ਪੰਜਾਬ ਵਿਧਾਨ ਸਭਾ ਵਿਚਲੇ 77 ਵਿੱਚੋਂ 69 ਵਿਧਾਇਕ ਰਾਤ ਨੂੰ ਸੌਣ ਤੋਂ ਪਹਿਲਾਂ ਅਰਦਾਸ ਕਰਦੇ ਹਨ ਕਿ ‘‘ਹੇ ਰੱਬਾ, ਮਸਾਂ ਮਸਾਂ ਸਾਡੀ ਸਰਕਾਰ ਬਣੀ ਹੈ ਸਾਡੀ ਕਾਰ ’ਤੇ ਵੀ ਝੰਡੀ ਲਗਵਾ ਦੇ ਅਤੇ ਕਾਰ ਦੀ ਨੰਬਰ ਪਲੇਟ ’ਤੇ ਸ਼ੇਰ ਦਾ ਮੂੰਹ ਵਿਖਾਦੇ।’’ ਇਨ੍ਹਾਂ 69 ਵਿੱਚੋਂ 15 ਤਾਂ ਅਜਿਹੇ ਹਨ ਜੋ ਰੋਜ਼ਾਨਾ ਮੰਤਰੀ ਪੱਦ ਦੀ ਸਹੁੰ ਚੁੱਕਣ ਦਾ ਅਭਿਆਸ ਕਰਦੇ ਹਨ ਅਤੇ ਬਹੁਤਿਆਂ ਨੇ ਤਾਂ ਨਵੇਂ ਲੀੜੇ ਵੀ ਸਵਾ ਰੱਖੇ ਹਨ। ਇਹ ਸਾਰੇ ਵਿਧਾਇਕ ਸੁਪਨੇ ਲੈਂਦੇ ਹਨ ਅਤੇ ਇਨ੍ਹਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਅਜੇ ਹੋਰ ਵਕਤ ਲੱਗਣ ਦੀ ਸੰਭਾਵਨਾ ਹੈ। ਇਨ੍ਹਾਂ 15 ਵਿਚੋਂ ਦਾਅ ਤਾਂ 9 ਦਾ ਹੀ ਲੱਗਣਾ ਹੈ। ਬਾਕੀ ਸੁਪਨੇ ਲੈਣ ਵਿੱਚ ਹਰਜ਼ ਵੀ ਕੀ ਹੈ ਅਤੇ ਸੁਪਨੇ ਲੈਣ ਦਾ ਹੱਕ ਤਾਂ ਸਭ ਨੂੰ ਹੈ। ਹਾਂ, ਇਕ ਗੱਲ ਸਪੱਸ਼ਟ ਹੈ ਕਿ ਇਨ੍ਹਾਂ ਵਿਧਾਇਕਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਵਾਲੇ ਦੋ ਹੀ ਵਿਅਕਤੀ ਹਨ, ਇਕ ਰਾਹੁਲ ਗਾਂਧੀ ਅਤੇ ਦੂਜੇ ਕੈਪਟਨ ਅਮਰਿੰਦਰ ਸਿੰਘ। ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀਂ ਦੋਵਾਂ ਦੀ ਇਸ ਮੁੱਦੇ ਨੂੰ ਲੈ ਕੇ ਮੁਲਾਕਾਤ ਹੋ ਚੁੱਕੀ ਹੈ। ਇਹ ਮੀਟਿੰਗ ਇੰਨੀ ਕੁ ਗੁਪਤ ਰੱਖੀ ਗਈ, ਜਿਸ ਬਾਰੇ ਨਾ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੂੰ ਕੁੱਝ ਦੱਸਿਆ ਗਿਆ ਅਤੇ ਨਾ ਹੀ ਪੰਜਾਬ ਮਾਮਲਿਆਂ ਦੀ ਇੰਚਾਰਜ ਸ਼੍ਰੀਮਤੀ ਆਸ਼ਾ ਕੁਮਾਰੀ ਨੂੰ। ਇਹ ਵੀ ਕਿਆਸ ਅਰਾਈਆਂ ਹਨ ਕਿ ਕੁੱਝ ਨਾਵਾਂ ’ਤੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਇਕਮੱਤ ਨਹੀਂ ਹਨ। ਸ਼ਾਇਦ ਇਸੇ ਕਾਰਨ ਇਸ ਵਜਾਰਤੀ ਵਾਧੇ ਲਈ ਸਮਾਗਮ ਦੀ ਮਿਤੀ ਤਹਿ ਨਹੀਂ ਕੀਤੀ ਜਾ ਸਕੀ।
ਉਂਜ ਇਸ ਮੀਟਿੰਗ ਤੋਂ ਬਾਅਦ ਕੁਝ ਨਾਂ ਉਭਰਕੇ ਸਾਹਮਣੇ ਆਏ ਹਨ ਜਿਨ੍ਹਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਇਨ੍ਹਾਂ ਨੂੰ ਝੰਡੀ ਵਾਲੀ ਕਾਰ ਮਿਲਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚੋਂ ਇਕ ਨਾਮ ਰਾਜ ਕੁਮਾਰ ਵੇਰਕਾ ਦਾ ਹੈ। ਰਾਜ ਕੁਮਾਰ ਵੇਰਕਾ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲ ਕਾਸਟਸ ਦੇ ਵਾਇਸ ਚੇਅਰਮੈਨ ਰਹੇ ਹਨ ਅਤੇ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਹਨ। ਇਕ ਹੋਰ ਦਲਿਤ ਨੇਤਾ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਕਾਰਨ ਰਾਜ ਕੁਮਾਰ ਵੇਰਕਾ ਦਾ ਨਾਮ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹੈ। ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੰਤਰੀ ਮੰਡਲ ਵਿੱਚ ਥਾਂ ਬਣਾ ਸਕਦੇ ਹਨ। ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਦੀ ਚੋਣ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਦੱਸੀ ਜਾਂਦੀ ਹੈ। 40 ਵਰ੍ਹਿਆਂ ਦੇ ਰਾਜਾ ਵੜਿੰਗ ਦੀ ਵਿਧਾਇਕ ਵਜੋਂ ਇਹ ਦੂਜੀ ਪਾਰੀ ਹੈ। ਡੇਰਾ ਬਾਬਾ ਨਾਨਕ ਦੇ ਐਮ.ਐਲ.ਏ. ਸੁਖਜਿੰਦਰ ਸਿੰਘ ਰੰਧਾਵਾ ਦੀ ਕਾਰ ’ਤੇ ਵੀ ਝੰਡੀ ਲੱਗਣ ਦੀ ਸੰਭਾਵਨਾ ਹੈ। 2002 ਵਿੱਚ ਸੁੱਖ ਰੰਧਾਵਾ ਫਤਿਹਪੁਰ ਹਲਕੇ ਤੋਂ ਜਿੱਤੇ ਸਨ। 2012 ਵਿੱਚ ਨਵੇਂ ਬਣੇ ਵਿਧਾਨ ਸਭਾ ਹਲਕੇ ਡੇਰਾ ਬਾਬਾ ਨਾਨਕ ਤੋਂ ਜਿੱਤੇ ਅਤੇ 2017 ਵਿੱਚ ਵੀ ਉਹ ਡੇਰਾ ਬਾਬਾ ਨਾਨਕ ਤੋਂ ਜਿੱਤਕੇ ਅਸੰਬਲੀ ਵਿੱਚ ਪਹੁੰਚੇ। ਕੈਪਟਨ ਅਮਰਿੰਦਰ ਸਿੰਘ ਸੁੱਖ ਰੰਧਾਵਾ ’ਤੇ ਵਿਸ਼ਵਾਸ ਕਰ ਸਕਦੇ ਹਨ। ਸੀਨੀਅਰ ਕਾਂਗਰਸੀ ਨੇਤਾ ਅਤੇ ਗੁਰੂ ਹਰਸਹਾਇ ਤੋਂ ਵਿਧਾਇਕ ਗੁਰਮੀਤ ਸਿੰਘ ਰਾਣਾ ਸੋਢੀ ਵੀ ਮੰਤਰੀ ਮੰਡਲ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਸਕਦੇ ਹਨ।
ਕਾਂਗਰਸ ਨੇਤਾ ਸੰਤ ਰਾਮ ਸਿੰਗਲਾ ਦੇ ਸਪੁੱਤਰ ਵਿਜੇਇੰਦਰ ਸਿੰਗਲਾ ਜੋ ਸੰਗਰੂਰ ਤੋਂ ਵਿਧਾਇਕ ਹਨ ਵੀ ਕੈਬਨਿਟ ਰੈਂਕ ਲੈ ਸਕਦੇ ਹਨ। ਵਿਜੇਇੰਦਰ ਸਿੰਗਲਾ 2009 ਵਿੱਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਵੀ ਰਹੇ ਹਨ ਅਤੇ ਕਾਂਗਰਸ ਹਾਈ ਕਮਾਂਡ ਵਿੱਚ ਚੰਗਾ ਪ੍ਰਭਾਵ ਰੱਖਦੇ ਹਨ। ਵਿਜੇਇੰਦਰ ਦੇ ਨਾਮ ’ਤੇ ਕੈਪਟਨ ਅਤੇ ਰਾਹੁਲ ਗਾਂਧੀ ਦੋਵਾਂ ਵਿੱਚ ਸਹਿਮਤੀ ਹੋ ਸਕਦੀ ਹੈ। ਉੜਮੁੜ ਟਾਂਡਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਬਣੇ ਸੰਗਤ ਸਿੰਘ ਗਿਲਜੀਆਂ ਐਮ.ਐਲ.ਏ., ਦਾ ਨਾਮ ਵੀ ਉ¤ਭਰ ਕੇ ਸਾਹਮਣੇ ਆ ਰਿਹਾ ਹੈ। ਮੁਹਾਲੀ ਤੋਂ ਐਮ.ਐਲ.ਏ. ਬਲਵੀਰ ਸਿੰਘ ਸਿੱਧੂ ਨੂੰ ਪੂਰਨ ਆਸ ਹੈ ਕਿ ਇਸ ਵਾਰ ਉਸ ਦੀਆਂ ਆਸਾਂ ਨੂੰ ਬੂਰ ਪਵੇਗਾ। ਕੈਪਟਨ ਸਾਹਿਬ ਦੀ ਨੇੜਤਾ ਦਾ ਕੋਈ ਤਾਂ ਫਾਇਦਾ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਨਾਭਾ ਤੋਂ ਐ¤ਮ.ਐ¤ਲ. ਏ ਰਹੇ ਰਣਦੀਪ ਸਿੰਘ ਜੋ ਕਿ ਅੱਜ ਕੱਲ੍ਹ ਅਮਲੋਹ ਤੋਂ ਵਿਧਾਇਕ ਹਨ, ਪੂਰੀ ਆਸ ਲਾਈ ਬੈਠੇ ਹਨ ਕਿ ਉਨ੍ਹਾਂ ਦਾ ਨਾਮ ਮੰਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੋਵੇਗਾ। ਜਿਵੇਂ ਕਿ ਸ਼ੁਰੂ ਵਿੱਚ ਦੱਸਿਆ ਗਿਆ ਹੈ ਆਸ ਰੱਖਣ ਵਿੱਚ ਕੋਈ ਹਰਜ਼ ਨਹੀਂ ਅਤੇ ਹਰ ਇਕ ਦਾ ਹੱਕ ਹੈ ਕਿ ਆਸ ਦਾ ਦੀਵਾ ਜਗਾਈ ਰੱਖੇ। ਬਾਕੀ ਇਸ ਦੀਵੇ ਵਿੱਚ ਤੇਲ ਪਾਉਣ ਦਾ ਕੰਮ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਦੀ ਅਗਲੀ ਮੀਟਿੰਗ ਤੋਂ ਬਾਅਦ ਹੋਵੇਗਾ ਜਿਸ ਦੀ ਸੰਭਾਵਨਾ ਹੈ ਕਿ 15 ਅਪ੍ਰੈਲ ਦੇ ਲਾਗੇ ਹੋਵੇਗੀ ਅਤੇ ਮੰਤਰੀ ਮੰਡਲ ਦੇ ਵਿਸਥਾਰ ਨੂੰ ਅੰਤਮ ਰੂਪ ਦੇ ਦਿੱਤਾ ਜਾਵੇਗਾ। ਤਦੋਂ ਤੱਕ ਕਿਆਸ ਅਰਾਈਆਂ ਦਾ ਬਾਜ਼ਾਰ ਗਰਮ ਰਹੇਗਾ।