਂ ਕੀਤੀ ਜਾ ਰਹੀ। ਵਿਕਾਸ ਦੇ ਮੁੱਦਿਆਂ ’ਤੇ ਚੋਣ ਲੜਨ ਦੇ ਦਾਅਵੇਦਾਰ ਆਗੂ ਵੀ ਹੁਣ ਨਿੱਜੀ ਇਲਜ਼ਾਮ ਤਰਾਸ਼ੀ ਅਤੇ ਪ੍ਰਗੰਸਹੀਣ ਮੁੱਦਿਆਂ ’ਚ ਉਲਝੇ ਹੋਏ ਹਨ। ਨੇਤਾਵਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਤਰ੍ਹਾਂ ਲੜਨਾ ਸੌਖਾ ਹੈ। ਸਿਆਸੀ ਨੇਤਾਵਾਂ ਕੋਲ ਵਿਕਾਸ ਦੇ ਮੁੱਦਿਆਂ ’ਤੇ ਕਹਿਣ ਲਈ ਸ਼ਾਇਦ ਕੁੱਝ ਬਚਿਆ ਨਹੀਂ ਹੈ। ਜਥੇਦਾਰ ਕੋਹਾੜ ਇਕ ਸ਼ਕਤੀਸ਼ਾਲੀ ਮੰਤਰੀ ਵਜੋਂ ਇਸ ਹਲਕੇ ਦੀ ਦਹਾਕਿਆਂ ਤੱਕ ਨੁਮਾਇੰਦਗੀ ਕਰਦੇ ਰਹੇ ਹਨ ਪਰ ਵਿਕਾਸ ਦੇ ਪੱਖੋਂ ਇਸ ਹਲਕੇ ਦੀ ਹਾਲਤ ਅੱਜ ਵੀ ਤਰਸਯੋਗ ਹੈ। ਹੋਰ ਤਾਂ ਹੋਰ ਬੀਤੇ 10 ਸਾਲਾਂ ’ਚ ਸ਼ਾਹਕੋਟ ਦੀ ਮੁੱਖ ਸੜਕ ਹੀ ਨਹੀਂ ਬਣਾਈ ਜਾ ਸਕੀ। ਇਸ ਖੇਤਰ ਵਿੱਚ ਕੋਈ ਵੱਡਾ ਉਦਯੋਗ ਜਾਂ ਰੁਜ਼ਗਾਰ ਦੇਣ ਵਾਲੀ ਕੋਈ ਸੰਸਥਾ ਤੱਕ ਕਾਇਮ ਨਹੀਂ ਹੋਈ। ਸ਼ਾਹਕੋਟ ਦੇ ਵੋਟਰਾਂ ਲਈ ਇਹ ਸਥਿਤੀ ਬੇਹੱਦ ਚੁਣੌਤੀਪੂਰਨ ਹੈ। ਸ਼ਾਹਕੋਟ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਨਾਲ ਸੂਬੇ ਦੀ ਰਾਜਨੀਤੀ ਨੇ ਇਕ ਨਵੀਂ ਦਿਸ਼ਾ ਵੱਲ ਮੁੜਨਾ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਸ਼ਾਹਕੋਟ ਹਲਕੇ ਦਾ ਨਤੀਜਾ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਹਾਂ ਪੱਖੀ ਸਾਬਤ ਹੋਵੇਗਾ।
13 ਮਈ 2018 – ਬਲਜੀਤ ਸਿੰਘ ਬਰਾੜ



