ਧਾਰਮਿਕ ਸਥਾਨ ਆਮ ਲੋਕਾਂ ਦੀ ਆਸਥਾ ਦਾ ਕੇਂਦਰ ਹੁੰਦੇ ਹਨ । ਹਰੇਕ ਧਰਮ ਸਰਬ ਸਾਝੀਂਵਾਲਤਾ ਅਤੇ ‘ਮਾਨਸ ਕੀ ਜਾਤ ਸਬੈ ਏਕੇੈ ਪਹਿਚਾਨਬੋੂ ਦਾ ਉਪਦੇਸ਼ ਦਿੰਦਾ ਹੈ । ਸਿੱਖ ਗੁਰੂਆਂ ਨੇ ਮਨੁੱਖੀ ਸਮਾਨਤਾ ਦਾ ਹੋਕਾ ਪ੍ਰਚੰਡ ਕੀਤਾ ਹੈ ਅਤੇ ਸਾਰੇ ਮਨੁੱਖਾਂ ਨੂੰ ਉਸ ਪਰਮਾਤਮਾ ਦੇ ਬੱਚੇ ਕਿਹਾ ਹੈ । ਪਰ ਅਜੋਕੇ ਸਮੇਂ ਧਾਰਮਿਕ ਸਥਾਨ ਰਾਜਨੀਤੀ ਦਾ ਕੇਂਦਰ ਬਣੇ ਹੋਏ ਹਨ । ਅੱਜ ਧਾਰਮਿਕ ਸਥਾਨਾਂ ਤੇ ਵੀ ਆਈ ਪੀ ਸਭਿਆਚਾਰ ਅਤੇ ਸ਼ਿਫਾਰਿਸ਼ਾਂ ਦਾ ਬੋਲਬਾਲਾ ਹੈ।ਅਖੌਤੀ ਵੀ ਆਈ ਪੀ , ਉਚੀ ਪਹੁੰਚ ਵਾਲੇ ਵਿਆਕਤੀਆਂ ਨੂੰ ਇਨ੍ਹਾਂ ਧਾਰਮਿਕ ਸਥਾਨਾਂ ਤੇ ਵਿਸ਼ੇਸ਼ ਤਵੱਜੋ ਦਿੱਤੀ ਜਾਂਦੀ ਹੈ।ਜਦ ਕਿ ਬਜ਼ੁਰਗਾਂ ਅਤੇ ਅਪਾਹਜ਼ਾਂ , ਜਿਨ੍ਹਾਂ ਨੂੰ ਵਿਸ਼ੇਸ ਸਹੂਲਤਾਂ ਅਤੇ ਤਵੱਜ਼ੋ ਦੀ ਲੋੜ ਹੁੰਦੀ ਹੈ , ਉਨ੍ਹਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ਅਤੇ ਦੁਰਕਾਰਿਆ ਜਾਂਦਾ ਹੈ । ਅਜਿਹਾ ਵਰਤਾਰਾ ਪ੍ਰਸਿੱਧ ਧਾਰਮਿਕ ਸਥਾਨਾਂ ਤੇ ਆਮ ਦੇਖਣ ਨੂੰ ਮਿਲਦਾ ਹੈ ।ਉਚੀ ਪਹੁੰਚ ਰੱਖਣ ਵਾਲੇ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਪ੍ਰਬੰਧਕਾਂ ਦੇ ਸਿਫਾਰਸ਼ੀਆਂ ਨੂੰ ਮੱਥਾ ਟੇਕਣ ਅਤੇ ਕਮਰਿਆਂ ਦੀ ਬੁਕਿੰਗ ਕਰਵਾਉਣ ਆਦਿ ਲਈ ਪਹਿਲ ਦੇਣਾ ਖਤਰਨਾਕ ਰੁਝਾਨ ਹੈ ਜੋ ਕਿ ਲੋਕਾਂ ਦੀ ਆਸਥਾ ਨੂੰ ਸੱਟ ਮਾਰਨ ਵਾਲਾ ਹੈ।ਚੜ੍ਹਾਈ ਜਾਂ ਪੌੜੀਆਂ ਚੜ੍ਹਨ ਵਿੱਚ ਅਸਮਰੱਥ ਬਜ਼ੁਰਗਾਂ ਜਾਂ ਅਪਾਹਜ਼ਾ ਦੀ ਕੋਈ ਸੁਣਵਾਈ ਨਹੀਂ ਕਰਦਾ ਜਦਕਿ ਸ਼ਿਫਾਰਸ਼ੀ ਨੌਜ਼ਵਾਨਾਂ ਦੀਆਂ ਗੱਡੀਆਂ ਅਤੇ ਦੋ ਪਹੀਆ ਵਾਹਨਾਂ ਨੂੰ ਛੋਟ ਦਿੱਤੀ ਜਾਂਦੀ ਹੈ। ਭਾਵੇਂ ਬਜ਼ੁਰਗਾਂ ਜਾਂ ਅਪਾਹਜ਼ਾਂ ਲਈ ਪੌੜੀ ਲਿਫਟਾਂ ਜਾਂ ਚੜ੍ਹਾਈ ਚੜ੍ਹਾਉਣ ਲਈ ਵਿਸ਼ੇਸ ਗੱਡੀਆਂ ਦੇ ਪ੍ਰਬੰਧ ਦਾ ਪ੍ਰਚਾਰ ਕੀਤਾ ਜਾਂਦਾ ਹੈ ਪਰ ਅਸਲ ਵਿੱਚ ਪ੍ਰਬੰਧ ਨਾਮਾਤਰ ਹੁੰਦੇ ਹਨ ।ਸਿਰਫ ਅਖਬਾਰਾਂ ਦੀਆਂ ਸੁਰਖੀਆਂ ਲਈ ਫੋਟੌਆਂ ਖਿਚਵਾਉਣ ਤਕ ਹੀ ਸੀਮਿਤ ਹੁੰਦੇ ਹਨ।ਪਹਿਰੇਦਾਰਾਂ ਦਾ ਅੱਖੜ ਸੁਭਾਅ ਅਤੇ ਅੜੀਅਲ ਵਤੀਰਾ ਬਲਦੀ ਤੇ ਤੇਲ ਪਾਉਣ ਦਾ ਕੰਮ ਕਰਦਾ ਹੈ ਅਤੇ ਹਿਰਦੇ ਵਲੂਦਰਦਾ ਹੈ।ਸਿੱਖ ਧਰਮ ਵਿੱਚ ਅਜਿਹਾ ਵਰਤਾਰਾ ਹੋਰ ਵੀ ਮੰਦਭਾਗਾ ਹੈ। ਕਿਉਂਕਿ ਸਿੱਖ ਗੁਰੂਆਂ ਨੇ ਸਭ ਦੀ ਬਰਾਬਰਤਾ ਦਾ ਦਰਜਾ ਦਿੱਤਾ ਹੈ ਅਤੇ ਲੋੜਵੰਦਾਂ ਦੀ ਸਹਾਇਤਾ ਅਤੇ ਪਹਿਲ ਦਾ ਉਪਦੇਸ਼ ਬਹੁਤ ਸ਼ਿੱਦਤ ਨਾਲ ਦਿੱਤਾ ਹੈ। ਸ੍ਰੀ ਗੁਰੁ ਅਮਰਦਾਸ ਜੀ ਨੇ ਤਾਂ ਅਕਬਰ ਵਰਗੇ ਬਾਦਸ਼ਾਹ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਤੋਂ ਬਾਅਦ ਹੀ ਦਰਸ਼ਨ ਦਿੱਤੇ ਸਨ।ਜੋ ਕਿ ਵੀ ਆਈ ਪੀ ਸਭਿਆਚਾਰ ਵਿਰੱਧ ਸਪੱਸ਼ਟ ਸੰਕੇਤ ਅਤੇ ਉਪਦੇਸ਼ ਸੀ।ਪਰ ਅੱਜ ਇਨ੍ਹਾਂ ਸਥਾਨਾਂ ਤੇ ਹੀ ਵੀ ਆਈ ਪੀ ਸਭਿਆਚਾਰ ਭਾਰੂ ਹੋਇਆ ਪਿਆ ਹੈ।ਸਾਨੂੰ ਸਭ ਨੂੰ ਚਾਹੀਦਾ ਹੈ ਕਿ ਧਾਰਮਿਕ ਸਥਾਨਾਂ ਤੇ ਅਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਸਮੇਂ ਅਪਣੀ ਧੌਂਸ ਪਾਸੇ ਰੱਖ ਕੇ , ਆਮ ਲੋਕਾਂ ਵਾਂਗ ਗੁਰੁ ਦੇ ਨਤਮਸਤਕ ਹੋਣਾ ਚਾਹੀਦਾ ਹੈ ।ਵੀ ਆਈ ਪੀ ਸਭਿਆਚਾਰ ਖਤਮ ਕਰਕੇ,ਲੋੜਵੰਦਾਂ ਅਤੇ ਅਪਾਹਜ਼ ਵਿਆਕਤੀਆਂ ਨੂੰ ਪਹਿਲ ਅਤੇ ਵਿਸ਼ੇਸ ਸਹੂਲਤਾਂ ਦੇਣ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ।ਵੀ ਆਈ ਪੀ ਸਭਿਆਚਾਰ ਨੂੰ ਬੜ੍ਹਾਵਾ ਦੇਣ ਵਾਲੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਵਿਰੁੱਧ ਅਵਾਜ਼ ਬੁਲੰਦ ਕਰਕੇ ਗੁਰੁ ਸਾਹਿਬਾਨਾਂ ਦੇ ਉਪਦੇਸ਼ਾਂ ਅਤੇ ਦਰਸਾਏ ਰਾਹ ਤੇ ਚੱਲਣਾ ਚਾਹੀਦਾ ਹੈ ।