June 22, 2026 6:44 am

ਪੰਜਾਬ ਦੇ ਕਿਸਾਨਾਂ ਨਾਲ ਫਿਰ ਵਿਤਕਰਾ

ਕੇਂਦਰ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਵਿਤਕਰਾ ਕੀਤਾ ਹੈ। ਖੇਤੀ ਸੰਕਟ ਕਾਰਨ ਪੰਜਾਬ ਵਿੱਚ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਚਾਲੂ ਸਾਲ ਦੌਰਾਨ ਹੀ 400 ਤੋਂ ਵੱਧ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਕਰ ਗਏ ਹਨ। ਕਿਸਾਨਾਂ ਦੀ ਇਸ ਤਰਸਯੋਗ ਹਾਲਤ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਵੱਲ ਕੋਈ ਧਿਆਨ ਨਹੀਂ ਦਿੱਤਾ। ਜਦੋਂ ਕਿ ਮਹਾਂਰਾਸ਼ਟਰ ਦੇ 14 ਜ਼ਿਲ੍ਹਿਆਂ ਵਿੱਚ ਪੀੜਤ ਕਿਸਾਨਾਂ ਨੂੰ ਰਾਹਤ ਦੇਣ ਲਈ 13 ਹਜ਼ਾਰ 650 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਮਹਾਂਰਾਸ਼ਟਰ ਦੇ ਇਨ੍ਹਾਂ 14 ਜ਼ਿਲ੍ਹਿਆਂ ਵਿੱਚ ਵੀ ਖੇਤੀ ਸੰਕਟ ਕਾਰਨ ਕਿਸਾਨਾਂ ਨੂੰ ਵੱਡੇ ਪੈਮਾਨੇ ’ਤੇ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਬੇਸ਼ਕ ਪੰਜਾਬ ਦਾ ਸੰਕਟ ਮਹਾਂਰਾਸ਼ਟਰ ਤੋਂ ਵੀ ਵੱਡਾ ਹੈ। ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਅੰਕੜਾ ਸਾਰੇ ਰਾਜਾਂ ਤੋਂ ਵੱਡਾ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਦੇ ਦਰਦ ਨੂੰ ਦਰਕਿਨਾਰ ਕਰਦੇ ਹੋਏ। ਮਹਾਂਰਾਸ਼ਟਰ ਨੂੰ ਵੱਡਾ ਪੈਕੇਜ ਦੇ ਦਿੱਤਾ ਹੈ। ਇਹ ਪੰਜਾਬ ਨਾਲ ਇਕ ਵੱਡਾ ਵਿਤਕਰਾ ਹੈ। ਪੰਜਾਬ ਹਰ ਸਾਲ ਦੇਸ਼ ਦੇ ਅਨਾਜ ਦੇ ਭੰਡਾਰ ਨੂੰ ਭਰਦਾ ਹੈ। ਹੋਰ ਤਾਂ ਹੋਰ ਕੇਂਦਰ ਸਰਕਾਰ ਨੇ ਅਨਾਜ ਖ਼ਰੀਦ ਲਈ ਕੇਂਦਰੀ ਅਦਾਇਗੀਆਂ ਵਿਚਲੇ 31 ਹਜ਼ਾਰ ਕਰੋੜ ਦੇ ਫ਼ਰਕ ਦਾ ਭਾਰ ਵੀ ਪੰਜਾਬ ’ਤੇ ਪਾਉਣ ਦਾ ਫ਼ੈਸਲਾ ਕਰਕੇ ਸੂਬੇ ਨੂੰ ਬੇਹਦ ਔਖੇ ਹਾਲਾਤਾਂ ਵੱਲ ਧੱਕ ਦਿੱਤਾ ਹੈ। ਪੰਜਾਬ ਨੂੰ ਇਸ ਕਰਜ਼ੇ ਲਈ ਹਰ ਮਹੀਨੇ 296 ਕਰੋੜ ਰੁਪਏ ਸਿਰਫ ਵਿਆਜ ਹੀ ਦੇਣਾ ਪੈ ਰਿਹਾ ਹੈ। ਪੰਜਾਬ ਨਾਲ ਸਬੰਧਿਤ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇਸ ਮੁੱਦੇ ’ਤੇ ਚੁੱਪੀ ਧਾਰ ਰੱਖੀ ਹੈ। ਇਸ ਬੇਇਨਸਾਫੀ ਵਿਰੁੱਧ ਪੰਜਾਬ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਨੂੰ ਵੱਡੇ ਪੈਮਾਨੇ ’ਤੇ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਪੰਜਾਬ ਨੂੰ ਵੀ ਮਹਾਰਾਸ਼ਟਰ ਵਰਗਾ ਪੈਕੇਜ ਮਿਲ ਸਕੇ। ਕੇਂਦਰੀ ਮਦਦ ਤੋਂ ਬਿਨਾਂ ਪੰਜਾਬ ਦੇ ਕਿਸਾਨਾਂ ਨੂੰ ਮੌਜੂਦਾ ਹਾਲਾਤਾਂ ਵਿੱਚੋਂ ਕੱਢਣਾ ਬੇਹਦ ਮੁਸ਼ਕਿਲ ਹੈ। ਪੰਜਾਬ ਸਰਕਾਰ ਪਹਿਲਾਂ ਹੀ ਕਿਸਾਨ ਕਰਜ਼ਿਆਂ ਦੀ ਮੁਆਫੀ ਲਈ ਵੱਡੀ ਰਕਮ ਖਰਚ ਚੁੱਕੀ ਹੈ। ਸੂਬਾ ਸਰਕਾਰ ਕੋਲ ਕਿਸਾਨਾਂ ਨੂੰ ਰਾਹਤ ਦੇਣ ਲਈ ਕੋਈ ਬਹੁਤੇ ਸਾਧਨ ਨਹੀਂ ਹਨ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਹਾਰਾਸ਼ਟਰ ਵਾਂਗ ਪੰਜਾਬ ਦੇ ਕਿਸਾਨਾਂ ਦੀ ਵੀ ਬਾਂਹ ਫੜੇ ਅਤੇ ਪੰਜਾਬ ਨੂੰ ਵੱਡਾ ਰਾਹਤ ਪੈਕੇਜ ਦਿੱਤਾ ਜਾਵੇ।
3 ਮਈ 2018 – ਬਲਜੀਤ ਸਿੰਘ ਬਰਾੜ

Send this to a friend