ਰਾਸ਼ਟਰਮੰਡਲ ਖੇਡਾਂ ਦਾ ਇਤਿਹਾਸ 88 ਸਾਲ ਪੁਰਾਣਾ ਹੈ। ਪਲੇਠੀਆਂ ਖੇਡਾਂ 1930 ‘ਚ ਹੋਈਆਂ ਜਿੱਥੇ ਵੱਖ ਵੱਖ ਦੇਸ਼ਾ ਦੇ ਖਿਡਾਰੀਆਂ ਨੇ ਪਹਿਲੀ ਵਾਰ ਸ਼ਿਰਕਤ ਕੀਤੀ। ਹੁਣ ਤੱਕ ਜੇਕਰ ਇਨ੍ਹਾਂ ਗੇਮਾਂ ‘ਚ ਭਾਰਤ ਦੇ ਖਿਡਾਰੀਆਂ ਦਾ ਲੇਖਾ ਜੋਖਾ ਕਰੀਏ ਤਾਂ ਕੁਲ 438 ਤਗਮੇ ਭਾਰਤੀ ਖਿਡਾਰੀਆਂ ਦੇ ਹਿੱਸੇ ਆਏ ਹਨ।ਭਾਰਤੀਆਂ ਨੇ ਪਹਿਲੀ ਵਾਰ 1934 ਦੀਆਂ ਲੰਡਨ ਵਿਖੇ ਹੋਣ ਵਾਲੀਆਂ ਕਾਮਨ ਵੈਲਥ ਗੇਮਾਂ ‘ਚ 2 ਖਿਡਾਰੀ ਜਿਨ੍ਹਾਂ ਵਿੱਚੋ ਇੱਕ ਐਥਲੀਟ ਤੇ ਇੱਕ ਪਹਿਲਵਾਨ ਨੇ ਸ਼ਿਰਕਤ ਕੀਤੀ। ਇਨ੍ਹਾਂ ਖੇਡਾਂ ਦਾ ਪਹਿਲਾ ਕਾਂਸੀ ਦਾ ਤਗਮਾ ਪਹਿਲਵਾਨ ਰਸ਼ੀਦ ਨੇ ਭਾਰਤ ਦੇ ਖਾਤੇ ‘ਚ ਪਾਇਆ।1938 ‘ਚ ਸਿਡਨੀ ਗੇਮਾਂ ‘ਚ ਭਾਰਤ ਦੇ ਖਿਡਾਰੀ ਬਿਨ੍ਹਾਂ ਮੈਡਲ ਜਿੱਤੇ ਬੇਰੰਗ ਦੇਸ਼ ਪਰਤੇ। 1942 ਅਤੇ 1946 ਦੀਆਂ ਗੇਮਾਂ ਦੂਸਰੇ ਸੰਸਾਰ ਯੁੱਧ ਦੀ ਭੇਂਟ ਚੜ੍ਹ ਗਈਆਂ ਅਤੇ 1950 ਵਿੱਚ ਵੰਡ ਦਾ ਸੱਜਰਾ ਦੁੱਖ ਲੱਗਣ ਕਾਰਨ ਭਾਰਤੀ ਖੇਡ ਸੰਘ ਕੋਈ ਵੀ ਖਿਡਾਰੀ ਨਾ ਭੇਜ ਸਕਿਆ ਪਰ 1954 ‘ਚ ਵੈਨਕੂਵਰ ‘ਚ ਹੋਈਆਂ ਗੇਮਾਂ ਵਿੱਚ ਇੱਕ ਵੀ ਖਿਡਾਰੀ ਕੋਈ ਖਾਸ ਜਲਵਾ ਨਾ ਦਿਖਾ ਸਕਿਆ। ਫਿਰ 1958 ਦੀਆਂ ਗੇਮਾਂ ਵੇਲਜ਼ ਦੇ ਸ਼ਹਿਰ ਕਾਰਡਿਫ ‘ਚ ਆਯੋਜਿਤ ਕੀਤੀਆਂ ਗਈਆਂ ਤੇ ਇਨ੍ਹਾਂ ਖੇਡਾਂ ਵਿੱਚ ਮਿਲਖਾ ਸਿੰਘ ਨੇ 440ਮੀਟਰ ਹਾਈ ਹਰਡਲ ‘ਚ ਗੋਲਡ ਮੈਡਲ ਜਿੱਤਿਆ ਜਦਕਿ ਕੁਸ਼ਤੀ ‘ਚ ਲੀਲਾ ਰਾਮ ਨੇ ਗੋਲਡ ਅਤੇ ਲਖਸ਼ਮੀ ਕਾਂਤ ਪਾਂਡੇ ਨੇ ਕਾਂਸੀ ਦੇ ਤਗਮੇ ਜਿੱਤੇ।ਫਿਰ 1962 ‘ਚ ਭਾਰਤ ਚੀਨ ਜੰਗ ਕਾਰਨ ਕੋਈ ਟੀਮ ਸ਼ਿਰਕਤ ਨਾ ਕਰ ਸਕੀ। 1966 ਦੀਆਂ ਗੇਮਾਂ ਜਮਾਇਕਾ ਦੇ ਸ਼ਹਿਰ ਕਿੰਗਸ਼ਟਨ ‘ਚ ਹੋਈਆਂ ਜਿੱਥੇ ਭਾਰਤੀ ਐਥਲੀਟਾਂ ਨੇ 10 ਮੈਡਲ ਜਿੱਤ ਕੇ 8ਵਾ ਸਥਾਨ ਹਾਸਿਲ ਕੀਤਾ।
ਫਿਰ 1970 ਤੋਂ 1982 ਤੱਕ ਕਿੰਗਸਟਨ ‘ਚ ਦਰਜ਼ਨ ਤੋਂ ਜ਼ਿਆਦਾ ਮੈਡਲ ਜਿੱਤ ਕੇ ਲਗਾਤਾਰ 6ਵੀਂ ਪੁਜ਼ੀਸ਼ਨ ਤੇ ਰਹਿੰਦਾ ਰਿਹਾ। 1986 ਦੀਆਂ ਗੇਮਾਂ ਈਡਨਬਰਗ ‘ਚ ਹੋਈਆਂ ਅਤੇ ਹੋਰਨਾਂ ਦੇਸ਼ਾ ਵਾਂਗ ਭਾਰਤ ਨੇ ਵੀ ਇਸ ਦਾ ਬਾਈਕਾਟ ਕੀਤਾ। 1990 ਦੀਆਂ ਗੇਮਾਂ ਨਿਊਜੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਹੋਈਆਂ ਜਿਸ ਵਿੱਚ ਭਾਰਤ ਨੇ ਵਧੀਆਂ ਪ੍ਰਦਰਸ਼ਨਕਾਰੀ ਕਰਦਿਆਂ 32 ਮੈਡਲ ਜਿੱਤੇ। 1994 ਦੀਆਂ ਗੇਮਾਂ ਕੈਨੇਡਾ ਦੇ ਸ਼ਹਿਰ ਵਿਕਟੋਰੀਆ ਵਿਖੇ ਹੋਈਆਂ ਜਿੱਥੇ ਭਾਰਤੀ ਖਿਡਾਰੀਆਂ ਨੇ 25 ਤਗਮੇ ਜਿੱਤ ਕੇ 6ਵਾਂ ਸਥਾਨ ਹਾਸਿਲ ਕੀਤਾ।ਬਹੁਤੇ ਤਗਮੇ ਭਾਰ ਤੋਲਕਾਂ ਅਤੇ ਬੌਕਸਰਾਂ ਨੇ ਜਿੱਤੇ1998 ‘ਚ ਕੁਆਲਾਲੰਮਪੁਰ ਵਿਖੇ ਹੋਈਆਂ ਇਹ ਖੇਡਾਂ ਏਸ਼ੀਆ ਮਹਾਂਦੀਪ ਦੀਆਂ ਪਹਿਲੀਆਂ ਰਾਸ਼ਟਰਮੰਡਲ ਖੇਡਾਂ ਸਨ ਜਿੱਥੇ ਖਿਡਾਰੀਆਂ ਨੇ ਕੁੱਲ 69 ਮੈਡਲ ਜਿੱਤ ਕੇ ਚੌਥਾ ਸਥਾਨ ਹਾਸਿਲ ਕੀਤਾ।2006 ਦੀਆਂ ਗੇਮਾਂ ਵਿੱਚ ਰਾਜਿਆਵਰਧਨ ਸਿੰਘ ਰਾਠੌਰ ਝੰਡਾ ਬਰਦਾਰ ਸੀ ਤੇ ਭਾਰਤ ਚੌਥੇ ਸਥਾਨ ਤੇ ਰਿਹਾ। ਵਰਨਣਯੋਗ ਹੈ ਕਿ ਰਾਠੌਰ ਨੂੰ ਭਾਰਤੀ ਜਨਤਾ ਪਾਰਟੀ ਨੇ ਮੌਜੂਦਾ ਸਰਕਾਰ ਵਿੱਚ ਬਾਤੌਰ ਖੇਡ ਮੰਤਰੀ ਨਿਵਾਜਿਆ ਹੈ।
ਭਾਰਤ ਵਿੱਚ ਪਹਿਲੀ ਵਾਰੀ ਇਹ ਖੇਡਾਂ 2010 ਵਿੱਚ ਨਵੀਂ ਦਿੱਲੀ ਵਿਖੇ 2 ਬਿਲੀਅਨ ਡਾਲਰ ਦੀ ਲਾਗਤ ਨਾਲ ਕਰਵਾਈਆਂ ਗਈਆਂ।ਇਸ ਵਿੱਚ ਕੁੱਲ 6189 ਭਾਰਤੀ ਖਿਡਾਰੀਆਂ ਨੇ ਭਾਗ ਲਿਆ ਅਤੇ 101 ਮੈਡਲ ਜਿੱਤ ਕੇ ਭਰਤ ਨੂੰ ਦੂਸਰੇ ਨੰਬਰ ਤੇ ਖੜ੍ਹਾ ਕੀਤਾ।ਰਾਸ਼ਟਰ ਮੰਡਲ ਖੇਡਾਂ ਵਿੱਚ ਭਾਰਤ ਦੀ ਸਭ ਤੋ ਬੇਹਤਰ ਕਾਰਗੁਜ਼ਾਰੀ ਇਹੀ ਹੈ।2014 ਗਲਾਸਗੋ ਗੇਮਾਂ ‘ਚ ਭਾਰਤ ਸਿਰਫ 64 ਮੈਡਲ ਜਿੱਤ 5ਵੇਂ ਸਥਾਨ ਤੇ ਆ ਡਿੱਗਿਆ। ਆਸਟੋਰੇਲੀਆ ਦੇ ਸਮੁੰਦਰੀ ਤੱਟ ਤੇ ਸਥਿਤ ਸੈਲਾਨੀਆਂ ਦੇ ਸ਼ਹਿਰ ਗੋਲਡ ਕੋਸਟ ਵਿਖੇ ਹੋ ਰਹੀਆਂ ਗੇਮਾਂ ਵਿੱਚ 115 ਮਰਦ ਤੇ 105 ਔਰਤ ਖਿਡਾਰਣਾਂ ਸਮੇਤ ਕੁੱਲ 220 ਐਥਲੀਟ ਭਾਗ ਲੈ ਰਹੇ ਹਨ।ਦੇਖਣਾ ਹੈ ਕਿ ਇਸ ਵਾਰੀ ਗੁਆਚੀ ਖੇਡ ਸ਼ੌਹਰਤ ਨੂੰ ਕਿੰਨੀ ਕੁ ਚੜ੍ਹਦੀ ਕਲਾ ‘ਚ ਲੈ ਕੇ ਜਾਣਗੇ।
20ਵੀ ਆ ਰਾਸ਼ਟਰੀ ਮੰਡਲ ਖੇਡਾਂ ਤੱਕ ਕ੍ਰਮਵਾਰ ਆਸਟਰੇਲੀਆਂ ਨੇ 2218,ਇੰਗਲੈਂਡ ਨੇ 2085, ਕੈਨੇਡਾ ਨੇ 273 ਅਤੇ ਨਿਊਜੀਲੈਂਡ ਨੇ 610 ਮੈਡਲ ਜਿੱਤੇ ਹਨ। ਜਦੋਂ ਕਿ ਭਾਰਤ 155 ਸੋਨ ਮੈਡਲ,155 ਸਿਲਵਰ ਮੈਡਲ ਅਤੇ 128 ਕਾਸੀ ਦੇ ਤਗਮੇ ਜਿੱਤ 5ਵੇਂ ਸਥਾਨ ਤੇ ਰਿਹਾ।