Skip to content
Independent perspectives. Global stories.
BREAKING

ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਦੇ ਅਰਥ ਤੇ ਪ੍ਰਚਾਰੀ ਸਰੋਕਾਰ

Share this story

ਕਵੀ ਦੇ ਬੋਲ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ, ਇਸਦਾ ਅੰਮ੍ਰਿਤ ਵਰਗਾ ਪਾਣੀ ਜਾਂ ਸਾਰੀ ਦੁਨੀਆਂ ਵੇਖੀ ਵਰਗਾ ਹਰਿਮੰਦਰ ਕਿਤੇ ਨਹੀਂ, ਧਰਮੀ ਤੇ ਸੂਰਵੀਰ ਇਸ ਧਰਤੀ ਵਰਗੇ ਕਿਤੇ ਨਹੀਂ ਪੰਜਾਬ ਦੀ ਸੂਰਬੀਰਤਾ ਦੀ ਯਾਦ ਦਿਵਾਂਉਂਦਾ ਹੈ। ਦੁਨੀਆਂ ਦੀ ਸਭ ਤੋਂ ਪੁਰਾਣੀ ਤੇ ਅਮੀਰ ਸਭਿਅਤਾ ਦਾ ਦੇਸ਼ ਪੰਜਾਬ ਅੱਜ ਅਨੇਕਾਂ ਦੁਸ਼ਵਾਰੀਆਂ ਨਾਲ ਜੂਝ ਰਿਹਾ ਹੈ। ਇਥੋਂ ਦੇ ਬਸ਼ਿਦਿੰਆਂ ਨੂੰ ਇਸ ਦੀ ਸਾਂਭ-ਸੰਭਾਲ ਲਈ ਵੱਡੀਆਂ ਚਨੌਤੀਆਂ ਤੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਇਹ ਵਿਸ਼ਾ ਵਿਸਥਾਰੀ ਹੈ ਪਰ ਮੈਂ ਅੱਜ ਕੇਵਲ ਸ਼੍ਰੋਮਣੀ ਕਮੇਟੀ ਵੱਲੋਂ ਵਿੱਢੀ ਪ੍ਰਚਾਰ ਲਹਿਰ ਬਾਰੇ ਹੀ ਗਲ ਕਰਾਂਗਾ।
ਸ਼੍ਰੋਮਣੀ ਕਮੇਟੀ ਦੇ ਵਰਤਮਾਨ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਆਪਣੇ ਪਲੇਠੇ ਸੰਬੋਧਨ ਵਿੱਚ ਹੀ ਇਹ ਗੱਲ ਕਹੀ ਸੀ ਕਿ ਧਰਮ ਪ੍ਰਚਾਰ ਉਨ੍ਹਾਂ ਦੀਆਂ ਮੁੱਢਲੀਆਂ ਤਰਜੀਹਾਂ ਵਿੱਚ ਹੈ, ਕਿਉਂਕਿ ਉਹ ਅਹਿਸਾਸ ਕਰਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਦਿਆ, ਸਿੱਖਿਆ, ਗਿਆਨ ਤੇ ਹੋਰਨਾਂ ਕਈ ਦਾਰਸ਼ਨਿਕਤਾ ਤੇ ਲੋਕ ਸੇਵਾ ਖੇਤਰ ਵਿੱਚ ਯਾਦਗਾਰੀ ਭੂਮਿਕਾ ਨਿਭਾਈ ਹੈ ਪਰ ਆਮ ਸਿੱਖ ਦੇ ਮਨ ਵਿੱਚ ਸੰਸਾ ਹੀ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿੱਚ ਓਨੀ ਵੱਡੀ ਪੱਧਰ ’ਤੇ ਕੰਮ ਨਹੀਂ ਕਰਦੀ ਜਿੰਨੀ ਉਹ ਆਸ ਕਰਦੇ ਹਨ। ਹਾਲਾਂ ਕਿ ਪ੍ਰਚਾਰ ਦਾ ਕੰਮ ਨਿਰੰਤਰ ਜਾਰੀ ਹੈ, ਪਰ ਵਿਡੰਬਣਾ ਇਹ ਹੈ ਕਿ ਸਿੱਖੀ ਦੇ ਪ੍ਰਚਾਰ ਨੂੰ ਪ੍ਰਚਾਰ ਦਾ ਪਾਤਰ ਨਹੀਂ ਬਣਾਇਆ ਜਾ ਸਕਿਆ। ਇਸ ਸਮੱਸਿਆ ਨੂੰ ਸਮਝਦੇ ਹੋਏ ਏਥੇ ਗੰਭੀਰ ਵਿਚਾਰ ਚਰਚਾ ਕਰਦੇ ਹੋਏ ਭਾਈ ਲੌਂਗੋਵਾਲ ਨੇ ਨਵੀਂ ਵਿਉਂਤਬੰਦੀ ਕੀਤੀ ਹੈ। ਇਸ ਯੋਜਨਾਬੰਦੀ ਵਿੱਚ ਉਨ੍ਹਾਂ ਨੇ ਕਈ ਨੁਕਤੇ ਇਕੋ ਪ੍ਰਬੰਧਕੀ ਯੋਜਨਾ ਵਿੱਚ ਸ਼ਾਮਲ ਕਰ ਲਏ ਹਨ।
10 ਜਨਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ ਵਿਸ਼ੇਸ਼ ਇਕੱਤਰਤਾ ਕਰਕੇ ਧਰਮ ਪ੍ਰਚਾਰ ਕਮੇਟੀ ਵੱਲੋਂ ਅਰੰਭੀ ਜਾ ਰਹੀ ਇਸ ਲਹਿਰ ਨੂੰ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਨ ਦਾ ਫੈਸਲਾ ਕਰਦਿਆਂ, ਇਸ ਦੀ ਅਰੰਭਤਾ 21 ਜਨਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, 27 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ (ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ) ਅਤੇ 11 ਫਰਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਇਸ ਲਹਿਰ ਦੀ ਅਰੰਭਤਾ ਹਫਤਾਵਾਰੀ ਸਮਾਗਮਾਂ ਨਾਲ ਕਰਨ ਦਾ ਫੈਸਲਾ ਕੀਤਾ ਹੈ।
ਇਸ ਲਹਿਰ ਰਾਹੀਂ ਘਰ-ਘਰ ਤੱਕ ਪਹੁੰਚ ਕਰਨ ਲਈ ਪੰਜਾਬ ਅਤੇ ਹਰਿਆਣਾ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ, ਜਿਸ ਨਾਲ ਰਾਜਸਥਾਨ, ਹਿਮਾਚਲ ਅਤੇ ਜੰਮੂ ਕਸ਼ਮੀਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਬਣਾਏ ਗਏ ਕੇਂਦਰਾਂ ਨੂੰ ਮਾਝਾ, ਮਾਲਵਾ, ਦੁਆਬਾ ਅਤੇ ਹਰਿਆਣਾ ਰਾਜ ਦਾ ਕੁਰਕੁਸ਼ੇਤਰ ਜੋਨ ਨਾਮ ਦਿੱਤਾ ਗਿਆ ਹੈ।
ਮਾਝਾ ਖੇਤਰ ਦਾ ਮੁੱਖ ਕੇਂਦਰ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਣਾਇਆ ਗਿਆ ਹੈ, ਜਿਸ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਫਿਰੋਜਪੁਰ, ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਨਾਲ-ਨਾਲ ਜੰਮੂ ਕਸ਼ਮੀਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਮਾਲਵਾ ਖੇਤਰ ਦਾ ਮੁੱਖ ਕੇਂਦਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਣਾਇਆ ਗਿਆ ਹੈ, ਜਿਸ ਵਿਚ ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਾਜਿਲਕਾ, ਪਟਿਆਲਾ, ਬਰਨਾਲਾ, ਸੰਗਰੂਰ, ਜ਼ਿਲ੍ਹੇ ਅਤੇ ਰਾਜਸਥਾਨ ਦੇ ਕੁਝ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸੇ ਤਰ੍ਹਾਂ ਦੁਆਬਾ ਦਾ ਕੇਂਦਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਹੈ ਜਿਸ ਵਿਚ ਰੋਪੜ, ਮੋਹਾਲੀ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਨਵਾਂ ਸ਼ਹਿਰ, ਤੇ ਲੁਧਿਆਣਾ ਜ਼ਿਲ੍ਹੇ ਅਤੇ ਨਾਲ ਹੀ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਚੌਥਾ ਕੇਂਦਰ ਕੁਰਕੁਸ਼ੇਤਰ ਵਿਖੇ ਬਣਾ ਕੇ ਪੂਰੇ ਹਰਿਆਣਾ ਰਾਜ ਵਿਚ ਧਰਮ ਪ੍ਰਚਾਰ ਲਹਿਰ ਪ੍ਰਚੰਡ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਹਰੇਕ ਪ੍ਰਚਾਰ ਖੇਤਰ ਵਿਚ 40 ਦੇ ਕਰੀਬ ਸ਼੍ਰੋਮਣੀ ਕਮੇਟੀ ਹਲਕਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ 20 ਪ੍ਰਚਾਰ ਜਥੇ ਹੋਣਗੇ। ਇਸ ਲਹਿਰ ਦਾ ਮਿਸ਼ਨ ਪਾਵਨ ਪਵਿੱਤਰ ਗੁਰਬਾਣੀ, ਗੁਰਮਤਿ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ, ਸਿੱਖ ਇਤਿਹਾਸ ਦੀ ਜਾਣਕਾਰੀ, ਸਿੱਖ ਰਹਿਤ ਮਰਿਯਾਦਾ ਦਾ ਗਿਆਨ, ਭਰੂਣ ਹੱਤਿਆ ਦੀ ਰੋਕਥਾਮ, ਕੁਦਰਤੀ ਵਾਤਾਵਰਣ ਦੀ ਸਵੱਛਤਾ ਅਤੇ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਦੀ ਪਹਿਚਾਣ ਸਥਾਪਿਤ ਕਰਨਾ ਹੈ। ਇਸ ਲਹਿਰ ਵਿਚ ਜਿਥੇ ਗੁਰਮਤਿ ਸਮਾਗਮ ਕੀਤੇ ਜਾਣਗੇ ਉਥੇ ਧਾਰਮਿਕ ਨਾਟਕਾਂ ਅਤੇ ਫਿਲਮਾਂ ਰਾਹੀਂ ਵੀ ਪ੍ਰਚਾਰ ਕੀਤਾ ਜਾਵੇਗਾ। ਨੌਜਵਾਨਾਂ ਅਤੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਸਾਹਿਤ ਅਤੇ ਸਚਿੱਤਰ ਪੁਸਤਕਾਂ ਘਰ-ਘਰ ਤੱਕ ਪਹੁੰਚਾਉਣ ਲਈ ਵਿਸ਼ੇਸ ਉਪਰਾਲਾ ਕੀਤਾ ਜਾਵੇਗਾ।
ਪਰਿਵਾਰ ਵਿਚ ਔਰਤਾਂ ਦਾ ਅਹਿਮ ਸਥਾਨ ਹੈ। ਬੱਚਿਆਂ ਅੰਦਰ ਗੁਰਮਤਿ ਦੀ ਭਾਵਨਾ ਭਰਨ ਅਤੇ ਚੰਗੇ ਸਮਾਜ ਦੀ ਸਿਰਜਨਾ ਲਈ ਔਰਤਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਧਰਮ ਪ੍ਰਚਾਰ ਲਹਿਰ ਦੇ ਬਹੁ ਦਿਸ਼ਾਵੀ ਪੜਾ ਹਨ। ਉਨ੍ਹਾਂ ਵਿਚ ਹੀ ਦਲਤ ਭਾਈਚਾਰੇ ਨੂੰ ਗੁਰੂ ਘਰਾਂ ਨਾਲ ਜੋੜਣਾ ਵੀ ਇਸ ਲਹਿਰ ਦਾ ਹਿਸਾ ਹੈ। ਗੁਰੂ ਸਾਹਿਬ ਨੇ ਜਾਤਾਂ-ਪਾਤਾਂ ਨੂੰ ਖਤਮ ਕਰਕੇ ਇਕ ਨਿਰੋਏ ਸਮਾਜ ਦੀ ਸਿਰਜਨਾ ਕੀਤੀ ਸੀ ਪਰ ਅੱਜ ਫਿਰ ਕੁਝ ਲੋਕ ਗੁਰੂ ਸਿਧਾਤਾਂ ਤੋਂ ਪਾਸੇ ਜਾ ਸਮਾਜ ਵਿਚ ਵੰਡੀਆਂ ਪਾਉਣ ਦਾ ਜਤਨ ਕਰ ਰਹੇ ਹਨ। ਧਰਮ ਪ੍ਰਚਾਰ ਦੀ ਇਹ ਲਹਿਰ ਸਿੱਖ ਕੌਮ ਵਿਰੋਧੀ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਾਰਥਕ ਭੂਮਿਕਾ ਨਿਭਾਏਗੀ।
ਇਨ੍ਹਾਂ ਸਮਾਗਮਾਂ ਸਬੰਧੀ ਪਹਿਲਾਂ ਵੱਖ-ਵੱਖ ਥਾਵਾਂ ’ਤੇ ਮਟਿੰਗਾਂ ਕੀਤੀਆਂ ਗਈਆਂ, ਜਿਸ ਵਿਚ ਬੜੇ ਚਿਰ ਪਿੱਛੋਂ ਮੈਂਬਰਾਂ ਅਤੇ ਹੋਰਾਂ ਨੇ ਖੁੱਲ੍ਹ ਕੇ ਸੰਸਥਾ ਦੀ ਬੇਹਤਰੀ ਲਈ ਵਿਚਾਰ ਦਿੱਤੇ। ਲੰਬੇ ਸਮੇਂ ਤੋਂ ਸਿੱਖ ਆਪਸੀ ਵਿਚਾਰ-ਵਿਟਾਂਦਰੇ ਤੋਂ ਪਛੜੇ ਰਹੇ ਸਨ। ਬੇਸੱਕ ਕੁਝ ਤਿਖੇ ਵਿਚਾਰ ਵੀ ਸਾਹਮਣੇ ਆਏ ਪਰ ਸਾਰਿਆਂ ਦਾ ਸਿੱਖ ਪੰਥ ਦੇ ਪ੍ਰਚਾਰ, ਪ੍ਰਸਾਰ ਲਈ ਅੱਗੇ ਆਉਣਾ ਇਸ ਲਹਿਰ ਦੀ ਕਾਮਯਾਬੀ ਦੇ ਰਸਤੇ ਖੋਲ੍ਹੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਿਸ ਨਿਮਰਤਾ ਨਾਲ ਮੈਂਬਰਾਂ ਵੱਲੋਂ ਮਿਲੇ ਸੁਝਾਵਾਂ ਨੂੰ ਸੁਣਿਆ ਅਤੇ ਅਮਲ ਕਰਨ ਦੀ ਗੱਲ ਕਹੀ ਇਸ ਨਾਲ ਸਾਰਿਆਂ ਅੰਦਰ ਇਕ ਨਵਾਂ ਉਤਸ਼ਾਹ ਵੇਖਣ ਨੂੰ ਮਿਲਿਆ ਜੋ ਪ੍ਰਧਾਨ ਦੇ ਕੱਦ ਨੂੰ ਹੋਰ ਉ¤ਚਾ ਕਰਦਾ ਹੈ।
ਧਰਮ ਪ੍ਰਚਾਰ ਕਮੇਟੀ ਵੱਲੋਂ ਇਸ ਲਹਿਰ ਨੂੰ ਜਮੀਨੀ ਪੱਧਰ ਤੋਂ ਸ਼ੁਰੂ ਕਰਨ ਲਈ ਜਿਥੇ ਇਸ ਦੀ ਅਗਵਾਈ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਸੌਂਪੀ ਗਈ ਹੈ। ਉਥੇ ਸ਼੍ਰੋਮਣੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਵੀ ਆਪਣੇ ਹਲਕਿਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਆ ਗਿਆ ਹੈ। ਧਰਮ ਪ੍ਰਚਾਰ ਕਮੇਟੀ ਦੇ ਇਹ ਪ੍ਰਚਾਰ ਜਥੇ ਜਿਥੇ ਪਿੰਡਾਂ ਅੰਦਰ ਗੁਰਮਤਿ ਸਮਾਗਮ ਕਰਨਗੇ ਉਥੇ ਨੌਜਵਾਨਾਂ ਨਾਲ ਸੰਵਾਦ ਰਚਾ ਕਿ ਨਸ਼ੇ ਅਤੇ ਪਤਿਤਪੁਣੇ ਖਿਲਾਫ ਜੋਰਦਾਰ ਮੁਹਿੰਮ ਅਰੰਭੀ ਜਾਵੇਗੀ। ਇਸ ਕਾਰਜ ਲਈ ਸਕੂਲਾਂ, ਕਾਲਜ਼ਾਂ ਦੇ ਨਾਲ ਨਾਲ ਪਿੰਡਾਂ ਦੀਆਂ ਸੱਥਾਂ, ਕਲੱਬਾਂ ਵਿਚ ਜਾ ਕੇ ਬੱਚਿਆਂ ਅਤੇ ਨੌਜਵਾਨਾਂ ਅਤੇ ਪਰਿਵਾਰਕ ਮੁੱਖੀਆਂ ਨੂੰ ਸਿੱਖ ਧਰਮ ਦੇ ਇਤਿਹਾਸ, ਸਿਧਾਤਾਂ ਅਤੇ ਬਹੁਮੁਲੀਆਂ ਪ੍ਰੰਪਰਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਦੇ ਇਨ੍ਹਾਂ ਕਾਰਜ਼ਾਂ ਨੂੰ ਸਫਲਤਾ ਪੂਰਵਕ ਅਤੇ ਨਿਰੰਤਰ ਜਾਰੀ ਰੱਖਣ ਲਈ ਹਰ ਪਿੰਡ ਅੰਦਰ 5 ਤੋਂ 10 ਮੈਂਬਰੀ ਤਾਲਮੇਲ ਕਮੇਟੀਆਂ ਵੀ ਬਣਾਈਆਂ ਜਾਣਗੀਆਂ। ਰਾਜਨੀਤਿਕ ਗਲਿਆਰਿਆਂ ਵਿਚੋਂ ਨਿਕਲ ਕੇ ਧਰਮ ਦੀ ਬਿਹਤਰੀ ਤੇ ਚੜ੍ਹਦੀ ਕਲਾ ਲਈ ਹਰੇਕ ਸਿੱਖ ਨੂੰ ਇਸ ਲਹਿਰ ਦਾ ਸਹਿਯੋਗੀ ਹੋਣਾ ਚਾਹੀਦਾ ਹੈ। ਭਾਵੇਂ ਬਹੁਤ ਸੰਤਪੁਰਸ਼ ਤੇ ਹੋਰ ਲੋਕ ਧਰਮ ਪ੍ਰਚਾਰਕ ਵਜੋਂ ਭੂਮਿਕਾ ਨਿਭਾ ਰਹੇ ਹਨ, ਪਰ ਇਸ ਸੰਸਥਾ ਦੀ ਜੋ ਜੁੰਮੇਵਾਰੀ ਬਣਦੀ ਹੈ ਉਸ ਲਈ ਤੁਹਾਡਾ ਸਹਿਯੋਗ ਜ਼ਰੂਰੀ ਹੈ। ਇਸ ਪ੍ਰਚਾਰ ਮੁਹਿੰਮ ਦੀ ਇਕ ਅਹਿਮ ਕੜੀ ਵਜੋਂ ਇਨ੍ਹਾਂ ਪ੍ਰਚਾਰ ਜਥਿਆਂ ਨੂੰ ਇਕ ਪ੍ਰੋਫਾਰਮਾ ਦਿੱਤਾ ਗਿਆ ਹੈ ਜਿਸ ਵਿਚ ਜਿਥੇ ਪਿੰਡ ਦੀ ਕੁੱਲ ਵਸੋਂ ਬਾਰੇ ਜਾਣਕਾਰੀ ਹੋਵੇਗੀ ਉਥੇ ਨਾਲ ਹੀ ਪਿੰਡ ਵਿਚ ਵਸਦੇ ਸਿੱਖ ਪਰਿਵਾਰਾਂ ਵਿਚੋਂ ਅੰਮ੍ਰਿਤਧਾਰੀ ਅਤੇ ਪਤਿਤ ਵਿਅਕਤੀਆਂ ਬਾਰੇ ਜਾਣਕਾਰੀ ਵੀ ਹੋਵੇਗੀ। ਇਸ ਪ੍ਰੋਫਾਰਮੇ ਅਨੁਸਾਰ ਪਿੰਡ ਵਿਚ ਗੁਰਦੁਆਰਾ ਸਾਹਿਬਾਨ ਦੀ ਗਿਣਤੀ, ਗੁਰਦੁਆਰਾ ਸਾਹਿਬਾਨਾਂ ਦੇ ਨਾਵਾਂ ਬਾਰੇ ਜਾਣਕਾਰੀ, ਗੁਰਦੁਆਰਾ ਕਮੇਟੀਆਂ ਦੇ ਆਹੁਦੇਦਾਰਾਂ, ਮੈਂਬਰਾਂ, ਗ੍ਰੰਥੀ ਸਿੰਘਾਂ ਦੀ ਯੋਗਤਾ ਅਤੇ ਰਹਿਣ ਸਹਿਣ ਦੇ ਨਾਲ-ਨਾਲ ਧਰਮ ਪ੍ਰਚਾਰ ਲਈ ਯਤਨਸ਼ੀਲ ਸੁਸਾਇਟੀਆਂ ਦਾ ਵੇਰਵਾ ਵੀ ਇਕੱਤਰ ਹੋਵੇਗਾ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬਾਨ ਅੰਦਰ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਹੁੰਦੇ ਨਿਤਨੇਮ ਅਤੇ ਕਥਾ ਵੀਚਾਰ ਬਾਰੇ ਵੀ ਜਾਣਕਾਰੀ ਹੋਵੇਗੀ। ਇਨ੍ਹਾਂ ਜਥਿਆਂ ਵੱਲੋਂ ਇਹ ਜਾਣਕਾਰੀ ਵੀ ਇਕੱਤਰ ਕੀਤੀ ਜਾਵੇਗੀ ਕਿ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਪਾਵਨ ਸਰੂਪ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਆਸਨ ਅਸਥਾਨ ਦੀ ਸਥਿਤੀ ਦੇ ਨਾਲ-ਨਾਲ ਬਿਜਲੀ ਫਿਟਿੰਗ ਜਿਸ ਵਿਚ- ਏ.ਸੀ., ਕੂਲਰ, ਪੱਖੇ ਅਤੇ ਲਾਈਟਾਂ ਸ਼ਾਮਲ ਹਨ ਬਾਰੇ ਵੀ ਜਾਣਕਾਰੀ ਲਈ ਜਾਵੇਗੀ ਤਾਂ ਕਿ ਕੋਈ ਅਨਹੋਣੀ ਨਾ ਵਾਪਰੇ। ਇਨ੍ਹਾਂ ਵੇਰਵਿਆਂ ਵਿਚ ਪਿੰਡਾਂ ਅੰਦਰ ਸਥਾਪਤ ਲਾਇਬ੍ਰੇਰੀਆਂ ਅਤੇ ਵਿਦਿਅਕ ਅਦਾਰਿਆਂ ਬਾਰੇ ਵੀ ਜਾਣਕਾਰੀ ਹੋਵੇਗੀ। ਇਹ ਸਾਰੇ ਵੇਰਵੇ ਭਵਿੱਖ ਮੁੱਖੀ ਵਿਉਂਤਬੰਦੀ ਲਈ ਸਹਾਈ ਹੋਣਗੇ।
ਅੱਜ ਤੋਂ ਪੰਜ ਸਤ ਦਹਾਕੇ ਪਹਿਲਾਂ ਸਕੂਲਾਂ, ਕਾਲਜਾਂ ਵਿਚ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਵਜੋਂ ਕੰਮ ਕਰਦੀ ਸੀ। ਫੈਡਰੇਸ਼ਨ ਨੇ ਬੜੀਆਂ ਹੀ ਨਾਮਵਰ ਸਿੱਖ ਸਖ਼ਸ਼ੀਅਤਾਂ ਪੈਦਾ ਕੀਤੀਆਂ ਜਿਨ੍ਹਾਂ ਨੇ ਕੌਮ ਦੀ ਅਗਵਾਈ ਕਰਕੇ ਸਿੱਖ ਪੰਥ ਦਾ ਰੁਤਬਾ ਵਧਾਇਆ। ਅੱਜ ਉਹ ਪ੍ਰਪੇਖ ਸਕੂਲਾਂ, ਕਾਲਜਾਂ ਵਿਚੋਂ ਖਤਮ ਹੋ ਚੁੱਕਾ ਹੈ। ਅਜਿਹੇ ਕਾਰਜ਼ਾਂ ਲਈ ਧਾਰਮਿਕ ਸੰਸਥਾਵਾਂ ਦੇ ਨਾਲ-ਨਾਲ ਸਕੂਲਾਂ, ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਮੁੜ ਊਰਜਾਸ਼ਾਲੀ ਹੋਣਾ ਪਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕੌਮੀ ਜਥੇਬੰਦੀ ਦੀ ਸੇਵਾ ਸੰਭਾਲਦਿਆਂ ਹੀ ਸਿੱਖੀ ਦੇ ਪ੍ਰਚਾਰ, ਪ੍ਰਸਾਰ ਨੂੰ ਨਿਸ਼ਚਿਤ ਟੀਚਿਆਂ ਨਾਲ ਜੋੜ ਕੇ ਸਮਾਬੱਧ ਯੋਜਨਾਬੰਦੀ ਕੀਤੀ ਹੈ। ਇਸ ਵਿਉਂਤਬੰਦੀ ਦੇ ਕਈ ਲਾਭ ਹੋਣਗੇ, ਕਿਉਂਕਿ ਉਨ੍ਹਾਂ ਨੇ ਪਿੰਡਾਂ ਨੂੰ ਇਕਾਈ ਮੰਨ ਲਿਆ ਹੈ। ਹਰ ਪਿੰਡ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ, ਧਰਮ ਪ੍ਰਚਾਰ ਕਮੇਟੀ ਦੇ ਜਥੇ ਦੀ ਸਾਂਝੀ ਟੀਮ ਦੇ 10, 15 ਵਿਅਕਤੀਆਂ ਦਾ ਜਾਣਾ, ਉਥੋਂ ਦੀਆਂ ਧਾਰਮਿਕ ਸਖ਼ਸ਼ੀਅਤਾਂ ਨਾਲ ਤਾਲਮੇਲ ਕਰਨਾ, ਪਿੰਡ ਦੇ ਪ੍ਰਬੁੱਧ ਤੇ ਵਿਸ਼ੇਸ਼ ਵਿਅਕਤੀਆਂ ਨੂੰ ਇਸ ਮੁਹਿੰਮ ਨਾਲ ਜੋੜਨਾ, ਸਾਰੇ ਪਿੰਡਾਂ ਦਾ ਸਰਵੇਖਣ ਕਰਨਾ, ਨਵੀਂ ਪੀੜੀ ਦੇ ਪਤਿਤਪੁਣੇ ਦੇ ਕਾਰਨ ਲੱਭਣੇ, ਉਨ੍ਹਾਂ ਦੇ ਸਮਾਧਾਨ ਲਈ ਸੰਭਵ ਜਤਨ ਕਰਦੇ ਹੋਏ ਬੱਚਿਆਂ ਨੂੰ ਪ੍ਰੇਰ ਕੇ ਸਿੱਖੀ ਦੀ ਮੂਲਧਾਰਾ ਵੱਲ ਮੋੜਨਾ ਹੀ ਬਨਿਆਦੀ ਮਨੋਰਥ ਹੈ। ਇਹ ਟੀਮ ਜਿਥੇ ਪਿੰਡ ਦੀ ਸਮੁੱਚੇ ਧਾਰਮਿਕ ਬਣਤਰ ਤੇ ਬੁਣਤਰ ਦੀ ਸਟੱਡੀ ਕਰੇਗੀ, ਉਥੇ ਪਿੰਡ ਦੇ ਗੁਰਦੁਆਰੇ ਤੇ ਭਾਈ ਸਾਹਿਬ (ਗ੍ਰੰਥੀ) ਦੀ ਸਾਂਭ-ਸੰਭਾਲ, ਮਰਯਾਦਾ ਤੇ ਲੋੜਾਂ ਬਾਰੇ ਵੀ ਵਿਚਾਰ ਕਰੇਗੀ। ਪ੍ਰਚਾਰ ਲਈ ਸਾਹਿਤ ਵੀ ਵੰਡੇਗੀ। ਪਿੰਡਾਂ ਵਿੱਚ ਦੀਵਾਨ ਵੀ ਲੱਗਣਗੇ, ਢਾਡੀ, ਰਾਗੀ, ਕਵੀਸ਼ਰ ਸਿੰਘਾਂ ਦੇ ਜਥੇ ਇਤਿਹਾਸ ਨੂੰ ਪੁਨਰ ਸੁਰਜੀਤ ਕਰਨ ’ਤੇ ਬਲ ਦੇਣਗੇ। ਜਿਹੜੇ ਬੱਚੇ ਇਨ੍ਹਾਂ ਦੀ ਪ੍ਰੇਰਨਾ ਸਦਕਾ ਸਾਬਤ ਸੂਰਤ ਬਣਨ ਲਈ ਤਿਆਰ ਹੋਣਗੇ, ਉਨ੍ਹਾਂ ਨੂੰ ਸਬੰਧਤ ਤਖ਼ਤ ਸਾਹਿਬਾਨ ਤੇ ਵਿਧੀਵਤ ਰੂਪ ’ਚ ਅੰਮ੍ਰਿਤਪਾਨ ਕਰਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਦਾ ਹਰ ਮੈਂਬਰ ਇਕ ਸਾਲ ਅੰਦਰ ਪ੍ਰੇਰਨਾ ਕਰਕੇ ਘੱਟੋ-ਘੱਟ 550 ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਏਗਾ। ਹਰ ਮਹੀਨੇ ਇਸ ਲਹਿਰ ਵਲੋਂ ਕੀਤੀ ਕਾਰਗੁਜ਼ਾਰੀ ਦੀ ਸਵੈ ਪੜਚੋਲ ਹੋਵੇਗੀ ਉਸ ਵਿਚ ਆਈਆਂ ਮੁਸ਼ਕਿਲਾਂ ਅਤੇ ਨਵੇਂ ਸੁਝਾਵਾਂ ਨੂੰ ਘੋਖ ਕੇ ਸੋਧਾਂ ਹੋਣਗੀਆਂ।
ਆਸ ਕੀਤੀ ਜਾਂਦੀ ਹੈ ਕਿ ਧਰਮ ਪ੍ਰਚਾਰ ਦੀਆਂ ਬਾਕੀ ਗਤੀਵਿਧੀਆਂ ਤੋਂ ਇਲਾਵਾ ਇਹ ਲਹਿਰ ਜਿਸ ਨੂੰ ਅਸੀਂ ਠ550 ਸਾਲ ਗੁਰੂ ਨਾਨਕ ਦੀਆਂ ਸਿੱਖਿਆਵਾਂ ਦੇ ਨਾਲੂ ਦਾ ਨਾਂ ਦੇ ਸਕਦੇ ਹਾਂ, ਜੋ 2019 ਵਿੱਚ ਸਾਲ ਭਰ ਲਈ ਮਨਾਈ ਜਾਣੀ ਹੈ। ਇਸ ਦੇ ਸਬੰਧ ਵਿੱਚ ਪ੍ਰਧਾਨ ਜੀ ਦਾ ਟੀਚਾ ਘੱਟੋ ਘੱਟ ਇੱਕ ਲੱਖ ਤੋਂ ਵੱਧ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਬਣਾ ਕੇ ਮੁੜ ਗੁਰੂ-ਘਰ ਨਾਲ ਜੋੜਨ ਦੀ ਯੋਜਨਾ ਹੈ, ਇਸ ਟੀਚੇ ਨੂੰ ਗਿਣਨਾਤਮਿਕ ਪੱਖੋਂ ਨਹੀਂ ਗੁਣਨਾਤਮਿਕ ਪੱਖੋਂ ਵੇਖਣਾ ਜਰੂਰੀ ਹੋਵੇਗਾ। ਗੁਰੂ ਕ੍ਰਿਪਾ ਕਰੇ ਜੇ ਇਹ ਉਦਮ ਏਵੇਂ ਹੀ ਸਦਭਾਵਨਾ ਤੇ ਸਾਰੇ ਸਹਿਯੋਗੀਆਂ ਦੀ ਇਮਾਨਦਾਰੀ ਵਾਲੀ ਭਾਵਨਾ ਨਾਲ ਸਿਰੇ ਚੜ੍ਹ ਜਾਂਦਾ ਹੈ ਤਾਂ ਨਿਸ਼ਚੇ ਹੀ ਇਹ ਇਕ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਭਵਿੱਖ ਮੁੱਖੀ ਵਿਚਾਰ ਪ੍ਰਬੰਧ ਨੂੰ ਵਿਉਂਤਣ ਲਈ ਠੋਸ ਜ਼ਮੀਨ ਮਹੱਈਆ ਕਰੇਗੀ, ਇਸ ਦਾ ਸੇਹਰਾ ਸਾਂਝੇ ਤੌਰ ’ਤੇ ਸਾਰੀਆਂ ਟੀਮਾਂ ਦਾ ਹੋਵੇਗਾ ਪਰ ਇਸ ਵਿਚਾਰ ਨੂੰ ਯੋਜਨਾਬੰਧ ਕਰਨ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਤੇ ਉਨ੍ਹਾ ਦੀ ਸਹਿਯੋਗੀ ਟੀਮ, ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਦੇਣਾ ਬਣਦਾ ਹੈ, ਜਿਨ੍ਹਾਂ ਨੇ ਆਪਣੀਆਂ ਸਾਰੀਆਂ ਸਰਗਰਮੀਆਂ ਦਾ ਕੇਂਦਰ ਧਰਮ ਪ੍ਰਚਾਰ ਨੂੰ ਬਨਾਉਣ ਲਈ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਹੈ। ਸਾਨੂੰ ਸਾਰਿਆਂ ਨੂੰ ਰਲ ਕੇ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਅਸੀਂ ਸਿੱਖੀ ਦੇ ਪ੍ਰਚਾਰ, ਪ੍ਰਸਾਰ ਲਈ ਜਿੱਥੇ-ਜਿੱਥੇ ਵੀ ਹਾਂ, ਜਿੰਨੇ ਯੋਗੇ ਹਾਂ, ਜੋ ਕੁਝ ਕਰਨ ਦੀ ਸਮਰੱਥਾ ਰੱਖਦੇ ਹਾਂ, ਉਹ ਕਰੀਏ! ਗੁਰੂ ਦੇ ਇਸ ਪੁਰਬ ਨੂੰ ਸਮਰਪਿਤ ਹੋ ਕੇ ਗੁਰੂ ਨਾਲ ਜੁੜਨ ਦਾ ਉਪਰਾਲਾ ਕਰੀਏ ਕਿਉਂ ਕਿ ਅਸੀਂ ਵਡਭਾਗੇ ਹਾਂ ਕਿ ਸਿੱਖਾਂ ਦੇ ਪ੍ਰਥਮ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਸਾਡੇ ਜੀਵਨ-ਕਾਲ ਵਿੱਚ ਆਇਆ ਹੈ। ਇਸ ਦਿਹਾੜੇ ਨੂੰ ਆਪਣੇ ਜੀਵਨ ਵਿੱਚ ਤਾਂ ਹੀ ਠੀਕ ਥਾਂ ਦਿੱਤੀ ਜਾ ਸਕਦੀ ਹੈ, ਜੇਕਰ ਗੁਰੂ ਆਸ਼ੇ ਅਨੁਸਾਰ ਜੀਵਨ ਦੀ ਸੋਚ ਤੇ ਵਿਹਾਰ ਨੂੰ ਵਿਉਂਤ ਸਕੀਏ।

WRITTEN BY