May 24, 2026 6:38 am

ਗੁੰਡਾ ਟੈਕਸ ਵਿਰੁੱਧ ਠੰਢੀ ਕਾਰਵਾਈ

ਪੰਜਾਬ ’ਚ ਸਰਕਾਰ ਬਦਲਣ ਦੇ ਬਾਵਜੂਦ ਰੇਤਾ-ਬਜਰੀ ਦਾ ਕਾਲਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਰੇਤਾ-ਬਜਰੀ ਦੇ ਕਾਰੋਬਾਰ ਵਿੱਚੋਂ ਨਜਾਇਜ਼ ਵਸੂਲੀ ਜਿਊਂ ਦੀ ਤਿਊਂ ਜਾਰੀ ਹੈ। ਸਿਰਫ ਚਿਹਰੇ ਹੀ ਬਦਲੇ ਹਨ। ਬਠਿੰਡਾ ਵਿੱਚ ਬੇਪਰਦ ਹੋਇਆ ਗੁੰਡਾ ਟੈਕਸ ਦਾ ਮਾਮਲਾ ਬਹੁਤ ਹੀ ਗੰਭੀਰ ਹੈ। ਇਸ ਸਬੰਧ ਵਿੱਚ ਸਰਕਾਰ ਵੱਲੋਂ ਵਾਅਦੇ ਦੇ ਬਾਵਜੂਦ ਹਾਲੇ ਤੱਕ ਕੋਈ ਕਰੜੀ ਕਾਰਵਾਈ ਨਹੀਂ ਹੋਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ ਹਫਤੇ ਮੰਤਰੀ ਮੰਡਲ ਦੀ ਬੈਠਕ ਵਿੱਚ ਵੀ ਇਹ ਨਿਰਣਾ ਲਿਆ ਗਿਆ ਹੈ ਕਿ ਰੇਤਾ ਬਜਰੀ ਦੇ ਕਾਲੇ ਕਾਰੋਬਾਰ ਅਤੇ ਗੁੰਡਾ ਟੈਕਸ ਨੂੰ ਠੱਲ੍ਹ ਪਾਉਣ ਲਈ ਸਖਤ ਕਾਰਵਾਈ ਕੀਤੀ ਜਾਵੇਗੀ ਪ੍ਰੰਤੂ ਹਾਲੇ ਤੱਕ ਇਸ ’ਤੇ ਕੋਈ ਅਮਲ ਨਹੀਂ ਹੋਇਆ। ਚਿੰਤਾਜਨਕ ਗੱਲ ਇਹ ਹੈ ਕਿ ਬਠਿੰਡਾ ਵਿੱਚ ਗੁੰਡਾ ਟੈਕਸ ਦੀ ਵਸੂਲੀ ਕਰਨ ਵਾਲੇ ਨੇਤਾਵਾਂ ਖਿਲਾਫ ਹਾਲੇ ਤੱਕ ਕੋਈ ਕੇਸ ਦਰਜ ਨਹੀਂ ਹੋਇਆ। ਮੁੱਖ ਮੰਤਰੀ ਵੱਲੋਂ ਡੀ.ਜੀ.ਪੀ. ਨੂੰ ਇਸ ਮਾਮਲੇ ਦੀ ਪੜਤਾਲ ਦੇ ਹੁਕਮ ਦਿੱਤੇ ਗਏ ਸਨ। ਇਹ ਪੜਤਾਲ ਹਾਲੇ ਤੱਕ ਪੂਰੀ ਨਹੀਂ ਹੋ ਸਕੀ। ਪੁਲਿਸ ਵੱਲੋਂ ਕੁਝ ਹੇਠਲੇ ਪੱਧਰ ਦੇ ਅਧਿਕਾਰੀਆਂ ਦੀ ਬਦਲੀ ਕੀਤੀ ਗਈ ਹੈ। ਗੁੰਡਾ ਟੈਕਸ ਦੀ ਵਸੂਲੀ ਸਬੰਧੀ ਨਵੇਂ ਸਬੂਤ ਅਤੇ ਗਵਾਹੀਆਂ ਸਾਹਮਣੇ ਆਉਣ ਦੇ ਬਾਵਜੂਦ ਇਸ ਮਾਮਲੇ ਵਿੱਚ ਢਿੱਲੀ ਕਾਰਵਾਈ ਅਫਸੋਸਨਾਕ ਹੈ। ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਰੇਤਾ ਬਜਰੀ ਦਾ ਕਾਲਾ ਕਾਰੋਬਾਰ ਅਤੇ ਗੁੰਡਾ ਟੈਕਸ ਦੀ ਵਸੂਲੀ ਕਾਰਨ ਪੰਜਾਬ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਕਾਰਨ ਹੀ ਪੰਜਾਬ ਵਿੱਚ ਕੋਈ ਨਿਵੇਸ਼ ਕਰਨ ਨੂੰ ਤਿਆਰ ਨਹੀਂ। ਬਠਿੰਡਾ ਦੀ ਤੇਲ ਰਿਫਾਈਨਰੀ ਬਹੁਤ ਅਹਿਮ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਵਿੱਚ ਰੇਤਾ ਬਜਰੀ ਦੀ ਸਪਲਾਈ ’ਚੋਂ ਗੁੰਡਾ ਟੈਕਸ ਵਸੂਲ ਕਰਨਾ ਇਕ ਵੱਡਾ ਅਪਰਾਧ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਗੁੰਡਾ ਟੈਕਸ ਦੀ ਵਸੂਲੀ ਵਿੱਚ ਸ਼ਾਮਿਲ ਨੇਤਾਵਾਂ ਖਿਲਾਫ ਫੌਰੀ ਤੌਰ ’ਤੇ ਅਪਰਾਧਕ ਕੇਸ ਦਰਜ ਕੀਤਾ ਜਾਵੇ। ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਉਨ੍ਹਾਂ ਤੋਂ ਗੁੰਡਾ ਟੈਕਸ ਰਾਹੀਂ ਉਗਰਾਹੀ ਰਕਮ ਵੀ ਵਸੂਲ ਕਰਨੀ ਚਾਹੀਦੀ ਹੈ। ਇਸ ਮਾਮਲੇ ਵਿੱਚ ਹੁਣ ਹੋਰ ਢਿੱਲ ਨਹੀਂ ਵਰਤਣੀ ਚਾਹੀਦੀ। ਇਸ ਨਾਲ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਦੀ ਨਿੱਜੀ ਸ਼ਾਖ ਉ¤ਪਰ ਵੀ ਮਾੜਾ ਅਸਰ ਪੈ ਰਿਹਾ ਹੈ। ਪੰਜਾਬ ਦੇ ਵਿੱਤ ਮੰਤਰੀ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੀ ਇਸ ਮਾਮਲੇ ਪ੍ਰਤੀ ਸਪੱਸ਼ਟ ਪਹੁੰਚ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕਰੜੀ ਕਾਰਵਾਈ ਲਈ ਅੱਗੇ ਆਉਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

Send this to a friend