ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਬਣੀ ਕਾਂਗਰਸ ਸਰਕਾਰ ਇਕ ਸਾਲ ਦਾ ਸਮਾਂ ਪੂਰਾ ਕਰਨ ਵੱਲ ਵਧ ਰਹੀ ਹੈ। ਇਕ ਸਾਲ ਦੇ ਸਮੇਂ ਵਿੱਚ ਸਰਕਾਰ ਨੇ ਕਈ ਖੇਤਰਾਂ ਵਿੱਚ ਮਿਸਾਲੀ ਕੰਮ ਕੀਤਾ ਹੈ। ਬੇਸ਼ਕ ਆਰਥਿਕ ਮੁਸ਼ਕਿਲਾਂ ਕਾਰਨ ਸਰਕਾਰ ਲਈ ਇਹ ਸਮਾਂ ਬਹੁਤ ਕਠਿਨ ਸੀ। ਇਕ ਪਾਸੇ ਪੰਜਾਬ ਦੀ ਆਰਥਿਕਤਾ ਨੂੰ ਸੰਭਾਲਣ ਦਾ ਮੁੱਦਾ ਸੀ। ਦੂਸਰੇ ਪਾਸੇ ਕਿਸਾਨਾਂ ਸਮੇਤ ਵੱਖ-ਵੱਖ ਵਰਗਾਂ ਨੂੰ ਰਾਹਤਾਂ ਦੇਣ ਦਾ ਵਾਅਦਾ ਸੀ। ਇਸ ਕਠਿਨ ਰਸਤੇ ’ਤੇ ਚੱਲ ਕੇ ਕਾਂਗਰਸ ਸਰਕਾਰ ਨੇ ਇਕ ਸਾਲ ਦੇ ਸਮੇਂ ਵਿੱਚ ਕਾਫੀ ਪ੍ਰਭਾਵਸ਼ਾਲੀ ਕੰਮ ਕੀਤਾ ਹੈ। ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫੀ ਸਬੰਧੀ ਹਾਲੇ ਹੋਰ ਕੰਮ ਕਰਨਾ ਬਕਾਇਆ ਹੈ। ਇਸੇ ਤਰ੍ਹਾਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੇ ਕਰੜੇ ਕਦਮ ਚੁੱਕੇ ਹਨ। ਇਸ ਨਾਲ ਹਾਲਾਤ ਕੁੱਝ ਬਦਲੇ ਵੀ ਹਨ। ਰੇਤਾ-ਬਜਰੀ ਦੀ ਕਾਲ ਬਾਜ਼ਾਰੀ ਨੂੰ ਰੋਕਣ ਲਈ ਸਰਕਾਰ ਨੇ ਮਿਸਾਲੀ ਕੰਮ ਕੀਤਾ ਹੈ। ਇਸ ਨਾਲ ਪੰਜਾਬ ਸਰਕਾਰ ਦੀ ਆਮਦਨ ਵੀ ਵਧੀ ਹੈ ਅਤੇ ਲੋਕਾਂ ਨੂੰ ਕੁੱਝ ਨਾ ਕੁੱਝ ਰਾਹਤ ਮਿਲੀ ਹੈ। ਮੁੱਖ ਮੰਤਰੀ ਨੇ ਹੁਣ ਰੇਤਾ-ਬਜਰੀ ’ਤੇ ਗੁੰਡਾ ਟੈਕਸ ਖਿਲਾਫ ਸਖ਼ਤ ਕਾਰਵਾਈ ਕਰਕੇ ਕੇ ਲੋਕਾਂ ਦਾ ਮਨ ਜਿੱਤ ਲਿਆ ਹੈ। ਇਸ ਮੁਹਿਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦੀ ਜ਼ਰੂਰਤ ਹੈ। ਪੰਜਾਬ ਵਿੱਚ ਕਾਂਗਰਸ ਦਾ ਸਿਆਸੀ ਵਜੂਦ ਮੁੱਖ ਮੰਤਰੀ ਕਾਰਨ ਹੀ ਕਾਇਮ ਹੋ ਸਕਿਆ ਹੈ। ਇਸ ਕਾਰਨ ਹੀ ਸਿਆਸੀ ਵਿਰੋਧੀ ਧਿਰਾਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਉਨ੍ਹਾਂ ਨੂੰ ਨਿੱਜੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਪੰਜਾਬ ਕਾਂਗਰਸ ਲਈ ਸਿਆਸੀ ਤੌਰ ’ਤੇ ਵਿਰੋਧੀ ਧਿਰਾਂ ਦਾ ਮੁਕਾਬਲਾ ਕਰਨਾ ਇਸ ਸਮੇਂ ਇਕ ਵੱਡੀ ਚੁਣੌਤੀ ਹੈ। 2019 ਦੀਆਂ ਲੋਕ ਸਭਾ ਚੋਣਾਂ ਨੂੰ ਸਾਹਮਣੇ ਰੱਖ ਕੇ ਵਿਰੋਧੀ ਧਿਰਾਂ ਵੱਧ ਚੜ੍ਹ ਕੇ ਸਿਆਸੀ ਸਰਗਰਮੀ ਕਰ ਰਹੀਆਂ ਹਨ। ਉਸ ਦੇ ਮੁਕਾਬਲੇ ਕਾਂਗਰਸ ਦੀ ਸਿਆਸੀ ਸਰਗਰਮੀ ਨਾਂਹ ਦੇ ਬਰਾਬਰ ਹੈ। ਸਰਕਾਰ ਦੇ ਕੰਮਾਂ ਕਾਰਨ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀਆਂ ਕੋਲ ਸਮੇਂ ਦੀ ਕਮੀ ਹੈ। ਪੰਜਾਬ ਕਾਂਗਰਸ ਦੀ ਦੂਸਰੀ ਲੀਡਰਸ਼ਿਪ ਵਿੱਚ ਮੁੱਖ ਮੰਤਰੀ ਦੇ ਬਰਾਬਰ ਸਮਰੱਥਾ ਨਹੀਂ ਹੈ। ਇਸ ਹਾਲਤ ਵਿੱਚ ਕਾਂਗਰਸ ਦੀ ਇਹ ਵੱਡੀ ਲੋੜ ਹੈ ਕਿ ਉਹ ਆਪਣਾ ਸਿਆਸੀ ਘੇਰਾ ਵਿਸ਼ਾਲ ਕਰੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਬਾਦਲ ਦਲ ਵਿਰੋਧੀ ਸਾਰੀਆਂ ਪੰਥਕ ਧਿਰਾਂ ਨੂੰ ਆਪਣੇ ਨਾਲ ਜੋੜਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਰਾਜਨੀਤੀ ਨਾਲ ਅਸਹਿਮਤ ਸਿਆਸੀ ਧਿਰਾਂ ਵੀ ਕਾਂਗਰਸ ਨਾਲ ਆ ਸਕਦੀਆਂ ਹਨ। ਵੱਖ-ਵੱਖ ਵਰਗਾਂ ਦੇ ਆਗੂਆਂ ਨਾਲ ਯੋਗ ਤਰੀਕੇ ਨਾਲ ਪਹੁੰਚ ਕਰਨੀ ਚਾਹੀਦੀ ਹੈ। ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਬੇਹਤਰ ਕਾਰਗੁਜ਼ਾਰੀ ਲਈ ਕਾਂਗਰਸ ਨੂੰ ਪੰਜਾਬ ਦੇ ਸਾਰੇ ਛੋਟੇ-ਛੋਟੇ ਸਿਆਸੀ ਦਲਾਂ ਅਤੇ ਧਿਰਾਂ ਨਾਲ ਹੋਰ ਸੰਪਰਕ ਵਧਾਉਣਾ ਹੋਵੇਗਾ। ਮੁੱਖ ਮੰਤਰੀ ਨੂੰ ਨਿੱਜੀ ਤੌਰ ’ਤੇ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਨੂੰ ਮੀਡੀਆ ਨਾਲ ਵੀ ਹੋਰ ਬੇਹਤਰ ਤਾਲਮੇਲ ਬਣਾਉਣ ਦੀ ਜ਼ਰੂਰਤ ਹੈ ਤਾਂ ਜੋ ਸਰਕਾਰ ਅਤੇ ਕਾਂਗਰਸ ਵਿਰੋਧੀ ਪ੍ਰਚਾਰ ਦਾ ਮੁਕਾਬਲਾ ਕੀਤਾ ਜਾ ਸਕੇ।
– ਬਲਜੀਤ ਸਿੰਘ ਬਰਾੜ