ਪੰਜਾਬ ਇਸ ਸਮੇਂ ਔਖੇ ਆਰਥਿਕ ਹਾਲਾਤਾਂ ’ਚੋਂ ਗੁਜ਼ਰ ਰਿਹਾ ਹੈ। ਇੱਕ ਪਾਸੇ ਪੰਜਾਬ ਸਿਰ ਵੱਡਾ ਕਰਜ਼ਾ ਚੜ੍ਹਿਆ ਹੋਇਆ ਹੈ, ਦੂਸਰੇ ਪਾਸੇ ਖੇਤੀ, ਵਪਾਰ ਅਤੇ ਉਦਯੋਗ ਮੰਦਵਾੜੇ ਦਾ ਸ਼ਿਕਾਰ ਹੈ। ਬੇਰੁਜ਼ਗਾਰੀ ਨੇ ਨੌਜਵਾਨਾਂ ਨੂੰ ਦਿਸ਼ਾਹੀਣ ਕੀਤਾ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਯੋਗ ਮਾਲੀ ਮਦਦ ਨਹੀਂ ਦੇ ਰਿਹਾ। ਪੰਜਾਬ ਦੇ ਕਿਸਾਨ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਅਜਿਹੇ ਸਮੇਂ ਪੰਜਾਬ ਦੇ ਕਿਸੇ ਵੀ ਵਰਗ ਉਪਰ ਹੋਰ ਟੈਕਸ ਨਹੀਂ ਲਾਏ ਜਾ ਸਕਦੇ ਸਨ। ਜਿਹੜੇ ਵਰਗਾਂ ਨੂੰ ਪਹਿਲਾਂ ਤੋਂ ਰਾਹਤਾਂ ਮਿਲ ਰਹੀਆਂ ਹਨ ਉਨ੍ਹਾਂ ਨੂੰ ਬੰਦ ਕਰਨਾ ਵੀ ਬੇਹੱਦ ਔਖਾ ਹੈ। ਅਜਿਹੇ ਹਾਲਾਤਾਂ ਵਿੱਚ ਪੰਜਾਬ ਦੀ ਆਰਥਿਕ ਬਹਾਲੀ ਲਈ ਬਹੁਤ ਸੀਮਤ ਰਸਤੇ ਬਚੇ ਹਨ। ਕੇਂਦਰ ਵੱਲ ਦੇਖੇ ਤੋਂ ਬਿਨਾ ਪੰਜਾਬ ਨੇ ਆਪਣੇ ਬਲਬੂਤੇ ਹੀ ਸਾਰੇ ਬੋਝ ਉਠਾਉਣੇ ਹਨ। ਅਜਿਹੀਆਂ ਕਠਿਨ ਹਾਲਾਤਾਂ ਵਿੱਚ ਪੰਜਾਬ ਲਈ ਇੱਕ ਸੰਤੁਲਤ ਅਤੇ ਨਰੋਆ ਬਜਟ ਬਣਾਉਣਾ ਅਤੇ ਪੇਸ਼ ਕਰਨਾ ਬੇਹੱਦ ਔਖਾ ਕਾਰਜ ਸੀ। ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਇਨ੍ਹਾਂ ਵੱਡੀਆਂ ਚੁਣੌਤੀਆਂ ਦੇ ਸਨਮੁਖ ਇੱਕ ਬੇਹਤਰੀਨ ਅਤੇ ਪ੍ਰਭਾਵਸ਼ਾਲੀ ਬਜਟ ਪੇਸ਼ ਕੀਤਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੇ ਬਜਟ ਨੂੰ ਹੁਕਮਰਾਨ ਪਾਰਟੀ ਦੇ ਸਿਆਸੀ ਅਤੇ ਚੋਣ ਹਿੱਤਾਂ ਨਾਲ ਨਹੀਂ ਜੋੜਿਆ। ਬਜਟ ਵਿੱਚ ਪੰਜਾਬ ਦੇ ਹਿੱਤਾਂ ਨੂੰ ਹੀ ਸਾਹਮਣੇ ਰੱਖਿਆ ਗਿਆ ਹੈ। ਇੱਕ ਔਖੇ ਰਾਹ ’ਤੇ ਤੁਰਦਿਆਂ ਵਿੱਤ ਮੰਤਰੀ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਨੂੰ ਹੌਲੀ-ਹੌਲੀ ਮੌਜੂਦਾ ਵਿੱਤੀ ਸੰਕਟ ਵਿੱਚੋਂ ਉਭਾਰਿਆ ਜਾਵੇ। ਇਸ ਦੌਰਾਨ ਪੰਜਾਬ ਦੇ ਲੋਕਾਂ ਉਪਰ ਕੋਈ ਹੋਰ ਬੋਝ ਨਾ ਲੱਦਿਆ ਜਾਵੇ। ਪੰਜਾਬ ਦੀ ਖੇਤੀ ਨੂੰ ਮੁੜ ਲਾਹੇਵੰਦ ਬਣਾਇਆ ਜਾਵੇ। ਪੰਜਾਬ ਦੇ ਕਿਸਾਨਾਂ ਨੂੰ ਖੁਦਕੁਸ਼ੀਆਂ ਤੋਂ ਰੋਕਿਆ ਜਾਵੇ। ਪੰਜਾਬ ਦੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ। ਪੰਜਾਬ ਦੇ ਉਦਯੋਗ ਅਤੇ ਵਪਾਰ ਨੂੰ ਮੁੜ ਪੈਰਾਂ ਸਿਰ ਖੜ੍ਹੇ ਹੋਣ ਦਾ ਮੌਕਾ ਦਿੱਤਾ ਜਾਵੇ। ਸਮਾਜਿਕ ਖੇਤਰ ਦੀ ਰਫਤਾਰ ਜਿਉਂ ਦਾ ਤਿਉਂ ਰੱਖੀ ਜਾਵੇ। ਸਿੱਖਿਆ ਦੇ ਖੇਤਰ ਨੂੰ ਵੀ ਅਣਗੌਲਿਆਂ ਨਾ ਕੀਤਾ ਜਾਵੇ। ਵਿਕਾਸ ਸਰਗਰਮੀਆਂ ਵੀ ਜਾਰੀ ਰਹਿਣ। ਸਰਕਾਰ ਉਪਰ ਚੜ੍ਹੇ ਕਰਜ਼ੇ ਨੂੰ ਵੀ ਘਟਾਇਆ ਜਾਵੇ। ਕੋਈ ਅਜਿਹਾ ਕਾਰਜ ਨਾ ਕੀਤਾ ਜਾਵੇ ਜਿਸ ਨਾਲ ਪੰਜਾਬ ਉਤੇ ਕਰਜ਼ੇ ਦਾ ਬੋਝ ਹੋਰ ਵਧੇ। ਇਸ ਬਜਟ ਵਿੱਚ ਸ. ਮਨਪ੍ਰੀਤ ਸਿੰਘ ਬਾਦਲ ਨੇ ਇਹ ਸਭ ਕੁਝ ਕੀਤਾ ਹੈ। ਉਹ ਇਸ ਗੱਲ ਤੋਂ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਔਖੇ ਰਾਹ ’ਤੇ ਚੱਲ ਕੇ ਵੀ ਪੰਜਾਬ ਵਾਸੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਆਮ ਲੋਕਾਂ ਉਪਰ ਕੋਈ ਵੱਡਾ ਟੈਕਸ ਨਹੀਂ ਲੱਦਿਆ ਗਿਆ। ਖੇਤੀ ਕਰਜ਼ਿਆਂ ਦੀ ਮੁਆਫੀ ਲਈ ਇੱਕ ਵੱਡੀ ਰਕਮ ਰੱਖੀ ਗਈ ਹੈ। ਉਨ੍ਹਾਂ ਨੇ ਕਿਸੇ ਵੀ ਵਰਗ ਵਿਸ਼ੇਸ਼ ਨੂੰ ਸਿਰਫ ਵੋਟਾਂ ਸਾਹਮਣੇ ਰੱਖ ਕੇ ਕੋਈ ਰਾਹਤ ਜਾਂ ਛੋਟ ਨਹੀਂ ਦਿੱਤੀ। ਇਸ ਗੱਲ ਲਈ ਸ. ਮਨਪ੍ਰੀਤ ਸਿੰਘ ਬਾਦਲ ਵਧਾਈ ਦੇ ਪਾਤਰ ਹਨ। ਇਹ ਵੀ ਚੰਗੀ ਗੱਲ ਹੈ ਕਿ ਵਿਤ ਮੰਤਰੀ ਨੇ ਪਹਿਲੀ ਵਾਰ ‘ਪੈਨ ਡਰਾਈਵ’ ਰਾਹੀਂ ‘ਪੇਪਰਲੈਸ’ ਬਜਟ ਪੇਸ਼ ਕੀਤਾ ਹੈ। ਇਸ ਨਾਲ ਸਰਕਾਰ ਦੇ ਪ੍ਰਿਟਿੰਗ ਅਤੇ ਕਾਗਜ਼ ਉਪਰ ਖਰਚ ਹੋਣ ਵਾਲੇ 48 ਲਖ ਰੁਪਏ ਦੇ ਕਰੀਬ ਬਚਾਏ ਹਨ। ਅਜਿਹਾ ਬਜਟ ਪੇਸ਼ ਕਰਨ ਵਾਲਾ ਪੰਜਾਬ, ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ। ਨਵੇਂ ਬਜਟ ਤੋਂ ਇਹ ਵੀ ਉਮੀਦ ਜਾਗੀ ਹੈ ਕਿ ਜਿਵੇਂ ਪਿਛਲੇ ਇੱਕ ਸਾਲ ਵਿੱਚ ਪੰਜਾਬ ਸਿਰ ਚੜ੍ਹਿਆ ਕਰਜ਼ਾ ਘਟਿਆ ਹੈ ਅਤੇ ਆਉਣ ਵਾਲੇ ਦੋ ਸਾਲਾਂ ਵਿੱਚ ਪੰਜਾਬ ਸਿਰ ਚੜ੍ਹਿਆ ਸਾਰਾ ਕਰਜ਼ਾ ਪੂਰੀ ਤਰ੍ਹਾਂ ਉਤਰ ਜਾਵੇਗਾ। ਪੰਜਾਬ ਵਿੱਚ ਆਰਥਿਕ ਸਰਗਰਮੀਆਂ ਨੂੰ ਵਧਾਉਣ ਲਈ ਵੀ ਵਿੱਤ ਮੰਤਰੀ ਨੇ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ਨਾਲ ਪੰਜਾਬ ਦੀ ਆਮਦਨ ਵਧੇਗੀ। ਆਮਦਨ ਵਧਣ ਨਾਲ ਹੀ ਪੰਜਾਬ ਵਿੱਚ ਖੁਸ਼ਹਾਲੀ ਆਵੇਗੀ। ਪੰਜਾਬ ਨੂੰ ਮੁੜ ਪਹਿਲਾਂ ਵਾਲੀ ਹਾਲਤ ਵਿੱਚ ਲਿਆਉਣ ਲਈ ਇੱਕ ਸਾਲ ਦਾ ਸਮਾਂ ਬਹੁਤ ਥੋੜਾ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਵਿੱਤ ਮੰਤਰੀ ਦੀ ਆਰਥਿਕ ਅਗਵਾਈ ਹੇਠ ਆਉਣ ਵਾਲੇ ਦੋ ਸਾਲਾਂ ਵਿੱਚ ਪੰਜਾਬ ਪੂਰੀ ਤਰ੍ਹਾਂ ਆਰਥਿਕ ਖੁਸ਼ਹਾਲੀ ਦੇ ਰਾਹ ਤੁਰ ਪਵੇਗਾ। ਰਵਾਇਤੀ ਤੌਰ ’ਤੇ ਹਰ ਬਜਟ ਦੀ ਅਲੋਚਨਾ ਹੁੰਦੀ ਹੈ। ਅਜਿਹੀ ਸੰਭਾਵਨਾ ਹਰ ਸਮੇਂ ਕਾਇਮ ਰਹਿੰਦੀ ਹੈ। ਵਿਰੋਧੀ ਧਿਰ ਦੀ ਅਲੋਚਨਾ ਨੂੰ ਇਸ ਨਜ਼ਰੀਏ ਤੋਂ ਵੀ ਦੇਖਿਆ ਜਾ ਸਕਦਾ ਹੈ। ਕੁੱਲ ਮਿਲਾ ਕੇ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਗਿਆ 2018-19 ਦਾ ਪੰਜਾਬ ਬਜਟ ਇੱਕ ਚੰਗੀ ਕੋਸ਼ਿਸ਼ ਹੈ। ਇਸ ਕੋਸ਼ਿਸ਼ ਦੇ ਜ਼ਰੂਰ ਬਿਹਤਰ ਤਰੀਕੇ ਨਿਕਲਣਗੇ।
-ਬਲਜੀਤ ਸਿੰਘ ਬਰਾੜ