ਜਿੱਤ ਦਾ ਇੱਕ ਵੱਡਾ ਮੰਤਰ ਹੈ ਲਗਾਤਾਰ ਆਪਣੇ ਚਿਤਵੇ ਹੋਏ ਲਕਸ਼ ਦੀ ਪੂਰਤੀ ਲਈ ਯਤਨ ਕਰਦੇ ਰਹਿਣਾ। ਦੁਨੀਆ ਦੇ 95 ਫੀਸਦੀ ਅਸਫਲ ਵਪਾਰ ਅਤੇ ਧੰਦੇ ਪਹਿਲੇ ਪੰਜ ਸਾਲਾਂ ਵਿੱਚ ਹੀ ਬੰਦ ਹੁੰਦੇ ਹਨ। ਸਾਡੇ ਸਮਾਜ ਵਿੱਚ ਬਹੁਤ ਸਾਰੇ ਲੋਕ ਬੜੇ ਉਤਸ਼ਾਹ ਨਾਲ ਕਿਸੇ ਧੰਦੇ ਨੂੰ ਸ਼ੁਰੂ ਕਰਦੇ ਹਨ। ਕੋਈ ਦੁਕਾਨ ਖੋਲ੍ਹਦੇ ਹਨ, ਕੋਈ ਉਦਯੋਗ ਸ਼ੁਰੂ ਕਰਦੇ ਹਨ, ਕੋਈ ਸਕੂਲ ਖੋਲ੍ਹਦੇ ਹਨ, ਕਾਲਜ ਖੋਲ੍ਹਦੇ ਹਨ, ਕੋਈ ਵੱਡਾ ਨਿਸ਼ਾਨਾ ਮਿੱਥ ਕੇ ਕੰਮ ਸ਼ੁਰੂ ਕਰਦੇ ਹਨ ਪਰ ਵੇਖਦੇ ਵੇਖਦੇ ਉਤਸ਼ਾਹ ਠੰਡਾ ਹੋ ਜਾਂਦਾ ਹੈ ਅਤੇ ਅਜਿਹੇ ਲੋਕ ਬਹੁਤ ਵਾਰ ਆਪਣੇ ਧੰਦੇ ਨੂੰ ਘਾਟੇ ਵਾਧੇ ਵਿੱਚ ਵੇਚ ਕੇ ਕੋਈ ਨਵੇਂ ਕੰਮ ਦੀ ਭਾਲ ਵਿੱਚ ਲੱਗ ਜਾਂਦੇ ਹਨ। ਹਿੰਦੋਸਤਾਨ ਵਿੱਚ ਉਬਰਾਏ ਹੋਟਲ ਗਰੁੱਪ ਦੇ ਮਾਲਕ ਮੋਹਨ ਸਿੰਘ ਓਬਰਾਏ ਨੇ ਬਹੁਤ ਸਾਰੇ ਬੰਦ ਹੋਏ ਹੋਟਲ ਖਰੀਦ ਕੇ ਮੁਨਾਫਾ ਕਮਾਇਆ। ਸਵਾਲ ਇਹ ਪੈਦਾ ਹੁੰਦਾ ਹੈ ਕਿ ਬੰਦ ਹੋਇਆ ਧੰਦਾ ਦੂਜੇ ਬੰਦੇ ਨੂੰ ਮੁਨਾਫਾ ਕਿਵੇਂ ਦੇ ਦਿੰਦਾ ਹੈ। ਜਵਾਬ ਸਪਸ਼ਟ ਹੈ ਕਿ ਉਸ ਦੇ ਨਵੇਂ ਮਾਲਕ ਵਿੱਚ ਆਤਮ ਵਿਸ਼ਵਾਸ, ਵਚਨਬੱਧਤਾ, ਦ੍ਰਿੜ ਇਰਾਦਾ, ਮਿਹਨਤ ਕਰਨ ਦੀ ਬਿਰਤੀ ਅਤੇ ਜੋਖਮ ਉਠਾਉਣ ਦੀ ਹਿੰਮਤ ਦੇ ਨਾਲ-ਨਾਲ ਕਿਸੇ ਕੰਮ ਨੂੰ ਲਗਾਤਾਰ ਕਰੇ ਜਾਣ ਦਾ ਹੌਸਲਾ ਜ਼ਿਆਦਾ ਹੁੰਦਾ ਹੈ। ਹਰ ਮਿੱਟੀ ਦੀ ਆਪਣੀ ਖਸਲਤ ਹੁੰਦੀ ਹੈ। ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ। ਉਸੇ ਤਰ੍ਹਾਂ ਹਰ ਮਨੁੱਖ ਦੀ ਆਪਣੀ ਆਦਤ, ਆਪਣੀ ਫਿਤਰਤ ਹੁੰਦੀ ਹੈ। ਹਰ ਮਨੁੱਖ ਹਾਰਾਂ ਅੱਗੇ ਨਹੀਂ ਝੁਕਦਾ, ਹਰ ਮਨੁੱਖ ਦਾ ਉਤਸ਼ਾਹ ਠੰਡਾ ਨਹੀਂ ਹੁੰਦਾ। ਹਰ ਮਨੁੱਖ ਵਿਪਰੀਤ ਹਾਲਤਾਂ ਤੋਂ ਨਹੀਂ ਘਬਰਾਉਂਦਾ। ਅਜਿਹੇ ਮਨੁੱਖ ਵੀ ਹੁੰਦੇ ਹਨ ਜੋ ਕਹਿੰਦੇ ਹਨ
ਠਾਨ ਲਿਆ ਹੈ ਇਸ ਮੌਸਮ ਮੇਂ
ਕੁਛ ਅਨਦੇਖਾ ਦੇਖੇਂਗੇ
ਤੁਮ ਖੇਮੇ ਮੇਂ ਛੁਪ ਜਾਓ
ਹਮ ਜ਼ੋਰ ਹਵਾ ਕਾ ਦੇਖੇਂਗੇ
ਤੁਸੀਂ ਬਚਪਨ ਵਿੱਚ ਇੱਕ ਕਹਾਣੀ ਜ਼ਰੂਰ ਸੁਣੀ ਹੋਵੇਗੀ ਜਿਸ ਵਿੱਚ ਖਰਗੋਸ਼ ਅਤੇ ਕੱਛੂ ਦਰਮਿਆਨ ਦੌੜ ਦਾ ਮੁਕਾਬਲਾ ਹੁੰਦਾ ਹੈ। ਖਰਗੋਸ਼ ਨੂੰ ਆਪਣੇ ਆਪ ’ਤੇ ਜ਼ਿਆਦਾ ਵਿਸ਼ਵਾਸ ਹੁੰਦਾ ਹੈ ਅਤੇ ਰਸਤੇ ਵਿੱਚ ਅਰਾਮ ਕਰਦਾ ਕਰਦਾ ਸੌਂ ਜਾਂਦਾ ਹੈ ਅਤੇ ਕੱਛੂ ਹੌਲੀ-ਹੌਲੀ ਆਪਣੀ ਚਾਲੇ ਤੁਰਦਾ ਜਾਂਦਾ ਹੈ ਅਤੇ ਦੌੜ ਜਿੱਤ ਜਾਂਦਾ ਹੈ। ਇਸ ਕਹਾਣੀ ਦਾ ਮੁੱਖ ਸੂਤਰ ਇਹੀ ਹੈ ਕਿ ਜ਼ਿੰਦਗੀ ਦੀ ਦੌੜ ਜਿੱਤਣ ਲਈ ਲਗਾਤਾਰ ਯਤਨ ਕਰਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਨਿਰੰਤਰ ਯਤਨ ਹੀ ਸਫਲਤਾ ਦੀ ਕੁੰਜੀ ਹੈ। ਸਫਲ ਲੋਕਾਂ ਦੀ ਸ਼ਖਸੀਅਤ ਵਿੱਚ ਇਹ ਗੁਣ ਹੁੰਦਾ ਹੈ ਕਿ ਉਹ ਸਫਲਤਾ ਮਿਲਣ ਤੱਕ ਦ੍ਰਿੜ ਇਰਾਦੇ ਅਤੇ ਸਵੈ-ਪ੍ਰੇਰਨਾ ਨਾਲ ਮੰਜ਼ਿਲ ਪ੍ਰਾਪਤੀ ਵਿੱਚ ਜੁਟੇ ਰਹਿੰਦੇ ਹਨ। ਸਫਲਤਾ ਦੇ ਰਾਹੀ ਆਪਣੀ ਚਿਤਵੀ ਹੋਈ ਮੰਜ਼ਿਲ ਵੱਲ ਆਪਣੇ ਵਿਚਲੀ ਪੂਰਨ ਊਰਜਾ ਨਾਲ ਲਗਾਤਾਰ ਤੁਰਦੇ ਰਹਿੰਦੇ ਹਨ ਅਤੇ ਅੰਤ ਵਿੱਚ ਮੰਜ਼ਿਲ ਪ੍ਰਾਪਤੀ ਦਾ ਅਨੰਦ ਮਾਣਦੇ ਹਨ।
ਸਾਡੇ ਸਮਾਜ ਵਿੱਚ ਅਨੇਕਾਂ ਉਦਾਹਰਣਾਂ ਤੁਹਾਨੂੰ ਮਿਲ ਜਾਣਗੀਆਂ ਜਿੱਥੇ ਲੋਕ ਇਸ ਕਰਕੇ ਫੇਲ੍ਹ ਹੋਏ ਕਿਉਂਕਿ ਉਹ ਆਪਣੀ ਮੰਜ਼ਿਲ ਵੱਲ ਤੁਰਦੇ ਹੋਏ ਨਿਰਾਸ਼ ਅਤੇ ਨਿਰਉਤਸ਼ਾਹ ਹੋਣ ਕਾਰਨ ਆਪਣੇ ਨਿਸ਼ਾਨੇ ਬਦਲਣ ਬਾਰੇ ਸੋਚਣ ਲੱਗਦੇ ਹਨ। ਸਵੈ-ਭਰੋਸੇ ਦੀ ਘਾਟ ਵਾਲੇ ਲੋਕ ਬਿਜਨਸ ਵਿੱਚ ਪੈਂਦੇ ਘਾਟੇ ਨੂੰ ਜ਼ਿਆਦਾ ਚਿਰ ਨਹੀਂ ਝੱਲ ਸਕਦੇ ਅਤੇ ਆਪਣੇ ਨਿਰਣੇ ਬਦਲ ਲੈਂਦੇ ਹਨ। ਉਂਝ ਇਹ ਉਸ ਹਾਲਤ ਵਿੱਚ ਜ਼ਿਆਦਾ ਵਾਪਰਦਾ ਹੈ ਜਿੱਥੇ ਟੀਚੇ ਮਿੱਥਣ ਦਾ ਕੰਮ ਤੁਸੀਂ ਖੁਦ ਨਹੀਂ ਕਰਦੇ, ਬਲਕਿ ਤੁਹਾਡੇ ਦੋਸਤ, ਮਾਪੇ ਜਾਂ ਭੈਣ ਭਰਾ ਕਰਦੇ ਹਨ। ਜਿਸ ਵਿਅਕਤੀ ਦੇ ਵਿਅਕਤਿਤਵ ਵਿੱਚ ਨਿੱਜੀਪਣ ਦੀ ਘਾਟ ਹੁੰਦੀ ਹੈ ਉਹ ਆਪਣੇ ਫੈਸਲੇ ਲੈਣ ਤੋਂ ਅਸਮਰਥ ਹੁੰਦਾ ਹੈ। ਬਹੁਤੀ ਵਾਰ ਅਸੀਂ ਖੁਦ ਨੂੰ ਬੱਚਿਆਂ ਦੀ ਜ਼ਿੰਦਗੀ ਦੇ ਮਾਲਕ ਸਮਝਣ ਲਗਦੇ ਹਾਂ ਅਤੇ ਉਨ੍ਹਾਂ ਦੀ ਨਿੱਜੀ ਰਾਏ ਨੂੰ ਇੱਕ ਪਾਸੇ ਰੱਖ ਕੇ ਆਪਣੇ ਫੈਸਲੇ ਉਨ੍ਹਾਂ ’ਤੇ ਲਾਗੂ ਕਰ ਦਿੰਦੇ ਹਾਂ। ਫਿਰ ਜਦੋਂ ਬੱਚਾ ਨਿਰਾਸ਼ ਅਤੇ ਉਦਾਸ ਹੁੰਦਾ ਹੈ ਤਾਂ ਅਸੀਂ ਉਸ ਦੀ ਛਾਤੀ ’ਤੇ ਫੇਲ ਹੋਣ ਦੀ ਤਖਤੀ ਟੰਗ ਦਿੰਦੇ ਹਨ ਅਤੇ ਉਸ ਵਿੱਚ ਅਹਿਸਾਸ-ਏ-ਕੰਮੱਤਰੀ ਭਰਨ ਦਾ ਕੰਮ ਕਰਦੇ ਹਾਂ। ਮੈਂ ਆਪਣੇ ਭਾਸ਼ਣਾਂ ਦੌਰਾਨ ਅਕਸਰ ਬੱਚਿਆਂ ਨੂੰ ਪੁੱਛਦਾ ਹਾਂ ਕਿ ਉਹ ਵੱਡੇ ਹੋ ਕੇ ਕੀ ਬਣਨਾ ਪਸੰਦ ਕਰਨਗੇ। ਤਾਂ ਬਹੁਤਿਆਂ ਦਾ ਜਵਾਬ ਹੁੰਦਾ ਹੈ ਕਿ ਮੱਮੀ-ਪਾਪਾ ਨੂੰ ਪਤਾ ਹੈ। ਅਸੀਂ ਬੱਚਿਆਂ ਦੀ ਅਗਵਾਈ ਕਰੀਏ ਪਰ ਉਨ੍ਹਾਂ ਨੂੰ ਆਪਣੇ ਸੁਪਨੇ ਖੁਦ ਸਿਰਜਣ ਦੇ ਸਮਰਥ ਬਣਾਈਏ। ਇਸੇ ਤਰ੍ਹਾਂ ਲੋਕਾਂ ਦੀ ਦੇਖਾ-ਦੇਖੀ ਸ਼ੁਰੂ ਕੀਤੇ ਗਏ ਧੰਦਿਆਂ ਵਿੱਚ ਵੀ ਵਾਪਰਦੀ ਹੈ। ਉਹ ਕੰਮ ਚੁਣੋ ਜਿਸ ਨੂੰ ਤੁਸੀਂ ਦਿਲੋਂ ਚਾਹੋ। ਕ੍ਰਿਸ਼ਨ ਜੀ ਦੀ ਗੱਲ ਯਾਦ ਰੱਖੋ ਜੇ ਤੁਸੀਂ ਆਪਣੇ ਕੰਮ ਵਿੱਚ ਪ੍ਰਬੀਨਤਾ ਚਾਹੁੰਦੇ ਹੋ ਤਾਂ ਕੰਮ ਵਿੱਚ ਅਨੰਦ ਲੈਣਾ ਸਿੱਖੋ। ਉਹ ਕੰਮ ਕਰੋ ਜਿਸ ਵਿੱਚ ਅਨੰਦ ਆਵੇ ਜਾਂ ਆਪਣੇ ਕੰਮ ਵਿੱਚ ਅਨੰਦ ਲੈਣਾ ਸਿੱਖੋ ਤਾਂ ਹੀ ਕੰਮ ਵਿੱਚ ਲਗਾਤਾਰਤਾ ਬਣੇਗੀ।