ਸ਼ੋਰ ਪ੍ਰਦੂਸ਼ਣ ਰੋਕਣ ਲਈ ਸਾਰੀਆਂ ਸਿਆਸੀ ਧਿਰਾਂ ਆਮ ਸਹਿਮਤੀ ਨਾਲ ਕਦਮ ਚੁੱਕਣ

ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਤੇ ਆਪ ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਸ਼੍ਰੀ ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਵਿੱਚ ਇਕ ਧਿਆਨ ਦਿਵਾਓ ਮਤੇ ਰਾਹੀਂ ਬਹੁਤ ਮਹੱਤਵਪੂਰਨ ਮੁੱਦੇ ਵੱਲ ਧਿਆਨ ਦਿਵਾਇਆ ਹੈ। ਸ਼੍ਰੀ ਅਮਨ ਅਰੋੜਾ ਨੇ ਲਾਊਡ ਸਪੀਕਰਾਂ ਰਾਹੀਂ ਹੋ ਰਹੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਦਾ ਸੁਝਾਊ ਦਿੱਤਾ ਹੈ। ਸ਼੍ਰੀ ਅਰੋੜਾ ਵੱਲੋਂ ਪੇਸ਼ ਮਤੇ ’ਤੇ ਦਖਲ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮੁੱਦਾ ਬਹੁਤ ਗੰਭੀਰ ਹੈ, ਜਿਸ ’ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰੇ ਦੀ ਲੋੜ ਹੈ। ਮੁੱਖ ਮੰਤਰੀ ਨੇ ਮੰਨਿਆ ਕਿ ਇਸ ਸਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦਾ ਬਹੁਤ ਜ਼ਿਆਦਾ ਜਨਤਕ ਗੰਭੀਰਤਾ ਵਾਲਾ ਹੈ ਅਤੇ ਇਹ ਲੋਕਾਂ ਦੇ ਜੀਵਨ ਨਾਲ ਖੇਡਦਾ ਹੈ। ਸ਼ੋਰ ਪ੍ਰਦੂਸ਼ਣ ਦੇ ਪੈ ਰਹੇ ਮਾੜੇ ਪ੍ਰਭਾਵ ਸੱਚ-ਮੁੱਚ ਚਿੰਤਾ ਦਾ ਵਿਸ਼ਾ ਹਨ। ਸਮਾਜਿਕ ਸਮਾਗਮਾਂ ਵਿੱਚ ਡੀ.ਜੀ. ਵਗੈਰਾ ਨਾਲ ਨਿਯਮਾਂ ਦੀ ਖਾਸ ਤੌਰ ’ਤੇ ਉਲੰਘਣਾ ਹੁੰਦੀ ਹੈ। ਜਿਸ ਨਾਲ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੁੱਖ ਮੰਤਰੀ ਨੇ ਸ਼੍ਰੀ ਅਰੋੜਾ ਵੱਲੋਂ ਪੇਸ਼ ਇਸ ਧਿਆਨ ਦਿਵਾਉ ਮਤੇ ਦਾ ਜਵਾਬ ਦੇ ਦੇਣ ਲਈ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਡਿਊਟੀ ਲਗਾਈ ਸੀ। ਇਸ ਤੋਂ ਪਹਿਲਾਂ ਕਿ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਸ ਮੁੱਦੇ ’ਤੇ ਬੋਲਦੇ, ਸਥਾਨਕ ਸਰਕਾਰਾਂ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਬੋਲ ਪਏ। ਸ. ਸਿੱਧੂ ਨੇ ਮੁੱਦੇ ਦੀ ਗੰਭੀਰਤਾ ਵੱਲ ਧਿਆਨ ਦਿਵਾਉਂਦੇ ਹੋਏ ਸਰਬ ਪਾਰਟੀ ਮੀਟਿੰਗ ਸੱਦਣ ਦੀ ਮੰਗ ਕਰ ਦਿੱਤੀ। ਮੁੱਖ ਮੰਤਰੀ ਨੇ ਸ. ਸਿੱਧੂ ਨਾਲ ਸਹਿਮਤ ਹੁੰਦੇ ਹੋਏ ਸਰਬ ਪਾਰਟੀ ਮੀਟਿੰਗ ਸੱਦਣ ਦਾ ਫੈਸਲਾ ਕਰ ਲਿਆ। ਕੈਪਟਨ ਸਾਹਿਬ ਦਾ ਕਹਿਣਾ ਸੀ ਕਿ ਸਰਕਾਰ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੈਂਬਰਾਂ ਤੋਂ ਰਾਇ ਲੈ ਕੇ ਆਮ ਸਹਿਮਤੀ ਪੈਦਾ ਕਰਨ ਦੀ ਕੋਸ਼ਿਸ਼ ਕਰੇਗੀ।
ਸੱਚ-ਮੁੱਚ ਇਸ ਮੁੱਦੇ ’ਤੇ ਆਮ ਸਹਿਮਤੀ ਪੈਦਾ ਕਰਨ ਦੀ ਜ਼ਰੂਰਤ ਹੈ। ਅੱਜ ਦਾ ਮਨੁੱਖ ਸ਼ੋਰ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਹੈ। ਮਨੁੱਖ ਨੂੰ ਇਕੱਲਤਾ ਮਿਲ ਰਹੀ ਹੈ ਪਰ ਇਕਾਂਤ ਨਹੀਂ। ਇਕਾਂਤ ਸਾਡਾ ਨਸੀਬ ਸੀ ਇਕੱਲਤਾ ਸਾਡੀ ਮਜ਼ਬੂਰੀ। ਅੱਜ ਦਾ ਮਨੁੱਖ ਸ਼ੋਰ ਦਾ ਸ਼ਿਕਾਰ ਹੈ। ਜ਼ਿੰਦਗੀ ਦਾ ਸਾਰਾ ਸਫਰ ਸੋਚ ਵਿਚਾਰ ਤੋਂ ਬਿਨਾਂ ਗੁਜ਼ਰਦਾ ਜਾ ਰਿਹਾ ਹੈ। ਮਨੁੱਖ ਹਾਰਾਂ ਹੀ ਹਾਰਾਂ ਝੱਲ ਰਿਹਾ ਹੈ। ਪੈਸਾ, ਸ਼ੋਹਰਤ ਅਤੇ ਸ਼ਕਤੀ ਦੀ ਦੌੜ ਵਿੱਚ ਵਿਸ਼ਵਾਸ ਤਿੜਕ ਰਹੇ, ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਸਿਆਸਤ ਨੇ ਰੱਬ ਨੂੰ ਹਾਈਜੈਕ ਕਰ ਲਿਆ ਹੈ। ਸਿਆਸਤ ਵਾਲਾ ਸ਼ੋਰ ਹੁਣ ਧਰਮ ਦਾ ਨਸੀਬ ਬਣ ਗਿਆ ਹੈ। ਧਰਮ ਘਰਾਂ ਵਿੱਚ ਸ਼ੋਰ ਹੀ ਸ਼ੋਰ ਸੁਣਾਈ ਦਿੰਦਾ ਹੈ। ਸ਼ਾਂਤੀ ਦੀ ਖੋਜ ਵੀ ਸ਼ੋਰ ਨਾਲ ਹੋ ਰਹੀ ਹੈ। ਧਾਰਮਿਕ ਚੈਨਲ ਵੀ ਧਾਰਮਿਕ ਸਥਾਨਾਂ ਵਾਂਗ ਉਚੀ ਸੁਰ ਵਿੱਚ ਸ਼ਾਂਤੀ ਭਾਲ ਰਹੇ ਹਨ। ਧਰਮ ਦੇ ਨਾਮ ’ਤੇ ਹੋ ਰਹੇ ਸ਼ੋਰ ਬਾਰੇ ਬੋਲਣ ਤੋਂ ਸਾਰੇ ਡਰਦੇ ਹਨ। ਡਰ ਏਨਾ ਜ਼ਿਆਦਾ ਹੁੰਦਾ ਹੈ ਕਿ ਕਾਨੂੰਨ ਲਾਗੂ ਕਰਨ ਵਾਲੇ ਵੀ ਇਸ ਪਾਸਿਓਂ ਅੱਖਾਂ ਅਤੇ ਕੰਨਾਂ ਨੂੰ ਬੰਦ ਕਰ ਲੈਂਦੇ ਹਨ। ਨਤੀਜੇ ਵਜੋਂ ਸ਼ੋਰ ਵੱਧ ਰਿਹਾ ਹੈ। ਇਸ ਸ਼ੋਰ ਪ੍ਰਦੂਸ਼ਣ ਵਿੱਚ ਸਾਰੇ ਪਿਸ ਰਹੇ ਹਨ, ਬੱਚੇ, ਬੁੱਢੇ ਅਤੇ ਜਵਾਨ, ਵਿਦਿਆਰਥੀ ਅਤੇ ਬੀਮਾਰ ਤਾਂ ਬੁਰੀ ਤਰ੍ਹਾਂ ਇਸ ਸ਼ੋਰ ਦਾ ਸ਼ਿਕਾਰ ਬਣਦੇ ਹਨ। ਸਾਰੀ ਸਾਰੀ ਰਾਤ ਪਤਾ ਨਹੀਂ ਅਸੀਂ ਕਿਸ ਰੱਬ ਨੂੰ ਖੁਸ਼ ਕਰਨ ਲੱਗੇ ਰਹਿੰਦੇ ਹਾਂ ਜਦੋਂ ਕਿ ਬੀਮਾਰ ਨੂੰ ਆਰਾਮ ਦੀ ਲੋੜ ਹੁੰਦੀ ਹੈ ਅਤੇ ਵਿਦਿਆਰਥੀਆਂ ਨੂੰ ਪੇਪਰਾਂ ਦੀ ਤਿਆਰੀ ਲਈ ਸ਼ਾਂਤੀ ਦੀ।
ਧਾਰਮਿਕ ਸਮਾਗਮ ਵਿੱਚ ਵੱਧ ਰਹੇ ਸ਼ੋਰ ਤੋਂ ਇਲਾਵਾ ਸਮਾਜਿਕ ਸਮਾਗਮਾਂ ਨੇ ਤਾਂ ਅੱਤ ਕਰ ਦਿੱਤੀ ਹੈ। ਡੀਜੇ ਦੀਆਂ ਉਚੀਆਂ ਅਵਾਜ਼ਾਂ ਕੰਨਾਂ ਨੂੰ ਪਾੜ ਦਿੰਦੀਆਂ ਹਨ। ਵਿਆਹ ਸ਼ਾਦੀਆਂ ਦੇ ਸਮਾਗਮਾਂ ਵਿੱਚ ਸ਼ੋਰ ਪ੍ਰਦੂਸ਼ਣ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਸੱਚਮੁੱਚ ਸ਼੍ਰੀ ਅਰੋੜਾ ਇਸ ਗੰਭੀਰ ਮੁੱਦੇ ਵੱਲ ਧਿਆਨ ਦਿਵਾਉਣ ਲਈ ਪ੍ਰਸੰਸਾ ਦਾ ਹੱਕਦਾਰ ਹੈ। ਆਸ ਹੈ ਕਿ ਇਸ ਗੰਭੀਰ ਮੁੱਦੇ ’ਤੇ ਸਾਰੀਆਂ ਸਿਆਸੀ ਧਿਰਾਂ ਸਿਆਸਤ ਤੋਂ ਉਪਰ ਉਠਕੇ ਆਮ ਸਹਿਮਤੀ ਨਾਲ ਇਸ ਸ਼ੋਰ ਨੂੰ ਠੱਲ੍ਹ ਪਾਉਣ ਲਈ ਉਚਿਤ ਕਦਮ ਚੁੱਕਣ ਲਈ ਤਿਆਰ ਹੋਣਗੀਆਂ।

Send this to a friend