ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਵੱਲੋਂ ਵੀਰਵਾਰ ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ 2018-19 ਦਾ ਆਮ ਬਜਟ ਕਈ ਨਵੀਆਂ ਉਮੀਦਾਂ ਲੈ ਕੇ ਆਇਆ ਹੈ। ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਇਹ ਆਖਰੀ ਪੂਰਾ ਬਜਟ ਹੈ। ਅਗਲੇ ਸਾਲ ਲੋਕ ਸਭਾ ਦੀਆਂ ਆਮ ਚੋਣਾਂ ਹੋਣੀਆਂ ਹਨ। ਇਸ ਲਈ ਕੇਂਦਰੀ ਬਜਟ ਨੂੰ ਭਾਵੇਂ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪ੍ਰੰਤੂ ਬਜਟ ਦੇ ਪ੍ਰਸਤਾਵ ਦੇਸ਼ ਦੀ ਨਵੀਂ ਆਰਥਿਕ ਦਿਸ਼ਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ। ਕੇਂਦਰੀ ਵਿੱਤ ਮੰਤਰੀ ਇਸ ਲਈ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਲਗਪਗ ਸਾਰੇ ਪ੍ਰਮੁੱਖ ਖੇਤਰਾਂ ਵੱਲ ਯੋਗ ਧਿਆਨ ਦਿੱਤਾ ਹੈ। ਇਹ ਵੀ ਰਾਹਤ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਬਜਟ ਨੂੰ ਸਿਰਫ ਚੋਣ ਬਜਟ ਨਹੀਂ ਬਣਾਇਆ। ਇਸ ਦੀ ਥਾਂ ਉਨ੍ਹਾਂ ਨੇ ਬਜਟ ਰਾਹੀਂ ਦੇਸ਼ ਦੀ ਆਰਥਿਕ ਕਾਇਆ ਕਲਪ ਕਰਨ ਦਾ ਯਤਨ ਕੀਤਾ ਹੈ। ਬਜਟ ਵਿੱਚ ਕਿਸਾਨਾਂ ਲਈ ਵੱਡੀ ਰਾਹਤ ਦਾ ਐਲਾਨ ਕਾਫੀ ਅਹਿਮੀਅਤ ਰੱਖਦਾ ਹੈ। ਵਿੱਤ ਮੰਤਰੀ ਨੇ ਇਸ ਨਾਲ ਦੇਸ਼ ਵਿੱਚ ਖੇਤੀ ਖੇਤਰ ਨਾਲ ਜੁੜੀ ਵੱਡੀ ਵੱਸੋਂ ਦਾ ਮਨ ਜਿੱਤ ਲਿਆ ਹੈ। ਖੇਤੀ ਆਰਥਿਕਤਾ ਦੇ ਉਭਾਰ ਨਾਲ ਹੀ ਦੇਸ਼ ਤਰੱਕੀ ਕਰ ਸਕਦਾ ਹੈ। ਲਾਜ਼ਮੀ ਤੌਰ ’ਤੇ ਬਜਟ ਦੇ ਨਵੇਂ ਪ੍ਰਸਤਾਵ ਖੇਤੀ ਖੇਤਰ ਲਈ ਕਾਫੀ ਲਾਹੇਵੰਦ ਹੋਣਗੇ। ਖੇਤੀ ਖੇਤਰ ਦੇ ਵਿਕਾਸ ਨਾਲ ਹੀ ਦੇਸ਼ ਦੀ ਆਰਥਿਕਤਾ ਅੱਗੇ ਵਧੇਗੀ। ਜਦੋਂ ਤੱਕ ਕਿਸਾਨ ਖੁਸ਼ਹਾਲ ਨਹੀਂ ਹੁੰਦਾ ਤਦ ਤੱਕ ਦੇਸ਼ ਦੇ ਬਜ਼ਾਰ ਵਿੱਚ ਰੌਣਕ ਨਹੀਂ ਹੋ ਸਕਦੀ। ਵਿੱਤ ਮੰਤਰੀ ਵੱਲੋਂ ਨੌਜਵਾਨਾਂ ਲਈ ਵਧੇਰੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵੱਲ ਵੀ ਤਵੱਜੋਂ ਦਿੱਤੀ ਗਈ ਹੈ। ਇਸੇ ਤਰ੍ਹਾਂ ਆਮ ਆਦਮੀ ਨੂੰ ਰਾਹਤ ਦੇਣ ਲਈ ਕਈ ਪ੍ਰਸਤਾਵ ਰੱਖੇ ਗਏ ਹਨ। 50 ਕਰੋੜ ਨਾਗਰਿਕਾਂ ਲਈ ਸਿਹਤ ਬੀਮਾ ਯੋਜਨਾ ਇਕ ਬਹੁਤ ਵੱਡਾ ਕਦਮ ਹੈ। ਇਸ ਦੀ ਸਾਰੇ ਪੱਧਰਾਂ ’ਤੇ ਪ੍ਰਸ਼ੰਸਾ ਹੋ ਰਹੀ ਹੈ। ਤੇਲ ਕੀਮਤਾਂ ਵਿੱਚ ਭਾਰੀ ਕਟੌਤੀ ਦੀ ਉਮੀਦ ਸੀ ਪ੍ਰੰਤੂ ਇਸ ਸਬੰਧੀ ਪੁਖਤਾ ਕਦਮ ਨਹੀਂ ਚੁੱਕੇ ਗਏ। ਉਂਝ ਇਹ ਤਸੱਲੀ ਵਾਲੀ ਗੱਲ ਹੈ ਕਿ ਬਜਟ ’ਚ ਕਿਸਾਨਾਂ ਅਤੇ ਨੌਜਵਾਨਾਂ ਤੋਂ ਇਲਾਵਾ ਗਰੀਬਾਂ, ਛੋਟੇ ਅਤੇ ਮ¤ਧ ਉਦਯੋਗਾਂ ਲਈ ਕਈ ਰਾਹਤਾਂ ਦਾ ਐਲਾਨ ਕੀਤਾ ਗਿਆ ਹੈ। ਬੇਸ਼ਕ ਕੁੱਝ ਵਰਗਾਂ ਉ¤ਪਰ ਟੈਕਸਾਂ ਦਾ ਬੋਝ ਵਧਾਇਆ ਗਿਆ ਹੈ ਪ੍ਰੰਤੂ ਇਹ ਤਰਕ ਸੰਗਤ ਹੈ। ਕੁੱਲ ਮਿਲਾ ਕੇ ਇਹ ਬਜਟ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲਾ ਆਖਿਆ ਜਾ ਸਕਦਾ ਹੈ। ਇਸ ਨਾਲ ਖੇਤੀ ਤੋਂ ਇਲਾਵਾ ਉਦਯੋਗ ਅਤੇ ਵਪਾਰ ਨੂੰ ਵੱਡਾ ਲਾਭ ਮਿਲੇਗਾ। ਛੋਟੇ ਵਪਾਰੀਆਂ ਦੀ ਮਦਦ ਦੀਆਂ ਕਈ ਯੋਜਨਾਵਾਂ ਦਾ ਐਲਾਨ ਵੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਇਲਾਵਾ ਦੇਸ਼ ਦੇ ਸਾਰੇ ਪ੍ਰਮੁੱਖ ਨੇਤਾਵਾਂ ਨੇ ਇਸ ਬਜਟ ਦੀ ਪ੍ਰਸ਼ੰਸਾ ਕੀਤੀ ਹੈ। ਬਜਟ ਵਿੱਚ ਸਿੱਖਿਆ ਅਤੇ ਸਿਹਤ ਵੱਲ ਧਿਆਨ ਦੇਣਾ ਇਕ ਚੰਗੀ ਪਿਰਤ ਹੈ। ਦੋਹਾਂ ਖੇਤਰਾਂ ਦਾ ਕਾਇਆ ਕਲਪ ਸਮੇਂ ਦੀ ਜ਼ਰੂਰਤ ਹੈ। 8 ਕਰੋੜ ਗਰੀਬ ਔਰਤਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦੀ ਸਹੂਲਤ ਵੀ ਇਕ ਚੰਗਾ ਕਦਮ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਇਸ ਬਜਟ ਨਾਲ ਦੇਸ਼ ਇਕ ਨਵੀਂ ਆਰਥਿਕ ਦਿਸ਼ਾ ਵੱਲ ਵਧੇਗਾ।
– ਬਲਜੀਤ ਸਿੰਘ ਬਰਾੜ



