ਖੇਡਾਂ, ਜਿੱਥੇ ਖਿਡਾਰੀਆਂ ਨੂੰ ਬਿਨਾਂ ਕਿਸੇ ਧਰਮਾਂ, ਜਾਤਾਂ ਅਤੇ ਨਸਲਾਂ ਦੇ ਭੇਦ-ਭਾਵ, ਦੀਆਂ ਸਰਹੱਦਾਂ ਪਾਰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀਆ ਹਨ, ਉਥੇ ਖਿਡਾਰੀਆਂ ਨੇ ਵਿਆਹੁਤਾ ਰਿਸ਼ਤਿਆਂ ਦੇ ਨਿੱਘ ਵਿੱਚ ਬੇਹਤਰੀਣ ਮੁਕਾਮ ਹਾਸਲ ਕੀਤੇ ਹਨ । ਦਰਜਨਾਂ ਤੋਂ ਵੱਧ ਜੋੜਿਆਂ ਨੇ ਉਲੰਪਿਕ ਵਰਗੇ ਖੇਡ ਮੇਲਿਆਂ ‘ਚ ਤਮਗੇ ਜਿੱਤ ਉਸ ਭਵਿੱਖ ਬਾਣੀ ਤੇ ਲਗਾਮ ਪਾਈ ਹੈ, ਜਿਸ ਵਿੱਚ ਕਿਹਾ ਜਾਂਦਾ ਸੀ ਕਿ ਵਿਆਹ ਤੋਂ ਬਾਅਦ ਖੇਡਾਂ ‘ਚ ਕ੍ਰਿਸ਼ਮੇ ਨਾ ਮੁਨਕਿਨ ਹੈ । ਵਰਣਨਯੋਗ ਹੈ ਕਿ ਖੇਡਾਂ ਦੇ ਪਿੜ ਵਿਚ ਜਿੱਥੇ ਇਹਨਾਂ ਖਿਡਾਰੀਆਂ ਨੇ ਇੱਕ ਦੂਜੇ ਦੇ ਦਿਲ ਜਿੱਤੇ ਹਨ, ਉਥੇ ਬੇਸ਼ੁਮਾਰ ਤਮਗੇ ਜਿੱਤ ਇਹ ਸਾਬਤ ਕਰ ਦਿੱਤਾ ਹੈ ਕਿ ਵਿਆਹ ਇੱਕ ਬੰਧਨ ਹੀ ਨਹੀਂ ਬਲਕਿ ਮੰਜ਼ਿਲ ‘ਤੇ ਪਹੁੰਚਣ ਲਈ ਇੱਕ ਸਹਾਇਕ ਅਦੁੱਤੀ ਸ਼ਕਤੀ ਵੀ ਹੈ।ਮੌਜੂਦਾ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਥੇ ਲਗਭਗ ਛੇ ਹਜ਼ਾਰ ਐਥਲੀਟ ਭਾਗ ਲੈ ਰਹੇ ਹਨ, ਉਥੇ ਦਸ ਖੂਬਸੂਰਤ ਜੋੜੇ ਵੀ ਇਹਨਾਂ ਖੇਡਾਂ ਵਿੱਚ ਜੋਰ ਅਜ਼ਮਾਈ ਕਰ ਰਹੇ ਹਨ। ਆਓ! ਇਹਨਾਂ ਵਿਚੋਂ ਕੁਝ ਕੁ ਵਿਆਹੁਤਾ ਜੋੜਿਆਂ ਦੇ ਜੀਵਨ ਉਤੇ ਝਾਤ ਮਾਰੀਏ।
ਕ੍ਰਿਸ ਅਤੇ ਗਾਬਰੀਅਲ ਐਡਕੌਕ (ਬੈਡਮਿੰਟਨ)- ਇਸ ਖੂਬਸੂਰਤ ਜੋੜੇ ਨੇ 11 ਸਾਲ ਦੀ ਉਮਰ ‘ਚ ਬੈਡਮਿੰਟਨ ਖੇਡਣੀ ਸ਼ੁਰੂ ਕੀਤੀ ਸੀ । ਇੰਗਲੈਂਡ ਦੇ ਇਸ ਜੋੜੇ ਨੇ 2013 ਵਿੱਚ ਵਿਆਹ ਦੇ ਬੰਧਨ ‘ਚ ਬੱਝਣ ਤੋਂ ਬਾਅਦ ਗਲਾਸਗੋ ਖੇਡਾਂ ਵਿੱਚ ਇਸ ਜੋੜੀ ਨੇ ਪਹਿਲੀ ਵਾਰੀ ਪਤੀ-ਪਤਨੀ ਰੂਪ ਵਿੱਚ ਸੋਨ ਤਮਗਾ ਜਿੱਤ ਕੇ ਇੱਕ ਨਵਾਂ ਇਤਿਹਾਸ ਰਚਿਆ ।ਦਿਨ ਵਿੱਚ 10-10 ਘੰਟੇ ਇੱਕਠੇ ਖੇਡਣ ਅਤੇ ਪਰਿਵਾਰਕ ਜਿੰਦਗੀ ਦਾ ਅਨੰਦ ਮਾਨਣ ਵਾਲੇ ਇਹ ਖਿਡਾਰੀ ਜਿਥੇ ਇਕ ਦੂਜੇ ਲਈ ਸਲਾਹਕਾਰ ਦੇ ਰੂਪ ਵਿੱਚ ਵਿਚਰਦੇ ਹਨ, ਉਥੇ ਹੀ ਇਕ ਦੂਜੇ ਲਈ ਪ੍ਰੇਰਨਾ ਸਰੋਤ ਵੀ ਹਨ । ਉਹਨਾਂ ਦਾ ਕਹਿਣਾ ਹੈ ਕਿ ਖੇਡਾਂ ਜਿੱਥੇ ਵਿਆਹੁਤਾ ਜ਼ਿੰਦਗੀ ਵਿੱਚ ਆਨੰਦਮਈ ਰਸ ਭਰਦੀਆਂ ਹਨ, ਉਥੇ ਇੱਕ ਵਧੀਆ ਸਮਾਜ ਸਿਰਜਣ ਵਿੱਚ ਸਹਾਈ ਹੁੰਦੀਆ ਹਨ ।
ਰੇਬੇਕਾ ਅਤੇ ਦਾਨ ਮੈਕਂੋਲੇਨ (ਸਾਈਕਲਿੰਗ-ਮਾਉਂਨਟੇਨ ਬਾਇਕ)- 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਇਹ ਜੋੜੀ ਪਹਿਲੀ ਵਾਰ ਪਤੀ-ਪਤਨੀ ਦੇ ਰੂਪ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੀ ਹੈ। ਇਸ ਤੋਂ ਪਹਿਲਾ ਇਹਨਾਂ ਗਲਾਸਗੋ ਖੇਡਾਂ ਵਿੱਚ ਕਾਂਸੇ ਦੇ ਤਮਗੇ ਜਿੱਤੇ ਸਨ।ਲੰਡਨ ਅਤੇ ਰਿਓ ਉਲੰਪਿਕ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਉਹ ਪਿਆਰ ਦੇ ਬੰਧਨ ਵਿੱਚ ਬੰਨੇ ਗਏ ਸਨ। ਹਰ ਰੋਜ਼ ਸਾਈਕਲ ‘ਤੇ 5 ਘੰਟੇ ਇੱਕਠੇ ਬਿਤਾਉਣ ਵਾਲਾ ਇਹ ਜੋੜਾ ਇਸ ਵਾਰ ਵੀ ਤਮਗੇ ਦਾ ਪ੍ਰਬਲ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਰਾਚੇਲ ਗ੍ਰਿਨਹੈਮ ਅਤੇ ਜੈਨੀ ਡੰਕਲਫ (ਸਕੁਵੈਸ਼)- ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਵਸਨੀਕ ਰਾਚੇਲ ਗ੍ਰਿਨਹੈਮ ਅਤੇ ਇੰਗਲੈਂਡ ਦੀ ਜੈਨੀ ਡੰਕਲਫ ਦਾ ਪ੍ਰੇਮ ਸਬੰਧ 2008 ਵਿੱਚ ਸ਼ੁਰੂ ਹੋਇਆ। 2017 ਵਿੱਚ ਇਹਨਾਂ ਨੇ ਜਨਤਕ ਤੌਰ ‘ਤੇ ਆਪਣੇ ਪ੍ਰੁੇਮ ਪ੍ਰਸੰਗਾਂ ਨੂੰ ਨਸ਼ਰ ਕੀਤਾ ਅਤੇ ਪਤੀ-ਪਤਨੀ ਦੀ ਜੋੜੀ ਵਿਚ ਖੁਲ੍ਹੇ ਤੌਰ ‘ਤੇ ਪੇਸ਼ੇਵਾਰ ਸਕੁਵੈਸ਼ ਖਿਡਾਰੀ ਬਣ ਗਏ। ਇਸ ਤੋਂ ਪਹਿਲਾ ਉਹ ਕਈ ਸਾਲ ਪ੍ਰੋਫੈਸ਼ਨਲ ਸਕੁਵੈਸ ਸਰਕਿਟ ‘ਤੇ ਇੱਕ ਦੂਜੇ ਨਾਲ ਖੇਡੇ। ਰਾਚੇਲ 2014 ਰਾਸ਼ਟਰ ਮੰਡਲ ਖੇਡਾਂ ਵਿੱਚ ਡੇਵਿਡ ਪਲਮੇਰ ਨਾਲ ਖੇਡ, ਸੋਨ ਤਮਗਾ ਜਿੱਤ ਚੁੱਕਿਆ ਹੈ।
ਜੇਸਨ ਅਤੇ ਲੌਰਾ ਕੇਨੀ (ਸਾਈਕਿਲਿੰਗ ਟਰੈਕ)- ਇੰਗਲਿਸ਼ ਟਰੈਕ ਸਾਈਕਸਿਟਲ ਇਸ ਜੋੜੀ ਨੇ 2016 ਵਿੱਚ ਵਿਆਹ ਕਰਵਾ ਲਿਆ ਅਤੇ ਅਗਸਤ 2017 ਵਿੱਚ ਆਪਣੇ ਪਹਿਲੇ ਬੱਚੇ ਐਲਬਰਟ ਲੂਈ ਨੂੰ ਜਨਮ ਦਿੱਤਾ।ਲੌਰਾ ਉਲੰਪਿਕ ਇਤਿਹਾਸ ਵਿੱਚ ਔਰਤ ਦੇ ਰੂਪ ਵਿੱਚ ਸਭ ਤੋਂ ਮੰਨੀ ਪ੍ਰਮੰਨੀ ਟਰੈਕ ਸਾਈਕਲ ਖਿਡਾਰਨ ਹੈ, ਜਿਸਨੇ ਹੁਣ ਤੱਕ ਉਲੰਪਿਕ ਖੇਡਾਂ ਵਿੱਚ ਚਾਰ ਸੋਨ ਤਮਗੇ ਜਿੱਤੇ ਹਨ।ਜੇਸਨ ਨੇ ਵੀ ਉਲੰਪਿਕ ਖੇਡਾਂ ਵਿੱਚ 6 ਤਮਗੇ ਹਾਸਲ ਕੀਤੇ ਤੇ ਉਹ 3 ਵਾਰ ਵਿਸ਼ਵ ਚੈਪੀਂਅਨ ਵੀ ਰਿਹਾ। ਇਸ ਜੋੜੀ ਨੂੰ ‘ਦੋ ਪਹੀਏ ‘ਤੇ ਸਭ ਤੋਂ ਤੇਜ ਚੱਲਣ ਵਾਲਾ ਜੋੜਾ’ ਮੰਨਿਆ ਜਾਂਦਾ ਹੈ।ਲਾਰਾ ਨੂੰ ਖੇਡ ਪ੍ਰਾਪਤੀਆਂ ਬਦਲੇ ‘ਆਰਡਰ ਆਂਫ ਦੀ ਬ੍ਰਿਟਿਸ਼ ਅੰਪਾਇਰ’ ਵਜੋਂ ਸਨਮਾਨਿਆ ਗਿਆ ਹੈ ਅਤੇ ਉਹ ਅੰਗਰੇਜ਼ੀ ਫਿਲਮਾਂ ਦੀ ਅਦਾਕਾਰਾਂ ਵੀ ਹੈ।
ਸ਼ਾਰਲਟ ਕੈਸਲਿਕ ਅਤੇ ਲੇਵੀਜ਼ ਹੌਲੈਡ (ਰਗਬੀ ਸੇਵੇਨਸ)- ਆਸਟਰੇਲੀਆ ਦੇ ਇਸ ਰਗਬੀ ਜੋੜੇ ਸ਼ਾਰਲਟ ਕੈਸਲਿਕ ਅਤੇ ਲੇਵੀਜ਼ ਹੌਲੈਡ ਨੇ ਰਿਓ ਉਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਇਸ ਜੋੜੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਇਕੱਠੇ ਸਿਖਲਾਈ ਦੇ ਪ੍ਰਸ਼ੰਸ਼ਕ ਨਹੀਂ ਹਨ। ਹਮੇਸ਼ਾ ਇਕ ਦੂਜੇ ਨਾਲ ਮੁਕਾਬਲਾ ਕਰਕੇ ਖੇਡਦੇ ਹਨ । ਸ਼ਾਰਲਟ ਅਤੇ ਲੇਵੀਜ਼ ਪਿਛਲੇ ਤਕਰੀਬਨ ਚਾਰ ਸਾਲਾ ਤੋਂ ਵਿਆਹੁਤਾ ਜੋੜੀ ਦੇ ਰੂਪ ਵਿਚ ਖੇਡ ਰਹੇ ਹਨ। ਹੁਣ ਇਹਨਾਂ ਦੀਆਂ ਨਜ਼ਰਾਂ ਗੋਲਡ ਕੋਸ਼ਟ ਵਿੱਚ ਹੋ ਰਹੀਆ ਰਾਸ਼ਟਰਮੰਡਲ ਖੇਡਾਂ ਨੂੰ ਜਿੱਤਣ ਵੱਲ ਹੈ।ਲੇਵਿਜ ਦਾ ਕਹਿਣਾ ਹੈ ਕਿ ਸ਼ਾਰਲਟ ਇਕੱ ਸ਼ਰਾਰਤੀ ਤੇ ਮਜ਼ਾਕੀਆਂ ਸੁਭਾਅ ਦਾ ਪਤੀ ਹੈ ਜੋ ਗਰਾਂਊਂਡ ਤੋਂ ਬਾਅਦ ਕਦੀ ਵੀ ਖੇਡਾਂ ਦੀ ਗੱਲ ਨਹੀਂ ਕਰਦਾ ਅਤੇ ਰੁਮਾਂਚਿਕ ਜ਼ਿੰਦਗੀ ਜਿਊਣ ਵਿੱਚ ਵਿਸ਼ਵਾਸ਼ ਰੱਖਦਾ ਹੈ।
ਮਿਚ ਲਾਰਕਿਨ ਅਤੇ ਐਮਿਲੀ ਸੀਬੀਓਮ ( ਤੈਰਾਕੀ )- ਇਸ ਜੋੜੀ ਨੇ 2015 ਵਿਚ ਆਪਣੇ ਰਿਸ਼ਤਿਆਂ ਦੀ ਘੋਸ਼ਣਾ ਕੀਤੀ ਅਤੇ ਬ੍ਰਿਸਬੇਨ ਵਿੱਚ ਇੱਕੋ ਛੱਤ ਹੇਠ ਰਹਿਣਾ ਸ਼ੁਰੂ ਕੀਤਾ।ਮਿਚ ਲਾਰਕਿਨ ਰਾਸ਼ਟਰਮੰਡਲ ਖੇਡਾਂ ਵਿੱਚ 200 ਮੀਟਰ ਬੈਕਸਟ੍ਰੌਕ ਜੇਤੂ ਹੈ ਅਤੇ ਐਮਿਲੀ ਗਲਾਸਗੋ ਖੇਡਾਂ ਵਿੱਚ ਬੈਕਸਟ੍ਰੌਕ ਅਤੇ 3 ਐਕਸ 100 ਮੀਟਰ ਮੈਡਲੇ ਰੀਲੇਅ ਮੁਕਾਬਲੇ ਵਿੱਚ ਸੋਨ ਤਮਗਾ ਜੇਤੂ ਰਿਹਾ। ਲਾਰਕਿਨ ਚੋਟੀ ਦੀ ਫਾਰਮ ‘ਚ ਹੈ ਅਤੇ ਇਸ ਵਾਰ ਵੀ ਢੇਰ ਸਾਰੇ ਸੋਨ ਤਮਗੇ ਜਿੱਤਣ ਦਾ ਦਾਅਵੇਦਾਰ ਹੈ।
ਬੁਰਕਪਰਿਸ ਅਤੇ ਜੇਰੇਮੀ ਹੇਵਾਰਡ (ਹਾਕੀ)- ਹਾਕੀ ਦੀ ਇਹ ਨੌਜਵਾਨ ਜੋੜੀ ਰਾਸ਼ਟਮੰਡਲ ਖੇਡਾਂ ਵਿੱਚ ਆਸਟਰੇਲੀਆ ਦੀ ਨੁਮਾਇੰਦਗੀ ਕਰ ਰਹੀ ਹੈ ।ਜੇਰੇਮੀ ਦੀ ਭਾਵੇਂ ਰਿਓ ਉਲੰਪਿਕ ਖੇਡਾਂ ਵਿੱਚ ਚੋਣ ਨਾ ਹੋ ਸਕੀ ਪਰ ਬੁਰਕਪਰਿਸ ਦੇ ਹੋਸਲੇ ਸਦਕਾ ਉਹ ਗੋਲਡ ਕੋਸਟ ਖੇਡਾਂ ਦੀ ਦਾਅਵੇਦਾਰ ਬਣ ਗਈ । ਇਸ ਜੋੜੀ ਲਈ ਇਕ ਦੂਜੇ ਦਾ ਸਮਰਥਨ ਹੀ ਮਾਰਗ ਦਰਸ਼ਕ ਹੈ।
ਰਿਆਨ ਗ੍ਰੇਗਸਨ ਅਤੇ ਜਨੇਵਿਵ ਲੈਕੇਜ (ਐਥਲੈਟਿਕਸ)- ਇਸ ਆਸਟਰੇਲੀਆਈ ਜੋੜੀ ਦੀ ਮੁਲਾਕਾਤ 2007 ਵਿੱਚ ਹੋਈ ਅਤੇ 2013 ਵਿਚ ਉਹ ਪਤੀ-ਪਤਨੀ ਦੇ ਤੌਰ ‘ਤੇ ਇਕੱਠੇ ਰਹਿਣ ਲੱਗੇ। ਇਸ ਜੋੜੀ ਲਈ ਭਾਵੇਂ ਇਹ ਘਰੇਲੂ ਕਾਮਨਵੈਲਥ ਹੋਵੇਗੀ ਪਰ ਇਕ ਜੋੜੇ ਦੇ ਰੂਪ ਵਿੱਚ ਇਹ ਉਹਨਾਂ ਦੀ ਪਹਿਲੀ ਵੱਡੀ ਚੈਪੀਂਅਨਸ਼ਿਪ ਹੋਵੇਗੀ।ਜਨੇਵਿਵ ਤਿੰਨ ਹਜ਼ਾਰ ਮੀਟਰ ਸਟੀਪਲ ਚੈਸ ਅਤੇ ਪੰਜ ਹਜ਼ਾਰ ਮੀਟਰ ਦੀ ਦੌੜ ਵਿੱਚ ਭਾਗ ਲਵੇਗੀ, ਜਦੋਂ ਕਿ ਰਿਆਨ ਪੰਦਰਾ ਸੌ ਮੀਟਰ ਵਿੱਚ ਆਸਟਰੇਲੀਅਨ ਰਿਕਾਰਡ ਹੋਲਡਰ ਹੈ ਅਤੇ ਇਸ ਇਵੈਂਟ ਵਿੱਚ ਗੋਲਡ ਕੋਸਟ ਵਿੱਚ ਤਮਗੇ ਦਾ ਦਾਅਵੇਦਾਰ ਹੈ ।
ਵੇਖਣ ਵਾਲੀ ਗੱਲ ਇਹ ਹੈ ਕਿ ਮੋਹ ਮੁਹੱਬਤ ਦੇ ਇਸ ਜਜ਼ਬੇ ਨਾਲ ਭਰਪੂਰ ਇਹ ਖਿਡਾਰੀ ਖੇਡਾਂ ਦੇ ਪਿੜ ਵਿੱਚ ਕੀ ਕਾਰਨਾਮੇ ਕਰਨਗੇ।ਕਿਸ ਦੀ ਗੁੱਡੀ ਅਸਮਾਨੀ ਚੜੇਗੀ ਅਤੇ ਕਿਸ ਦੇ ਪੱਲੇ ਨਿਰਾਸ਼ਾ ਪਵੇਗੀ ਅਤੇ ਕੀ ਇਹ ਖਿਡਾਰੀ ਜੋੜੇ ਵਿਆਹੁੜਾ ਜੋੜਿਆਂ ਲਈ ਪ੍ਰੇਰਨਾ ਸਰੋਤ ਹੋ ਨਿਬੜਨਗੇ।