ਹੋਲਾ-ਮੁਹੱਲਾ ਦੀ ਭਾਵਨਾ ਸੁਰਜੀਤ ਹੋਵੇ

ਸਿੱਖ ਗੁਰੂ ਸਾਹਿਬਾਨ ਨੇ ਜੀਵਨ ਨੂੰ ਇਕ ਨਵੇਂ ਰਸਤੇ ’ਤੇ ਤੋਰਿਆ ਹੈ। ਧਰਮ ਦਾ ਇਹ ਰਸਤਾ ਸਾਰੀ ਦੁਨੀਆਂ ਤੋਂ ਅਲੱਗ ਅਤੇ ਨਿਆਰਾ ਹੈ। ਸਿੱਖ ਧਰਮ ਸਿਰਫ ਧਾਰਮਿਕ ਅਸਥਾਨਾਂ ਤੱਕ ਹੀ ਸੀਮਿਤ ਨਹੀਂ ਹੈ। ਇਸ ਦਾ ਹਰ ਸਿੱਖ ਦੀ ਜ਼ਿੰਦਗੀ ਵਿੱਚ ਸਿੱਧਾ ਦਖਲ ਹੈ। ਕਹਿਣ ਦਾ ਭਾਵ ਇਹ ਹੈ ਕਿ ਸਿੱਖ ਆਪਣਾ ਹਰ ਪਲ ਹਰ ਸਾਹ ਗੁਰੂ ਦੇ ਹੁਕਮ ਤੇ ਆਗਿਆ ਮੁਤਾਬਿਕ ਜੀਉਂਦੇ। ਕਿਸੇ ਵੀ ਹੋਰ ਧਰਮ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੈ। ਗੁਰੂ ਸਾਹਿਬਾਂ ਨੇ ਸੰਗਤ ਦੀ ਜੀਵਨ ਜਾਂਚ ਨੂੰ ਬਦਲਣ ਲਈ ਕਈ ਅਧਿਆਤਮਕ ਅਤੇ ਦੁਨਿਆਵੀ ਢੰਗ ਤਰੀਕੇ ਵਰਤੇ। ਹੋਲਾ-ਮੁਹੱਲਾ ਇਸ ਦਾ ਇਕ ਪ੍ਰਤੀਕ ਹੈ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ-ਮੁਹੱਲੇ ਰਾਹੀਂ ਜਨ ਜੀਵਨ ਅਤੇ ਸੱਭਿਆਚਾਰ ਨੂੰ ਬਦਲਣ ਦਾ ਉਪਰਾਲਾ ਕੀਤਾ। ਇਹ ਹੋਲੇ-ਮੁਹੱਲੇ ਦਾ ਹੀ ਪ੍ਰਤਾਪ ਹੈ ਕਿ ਸਦੀਆਂ ਬਾਅਦ ਵੀ ਸਿੱਖ ਭਾਈਚਾਰਾ ਇਕ ਨਵੀਂ ਲਹਿਰ ਵਿੱਚ ਜਿਊਂਦਾ ਪ੍ਰਤੀਤ ਹੁੰਦਾ ਹੈ। ਹੋਲੀ ਦੇ ਤਿਉਹਾਰ ਨੂੰ ਇਕ ਨਵਾਂ ਰੂਪ ਦੇ ਕੇ ਸਮੇਂ ਮੁਤਾਬਿਕ ਹੋਲੇ- ਮੁਹੱਲੇ ਦੀ ਸ਼ੁਰੂਆਤ ਹੋਈ। ਇਸ ਨਾਲ ਪੰਜਾਬ ਦੇ ਲੋਕਾਂ ਦੀ ਜੀਵਨ ਤਰਜ਼ ਇਕਦਮ ਬਦਲ ਗਈ। ਜਦੋਂ ਸਾਰਾ ਦੇਸ਼ ਹਮਲਾਵਰਾਂ ਅੱਗੇ ਗੋਡੇ ਟੇਕ ਰਿਹਾ ਸੀ ਉਸ ਸਮੇਂ ਪੰਜਾਬ ਅਤੇ ਸਿੱਖ ਪੰਥ ਨੇ ਜ਼ਾਬਰਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਹੋਲੇ-ਮੁਹੱਲਾ ਅਸਲ ਵਿੱਚ ਲੜਨ-ਮਰਨ ਦੇ ਜਜ਼ਬੇ ਨੂੰ ਮਜ਼ਬੂਤ ਕਰਨ ਲਈ ਹੀ ਸ਼ੁਰੂ ਕੀਤਾ ਗਿਆ ਸੀ। ਤਿਉਹਾਰ ਦੇ ਬਹਾਨੇ ਨੌਜਵਾਨਾਂ ਨੂੰ ਜੰਗ ਦੀ ਸਿਖਲਾਈ ਦਿੱਤੀ ਜਾਂਦੀ ਸੀ ਤਾਂ ਜੋ ਉਸ ਸਮੇਂ ਦੇ ਹਾਲਾਤਾਂ ਦਾ ਉਹ ਡੱਟ ਕੇ ਮੁਕਾਬਲਾ ਕਰ ਸਕਣ। ਗੁਰੂ ਸਾਹਿਬਾਂ ਵੱਲੋਂ ਜ਼ੁਲਮ ਅਤੇ ਅਨਿਆਂ ਖਿਲਾਫ਼ ਸ਼ੁਰੂ ਕੀਤੀ ਗਈ ਜੰਗ ਅਜੇ ਖਤਮ ਨਹੀਂ ਹੋਈ। ਲੋਕਾਂ ਨਾਲ ਅਨਿਆਂ ਅਤੇ ਜ਼ੁਲਮ ਹਾਲੇ ਵੀ ਹੋ ਰਿਹਾ ਹੈ। ਗੁਰੂ ਸਾਹਿਬਾਂ ਵੱਲੋਂ ਸ਼ੁਰੂ ਕੀਤੇ ਗਏ ਇਸ ਮਿਸ਼ਨ ਨੂੰ ਹੋਰ ਪ੍ਰਬਲ ਢੰਗ ਤਰੀਕਿਆਂ ਨਾਲ ਚਲਾਉਣ ਦੀ ਜ਼ਰੂਰਤ ਹੈ। ਜਦੋਂ ਤੱਕ ਸਿੱਖ ਅਤੇ ਪੰਜਾਬੀ ਹੋਲੇ-ਮੁਹੱਲੇ ਦੀ ਭਾਵਨਾ ਨੂੰ ਨਹੀਂ ਸਮਝਦੇ ਤੱਦ ਤੱਕ ਉਹ ਮੌਜੂਦਾ ਹਾਲਾਤਾਂ ਵਿੱਚ ਲੜਾਈ ਲੜਨ ਲਈ ਤਿਆਰ ਨਹੀਂ ਹੋ ਸਕਦੇ। ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਹੋਲੇ-ਮੁਹੱਲੇ ਦੀ ਅਸਲ ਭਾਵਨਾ ਨੂੰ ਭੁੱਲ ਗਏ ਹਾਂ ਅਤੇ ਹੁਣ ਇਸ ਨੂੰ ਰਵਾਇਤ ਵਜੋਂ ਮੇਲੇ ਦੇ ਰੂਪ ਵਿੱਚ ਮਨਾ ਰਹੇ ਹਾਂ। ਜ਼ਿਆਦਾਤਰ ਲੋਕ ਮੌਜ-ਮਸਤੀ ਦੀ ਭਾਵਨਾ ਨਾਲ ਮੇਲਾ ਦੇਖਣ ਜਾਂਦੇ ਹਨ। ਲੋੜ ਇਸ ਗੱਲ ਦੀ ਹੈ ਕਿ ਹੋਲੇ-ਮੁਹੱਲੇ ਦੀ ਅਸਲ ਭਾਵਨਾ ਨੂੰ ਸਮਝਿਆ ਜਾਵੇ। ਇਸ ਭਾਵਨਾ ਨੂੰ ਸੁਰਜੀਤ ਕੀਤੇ ਬਿਨਾਂ ਮਾਨਵਤਾ ਨੂੰ ਜ਼ੁਲਮ ਅਤੇ ਅਨਿਆ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਅੱਜ ਵੀ ਆਵਾਜ਼ਾਂ ਮਾਰਦੀ ਹੈ। ਇਸ ਪਵਿੱਤਰ ਧਰਤੀ ਨੇ ਇਸ ਖਿਤੇ ਦੇ ਇਤਿਹਾਸ ਨੂੰ ਇਕ ਨਵਾਂ ਰੂਪ ਦਿੱਤਾ ਹੈ। ਹੋਲੇ-ਮੁਹੱਲੇ ਦੇ ਪਵਿੱਤਰ ਦਿਹਾੜੇ ’ਤੇ ਤੁਹਾਨੂੰ ਸਭ ਨੂੰ ਇਕ ਵਾਰ ਫਿਰ ਸ੍ਰੀ ਆਨੰਦਪੁਰ ਸਾਹਿਬ ਮਾਰਗ ਨੂੰ ਨਤਮਸਤਕ ਹੋਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

Send this to a friend