ਪਾਕਿਸਤਾਨ ਦੀ ਸਰਕਾਰ ਹਾਲਾਤਾਂ ਨੂੰ ਨਹੀਂ ਸਮਝ ਰਹੀ। ਇਸ ਕਾਰਨ ਹੀ ਪਾਕਿਸਤਾਨ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਰਹੀਆਂ ਹਨ। ਪਾਕਿਸਤਾਨ ਦੀ ਸਿਆਸੀ ਲੀਡਰਸ਼ਿਪ ਜੇਕਰ ਸਿਆਣਪ ਵਰਤੇ ਤਾਂ ਉਹ ਮੁਲਕ ਨੂੰ ਮੌਜੂਦਾ ਹਾਲਾਤਾਂ ਵਿੱਚੋਂ ਕੱਢ ਸਕਦੀ ਹੈ। ਪਾਕਿਸਤਾਨ ਇਸ ਸਮੇਂ ਬੁਰੇ ਹਾਲਾਤਾਂ ਵਿੱਚ ਘਿਰਿਆ ਹੋਇਆ ਹੈ। ਇਸ ਪਾਸੇ ਅੰਦਰੂਨੀ ਚੁਣੌਤੀਆਂ ਹਨ। ਹਿੰਸਕ ਕਾਰਵਾਈਆਂ ਕਾਰਨ ਅਮਨ ਕਾਨੂੰਨ ਦੀ ਹਾਲਤ ਬਹੁਤ ਬੁਰੀ ਹੋ ਚੁੱਕੀ ਹੈ। ਆਰਥਿਕ ਪੱਖ ਤੋਂ ਵੀ ਪਾਕਿਸਤਾਨ ਹਾਲੇ ਤੱਕ ਉਭਰ ਨਹੀਂ ਸਕਿਆ। ਦੂਸਰੇ ਪਾਸੇ ਬਾਹਰੀ ਹਾਲਾਤ ਵੀ ਪਾਕਿਸਤਾਨ ਵਿਰੋਧੀ ਬਣੇ ਹੋਏ ਹਨ। ਦਹਿਸ਼ਤਗਰਦਾਂ ਨੂੰ ਮਾਲੀ ਸਹਾਇਤਾ ਮੁਹਈਆ ਕਰਾਉਣ ਅਤੇ ਉਨ੍ਹਾਂ ’ਤੇ ਨਥ ਨਾ ਪਾਉਣ ਦੇ ਮਾਮਲੇ ’ਚ ਕੌਮਾਂਤਰੀ ਨਿਗਰਾਨ ਜਥੇਬੰਦੀ ਨੇ ਪਾਕਿਸਤਾਨ ’ਤੇ ਵਿਤੀ ਪਾਬੰਦੀਆਂ ਲਾਉਣ ਦਾ ਫ਼ੈਸਲਾ ਲਿਆ ਹੈ। ਵਿਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ ਪੈਰਿਸ ’ਚ ਹੋਈ ਬੈਠਕ ਦੌਰਾਨ ਪਾਕਿਸਤਾਨ ਨੂੰ ਕਾਲੀ ਸੂਚੀ ’ਚ ਪਾ ਦਿੱਤਾ ਗਿਆ।। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤਿੰਨ ਸਾਲਾਂ ਲਈ 2015 ਤਕ ਵਿਤੀ ਪਾਬੰਦੀਆਂ ਦਾ ਸਾਹਮਣਾ ਕਰ ਚੁਕਿਆ ਹੈ। ਅਮਰੀਕਾ ਦੇ ਦਬਾਅ ਹੇਠ ਐਏਟੀਐਫ ਦੇ ਮੈਂਬਰ ਮੁਲਕਾਂ ਦਾ ਇਹ ਫੈਸਲਾ ਕਾਫੀ ਅਹਿਮ ਹੈ। ਇਸ ਨਾਲ ਪਾਕਿਸਤਾਨ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। ਪਾਕਿਸਤਾਨ ਦੇ ਅਰਥਚਾਰੇ ਨੂੰ ਇਸ ਨਾਲ ਵਡਾ ਧਕਾ ਲੱਗੇਗਾ। ਪਾਕਿਸਤਾਨ ਦੇ ਅਮਰੀਕਾ ਨਾਲ ਪਹਿਲਾਂ ਹੀ ਰਿਸ਼ਤੇ ਵਿਗੜੇ ਹੋਏ ਹਨ। ਅਮਰੀਕੀ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਪਾਕਿਸਤਾਨ ’ਤੇ ਲਗਾਤਾਰ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਕਥਿਤ ਦਹਿਸ਼ਤਗਰਦ ਜਥੇਬੰਦੀਆਂ ਤੋਂ ਆਪਣੇ ਸਾਰੇ ਰਿਸ਼ਤੇ ਤੋੜ ਲਵੇ। ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਡੋਨਲਡ ਟਰੰਪ ਪਾਕਿਸਤਾਨ ਨਾਲ ਕਾਫੀ ਨਾਰਾਜ਼ ਹਨ।। ਅਮਰੀਕਾ ਸਰਕਾਰ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਅਮਰੀਕਾ ਵਲੋਂ ਜਤਾਏ ਗਏ ਖ਼ਦਸ਼ਿਆਂ ਖ਼ਿਲਾਫ਼ ਸਾਧਾਰਨ ਜਿਹੇ ਕਦਮ ਉਠਾਏ ਹਨ ਜਿਨ੍ਹਾਂ ਤੋਂ ਰਾਸ਼ਟਰਪਤੀ ਸੰਤੁਸ਼ਟ ਨਹੀਂ ਹਨ। ਪਾਕਿਸਤਾਨ ਨੂੰ ਹਾਲਾਤਾਂ ਦੀ ਨਜ਼ਾਕਤ ਸਮਝਣੀ ਚਾਹੀਦੀ ਹੈ। ਪਾਕਿਸਤਾਨ ਦੀ ਬੇਹਤਰੀ ਇਸੇ ਗੱਲ ਵਿੱਚ ਹੈ ਕਿ ਉਹ ਕੌਮਾਂਤਰੀ ਭਾਈਚਾਰੇ ਤੋਂ ਅਲੱਗ-ਥਲੱਗ ਨਾ ਪਵੇ।
– ਬਲਜੀਤ ਸਿੰਘ ਬਰਾੜ