ਗੁਰਸਿੱਖੀ ਦੀ ਮਹਾਨਤਾ ਫਿਲਮਾਂ ਦੀ ਮੁਥਾਜ ਨਹੀਂ

ਫਿਲਮ ਨਾਨਕ ਸ਼ਾਹ ਫਕੀਰ ਤੇ ਉਠਿਆ ਵਿਵਾਦ ਨਾਲ ਕੁਝ ਮੁਢਲੇ ਤੇ ਸਦੀਵੀ ਸਵਾਲ ਵੀ ਜੁੜੇ ਹੋਏ ਹਨ। ਇਨ੍ਹਾਂ ਸਵਾਲਾਂ ਤੇ ਪਹਿਲਾਂ ਹੀ ਧਿਆਨ ਦਿਤਾ ਗਿਆ ਹੁੰਦਾ ਤਾਂ ਹਰ ਪਖ ਲਈ ਚੰਗਾ ਹੁੰਦਾ। ਸੈਂਸਰ ਬੋਰਡ ਨੇ ਇਸ ਫਿਲਮ ਨੂੰ ਪ੍ਰਮਾਣ ਪਤਰ ਦੇ ਦਿਤਾ ਹੈ ਤੇ ਸੁਪ੍ਰੀਮ ਕੋਰਟ ਨੇ ਵੀ ਫਿਲਮ ਵਿਖਾਉਣ ਨੂੰ ਸਹੀ ਮੰਨਿਆ ਹੈ। ਇਨ੍ਹਾਂ ਦੇ ਫੈਸਲੇ ਆਪਣੀਆਂ ਕਿਤਾਬਾਂ ਦੇ ਮੁਤਾਬਕ ਹਨ। ਫਿਲਮ ਬਣਾਉਣ ਵਾਲੇ ਇਕ ਕਾਮਿਆਬ ਫਿਲਮ ਬਣਾ ਕੇ ਜਿਆਦਾ ਤੋਂ ਜਿਆਦਾ ਪੈਸਾ ਤੇ ਸ਼ੋਹਰਤ ਕਮਾਉਣ ਦੀ ਦ੍ਰਿਸ਼ਟੀ ਨਾਲ ਚਲੇ ਹਨ। ਪੰਥਕ ਵਿਰੋਧ ਗੁਰੂ ਸਾਹਿਬਾਨ, ਗੁਰਸਿਖੀ ਤੇ ਗੁਰਮਤਿ ਦੀ ਮਰਿਆਦਾ ਲਈ ਹੈ। ਨਾਨਕ ਸ਼ਾਹ ਫਕੀਰ ਤੋਂ ਪਹਿਲਾਂ ਚਾਰ ਸਾਹਿਬਜਾਦੇ ਫਿਲਮ ਬਣੀ ਸੀ ਜੋ ਹਥੋਂ ਹਥ ਲਈ ਗਈ ਸੀ। ਜੋ ਸਵਾਲ ਅਜ ਚਿੰਤਾ ਦਾ ਕਾਰਣ ਬਣ ਰਹੇ ਹਨ ਉਸ ਵੇਲੇ ਵੀ ਸਨ ਜਦੋਂ ਚਾਰ ਸਾਹਿਬਜਾਦੇ ਫਿਲਮ ਦੀ ਅਖਾਂ ਮੀਟ ਕੇ ਤਾਰੀਫ਼ ਕੀਤੀ ਜਾ ਰਹੀ ਸੀ। ਇਨ੍ਹਾਂ ਸਵਾਲਾਂ ਨੂੰ ਅਜ ਵੀ ਫਿਲਮ ਨਾਨਕ ਸ਼ਾਹ ਫਕੀਰ ਦਾ ਵਿਰੋਧ ਕਰਦਿਆਂ ਕੇਂਦਰ ਵਿਚ ਨਹੀਂ ਰਖਿਆ ਜਾ ਰਿਹਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਨੇ ਵਡਹੰਸ ਕੀ ਵਾਰ ਅੰਦਰ ਵਚਨ ਕੀਤੇ ਕਿ “ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਗੁਰੂ ਸਾਹਿਬਾਨ ਦੀ ਵਡਿਆਈ, ਗੁਰਬਾਣੀ ਦੀ ਅੰਮ੍ਰਿਤ ਮਈ ਦਾਤ, ਪੰਥਕ ਇਤਿਹਾਸ ਦੀ ਮਹਾਨਤਾ ਕਿਸੇ ਤੋਂ ਲੁਕੀ ਨਹੀਂ ਹੋਈ। ਇਸ ਦੀ ਵਿਆਖਿਆ ਕਰਨ ਵਾਲੇ ਗ੍ਰੰਥ ਭਿੰਨ ਭਿੰਨ ਭਾਸ਼ਾਵਾਂ ’ਚ ਮੌਜੂਦ ਹਨ। ਇਸ ਦੀਆਂ ਚਰਚਾਵਾਂ ਵੀ ਚਲਦੀਆਂ ਰਹਿੰਦੀਆਂ ਹਨ। ਪਰ ਇਤਿਹਾਸ ਜਾਣ ਲੈਣਾ, ਵਿਆਖਿਆਂ ਪੜ੍ਹ ਲੈਣੀਆਂ ਕੋਈ ਮਕਸਦ ਨਹੀਂ ਪੂਰਾ ਕਰਦਿਆਂ। ਗੁਰੂ ਸਾਹਿਬਾਨ ਤੇ ਸਿਖ ਇਤਿਹਾਸ ਨੂੰ ਸਮਝਣ ਲਈ ਗਹਿਰ ਗੰਭੀਰ ਮਤਿ ਤੇ ਸੁਰਤਿ ਦੀ ਲੋੜ ਹੈ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਗੁਰਸਿਖੀ ਨੂੰ ਸਮਝਣ ਲਈ ਹੀ ਸਿਖ ਅਰਦਾਸ ਕਰਦਾ ਹੈ। ਸਿਖਾਂ ਨੂੰ ਸਿਖੀ ਦਾਨ, ਕੇਸ ਦਾਨ, ਰਹਿਤ ਦਾਨ , ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ , ਦਾਨਾਂ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸਨਾਨ। ਇਸ ਜੋਗਤਾ ਨਾਲ ਗੁਰਸਿਖ ਦੀ ਸਮਝ ਤੇ ਗੁਰਸਿਖੀ ਦੇ ਮਾਰਗ ਤੇ ਚਲਣ ਦੀ ਸਮਰਥਾ ਆਉਂਦੀ ਹੈ। ਜੋ ਗੁਰਸਿਖ ਗੁਰਬਾਣੀ ਦੀ ਸੇਧ ਤੇ ਅਰਦਾਸ ਦੇ ਮਨੋਰਥ ਤੇ ਭਰੋਸਾ ਕਰਦਾ ਹੈ ਉਸ ਲਈ ਗੁਰਸਿਖੀ ਧਾਰਣ ਕਰਨ ਲਈ ਕਿਸੇ ਫਿਲਮ ਦੀ ਨਹੀਂ ਆਤਮ ਸੰਕਲਪ ਦੀ ਲੋੜ ਹੁੰਦੀ ਹੈ । ਹੋ ਸਕਦਾ ਹੈ ਕਿ ਬਹੁਤ ਸਾਰੇ ਲੋਗ ਫਿਲਮਾਂ, ਮੀਡਿਆ ਦੇ ਹੋਰ ਸਾਧਨਾਂ ਨੂੰ ਧਰਮ ਪ੍ਰਚਾਰ ਦਾ ਅਹਿਮ ਹਿਸਾ ਮੰਨਦੇ ਹੋਣ। ਪਰ ਇਹ ਕਿਵੇਂ ਮੰਨ ਲਿਆ ਗਿਆ ਕਿ ਗੁਰਸਿਖੀ ਲਈ ਵੀ ਇਹ ਵਡੀ ਲੋੜ ਹੈ। ਸੰਸਾਰ ਦੀ ਜੋ ਸੋਚ ਅਜ ਹੈ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਪੰਜ ਸੌ ਸਾਲ ਪਹਿਲਾਂ ਖਾਰਜ ਕਰ ਦਿਤਾ ਸੀ। ਗੁਰੂ ਸਾਹਿਬ ਨੇ ਧਰਮ , ਸਮਾਜ ਨੂੰ ਵੇਖਣ ਲਈ ਜੋ ਦ੍ਰਿਸ਼ਟੀ ਬਖਸ਼ੀ ਉਸ ਦੀ ਮਹਤਾ ਤੇ ਲੋੜ ਅਜ ਤੇਜੀ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਇਹੋ ਕਾਰਣ ਹੈ ਕਿ ਸੰਸਾਰ ਭਰ ਵਿਚ ਸਿਖਾਂ ਦਾ ਮਾਣ ਵਧ ਰਿਹਾ ਹੈ ਤੇ ਅਮੇਰਿਕਾ , ਬ੍ਰਿਟੇਨ ਜਿਹੇ ਦੇਸ਼ਾਂ ਵਿਚ ਦਸਤਾਰ ਦਿਵਸ ਮਨਾਏ ਜਾ ਰਹੇ ਹਨ। ਗੁਰਸਿਖੀ ਸਦਾ ਹੀ ਸੰਸਾਰ ਦੀ ਪ੍ਰਚਲਤ ਧਾਰਾ ਤੋਂ ਵਖਰੀ ਤੇ ਰੌਸ਼ਨ ਹੋਂਦ ਵਾਲੀ ਰਹੀ ਹੈ। ਇਸ ਦਾ ਕਾਰਣ ਗੁਰੂ ਸਾਹਿਬਾਨ ਤੇ ਗੁਰਬਾਣੀ ਲਈ ਗੁਰਸਿਖਾਂ ਦਾ ਸਮਰਪਣ ਤੇ ਪ੍ਰੀਤਿ ਹੈ। ਇਹ ਅੰਤਰ ਅਵਸਥਾ ਤੋਂ ਬਣਦੀ ਹੈ ਕਿਸੇ ਬਾਹਰਲੀ ਪ੍ਰੇਰਣਾਂ ਤੋਂ ਨਹੀਂ। ਗੁਰਮਤਿ ਦਾ ਮਾਰਗ ਬਾਹਰਲੇ ਭੇਖ , ਤਮਾਸ਼ੇ , ਰਸ ਕਸ ਦਾ ਨਹੀਂ ਹੈ। ਇਸ ਨੇ ਹੀ ਧਰਮ ਦਾ ਘਾਨ ਕੀਤਾ ਸੀ ਤੇ ਇਸ ਤੋਂ ਉਬਾਰਨ ਲਈ ਹੀ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ। ਗੁਰਮਤਿ ਨੂੰ ਸਮਝਣ ਤੇ ਪ੍ਰੇਰਣਾ ਲਈ ਉਸ ਅਵਸਥਾ ਦੀ ਲੋੜ ਹੁੰਦੀ ਹੈ ਜਿਸ ਅੰਦਰ ਬਿਨਾ ਅਖਾਂ ਵੇਖਣ ਤੇ ਬਿਨਾ ਕੰਨਾਂ ਸੁਨਣ ਦਾ ਅਭਿਆਸ ਹੋ ਜਾਵੇ “ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ॥ ਇਸ ਅਵਸਥਾ ਅੰਦਰ ਮਨੁਖ ਦੀਆਂ ਸਾਰੀਆਂ ਇੰਦ੍ਰਿਆਂ ਤੇ ਅੰਗਾਂ ਦਾ ਬਲ ਨਿਤਰ ਕੇ ਆਤਮਕ ਤਲ ’ਚ ਸਮੋਇਆ ਜਾਂਦਾ ਹੈ। ਸਰੀਰਕ ਅੰਗਾਂ ਤੇ ਇੰਦ੍ਰਿਆਂ ਦੀ ਜੁਗਤ ਨਾਲ ਆਤਮਕ ਪ੍ਰਾਪਤੀ ਨਹੀਂ ਹੁੰਦੀ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ॥ ਗੁਰਮਤਿ ਤੇ ਗੁਰਸਿਖੀ ਅੰਤਰ ਅਵਸਥਾ ਦਾ ਵਿਸ਼ਾ ਹੈ ਫਿਲਮਾਂ, ਨਾਟਕਾਂ ਚੇਟਕਾਂ ਦਾ ਨਹੀਂ। ਜੇ ਗੁਰਸਿਖੀ ਨੂੰ ਫਿਲਮਾਂ ਦਾ ਵਿਸ਼ਾ ਬਣਾਉਣ ਦੀ ਇਜਾਜ਼ਤ ਮਿਲਦੀ ਰਹੀ ਤਾਂ ਇਹ ਗੁਰਸਿਖੀ ਦੀ ਮਹਾਨਤਾ ਤੇ ਬਹੁਤ ਵਡੇ ਸੰਕਟ ਨੂੰ ਆਪ ਸਦਣ ਜਿਹਾ ਹੋਵੇਗਾ। ਅਜ ਇਕ ਫਿਲਮ ਹੈ ਕਲ ਹੋਰ ਲੋਗ ਤਿਆਰ ਹੋ ਜਾਣਗੇ। ਇਨ੍ਹਾਂ ਪੈਸੇ ਕਮਾ ਕੇ ਕਿਨਾਰੇ ਲਗ ਜਾਣੇ ਤੇ ਘਾਣ ਸਿਖੀ ਦਾ ਹੋਵੇਗਾ। ਫਿਲਮਾਂ ਨਾਲ ਨਾ ਤਾਂ ਸਿਖੀ ਦਾ ਕੋਈ ਭਲਾ ਹੋਣਾ ਹੈ ਨਾ ਹੀ ਕੋਈ ਨਜੀਰ ਬਨਣੀ ਹੈ। ਇਹ ਅਸੀਂ ਸਾਰੇ ਜਾਣਦੇ ਹਾਂ ਕਿ ਫਿਲਮਾਂ ਦਾ ਇਕ ਬਜਟ ਹੁੰਦਾ ਹੈ ਤੇ ਫਾਇਨੇੰਸਰ ਮੁਨਾਫਾ ਕਮਾਉਣ ਲਈ ਇਸ ’ਚ ਪੈਸਾ ਲਾਉਂਦੇ ਹਨ। ਮੁਨਾਫ਼ੇ ਲਈ ਫਿਲਮਾਂ ਦੀ ਕੋਸ਼ਿਸ਼ ਹੁੰਦੀ ਹੈ ਲੋਕਾਂ ਦੀਆਂ ਹਲਕਿਆਂ ਭਾਵਨਾਵਾਂ ਨੂੰ ਉਭਾਰ ਕੇ ਸਿਨੇਮਾਘਰਾਂ ਤਕ ਲੈ ਆਇਆ ਜਾਵੇ। ਗੁਰਸਿਖੀ ਮਨ ਪਰਚਾਵਾ ਨਹੀਂ ਖੰਡੇ ਦੀ ਧਾਰ ਤੇ ਤਿਖੀ ਤੇ ਵਾਲ ਤੋਂ ਵੀ ਨਿਕੀ ਹੈ। ਗੁਰਸਿਖੀ ਦੀ ਪ੍ਰੇਰਣਾ ਸਿਨੇਮਾਘਰ ’ਚ ਨਹੀਂ ਅਲੂਣੀ ਸਿਲ ਚਟ ਕੇ ਮਿਲਦੀ ਹੈ । ਸਾਡੇ ਅੰਦਰ ਵੀ ਭਰਮ ਹਨ ਕਿ ਫਿਲਮਾਂ ਤੇ ਬੰਦਿਸ਼ਾਂ ਦੀ ਗਲ ਕਰ ਕੇ ਅਸੀਂ ਆਪ ਗੁਰਸਿਖੀ ਦੇ ਪ੍ਰਚਾਰ ’ਚ ਵਿਘਨ ਬਣ ਰਹੇ ਹਾਂ। ਪ੍ਰਚਾਰ ਦੀ ਫਿਕਰ ਛਡ ਕੇ ਇਹ ਸੋਚਣਾ ਚਾਹੀਦੇ ਕਿ ਜੇ ਗੁਰਸਿਖੀ ਦੀ ਮਰਿਆਦਾ ਹੀ ਨਹੀਂ ਰਹੇਗੀ ਤਾਂ ਫਿਲਮਾਂ ਰਾਹੀਂ ਪ੍ਰਚਾਰ ਕਿਸ ਕੰਮ ਦਾ। ਫਿਲਮਾਂ ਕਿਸੇ ਵੀ ਵਿਸ਼ੇ ਨੂੰ ਮੂਰਤ ਰੂਪ ਦੇ ਕੇ ਹੀ ਬਣਦੀਆਂ ਹਨ। ਗੁਰਸਿਖੀ ਅੰਦਰ ਮੂਰਤ ਦੀ ਨਹੀਂ ਸੋਚ ਤੇ ਸ਼ਬਦ ਦੀ ਮਹਤਾ ਕਾਇਮ ਕੀਤੀ ਗਈ ਹੈ। ਜੋ ਕਦਮ ਕੌਮ ਨੂੰ ਸ਼ਬਦ ਗੁਰੂ ਦੀ ਸੋਚ ਤੋਂ ਦੂਰ ਕਰਨ ਵਾਲਾ ਹੋਵੇ ਉਹ ਕਿਵੇਂ ਪ੍ਰਵਾਨ ਕੀਤਾ ਜਾ ਸਕਦੇ। ਗੁਰਸਿਖੀ ਦੀ ਪ੍ਰੇਰਣਾ ਲਈ ਸ਼ਬਦ ਗੁਰੂ ਹੈ , ਗੁਰੂ ਘਰ ਹੈ ਤੇ ਸਾਧ ਸੰਗਤ ਹੈ ਸਿਨੇਮਾ ਘਰ ਨਹੀਂ। ਠੀਕ ਹੈ ਕਿ ਬਦਲਦੇ ਸਮੇਂ ਨਾਲ ਬਦਲਣਾ ਚਾਹੀਦੇ। ਮੀਡਿਆ ਦਾ ਸਮਾਜ ਅੰਦਰ ਅਸਰ ਤੇ ਦਖਲ ਵਧ ਰਿਹਾ ਹੈ। ਇਸ ਦਾ ਇਸਤੇਮਾਲ ਕਿਸ ਆਦਮੀ, ਕਿਸ ਅਦਾਰੇ ਤੇ ਕਿਸ ਕੌਮ ਨੇ ਕਿਵੇਂ ਕਰਨਾ ਹੈ ਇਹ ਉਸ ਦਾ ਆਪਣਾ ਫੈਸਲਾ ਹੈ। ਸਿਖ ਕੌਮ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਮੁਖ ਧਾਰਮਕ ਅਸਥਾਨਾਂ ਤੋਂ ਸ਼ਬਦ ਕੀਰਤਨ ਤੇ ਕਥਾ ਦੇ ਲਾਈਵ ਪ੍ਰਸਾਰਣ ਦਾ ਪ੍ਰਬੰਧ ਕਰ ਮੀਡਿਆ ਦੀ ਸੁਚਜੀ ਵਰਤੋਂ ਦੀ ਮਿਸਾਲ ਕਾਇਮ ਕੀਤੀ ਹੈ। ਲਖਾਂ ਲੋਗ ਜੋ ਗੁਰ ਅਸਥਾਨਾਂ ਤੋਂ ਦੂਰ ਹਨ ਇਨ੍ਹਾਂ ਪ੍ਰਸਾਰਣਾਂ ਰਾਹੀਂ ਲਾਹੇਵੰਦ ਹੋ ਰਹੇ ਹਨ। ਗੁਰਮਤਿ ਸੰਬੰਧੀ ਲਿਟਰੇਚਰ ਪ੍ਰਕਾਸ਼ਤ ਕੀਤਾ ਤੇ ਵੰਡਿਆ ਜਾ ਰਿਹੇ। ਹਰ ਉਹ ਕੰਮ ਜੋ ਸ਼ਬਦ ਗੁਰੂ ਦੀ ਸੋਚ ਨੂੰ ਕੇਂਦਰ ਵਿਚ ਰਖ ਕੇ ਕੀਤਾ ਜਾਏ , ਕੌਮ ਨੂੰ ਅਗੇ ਵਧਾਉਣ ਵਾਲਾ ਕਿਹਾ ਜਾ ਸਕਦਾ ਹੈ। ਇਸ ਤੋਂ ਅਲਾਵਾ ਹੋਰ ਕੋਈ ਮਾਪਦੰਡ ਨਹੀਂ ਹੋ ਸਕਦਾ। ਸਿਖ ਕੌਮ ਦਾ ਹਿਤ ਹੈ ਕਿ ਸਿਖੀ ਤੇ ਸਿਖ ਇਤਿਹਾਸ ਦੇ ਨਾਂਅ ਤੇ ਫਿਲਮਾਂ, ਸੀਰੀਅਲਾਂ ਦੀ ਲੋੜ ਨੂੰ ਸਿਰੇ ਤੋਂ ਹੀ ਖਾਰਜ ਕਰ ਦਿਤਾ ਜਾਵੇ। ਸੈਂਸਰ ਬੋਰਡ ਜਾਂ ਕਿਸੇ ਹੋਰ ਸੰਸਥਾ ਦੀ ਮੰਜੂਰੀ ਦੀ ਲੋੜ ਹੀ ਕਿਉਂ ਪਵੇ। ਮੰਜੂਰੀ ਦੇਣ ਵਾਲੇ ਵੀ ਇਨਸਾਨ ਹੀ ਹੋਣਗੇ . ਇਹ ਕੌਣ ਕਹਿ ਸਕਦੇ ਕਿ ਉਹ ਕਿਵੇਂ ਚੀਜਾਂ ਨੂੰ ਵੇਖਣਗੇ। ਸਿਖੀ ਪ੍ਰਚਾਰ ਦਾ ਸਭ ਤੋਂ ਵਡਾ ਮਾਧਿਅਮ ਆਪ ਸਿਖ ਹੈ ਜੋ ਪੂਰਣ ਤੌਰ ਤੇ ਰਹਿਤਵੰਤ ਹੋਵੇ। ਕੌਮ ਦਾ ਧਿਆਨ ਰਹਿਤ ਤੇ ਪਰਿਪਕ ਸਿਖ ਤਿਆਰ ਕਰਨਾ ਹੋਣਾ ਚਾਹੀਦੇ 9 ਹਰ ਸਿਖ ਨੂੰ ਪਤਾ ਹੋਣਾ ਚਾਹੀਦੇ ਕਿ ਸਿਖੀ ਦੀ ਮਰਿਆਦਾ ਕਿਵੇਂ ਸੰਭਾਲਣੀ ਹੈ। ਹਾਲ ਦੀ ਹੀ ਗਲ ਹੈ ਕਿ ਲੰਦਨ ਵਿਚ ਸਿਖ ਐਮ . ਪੀ. ਸਰਦਾਰ ਤਨਮਨਜੀਤ ਸਿੰਘ ਢੇਸੀ ਨੂੰ ਮਿਲਣ ਗਏ ਇਕ ਸਿਖ ਦੀ ਦਸਤਾਰ ਤੇ ਕਿਸੇ ਗੋਰੇ ਨੇ ਹਥ ਪਾ ਦਿਤਾ। ਸ. ਤਨਮਨਜੀਤ ਸਿੰਘ ਢੇਸੀ ਨੇ ਇਸ ਦਾ ਜਵਾਬ ਬੜੇ ਹੀ ਸੁਲਝੇ ਤੇ ਅਸਰਦਾਰ ਢੰਗ ਨਾਲ ਦਿਤਾ ਜਿਸ ਦੀ ਗੂੰਜ ਪੂਰੇ ਵਿਸ਼ਵ ਵਿਚ ਹੋਈ ਹੈ। ਉਹਨਾਂ ਨੇ ਦਸਤਾਰ ਦੀ ਮਹਾਨਤਾ ਬਾਰੇ ਅਭਿਆਨ ਚਲਾਇਆ ਤੇ ਬ੍ਰਿਟੇਨ ਪਾਰਲਿਆਮੇੰਟ ਦੇ ਮੈਂਬਰਾਂ ਨੂੰ ਦਸਤਾਰ ਪਵਾ ਕੇ ਪਾਰਲਿਆਮੇੰਟ ਲੈ ਗਏ। ਸਾਰੇ ਮੈਂਬਰਾਂ ਨੇ ਬੜੇ ਹੀ ਚਾਉ ਨਾਲ ਦਸਤਾਰ ਬੰਨਵਾਈ। ਇਸ ਨਾਲ ਬਤੌਰ ਗੁਰਸਿਖ ਜਿਥੇ ਸ. ਤਨਮਨਜੀਤ ਸਿੰਘ ਦਾ ਸ੍ਰੇਸ਼ਟ ਆਚਰਣ ਮਿਸਾਲ ਬਣਿਆ ਉਥੇ ਗੁਰਸਿਖੀ ਦੀ ਸ਼ਾਨ ਵਧੀ। ਗੁਰਮਤਿ ਦਾ ਜੀਵਨ ਫਲਸਫਾ ਸਭ ਤੋਂ ਨਿਆਰਾ ਹੈ। ਸਮਾਂ ਆਵੇਗਾ ਜਦੋਂ ਇਸ ਦਾ ਮੁਲ ਪਵੇਗਾ . ਉਸ ਵੇਲੇ ਗੁਰਸਿਖੀ ਹੀ ਬਚੇਗੀ ਕਿਉਂਕਿ ਇਥੇ ਹੀ ਸੰਸਾਰ ਦੇ ਸਾਰੇ ਸਵਾਲਾਂ ਦਾ ਨਿਦਾਨ ਹੈ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਇਸ ਦੇ ਮੁਢਲੇ ਸਿਧਾਂਤਾਂ ਬਾਰੇ ਕੋਈ ਭਰਮ ਕੋਈ ਮਿਲਾਵਟ ਕਾਮਿਆਬ ਨਾ ਹੋ ਸਕੇ ।

Send this to a friend