June 20, 2026 1:43 am

ਹਲਵਾਰਾ ਵਿਖੇ ਪਹਿਲਾ ਕਾਮਰੇਡ ਰਤਨ ਸਿੰਘ ਯਾਦਗਾਰੀ ਕੌਮਾਂਤਰੀ ਸਾਹਿਤ ਸੰਮੇਲਨ 5 ਨੂੰ

ਪਹਿਲਾ ਹਰਭਜਨ ਹਲਵਾਰਵੀ ਯਾਦਗਾਰੀ ਕਵਿਤਾ ਪੁਰਸਕਾਰ ਪ੍ਰੋ. ਗੁਰਭਜਨ ਗਿੱਲ ਨੂੰ ਸਮੁੱਚੀ ਕਵਿਤਾ ਲਈ ਦਿੱਤਾ ਜਾਵੇਗਾ

ਲੁਧਿਆਣਾ- ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ 5 ਮਈ ਨੂੰ ਹਲਵਾਰਾ (ਲੁਧਿਆਣਾ) ਵਿਖੇ ਪਹਿਲਾ ਕੌਮਾਂਤਰੀ ਸਾਹਿਤ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਦੀ ਪ੍ਰਧਾਨਗੀ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮਸ਼੍ਰੀ ਡਾ. ਸੁਰਜੀਤ ਪਾਤਰ ਕਰਨਗੇ। ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਭਵਨ ਸੱਰੀ (ਕੈਨੇਡਾ) ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਪੁੱਜ ਰਹੇ ਹਨ। ਇਹ ਜਾਣਕਾਰੀ ਦੇਂਦਿਆਂ ਟਰੱਸਟ ਦੇ ਬੁਲਾਰੇ ਦਲਬੀਰ ਸਿੰਘ ਸੁੰਮਨ ਹਲਵਾਰਵੀ ਤੇ ਸਮਾਗਮ ਦੇ ਮੁੱਖ ਪ੍ਰਬੰਧਕ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਇਸ ਮੌਕੇ ਟਰੱਸਟ ਵੱਲੋਂ ਸਥਾਪਤ ਪਹਿਲਾ ਹਰਭਜਨ ਹਲਵਾਰਵੀ ਯਾਦਗਾਰੀ ਕਵਿਤਾ ਪੁਰਸਕਾਰ ਪ੍ਰੋ. ਗੁਰਭਜਨ ਗਿੱਲ ਨੂੰ ਉਹਨਾਂ ਦੀ ਸਮੁੱਚੀ ਕਵਿਤਾ ਲਈ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਦਾ ਨਵ ਪ੍ਰਕਾਸ਼ਤ ਰੁਬਾਈ ਸੰਗ੍ਰਹਿ ‘ਸੰਧੂਰਦਾਨੀ’ ਵੀ ਲੋਕ ਅਰਪਨ ਕੀਤਾ ਜਾਵੇਗਾ। ਇਸ ਮੌਕੇ ਵਿਸ਼ਾਲ ਪੰਜਾਬੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਡਾ. ਸੁਰਜੀਤ ਪਾਤਰ, ਹਰਦੇਵ ਦਿਲਗੀਰ, ਸੁਖਵਿੰਦਰ ਅੰਮ੍ਰਿਤ, ਪ੍ਰੋ. ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ, ਜਸਵੰਤ ਜਫਰ, ਸੁਲੱਖਣ ਸਰਹੱਦੀ, ਮਨਜਿੰਦਰ ਧਨੋਆ, ਪ੍ਰੋ. ਗੋਪਾਲ ਸਿੰਘ ਬੁੱਟਰ, ਡਾ. ਲਖਵਿੰਦਰ ਜੌਹਲ, ਭਗਵਾਨ ਢਿੱਲੋਂ, ਇੰਗਲੈਂਡ ਤੋਂ ਡਾ. ਤਾਰਾ ਸਿੰਘ ਆਲਮ ਤੇ ਰਣਜੀਤ ਸਿੰਘ ਰਾਣਾ, ਅਮਰੀਕਾ ਤੋਂ ਚਰਨਜੀਤ ਸਿੰਘ ਪੰਨੂ, ਅਮਰੀਕ ਸਿੰਘ ਤਲਵੰਡੀ, ਡਾ. ਜਸਵਿੰਦਰ ਜੋਧਾ, ਬੂਟਾ ਸਿੰਘ ਜੋਧਾ, ਬੂਟਾ ਸਿੰਘ ਚੌਹਾਨ, ਜਨਮੇਜਾ ਸਿੰਘ ਜੌਹਲ ਤੇ ਪ੍ਰੀਤਮ ਸਿੰਘ ਭਰੋਵਾਲ ਸ਼ਾਮਿਲ ਹੋਣਗੇ। ਇਹ ਕਵੀ ਦਰਬਾਰ ਗੁਰੂ ਰਾਮ ਦਾਸ ਕਾਲਿਜ ਆਫ ਐਜੂਕੇਸ਼ਨ ਹਲਵਾਰਾ ਵਿਖੇ ਸਵੇਰੇ 11.00 ਵਜੇ ਆਰੰਭ ਹੋਵੇਗਾ ਅਤੇ ਇਸ ਨੂੰ ਮਾਲਵਾ ਟੀ.ਵੀ. ਵੱਲੋਂ ਲਾਈਵ ਟੈਲੀਕਾਸਟ ਇੰਟਰਨੈੱਟ ਰਾਹੀਂ ਵਿਸ਼ਵ ਪੱਧਰ ਤੇ ਕੀਤਾ ਜਾਵੇਗਾ। ਸ਼ਾਮ ਨੂੰ ਸਿਰਜਣਾ ਆਰਟ ਗਰੁੱਪ ਵੱਲੋਂ ਡਾ. ਸੋਮ ਪਾਲ ਹੀਰਾ ਦੀ ਅਗਵਾਈ ਹੇਠ ਨਾਟਕ ਪੇਸ਼ਕਾਰੀਆਂ ਸ਼੍ਰੀ ਗੁਰੂ ਰਵੀਦਾਸ ਧਰਮਸਾਲਾ ਹਲਵਾਰਾ ਵਿਖੇ ਕੀਤੀਆਂ ਜਾਣਗੀਆਂ। ਪ੍ਰੋ. ਗੁਰਭਜਨ ਗਿੱਲ ਬਾਰੇ ਜਾਣਕਾਰੀ ਦੇਂਦਿਆਂ ਡਾ. ਨਿਰਮਲ ਜੌੜਾ ਤੇ ਦਲਬੀਰ ਸਿੰਘ ਸੁੰਮਨ ਹਲਵਾਰਵੀ ਨੇ ਦੱਸਿਆ ਕਿ ਗੁਰਭਜਨ ਗਿੱਲ ਦੀ ਪ੍ਰਤਿਭਾ ਸਾਹਿਤ, ਸਭਿਆਚਾਰ ਤੇ ਖੇਡ-ਜਗਤ ਨਾਲ ਸਮਾਂਨਤਰ ਜੁੜੀ ਹੋਈ ਹੈ। ਇਸ ਪ੍ਰਕਾਰ ਉਸਦਾ ਕੱਦ ਨਾ ਕੇਵਲ ਸਾਹਿਤਕ, ਸਭਿਆਚਾਰਕ ਤੇ ਅਕਾਦਮਿਕ ਖੇਤਰ ਵਿੱਚ ਹੀ ਉੱਚਾ ਹੋਇਆ, ਬਲਕਿ ਖੇਡ ਤੇ ਸਭਿਆਚਾਰ ਜਗਤ ਵਿੱਚ ਵੀ ਉਸ ਦੀ ਦੇਣ ਨੂੰ ਹਮੇਸ਼ਾਂ ਹਾਂ ਪੱਖੀ ਹੁੰਗਾਰਾ ਮਿਲਿਆ। ਛੋਟੇ ਤੋਂ ਲੈ ਕੇ ਹਰ ਵੱਡੇ ਵਿਅਕਤੀ ਤੱਕ ਉਸ ਦੇ ਹਸਮੁੱਖ ਤੇ ਮਿਲਵਰਤਣੀ ਸੁਭਾਅ ਦੀ ਖੁਸ਼ਬੋ ਪਹੁੰਚੀ ਹੈ। ਵੈਸੇ ਉਹ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ, ਉਸ ਦੀ ਹਾਜ਼ਰੀ ਹੀ ਸਾਨੂੰ ਉਸ ਦੀ ਪਛਾਣ ਕਰਾ ਦਿੰਦੀ ਹੈ। ਉਸ ਦੀ ਬਹੁਦਿਸ਼ਾਵੀ ਸ਼ਖਸੀਅਤ ਤੇ ਸੋਚਣੀ ਹੀ ਉਸ ਦੀ ਪਛਾਣ ਦਾ ਆਧਾਰ ਬਿੰਦੂ ਬਣਦੀ ਹੈ। 2010 ਤੋਂ 2014 ਤੱਕ ਉਹ ਚਾਰ ਸਾਲ ਪੰਜਾਬੀ ਸਾਹਿਤ ਅਕਾਡਮੀ ਦਾ ਪ੍ਰਧਾਨ ਰਿਹਾ, ਇਸ ਦੇ ਨਾਲ ਹੀ ਉਸ ਨੇ ਹੋਰ 20 ਅਹੁਦਿਆਂ ਤੇ ਬਿਰਾਜਮਾਨ ਰਹਿ ਕੇ ਸੇਵਾਵਾਂ ਨਿਭਾਈਆਂ। ਛੇ-ਛੇ ਸਾਲ ਮੀਤ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਚਾਰ ਸਾਲ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਣ ਦਾ ਗੁਰਭਜਨ ਗਿੱਲ ਨੂੰ ਮਾਣ ਪ੍ਰਾਪਤ ਹੋਇਆ ਹੈ। ਉਹ ਪ੍ਰੋ. ਮੋਹਨ ਸਿੰਘ ਮੈਮੋਰੀਅਲ, ਕਿਲ੍ਹਾ ਰਾਏਪੁਰ ਖੇਡਾਂ, ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਅਧੀਨ ਹੁੰਦੀਆਂ ਕਮਲਜੀਤ ਖੇਡਾਂ-ਕੋਟਲਾ ਸ਼ਾਹੀਆਂ ਤੇ ਹੋਰ ਅਨੇਕਾਂ ਸੰਸਥਾਵਾਂ ਰਾਹੀਂ ਖੇਡ ਜਗਤ ਨਾਲ ਲੰਬਾ ਅਰਸਾ ਜੁੜੇ ਰਹਿਣ ਕਾਰਨ ਉਹਨਾਂ ਦੀਆਂ ਸੇਵਾਵਾਂ ਦੀ ਲੰਬੀ ਸੂਚੀ ਹੈ। ਇਸ ਤੋਂ ਇਲਾਵਾ ਉਹ ਹੋਰ ਵੀ ਕਈ ਸਭਿਆਚਾਰਕ ਸੰਸਥਾਵਾਂ ਦੇ ਸਰਪ੍ਰਸਤ ਅਤੇ ਅਹੁਦੇਦਾਰ ਰਹੇ ਹਨ ਅਤੇ 2016 ਵਿੱਚ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬੀ ਸਾਹਿੱਤ ਅਕਾਡਮੀ ਦੀ ਫੈਲੋਸ਼ਿਪ ਵੀ ਮਿਲੀ ਹੈ। ਗੁਰਭਜਨ ਗਿੱਲ ਦੀਆਂ ਗਤੀਵਿਧੀਆਂ ਦਾ ਦਾਇਰਾ ਪੰਜਾਬ ਤੱਕ ਹੀ ਮਹਿਦੂਦ ਨਹੀਂ ਹੈ, ਸਗੋਂ ਇਹ ਕੌਮਾਂਤਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਫੈਲਿਆ ਹੋਇਆ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਹੁੰਦਿਆਂ ਕੋਲਕਾਤਾ ਵਿਖੇ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀਆਂ ਸਮੁੱਚੀਆਂ ਰਚਨਾਵਾਂ ਦਾ 12 ਜਿਲਦਾਂ ਵਿੱਚ ਸੈੱਟ ਛਪਕਾ ਕੇ ਵਿਸ਼ਵ ਭਾਰਤੀ ਯੂਨੀਵਰਸਿਟੀ ਸ਼ਾਂਤੀ ਨਿਕੇਤਨ ਵਿਖੇ ਲੋਕ ਅਰਪਨ ਕਰਵਾਉਣ ਵਿੱਚ ਉਹਨਾਂ ਨੇ ਕੌਮਾਂਤਰੀ ਅਤੇ ਸੱਰੀ ਕੈਨੇਡਾ ਵਿਖੇ ਸੁੱਖੀ ਬਾਠ ਤੋਂ ਸ. ਅਰਜਨ ਸਿੰਘ ਬਾਠ ਦੀ ਯਾਦ ਵਿੱਚ ਪੰਜਾਬ ਭਵਨ ਦੇ ਸੁਪਨੇ ਨੂੰ ਸਾਕਾਰ ਕਰਵਾਉਣ ਵਿੱਚ ਉਸਦਾ ਪ੍ਰਮੁੱਖ ਰੋਲ ਰਿਹਾ ਹੈ। ਉਹ ਕੈਨੇਡਾ, ਅਮਰੀਕਾ, ਇੰਗਲੈਂਡ, ਪਾਕਿਸਤਾਨ ਤੇ ਜਰਮਨੀ ਦੇ ਦੌਰਾ ਕਰ ਚੁੱਕਾ ਹੈ। ਵੱਖ-ਵੱਖ ਦੇਸ਼ੀ ਵਿਦੇਸ਼ੀ ਟੀ.ਵੀ. ਚੈਨਲਾਂ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬਰਦਾਰ ਵਜੋਂ ਗੁਰਭਜਨ ਗਿੱਲ ਦਾ ਨਾਮ ਬੋਲਦਾ ਹੈ।

Send this to a friend