May 25, 2026 7:56 am

ਬੜਾ ਦਿਲਚਸਪ ਹੈ ਤੇਰੀ ਯਾਦੋਂ ਕਾ ਸਿਲਸਿਲਾ

‘‘ਬੜਾ ਦਿਲਚਸਪ ਹੈ ਤੇਰੀ
ਯਾਦੋਂ ਦਾ ਸਿਲਸਿਲਾ,
ਕਭੀ ਇਕ ਪਲ, ਕਭੀ ਪਲ ਪਲ,
ਕਭੀ ਹਰ ਪਲ’’
ਜਿਸ ਦਿਨ ਦਾ ਤੈਨੂੰ ਫੇਸਬੁੱਕ ਤੋਂ ਭਾਲਿਆ ਹੈ। ਤੂੰ ਤਾਂ ਮਿੱਤਰਾ ਹਰ ਪਲ ਯਾਦ ਆ ਰਿਹੈ। ਮੈਨੂੰ ਚੰਗੀ ਤਰ੍ਹਾਂ ਯਾਦ ਨੇ ਉਹ ਦਿਨ ਜਦੋਂ ਅਸੀਂ ਹਰ ਪਲ ਅੰਬਰੀਂ ਉਡਾਰੀਆਂ ਲਾਉਂਦੇ ਸਾਂ। ਜਦੋਂ ਕਲਪਨਾ ਦੇ ਘੋੜਿਆਂ ’ਤੇ ਸੂਰਜ ਦਾ ਪਿੱਛਾ ਕਰਨ ਲਈ ਦੂਰ-ਦੂਰ ਅਸਮਾਨੀ ਉਡਾਰੀਆਂ ਲਾਉਂਦੇ ਸਾਂ। ਯਾਦਾਂ ਦੇ ਚਿੱਤਰਪੱਟ ’ਤੇ ਉਕਰੇ ਉਹ ਪਲ ਭਲਾ ਕਿਵੇਂ ਭੁਲਾਏ ਜਾ ਸਕਦੇ ਹਨ ਜਦੋਂ ਮੈਂ ਤੇਰੀ ਨੱਨੀ ਤੱਲੀ ’ਤੇ ਆਪਣਾ ਨਾਮ ਲਿਖਣਾ ਚਾਹਿਆ ਸੀ ਅਤੇ ਤੂੰ ਕਿਹਾ ਸੀ:
‘‘ਪਿਆਰਾਂ ਦੀ ਕਹਾਣੀ ਕੌਣ ਕਰੇ
ਜਦੋਂ ਮਸਲੇ ਹਨ ਰੁਜ਼ਗਾਰਾਂ ਦੇ’’
ਤੇਰੇ ਇਹ ਬੋਲ ਮੇਰੀ ਹਾਊਮੇ ਨੂੰ ਵਿੰਨ ਗਏ ਸਨ। ਮੈਨੂੰ ਮਾਣ ਸੀ ਆਪਣੇ ਹੁਸਨ ’ਤੇ, ਆਪਣੀ ਅਦਾ ’ਤੇ, ਪਿਉ ਦੀ ਜਾਇਦਾਦ ’ਤੇ, ਉਸ ਦੇ ਨਾਮ ’ਤੇ, ਤੇਰੇ ਜਵਾਬ ਨੇ ਮੈਨੂੰ ਜ਼ਖਮੀਂ ਕਰ ਦਿੱਤਾ ਸੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਇਕ ਆਮ ਜਿਹੇ ਕਸਬੇ ਤੋਂ ਆਇਆ ਇਕ ਆਮ ਜਿਹਾ ਮੁੰਡਾ ਮੇਰੀ ਪੇਸ਼ਕਸ਼ ਨੂੰ ਠੁਕਰਾਏਗਾ। ਫਿਰ ਜਦੋਂ ਮੈਂ ਤੈਨੂੰ ਨੀਵਾਂ ਵਿਖਾਉਣ ਲਈ ਹਰ ਹੀਲਾ ਵਰਤਿਆ, ਤੇਰੀ ਘੇਰਾਬੰਦੀ ਕਰ ਤੈਨੂੰ ਹਰ ਪੱਖੋਂ ਤੈਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ, ਤੈਨੂੰ ਇਕੱਲੇ ਨੂੰ ਛੱਡ ਦਿੱਤਾ, ਤੂੰ ਕੱਲਾ ਰਹਿ ਗਿਆ, ਬਿਲਕੁਲ ਇਕੱਲਾ। ਕਮਾਲ ਇਹ ਹੋਈ ਉਥੇ ਵੀ ਤੂੰ ਸਾਬਤ ਸਬੂਤਾਂ ਨਿਕਲ ਗਿਆ। ਅਖੇ,
‘ਯਾਰਾਂ ਦੋਸਤਾਂ ਦੀ ਭੀੜ ’ਚ ਘਿਰਿਆ ਇਕੱਲਾ ਇਨਸਾਨ ਹਾਂ ਮੈਂ ਤਾਂ।
ਜ਼ਿੰਦਗੀ ਵਿੱਚ ਜਿਗਰੇ ਵਾਲੇ ਹੀ ਇਕੱਲੇ ਹੁੰਦੇ ਹਨ।
ਬਹੁਤ ਵਾਰ ਕਾਇਰਾਂ ਨੂੰ ਦੋਸਤਾਂ ਦੀ ਲੋੜ ਹੁੰਦੀ ਹੈ।’
ਤੂੰ ਲਿਖਿਆ ਸੀ ਜੇ ਜ਼ਿੰਦਗੀ ਵਿੱਚ ਸਫਲ ਹੋਣਾ ਹੈ ਤਾਂ ਇਕੱਲਾ ਰਹਿਣਾ ਸਿੱਖੋ। ਇਕਾਂਤ ਨੂੰ ਆਪਣਾ ਸਾਥੀ ਬਣਾਓ ਅਤੇ ਤੂੰ ਸੱਚ-ਮੁੱਚ ਆਪਣੇ ਇਕਾਂਤ ਨੂੰ ਸਾਥੀ ਬਣਾ ਲਿਆ ਸੀ। ਸਾਡੀ ਪਰਵਾਹ ਕੀਤੇ ਬਿਨਾਂ ਸਾਰੀ ਲਾਇਬ੍ਰੇਰੀ ਗਾਹ ਮਾਰੀ। ਕਿਤਾਬਾਂ ਨੂੰ ਆਪਣਾ ਸਾਥੀ ਬਣਾ ਲਿਆ। ਅਸੀਂ ਵੇਖਦੇ ਰਹਿ ਗਏ, ਤੂੰ ਔਹ ਔਹ ਗਿਆ। ਯਾਰ, ਇਥੇ ਵੀ ਤੂੰ ਠੀਕ ਹੀ ਨਿਕਲਿਆ।
ਤੂੰ ਹਮੇਸ਼ਾਂ ਤੋਂ ਹੀ ਵੱਡਾ ਸੁਪਨੇਸਾਜ਼ ਸੀ। ਤੂੰ ਸੁਪਨਾ ਲਿਆ ਅਖ਼ਬਾਰ ਕੱਢਣ ਦਾ, ਲੇਖਕ ਬਣਨ ਦਾ, ਪੱਤਰਕਾਰ ਬਣਨ ਦਾ। ਅਸੀਂ ਫਿਰ ਆਪਣਾ ਉਹੀ ਪੁਰਾਣਾ ਹਥਿਆਰ ਚੱਕ ਤੇਰੇ ਮਗਰ ਪੈ ਗਏ। ਤੇਰਾ ਬਥੇਰਾ ਮਜ਼ਾਕ ਉਡਾਇਆ। ਤੂੰ ਕਹਿਣ ਲੱਗਾ, ‘‘ਇਕ ਸਫਲ ਵਿਅਕਤੀ ਉਹ ਹੈ ਜੋ ਆਪਣੇ ਉ¤ਪਰ ਸੁੱਟੇ ਹੋਏ ਪੱਥਰਾਂ ਨੂੰ ਆਪਣਾ ਅਧਾਰ ਬਣਾਉਂਦਾ ਹੈ।’ ਤੂੰ ਸਾਡੇ ਸੁੱਟੇ ਪੱਥਰਾਂ ’ਤੇ ਆਪਣੀ ਨੀਂਹ ਉਸਾਰਨੀ ਸ਼ੁਰੂ ਕਰ ਦਿੱਤੀ। ‘ਜਦੋਂ ਦੁਨੀਆਂ ਨੀ ਬਦਲਦੀ ਕਿਉਂ ਬਦਲੇ ਦਰਵੇਸ਼’ ਸੱਚੀਂ ਯਾਰ ਤੂੰ ਨਹੀਂ ਬਦਲਿਆ ਅਤੇ ਡਟਿਆ ਰਿਹਾ। ‘ਉਦੋਂ ਤੱਕ ਡਟਿਆ ਰਿਹਾ ਜਦੋਂ ਤੱਕ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚਿਆ।’’
‘‘ਤੇਰੀ ਇਹ ਧਾਰਨਾ ਵੀ ਠੀਕ ਹੀ ਨਿਕਲੀ ਕਿ ਦੁਨੀਆਂ ਜੋ ਮਰਜ਼ੀ ਕਰੇ ਤੁਸੀਂ, ਆਪਣੇ ਦਿਲ ਦੀ ਸੁਣਕੇ ਆਪਣੇ ਰਾਹ ਚਲਦੇ ਰਹੋ।’’
ਅੱਜ ਮੈਂ ਤੇਰੀ ਜਵਾਨੀ ਦੇ ਦਿਨਾਂ ਦੀ ਉਹ ਗੱਲ ਦੀ ਵੀ ਤਰਤੀਦ ਕਰਦੀ ਹਾਂ ਕਿ ਔਰਤ ਸਿਰਫ ਧਨ ਦੌਲਤ ’ਤੇ ਹੀ ਨਹੀਂ ਮਰਦੀ ਸਗੋਂ ਉਹ ਮਰਦ ਵਿੱਚ ਮਹਿਰਮ ਭਾਲਦੀ ਹੈ। ਕਈ ਵਾਰ ਉਸ ਨੂੰ ਮਲੰਗੀ ਚੰਗੀ ਲਗਦੀ ਹੈ, ਫ਼ਕੀਰੀ ਚੰਗੀ ਲੱਗਦੀ ਹੈ। ਪਿਆਰ ਸਿਰਫ ਜਿਸਮ ਨੂੰ ਹੀ ਨਹੀਂ ਹੁੰਦਾ ਸਗੋਂ ਦੀ ਮਨ ਦੀ ਅਮੀਰੀ ਵੱਡੀ ਹੁੰਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਤੂੰ ਮੇਰੇ ਨਾਲ ਕੀਤਾ ਸੀ। ਕੀ ਨੀ ਸੀ ਮੇਰੇ ਕੋਲ, ਸਭ ਕੁੱਝ ਸੀ ਪਰ ਤੂੰ ਨਹੀਂ ਸੀ। ਅੱਜ ਜਦੋਂ ਤੂੰ ਜ਼ਿੰਦਗੀ ਦੇ ਇਸ ਮੋੜ ’ਤੇ ਤੂੰ ਮੈਨੂੰ ਮਿਲਿਆ ਹੈ ਤਾਂ ਫਿਰ ਉਹੀ ਨਸਹੀਅਤ। ‘‘ਤੂੰ ਬਹੁਤ ਚੰਗੀ ਐਂ ਪਰ ਤੇਰਾ ਪਹਿਲਾ ਫਰਜ਼ ਤੇਰਾ ਪਰਿਵਾਰ, ਤੇਰਾ ਪਤੀ, ਤੇਰੇ ਬੱਚੇ ਹਨ।’’ ‘‘ਤੂੰ ਠੀਕ ਹੈ ਮੇਰੇ ਯਾਰ, ਮੇਰਾ ਪਰਿਵਾਰ ਪਰ ਮੇਰਾ ਪਿਆਰ? ਇਸ ਬਾਰੇ ਤਾਂ ਕੁਝ ਬੋਲ।’’

Send this to a friend