ਦੇਸ਼ ਇਕ ਵਾਰ ਫਿਰ ਨਾਜ਼ੁਕ ਮੋੜ ’ਤੇ ਖੜ੍ਹਾ ਹੈ। ਹਵਾ ਵਿੱਚੋਂ ਸਾਜਿਸ਼ ਦੀ ਬੂ ਆ ਰਹੀ ਹੈ। 2019 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਸਿਆਸੀ ਧਿਰਾਂ ਨਵੀਂ ਸਫਬੰਦੀ ਲਈ ਨਵੇਂ-ਨਵੇਂ ਢੰਗ ਅਪਨਾ ਰਹੀਆਂ ਹਨ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਹੁਣ ਲੋਕਾਂ ਨੂੰ ਜਾਤਾਂ-ਪਾਤਾਂ ਦੇ ਅਧਾਰ ਉਪਰ ਲੜਾਉਣ ਦੀ ਤਿਆਰੀ ਹੋ ਰਹੀ ਹੈ। ਇਸ ਖਾਨਾਜੰਗੀ ਦੀ ਸਾਜਿਸ਼ ਵਿੱਚ ਕਈ ਵੱਡੀਆਂ ਸਿਆਸੀ ਪਾਰਟੀਆਂ ਵੀ ਸ਼ਾਮਿਲ ਹਨ। ਇਹ ਬੇਹਦ ਸੰਵੇਦਨਸ਼ੀਲ ਮੁੱਦਾ ਹੈ। ਇਸ ਮੁੱਦੇ ਨੂੰ ਸਿਰਫ ਰਾਖਵਾਂਕਰਨ ਤੱਕ ਹੀ ਸੀਮਿਤ ਨਾ ਸਮਝਿਆ ਜਾਵੇ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਲੋਕ ਘਟਨਾਵਾਂ ਅਤੇ ਮਸਲਿਆਂ ਦੀ ਤਹਿ ਤੱਕ ਨਹੀਂ ਜਾਂਦੇ। ਖ਼ਬਰ ਦੀ ਸੁਰਖੀ ਜਾਂ ਅਫਵਾਹ ਦੇਖਦੇ- ਸੁਣਦੇ ਹੀ ਦੌੜ ਪੈਂਦੇ ਹਨ। ਸੁਪਰੀਮ ਕੋਰਟ ਵੱਲੋਂ ਇਕ ਰਿਟ ਪਟੀਸ਼ਨ ਦੀ ਸੁਣਵਾਈ ਦੌਰਾਨ ਲੰਘੀ 20 ਮਾਰਚ ਨੂੰ ਐਸ.ਸੀ.ਐਸ.ਟੀ. ਐਕਟ ਸਬੰਧੀ ਇਕ ਨਿਰਣਾ ਸੁਣਾਇਆ ਹੈ। ਇਸ ਨਿਰਣੇ ਪਿੱਛੇ ਤਰਕ ਇਹ ਹੈ ਕਿ ਇਸ ਐਕਟ ਦੀ ਬੀਤੇ ਕੁੱਝ ਸਾਲਾਂ ਤੋਂ ਦੁਰਵਰਤੋਂ ਹੋ ਰਹੀ ਹੈ। ਇਸ ਐਕਟ ਦੇ ਦੁਰਵਰਤੋਂ ਦੇ ਅੰਕੜੇ ਵੀ ਉਪਲੱਬਧ ਹਨ। ਇਸ ਸਬੰਧੀ ਉਚ ਅਦਾਲਤ ਦੇ ਫੈਸਲੇ ਦੀ ਖ਼ਬਰ ਨਸ਼ਰ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਇਹ ਮਾਹੌਲ ਬਣਾਇਆ ਗਿਆ ਕਿ ਪਛੜੇ ਅਤੇ ਦਲਿਤ ਵਰਗਾਂ ਲਈ ਸੰਵਿਧਾਨ ਵੱਲੋਂ ਦਿੱਤਾ ਗਿਆ ਰਾਖਵਾਂਕਰਨ ਖਤਮ ਕੀਤਾ ਜਾ ਰਿਹਾ ਹੈ। ਇਸ ਅਫਵਾਹ ਨੇ ਅਸਰ ਕੀਤਾ। 2 ਅਪ੍ਰੈਲ ਨੂੰ ਬੇਮਿਸਾਲ ਬੰਦ ਹੋਇਆ। ਇਹ ਗੱਲ ਵੱਖਰੀ ਹੈ ਕਿ ਦਲਿਤ ਅਤੇ ਪੱਛੜੇ ਵਰਗ ਸਦੀਆਂ ਤੋਂ ਪੀੜਤ ਹਨ। ਉਨ੍ਹਾਂ ਦੀ ਇਹ ਪੀੜਾ ਇਸ ਬੰਦ ਦੌਰਾਨ ਵੀ ਪ੍ਰਗਟ ਹੋਈ ਹੈ। ਪਰ ਇਸ ਦੌਰਾਨ ਹੋਈ ਹਿੰਸਾ ਕਾਫੀ ਚਿੰਤਾਜਨਕ ਹੈ। ਹੁਣ ਦੂਜੀਆਂ ਜਾਤਾਂ ਤੇ ਪਾਤਾਂ ਨੂੰ ਇਸ ਦੇ ਮੁਕਾਬਲੇ ਖੜ੍ਹਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। 10 ਅਪ੍ਰੈਲ ਨੂੰ ਫਿਰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਧਰੇ ਨਾ ਕਿਧਰੇ ਰਾਖਵਾਂਕਰਨ ਖਤਮ ਕਰਨ ਦੀ ਮੰਗ ਵੀ ਹੋ ਰਹੀ ਹੈ। ਮਸਲੇ ਦੀ ਬੁਨਿਆਦ ਤੱਕ ਪਹੁੰਚਣ ਲਈ ਕੋਈ ਤਿਆਰ ਨਹੀਂ। ਸਿਆਸੀ ਪਾਰਟੀਆਂ ਦਾ ਇਕ ਹਿੱਸਾ ਇਸ ਤਮਾਸ਼ੇ ਵਿੱਚੋਂ ਆਪੋ-ਆਪਣੀ ਰੋਟੀ ਸੇਕਣ ਦੀ ਤਿਆਰੀ ਵਿੱਚ ਹਨ। ਇਸ ਟਕਰਾਅ ਨੂੰ ਹਵਾ ਦੇਣ ਦੇ ਯਤਨ ਵੀ ਹੋ ਰਹੇ ਹਨ। ਕੋਈ ਇਹ ਨਹੀਂ ਸਮਝ ਰਿਹਾ ਕਿ ਬੁਨਿਆਦੀ ਤੌਰ ’ਤੇ ਰਾਖਵਾਂਕਰਨ ਦੇਸ਼ ਵਿੱਚ ਜਾਤੀ-ਪਾਤੀ ਪ੍ਰਬੰਧ ਕਾਰਨ ਹੋਂਦ ਵਿੱਚ ਨਹੀਂ ਆਇਆ। ਐਸ.ਸੀ.ਐਸ.ਟੀ. ਅਤੇ ਹੋਰ ਵਰਗਾਂ ਨੂੰ ਰਾਖਵਾਂਕਰਨ ਇਸ ਕਰਕੇ ਦਿੱਤਾ ਗਿਆ ਕਿਉਂਕਿ ਦੇਸ਼ ਵਿੱਚ ਨੌਕਰੀਆਂ ਅਤੇ ਮੌਕਿਆਂ ਦੀ ਕਮੀ ਹੈ। ਜੇਕਰ ਸਭ ਲਈ ਨੌਕਰੀਆਂ ਅਤੇ ਮੌਕੇ ਉਪਲੱਬਧ ਹੋਣ ਤਾਂ ਉਹ ਕਿਸੇ ਵੀ ਜਾਤ ਜਾਂ ਪਾਤ ਨੂੰ ਰਾਖਵਾਂਕਰਨ ਦੇਣ ਦੀ ਜ਼ਰੂਰਤ ਹੀ ਨਹੀਂ। ਅਫ਼ਸੋਸ ਤਾਂ ਇਹ ਹੈ ਕਿ 70 ਸਾਲਾਂ ਦੇ ਆਜ਼ਾਦ ਭਾਰਤ ਵਿੱਚ ਸਾਰੇ ਨਾਗਰਿਕਾਂ ਲਈ ਨੌਕਰੀਆਂ, ਰੁਜ਼ਗਾਰ, ਰੋਟੀ ਅਤੇ ਮੌਕਿਆਂ ਦਾ ਪ੍ਰਬੰਧ ਨਹੀਂ ਹੋ ਸਕਿਆ। ਇਸ ਕਾਰਨ ਹੀ ਦੇਸ਼ ਦੇ ਨਾਗਰਿਕ ਰਾਖਵੇਂਕਰਨ ਦੇ ਨਾਮ ਉਪਰ ਲੜ ਰਹੇ ਹਨ। ਕੋਈ ਇਹ ਮੰਗ ਨਹੀਂ ਕਰ ਰਿਹਾ ਕਿ ਸਭ ਲਈ ਰੁਜ਼ਗਾਰ ਅਤੇ ਮੌਕੇ ਪੈਦਾ ਕੀਤੇ ਜਾਣ। ਹਾਕਮਾਂ ਨੂੰ ਵੀ ਇਹੋ ਪਸੰਦ ਹੈ ਕਿ ਲੋਕ ਜਾਤਾਂ-ਪਾਤਾਂ ਦੇ ਅਧਾਰ ਉਪਰ ਲੜਦੇ ਰਹਿਣ ਅਤੇ ਉਨ੍ਹਾਂ ਦੀ ਕੋਈ ਜਵਾਬਦੇਹੀ ਨਾ ਹੋਵੇ। ਇਸ ਸਮੇਂ ਵੀ ਜਾਤਾਂ-ਪਾਤਾਂ ਦਰਮਿਆਨ ਖਾਨਾਜੰਗੀ ਦੀ ਇਕ ਸਾਜਿਸ਼ ਕਾਰਜਸ਼ੀਲ ਹੋ ਚੁੱਕੀ ਹੈ। ਲੋਕਾਂ ਨੂੰ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ। ਮਸਲੇ ਦੀ ਜੜ੍ਹ ਨੂੰ ਸਮਝਿਆ ਜਾਣਾ ਚਾਹੀਦਾ ਹੈ। ਸਾਰੀਆਂ ਜਾਤਾਂ ਅਤੇ ਪਾਤਾਂ ਦੇ ਲੁੱਟੇ-ਪੁੱਟੇ ਲੋਕਾਂ ਨੂੰ ਇਕੱਠੇ ਹੋ ਕੇ ਸਭ ਲਈ ਰੁਜ਼ਗਾਰ, ਸਭ ਲਈ ਮੌਕਿਆਂ ਦੀ ਮੰਗ ਕਰਨੀ ਚਾਹੀਦੀ ਹੈ। ਤਦ ਹੀ ਇਸ ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਨਵਾਂ ਸਵੇਰਾ ਜਨਮ ਲਵੇਗਾ। ਹਨੇਰਿਆਂ ਲਈ ਨਾ ਲੜੋ। ਚਾਨਣ ਲਈ ਲੜੋ। ਆਪਣਿਆਂ ਨਾਲ ਲੜ ਕੇ ਕੁੱਝ ਨਹੀਂ ਮਿਲਣਾ। ਉਨ੍ਹਾਂ ਨਾਲ ਲੜੋ ਜਿਨ੍ਹਾਂ ਨੇ ਤੁਹਾਡੇ ਤੋਂ ਸਭ ਕੁਝ ਖੋਹ ਰੱਖਿਆ ਹੈ।
7 ਅਪ੍ਰੈਲ 2018 – ਬਲਜੀਤ ਸਿੰਘ ਬਰਾੜ