ਭਾਰਤ ਅਤੇ ਪਾਕਿਸਤਾਨ ਦਰਮਿਆਨ ਟਕਰਾਅ ਦੇ ਚਲਦਿਆਂ ਕਸ਼ਮੀਰ ਵਿੱਚ ਖੂਨ ਖਰਾਬਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਰਹੱਦ ਅਤੇ ਐਲਓਸੀ ਉਪਰ ਆਪਸੀ ਗੋਲੀਬਾਰੀ ਦੌਰਾਨ ਦੋਵੇਂ ਪਾਸੇ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਭਾਰਤ ਵਾਲੇ ਪਾਸੇ ਸਰਹੱਦੀ ਖੇਤਰ ਦੇ ਸਕੂਲਾਂ ਨੂੰ ਜਿੰਦਰੇ ਲਗਾਉਣੇ ਪੈ ਰਹੇ ਹਨ। ਆਮ ਲੋਕ ਆਪਣੇ ਘਰਾਂ ਨੂੰ ਛੱਡ ਕੇ ਭੱਜ ਰਹੇ ਹਨ। ਜੰਮੂ-ਕਸ਼ਮੀਰ ਦੇ ਸ਼ਹਿਰਾਂ ਵਿੱਚ ਵੀ ਹਾਲਾਤ ਵੱਖਰੇ ਨਹੀਂ ਹਨ। ਖੂਨ-ਖਰਾਬੇ ਦੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਮੁੱਦੇ ’ਤੇ ਲਗਾਤਾਰ ਜ਼ਹਿਰੀਲੀ ਬਿਆਨਬਾਜ਼ੀ ਵੀ ਹੋ ਰਹੀ ਹੈ। ਕੌਮਾਂਤਰੀ ਮੰਚਾਂ ਉਪਰ ਵੀ ਕਸ਼ਮੀਰ ਦੀ ਚਰਚਾ ਜਾਰੀ ਹੈ। ਪ੍ਰੰਤੂ ਇਹ ਬਦਕਿਸਮਤੀ ਦੀ ਗੱਲ ਹੈ ਕਿ ਪਿਛਲੇ ਸੱਤ ਦਹਾਕਿਆਂ ਤੋਂ ਇਸ ਮਸਲੇ ਦਾ ਕੋਈ ਯੋਗ ਹੱਲ ਨਹੀਂ ਨਿਕਲ ਰਿਹਾ। ਉਲਟਾ ਸਥਿਤੀ ਦਿਨੋ-ਦਿਨ ਗੁੰਝਲਦਾਰ ਹੁੰਦੀ ਜਾ ਰਹੀ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਅਤੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅਬਾਸੀ ਨੇ ਕਸ਼ਮੀਰ ਇਕਜੁੱਟਤਾ ਦਿਵਸ ਮੌਕੇ ਉਤੇ ਸੋਮਵਾਰ ਨੂੰ ਆਪਣੇ ਸੰਦੇਸ਼ ਵਿਚ ਆਖਿਆ ਹੈ ਕਿ ਕਸ਼ਮੀਰ ਮੁੱਦੇ ਦੇ ਹੱਲ ਕੀਤੇ ਬਿਨਾਂ ਇਸ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦਾ ਸੁਪਨਾ ਪੂਰਾ ਹੋਣਾ ਸੰਭਵ ਨਹੀਂ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਸਵੈ-ਨੀਤੀ ਦੇ ਅਧਿਕਾਰ ਲਈ ਸੰਘਰਸ਼ ਵਿਚ ਘਾਟੀ ਦੇ ਲੋਕਾਂ ਨੂੰ ੳਨ੍ਹਾਂ ਦੀ ਸਰਕਾਰ ਦਾ ਸਹਿਯੋਗ ਜਾਰੀ ਰਹੇਗਾ। ਉਨ੍ਹਾਂ ਮੁਤਾਬਕ 7 ਦਹਾਕਿਆਂ ਤੋਂ ਜ਼ਿਆਦਾ ਸਮਾਂ ਲੰਘ ਜਾਣ ਦੇ ਬਾਵਜੂਦ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸਵੈ-ਸਾਸ਼ਨ ਦੇ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਰਖਿਆ ਗਿਆ ਹੈ ਜੋ ਸੰਯੁਕਤ ਰਾਸ਼ਰਟ ਸੁਰਖਿਆ ਕੌਂਸਲ ਦੇ ਪ੍ਰਸਤਾਵਾਂ ਰਾਹੀਂ ਕੌਮਾਂਤਰੀ ਭਾਈਚਾਰੇ ਵਲੋਂ ਕੀਤੇ ਗਏ ਵਾਅਦਿਆਂ ਦੇ ਖਿਲਾਫ ਹੈ। ਪਰ ਕਸ਼ਮੀਰ ਮਸਲੇ ਦੇ ਹੱਲ ਲਈ ਉਨ੍ਹਾਂ ਕੋਲ ਕੋਈ ਪੁਖਤਾ ਯੋਜਨਾ ਨਹੀਂ ਹੈ। ਇਸ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਜਾਰੀ ਹੈ। ਦੋਵੇਂ ਦੇਸ਼ ਇਕ ਦੂਜੇ ਖਿਲਾਫ਼ ਇਲਜ਼ਾਮਬਾਜ਼ੀ ਕਰ ਰਹੇ ਹਨ। ਭਾਰਤ ਨੇ ਮਨੁੱਖੀ ਅਧਿਕਾਰ ਕਮਿਸ਼ਨਰ ਦਫਤਰ ਅਤੇ ਓ.ਆਈ.ਸੀ. ਦੇ ਸੁਤੰਤਰ ਸਥਾਈ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਟੀਮਾਂ ਨੂੰ ਕਸ਼ਮੀਰ ਦਾ ਦੌਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਗੱਲ ਨੂੰ ਲੈ ਕੇ ਵੀ ਪਾਕਿਸਤਾਨ ਭਾਰਤ ਦੀ ਨਿੰਦਾ ਕਰ ਰਿਹਾ ਹੈ। ਭਾਰਤ ਦਾ ਦੋਸ਼ ਹੈ ਕਿ ਕਸ਼ਮੀਰ ਵਿੱਚ ਹਿੰਸਾ ਪਾਕਿਸਤਾਨ ਵੱਲੋਂ ਫੈਲਾਈ ਜਾ ਰਹੀ ਹੈ। ਕਸ਼ਮੀਰ ਦੇ ਦੂਸਰੇ ਹਿੱਸੇ ਉਪਰ ਪਾਕਿਸਤਾਨ ਦਾ ਕਬਜ਼ਾ ਹੈ। ਦੋਵੇਂ ਦੇਸ਼ਾਂ ਦੇ ਟਕਰਾਅ ਵਿੱਚ ਕਸ਼ਮੀਰੀਆਂ ਨੂੰ ਦੋਵੇਂ ਪਾਸੇ ਜਾਨਾ ਗੁਆਉਣੀਆਂ ਪੈ ਰਹੀਆਂ ਹਨ। ਕਸ਼ਮੀਰ ਮਸਲੇ ਦਾ ਹੱਲ ਹਿੰਸਾ ਦੀ ਥਾਂ ਗੱਲਬਾਤ ਨਾਲ ਹੋਣਾ ਚਾਹੀਦਾ ਹੈ। ਦੋਵੇਂ ਦੇਸ਼ਾਂ ਨੂੰ ਇਸ ਮੁੱਦੇ ’ਤੇ ਤੁਰੰਤ ਗੱਲਬਾਤ ਸ਼ੁਰੂ ਕਰਨੀ ਹੋਵੇਗੀ ਤਾਂ ਜੋ ਕਸ਼ਮੀਰ ਦੇ ਲੋਕ ਵੀ ਸ਼ਾਂਤੀ ਨਾਲ ਰਹਿ ਸਕਣ। ਖੂਨ-ਖਰਾਬਾ ਕਿਸੇ ਵੀ ਮਸਲੇ ਦਾ ਹੱਲ ਨਹੀਂ। ਕਸ਼ਮੀਰ ਵਿੱਚ ਹੋ ਰਹੀ ਹਿੰਸਾ ਨੂੰ ਰੋਕਣਾ ਸਮੇਂ ਦੀ ਲੋੜ ਹੈ।
– ਬਲਜੀਤ ਸਿੰਘ ਬਰਾੜ



