ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਨਵੇਂ ਮੰਤਰੀ ਮੰਡਲ ਵਿਚ ਪੰਜਾਬ ਦੇ ਮਜ੍ਹਬੀ ਸਿੱਖ/ਵਾਲਮੀਕਿ ਭਾਈਚਾਰੇ ਦੀ ਪ੍ਰਤੀਨਿਧਤਾ ਕਰਨ ਵਾਲੇ ਕਾਂਗਰਸੀ ਵਿਧਾਇਕ ਨੂੰ ਬਤੌਰ ਕੈਬਨਿਟ ਮੰਤਰੀ ਬਣਾਏ ਜਾਣ ਦੀ ਮੰਗ ਨੇ ਪੰਜਾਬ ਅੰਦਰ ਪੂਰਾ ਜੋਰ ਫੜ ਲਿਆ ਹੈ।ਮੰਗ ਜਾਇਜ਼ ਵੀ ਹੈ ਕਿਉਂਕਿ ਸਮੁੱਚੇ ਭਾਈਚਾਰੇ ਨੇ ਪੰਜਾਬ ਵਿਚ ਕਾਂਗਰਸ ਸਰਕਾਰ ਲਿਆਉਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ। ਜਿਸ ਤੋਂ ਬਾਅਦ ਕਾਂਗਰਸ ਪਾਰਟੀ ਸੂਬੇ ਵਿਚ ਸਰਕਾਰ ਬਣਾਉਣ ਵਿਚ ਕਾਮਯਾਬ ਹੋਈ। ਪੰਜਾਬ ਦੇ ਸਮੁੱਚੇ ਮਜ੍ਹਬੀ ਸਿੱਖ/ਵਾਲਮੀਕਿ ਭਾਈਚਾਰੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਹਾਈਕਮਾਂਡ ਤੋਂ ਇਹ ਮੰਗ ਕੀਤੀ ਹੈ ਕਿ 3 ਵਾਰ ਕਾਂਗਰਸੀ ਵਿਧਾਇਕ ਚੁਣੇ ਗਏ, ਪਾਰਟੀ ਦੇ ਸੀਨੀਅਰ ਆਗੂ ਅਤੇ ਪੜੇ ਲਿਖੇ ਵਿਦਵਾਨ ਸ. ਅਜਾਇਬ ਸਿੰਘ ਭੱਟੀ ਨੂੰ ਨਵੇਂ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਜਾਵੇ। 3 ਕਰੋੜ ਦੀ ਆਬਾਦੀ ਵਾਲੇ ਪੰਜਾਬ ਵਿਚ 32 ਪ੍ਰਤੀਸ਼ਤ ਦਲਿਤ ਭਾਈਚਾਰਾ ਹੈ। ਜਿਸ ਵਿਚ 37 ਲੱਖ ਤੋਂ ਵੱਧ ਮਜ੍ਹਬੀ ਸਿੱਖ ਅਤੇ ਵਾਲਮੀਕਿ ਭਾਈਚਾਰਾ ਹੈ। ਐਨੀ ਜਿਆਦਾ ਜਨਸੰਖਿਆ ਹੋਣ ਦੇ ਬਾਵਜੂਦ ਅਜੇ ਤੱਕ ਕੈਪਟਨ ਸਰਕਾਰ ਵਲੋਂ ਬਣਾਏ ਮੰਤਰੀ ਮੰਡਲ ਵਿਚ ਮਜ੍ਹਬੀ ਸਿੱਖ/ਵਾਲਮੀਕਿ ਭਾਈਚਾਰੇ ਦਾ ਪ੍ਰਤੀਨਿਧਤਵ ਕਰਨ ਵਾਲਾ ਵਿਧਾਇਕ ਮੰਤਰੀ ਮੰਡਲ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਜਿਸ ਕਾਰਣ ਪੰਜਾਬ ਦੇ 26 ਲੱਖ ਤੋਂ ਵੱਧ ਮਜ੍ਹਬੀ ਸਿੱਖਾਂ ਅਤੇ 11 ਲੱਖ ਤੋਂ ਵੱਧ ਵਾਲਮੀਕਿ ਭਾਈਚਾਰੇ ਦੇ ਲੋਕਾਂ ਵਿਚ ਬੜੀ ਨਮੋਸ਼ੀ ਅਤੇ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਪੰਜਾਬ ਅੰਦਰ ਮਜ੍ਹਬੀ ਸਿੱਖਾਂ ਅਤੇ ਵਾਲਮੀਕਿ ਭਾਈਚਾਰੇ ਵਲੋਂ ਧਾਰਮਿਕ ਪ੍ਰੋਗਰਾਮਾਂ ਅਤੇ ਮੀਟਿੰਗਾਂ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੱਕ ਇਹ ਆਵਾਜ ਪਹੁੰਚਾਈ ਗਈ ਹੈ ਕਿ ਮਜ੍ਹਬੀ ਸਿੱਖ/ਵਾਲਮੀਕਿ ਭਾਈਚਾਰੇ ਦਾ ਪ੍ਰਤੀਨਿਧਤਵ ਕਰਨ ਵਾਲੇ ਸ. ਅਜਾਇਬ ਸਿੰਘ ਭੱਟੀ ਜੋ ਮੌਜੂਦਾ ਸਮੇਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਹਨ, ਨੂੰ ਨਵੇਂ ਮੰਤਰੀ ਮੰਡਲ ਵਿਚ ਸ਼ਾਮਿਲ ਕਰਕੇ ਇਸ ਸਮਾਜ ਨੂੰ ਰਾਜਨੀਤੀ ਵਿਚ ਉਨਾਂ ਦਾ ਬਣਦਾ ਹੱਕ ਅਤੇ ਮਾਣ ਦਿੱਤਾ ਜਾਵੇ। ਦਲਿਤ ਵਰਗ ਰਾਜਨੀਤੀ ਵਿਚ ਹਮੇਸ਼ਾ ਪਛੜਿਆ ਰਿਹਾ ਹੈ, ਉਨਾਂ ਨੂੰ ਕੋਈ ਵੱਡੀ ਸਿਆਸੀ ਭੂਮਿਕਾ ਨਹੀਂ ਦਿੱਤੀ ਗਈ। ਲੋਕਾਂ ਵਲੋਂ ਚੁਣੇ ਜਾਣ ਤੋਂ ਬਾਅਦ ਵੀ ਉਨਾਂ ਨੂੰ ਅਜਿਹੀਆਂ ਰਾਜਨੀਤਿਕ ਤਾਕਤਾਂ ਤੋਂ ਮਰਹੂਮ ਕਰਕੇ ਹੀ ਰੱਖਿਆ ਗਿਆ ਜਿਸ ਕਾਰਣ ਉਹ ਆਪਣੇ ਇਸ ਸਮਾਜ ਲਈ ਉਹ ਕੁਝ ਨਹੀਂ ਕਰ ਸਕੇ ਜੋ ਕੁਝ ਉਹ ਕਰਨਾ ਚਾਹੁੰਦੇ ਸਨ। ਪੰਜਾਬ ਦੇ ਮਜ੍ਹਬੀ ਸਿੱਖ/ਵਾਲਮੀਕਿ ਭਾਈਚਾਰੇ ਦੇ ਲੋਕਾਂ ਲਈ ਸੀਨੀਅਰ ਕਾਂਗਰਸੀ ਵਿਧਾਇਕ ਸ. ਅਜਾਇਬ ਸਿੰਘ ਭੱਟੀ ਇਕ ਆਸ ਦੀ ਕਿਰਨ ਹਨ। ਸ. ਅਜਾਇਬ ਸਿੰਘ ਭੱਟੀ ਨੇ ਪੰਜਾਬ ਸਿਵਿਲ ਸਰਵਿਸਿਜ਼ ਤੋਂ ਵਲੰਟਰੀ ਸਕੀਮ ਤਹਿਤ ਸੇਵਾ ਮੁਕਤੀ ਲੈ ਕੇ ਪੰਜਾਬ ਦੇ ਐਸ.ਸੀ ਭਾਈਚਾਰੇ ਦੇ ਲੋਕਾਂ ਦੀ ਸੇਵਾ ਦਾ ਅਹਿਦ ਕੀਤਾ ਸੀ।ਇਸ ਤੋਂ ਪਹਿਲਾਂ ਉਹ ਬਤੌਰ ਪੀ.ਸੀ.ਐਸ ਅਧਿਕਾਰੀ ਪੰਜਾਬ ਅੰਦਰ ਵੱਖ ਵੱਖ ਅਹੁਦਿਆਂ ’ਤੇ ਰਹਿ ਕੇ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੇ ਹੋਏ ਉਨਾਂ ਦੇ ਹੱਕ ਵਿਚ ਭੁਗਤੇ ਹਨ ਜਿਸ ਕਾਰਣ ਪੰਜਾਬ ਭਰ ਵਿਚ ਹੀ ਉਨਾਂ ਦੇ ਚਾਹੁਣ ਵਾਲੇ ਹਨ। ਸ. ਅਜਾਇਬ ਸਿੰਘ ਭੱਟੀ ਨੇ ਸਭ ਤੋਂ ਪਹਿਲਾਂ 2007 ਵਿਚ ਬਠਿੰਡਾ ਦੇ ਨਥਾਣਾ ਹਲਕੇ ਤੋਂ ਚੋਣ ਜਿੱਤੀ, 2012 ਵਿਚ ਉਨਾਂ ਨੂੰ ਪਾਰਟੀ ਵਲੋਂ ਭੁੱਚੋ ਮੰਡੀ ਵਿਖੇ ਮੈਦਾਨ ਵਿਚ ਉਤਾਰਿਆ ਗਿਆ ਜਿੱਥੇ ਲੋਕਾਂ ਨੇ ਉਨਾਂ ਨੂੰ ਆਪਣਾ ਵਿਧਾਇਕ ਚੁਣਿਆ, ਤੀਜੀ ਵਾਰ ਕਾਂਗਰਸ ਪਾਰਟੀ ਨੇ ਉਨਾਂ ਨੂੰ ਬਠਿੰਡਾ ਦੇ ਮਲੋਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਇੱਥੇ ਵੀ ਹਲਕੇ ਦੇ ਵੋਟਰਾਂ ਅਤੇ ਐਸ.ਸੀ ਭਾਈਚਾਰੇ ਨੇ ਉਨਾਂ ਨੂੰ ਵੱਡੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ ਭੇਜਿਆ। ਬਠਿੰਡਾ ਜਿਲੇ ਦਾ ਹਲਕਾ ਨਥਾਣਾ ਅਤੇ ਮਲੋਟ ਅਕਾਲੀਆਂ ਦਾ ਗੜ ਮੰਨਿਆ ਜਾਂਦਾ ਰਿਹਾ ਹੈ ਜਿਸਨੂੰ ਤੋੜਨ ਲਈ ਕਾਂਗਰਸ ਪਾਰਟੀ ਨੇ ਸ. ਅਜਾਇਬ ਸਿੰਘ ਭੱਟੀ ਵਰਗਾ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲਾ ਦਿਗਜ਼ ਨੇਤਾ ਚੋਣ ਮੈਦਾਨ ਵਿਚ ਉਤਾਰਿਆ। ਸ. ਅਜਾਇਬ ਸਿੰਘ ਭੱਟੀ ਬਾਰੇ ਇਹ ਗੱਲ ਆਮ ਹੈ ਕਿ ਇੰਨਾਂ ਨੂੰ ਕਾਂਗਰਸ ਜਿਸ ਕਿਸੇ ਵੀ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰੇ ਉਥੇ ਹੀ ਇੰਨਾਂ ਨੇ ਵਿਰੋਧੀਆਂ ਨੂੰ ਪਟਕਣੀ ਲਵਾ ਦੇਣੀ ਹੈ।ਪਿਛਲੇ ਦਿਨੀਂ ਬਿਹਾਰ ਰਾਜ ਵਿਖੇ ਕਰਵਾਈ ਗਈ 6ਵੀਂ ਇੰਡੀਅਨ ਰੀਜ਼ਨ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਕਾਨਫਰੰਸ ਵਲੋਂ ਦੇਸ਼ ਦੇ ਵਿਕਾਸ ਵਿਚ ਪਾਰਲੀਮੈਂਟ ਦਾ ਯੋਗਦਾਨ ਵਿਸ਼ੇ ’ਤੇ ਹੋਈ ਚਾਰ ਦਿਨਾਂ ਕਾਨਫਰੰਸ ਵਿਚ ਜਿੱਥੇ ਸ. ਅਜਾਇਬ ਸਿੰਘ ਭੱਟੀ ਨੇ ਪੰਜਾਬ ਅਸੈਂਬਲੀ ਦੀ ਪ੍ਰਤੀਨਿਧਤਾ ਕੀਤੀ ਉਥੇ ਬਿਹਾਰ ਵਿਚ ਵਸਦੇ ਪੰਜਾਬੀ ਮੂਲ ਦੇ ਉਦਯੋਗਪਤੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਪ੍ਰੇਰਿਆ। ਸੋ ਐਸੇ ਕਾਬਿਲ ਨੇਤਾ ਜਿਸਨੂੰ ਪੰਜਾਬ ਦੇ ਮਜ੍ਹਬੀ ਸਿੱਖ/ਵਾਲਮੀਕਿ ਸਮਾਜ ਦਾ ਅੰਤਾਂ ਤਾ ਪਿਆਰ ਅਤੇ ਥਾਪੜਾ ਪ੍ਰਾਪਤ ਹੈ, ਨੂੰ ਮੰਤਰੀ ਮੰਡਲ ਵਿਚ ਬਿਨਾ ਦੇਰੀ ਲੈਣਾ ਚਾਹੀਦਾ ਹੈ। ਜੇਕਰ ਪੰਜਾਬ ਸਰਕਾਰ ਸ. ਅਜਾਇਬ ਸਿੰਘ ਭੱਟੀ ਨੂੰ ਮੰਤਰੀ ਮੰਡਲ ਵਿਚ ਸ਼ਾਮਿਲ ਕਰਕੇ ਇਸ ਸਮਾਜ ਨੂੰ ਰਾਜਨੀਤੀ ਵਿਚ ਉਨਾਂ ਦਾ ਬਣਦਾ ਹੱਕ ਦਿੰਦੀ ਹੈ ਤਾਂ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਦੇ ਹੱਕ ਵਿਚ ਬੜੇ ਸਾਰਥਕ ਹੋਣਗੇ। ਅੱਜ ਪੂਰੇ ਪੰਜਾਬ ਦੇ ਕਾਂਗਰਸ ਪਾਰਟੀ ਨਾਲ ਜੁੜੇ ਇਸ ਭਾਈਚਾਰੇ ਦੀ ਮੰਗ ਹੈ ਕਿ ਇਸ ਭਾਈਚਾਰੇ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਬਣਦਾ ਹੱਕ ਦੇਵੇ ਕਿਉਂਕਿ ਇਸ ਭਾਈਚਾਰੇ ਦੀਆਂ ਹੱਕੀ ਮੰਗਾਂ ਅਤੇ ਭਾਈਚਾਰੇ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਖਿਲਾਫ ਸਰਕਾਰ ਵਿਚ ਲੋਕਾਂ ਦੀ ਆਵਾਜ ਉਠਾਉਣ ਵਾਲਾ ਇਕੋ ਇਕ ਸਖਸ਼ ਹੈ ਅਜਾਇਬ ਸਿੰਘ ਭੱਟੀ। ਸੋ ਪੰਜਾਬ ਦੇ ਮੁੱਖ ਮੰਤਰੀ ਇਸ ਭਾਈਚਾਰੇ ਨੂੰ ਗੰਭੀਰਤਾ ਨਾਲ ਲੈਣ ਅਤੇ ਮੰਤਰੀ ਮੰਡਲ ਵਿਚ ਸ. ਅਜਾਇਬ ਸਿੰਘ ਭੱਟੀ ਨੂੰ ਸ਼ਾਮਿਲ ਕਰਨ।